ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮੁਕਤੀ ਦਿਲੋਂ ਅਤੇ ਰੂਹ ਤੋਂ ਵਾਪਰਦੀ ਹੈ ਨਾ ਕਿ ਧਾਰਮਿਕ ਯਾਤਰਾਵਾਂ ਕਰਨ ਨਾਲ।ਗੁਰੂ ਸਾਹਿਬ ਦੀ ਜਯੰਤੀ ਜਿਸ ਨੂੰ ਗੁਰੂਪਰਬ ਅਤੇ ਗੁਰੂ ਨਾਨਕ ਪ੍ਰਕਾਸ਼ ਪੁਰਬ ਜਾਂ ਗੁਰੂ ਨਾਨਕ ਆਗਮਨ ਦਿਵਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਹਾਲ ਹੀ ਵਿਚ ਧੂਮਧਾਮ ਨਾਲ ਮਨਾਈ ਗਈ।ਇਸ ਨੂੰ ਸਿੱਖ ਧਰਮ ਵਿਚ ਖਾਸ ਸਥਾਨ ਪ੍ਰਾਪਤ ਹੈ।ਇਸ ਦਿਨ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ, ਦਾ ਜਨਮ ਹੋਇਆ।੧੪੬੯ ਨੂੰ ਤਲਵੰਡੀ, ਪਾਕਿਸਤਾਨ ਵਿਚ ਜਨਮੇ ਗੁਰੂ ਨਾਨਕ ਦੇਵ ਜੀ ਨੇ “ਇਕ ਓਂਕਾਰ” ਭਾਵ ਕਿ ਇਕ ਪਰਮਾਤਮਾ ਦਾ ਸੰਦੇਸ਼ ਦਿੱਤਾ ਜਿਸ ਦਾ ਕਿ ਸਾਰੀ ਸ੍ਰਿਸ਼ਟੀ ਵਿਚ ਵਾਸ ਹੈ।ਇਕ ਓਂਕਾਰ ਮੂਲ ਮੰਤਰ ਦਾ ਪਹਿਲਾ ਸ਼ਬਦ ਹੈ ਅਤੇ ਇਸ ਨੂੰ ਸਿੱਖ ਧਰਮ ਵਿਚ ਇਕ ਖਾਸ ਸਥਾਨ ਪ੍ਰਾਪਤ ਹੈ।ਇਹ ਤਾਂ ਵੀ ਮਹੱਤਵਪੂਰਨ ਹੈ ਕਿਉਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਸ ਵਿਚ ਸਿੱਖ ਗੁਰੂਆਂ ਦੀ ਬਾਣੀ ਦਰਜ ਹੈ, ਦਾ ਪਹਿਲਾ ਸ਼ਬਦ ਹੈ।ਇਸ ਦਾ ਅਰਥ ਹੈ: ਪਰਮਾਤਮਾ ਇਕ ਹੈ ਅਤੇ ਉਸ ਦਾ ਨਾਮ ਹੀ ਕੇਵਲ ਸੱਚ ਹੈ।ਉਹ ਹੀ ਸਿਰਜਣਹਾਰ, ਨਿਰਭਉ, ਨਿਰਵੈਰ ਅਤੇ ਜਨਮ ਅਤੇ ਮਰਣ ਦੇ ਬੰਧਨਾਂ ਤੋਂ ਪਰੇ ਹੈ ਅਤੇ ਉਸ ਦੀ ਮਿਹਰ ਨਾਲ ਹੀ ਕੋਈ ਵਿਅਕਤੀ ਨਾਮ ਸਿਮਰ ਸਕਦਾ ਹੈ।
ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਵਿਚੋਂ ਪ੍ਰਮੁੱਖ ਸਿੱਖਿਆਵਾਂ ਜੋ ਕਿ ਇਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਦਾ ਉਦੇਸ਼ ਅਤੇ ਦ੍ਰਿਸ਼ਟੀਕੋਣ ਸਮਝਣ ਵਿਚ ਮਦਦ ਕਰਦੀਆਂ ਹਨ: ਵੰਡ ਛਕੋ।ਇਸਦਾ ਭਾਵ ਹੈ ਕਿ ਕੋ ਕੁਝ ਵੀ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਉਹ ਸਾਨੂੰ ਦੂਜਿਆਂ ਨਾਲ ਵੰਡਣਾ ਚਾਹੀਦਾ ਹੈ ਅਤੇ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ।ਗੁਰੂ ਸਾਹਿਬ ਨੇ ਸਾਰੀ ਜ਼ਿੰਦਗੀ ਇਸੇ ਦੀ ਸਿੱਖਿਆ ਦਿੱਤੀ।ਇਹ ਸਿੱਖ ਧਰਮ ਦੇ ਮੂਲ ਸਿਧਾਂਤਾਂ ਵਿਚੋਂ ਇਕ ਹੈ।ਕਿਰਤ ਕਰੋ: ਇਸ ਦਾ ਅਰਥ ਹੈ ਕਿ ਵਿਅਕਤੀ ਨੂੰ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ।ਉਸ ਨੂੰ ਆਪਣੀ ਖੁਸ਼ੀ ਲਈ ਦੂਜਿਆਂ ਦਾ ਸੋਸ਼ਣ ਨਹੀਂ ਕਰਨਾ ਚਾਹੀਦਾ।ਗੁਰੂ ਸਾਹਿਬ ਨੇ ਇਹੀ ਸਿੱਖਿਆ ਦਿੱਤੀ ਕਿ ਬਿਨਾਂ ਕਿਸੇ ਧੋਖੇ ਤੋਂ ਅਤੇ ਮਿਹਨਤ ਨਾਲ ਆਪਣੀ ਕਮਾਈ ਕਰਨੀ ਚਾਹੀਦੀ ਹੈ।ਨਾਮ ਜਪੋ: ਉਸ ਸੱਚੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।ਗੁਰੂ ਸਾਹਿਬ ਨੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਬਚਣ ਲਈ ਨਾਮ ਜਪਣ ਉੱਪਰ ਜ਼ੋਰ ਦਿੱਤਾ ਅਤੇ ਉਨ੍ਹਾਂ ਨੇ ਆਪਸੀ ਭਾਈਚਾਰੇ ਨੂੰ ਵਧਾਉਣ ਲਈ ਕਿਹਾ।ਗੁਰੂ ਸਾਹਿਬ ਦਾ ਮੰਨਣਾ ਸੀ ਕਿ ਸਾਨੂੰ ਧਰਮ, ਜਾਤ, ਅਤੇ ਲੰਿਗ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਦੂਜਿਆਂ ਦਾ ਭਲਾ ਕਰਨਾ ਚਾਹੀਦਾ ਹੈ ਤਾਂ ਕਿ ਮਨੁੱਖ ਦਾ ਆਪਣਾ ਭਲਾ ਹੋ ਸਕਦਾ ਹੈ।
ਅਰਦਾਸ ਕਰਨ ਵੇਲੇ ਕਿਹਾ ਜਾਂਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇੇਰੇ ਭਾਣੇ ਸਰਬੱਤ ਦਾ ਭਲਾ।ਗੁਰੂ ਸਾਹਿਬ ਨੇ ਹਮੇਸ਼ਾ ਬਿਨਾਂ ਕਿਸੇ ਡਰ ਤੋਂ ਸੱਚ ਬੋਲਣ ਦੀ ਪ੍ਰੇਰਣਾ ਦਿੱਤੀ।ਉਨ੍ਹਾਂ ਦਾ ਕਹਿਣਾ ਸੀ ਕਿ ਗਲਤ ਦਾ ਸਹਾਰਾ ਲੈ ਕੇ ਜਿੱਤ ਪ੍ਰਾਪਤ ਕਰਨਾ ਅਸਥਾਈ ਹੈ ਜਦੋਂ ਕਿ ਸੱਚ ਨਾਲ ਖੜ੍ਹਨਾ ਸਦੀਵੀ।ਉਨ੍ਹਾਂ ਨੇ ਕਦੇ ਵੀ ਇਹ ਨਹੀਂ ਮੰਨਿਆ ਕਿ ਪਰਮਾਤਮਾ ਮਨੁੱਖੀ ਰੂਪ ਵਿਚ ਜਨਮ ਲੈ ਸਕਦਾ ਹੈ।ਸਿੱਖ ਧਰਮ ਵਿਚ ਉਨ੍ਹਾਂ ਨੇ ਹਿੰਦੂ ਧਰਮ ਅਤੇ ਇਸਲਾਮ ਦੋਹਾਂ ਦਾ ਸੁਮੇਲ ਕੀਤਾ।ਉਨ੍ਹਾਂ ਕਦੇ ਵੀ ਵਹਿਮ ਭਰਮ, ਜਾਤੀ ਭੇਦਭਾਵ ਅਤੇ ਪਾਖੰਡਾਂ ਵਿਚ ਯਕੀਨ ਨਹੀਂ ਕੀਤਾ।ਮੋਰੱਕੋ ਦੇ ਵਿਦਵਾਨ ਇਬਨ ਬਤੂਤਾ ਤੋਂ ਬਾਅਦ ਗੁਰੂ ਸਾਹਿਬ ਨੇ ਦੁਨੀਆਂ ਦਾ ਸਭ ਤੋਂ ਜਿਆਦਾ ਭ੍ਰਮਣ ਕੀਤਾ।੧੫੦੦ ਤੋਂ ਲੈ ਕੇ ੧੫੨੪ ਦੇ ਵਿਚਕਾਰ ਉਨ੍ਹਾਂ ਨੇ ਅਠਾਈ ਹਜਾਰ ਤੋਂ ਵੀ ਜਿਆਦਾ ਕਿਲੋਮੀਟਰ ਦੀ ਯਾਤਰਾ ਕੀਤੀ।ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਪੰਜ ਉਦਾਸੀਆਂ ਕੀਤੀਆਂ।ਉਨ੍ਹਾਂ ਦੀਆਂ ਯਾਤਰਾਵਾਂ ਵਿਚ ਭਾਈ ਮਰਦਾਨਾ ਨੇ ਉਨ੍ਹਾਂ ਦਾ ਸਾਥ ਦਿੱਤਾ।
ਗੁਰੂ ਸਾਹਿਬ ਅਤੇ ਮਰਦਾਨੇ ਦੋਹਾਂ ਨੇ ਦੂਰ-ਦੁਰਾਡੇ ਦੀਆਂ ਯਾਤਰਾਵਾਂ ਕੀਤਾ।ਗੁਰੂ ਸਾਹਿਬ ਹਮੇਸ਼ਾ ਸ਼ਬਦ ਗਾਉਂਦੇ ਸਨ ਜਦੋਂ ਕਿ ਮਰਦਾਨਾ ਰਬਾਬ ਵਜਾਉਂਦਾ ਸੀ।ਉਨ੍ਹਾਂ ਦੀਆਂ ਜੁਗਲਬੰਦੀ ਵਿਚ ਇਲਾਹੀ ਨਾਦ ਅਤੇ ਸੰਦੇਸ਼ ਸੀ।ਗੁਰੂ ਸਾਹਿਬ ਨੇ ਬਹੁਤ ਛੋਟੀ ਉਮਰ ਤੋਂ ਹੀ ਆਪਣੇ ਆਸ-ਪਾਸ ਖੋਖਲੇ ਸਮਾਜਿਕ ਅਤੇ ਧਾਰਮਿਕ ਵਿਸ਼ਵਾਸਾਂ ਉੱਪਰ ਸੁਆਲ ਉਠਾਉਣੇ ਸ਼ੁਰੂ ਕਰ ਦਿੱਤੇ।ਉਹ ਆਪਣੇ ਆਲੇ ਦੁਆਲੇ ਫੈਲੇ ਭਰਮ, ਪਾਖੰਡਾਂ, ਦੋਗਲਾਪਣ, ਛੂਆਛੂਤ ਅਤੇ ਤਰਕਹੀਣਤਾ ਨੂੰ ਦੇਖ ਦੁਖੀ ਹੋਏ।ਗੁਰੂ ਸਾਹਿਬ ਨੇ ਵੱਖ-ਵੱਖ ਭਾਸ਼ਾਵਾਂ ਜਿਵੇਂ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਫਾਰਸੀ ਵਿਚ ਮੁਹਾਰਤ ਹਾਸਿਲ ਕੀਤੀ ਜਿਸ ਸਦਕਾ ਉਹ ਹਿੰਦੂ ਅਤੇ ਇਸਲਾਮ ਨਾਲ ਸੰਬੰਧਿਤ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ।ਉਨ੍ਹਾਂ ਦੇ ਵਿਚਾਰ ਅਤੇ ਵਿਸ਼ਵਾਸ ਇਕ ਪਰਮਾਤਮਾ ਦੀ ਹੌਂਦ ਉੱਪਰ ਅਧਾਰਿਤ ਹਨ ਅਤੇ ਉਹ ਸਾਰੇ ਮਨੁੱਖਾਂ ਨੂੰ ਉਨ੍ਹਾਂ ਦੇ ਵਿਸ਼ਵਾਸ, ਜਾਤ ਅਤੇ ਕਿੱਤੇ ਤੋਂ ਉੱਪਰ ਬਰਾਬਰ ਮੰਨਦੇ ਹਨ। ਉਨ੍ਹਾਂ ਦਾ ਮੰਨਣਾ ਸੀ ਕਿ ਭਗਤੀ ਅਤੇ ਕਿਰਤ ਰਾਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਜਿਸ ਦੀ ਹੌਂਦ ਸਾਡੇ ਅੰਦਰ ਹੀ ਹੈ।
ਉਹਨਾਂ ਦਿਨਾਂ ਵਿਚ ਪੈਦਲ ਯਾਤਰਾ ਕਰਨਾ ਕੋਈ ਅਸਾਨ ਕੰਮ ਨਹੀਂ ਸੀ।ਲੁੱਟਾਂ ਖੋਹਾਂ, ਬਿਮਾਰੀਆਂ ਅਤੇ ਜੰਗਲੀ ਜਾਨਵਰਾਂ ਦੇ ਖਤਰਿਆਂ ਦੇ ਨਾਲ-ਨਾਲ ਭੋਜਨ ਦੀ ਕਮੀ ਹਮੇਸ਼ਾ ਬਣੀ ਰਹਿੰਦੀ ਸੀ।ਪਰ ਇਹਨਾਂ ਵਿਚੋਂ ਕੁਝ ਵੀ ਗੁਰੂ ਸਾਹਿਬ ਨੂੰ ਆਪਣੇ ਰਸਤੇ ਤੋਂ ਨਹੀਂ ਥਿੜਕਾ ਸਕਿਆ ਅਤੇ ਭਾਈ ਮਰਦਾਨਾ ਨਾਲ ਉਨ੍ਹਾਂ ਨੇ ਦੈਵੀ ਸੰਦੇਸ਼ ਚੌਂਹਾਂ ਕੂਟਾਂ ਵਿਚ ਫੈਲਾਇਆ।ਗੁਰੂ ਸਾਹਿਬ ਦੀ ਉਮਰ ਮਹਿਜ਼ ਤੀਹ ਵਰ੍ਹਿਆਂ ਦੀ ਸੀ ਜਦੋਂ ਉਨ੍ਹਾਂ ਨੇ ਪਹਿਲੀ ਉਦਾਸੀ ਸ਼ੁਰੂ ਕੀਤੀ ਸੀ ਅਤੇ ਅਗਲੇ ਚੌਵੀ ਸਾਲਾਂ ਵਿਚ ਉਨ੍ਹਾਂ ਨੇ ਉੱਤਰ, ਪੂਰਬ, ਪੱਛਮ ਅਤੇ ਦੱਖਣ ਦੀਆਂ ਦਿਸ਼ਾਵਾਂ ਵਿਚ ਯਾਤਰਾਵਾਂ ਕੀਤੀਆਂ।ਭਾਰਤ ਵਿਚ ਉਦਾਸੀਆਂ ਦੇ ਨਾਲ-ਨਾਲ ਉਨ੍ਹਾਂ ਨੇ ਅਫਗਾਨਿਸਤਾਨ, ਬੰਗਲਾ ਦੇਸ਼, ਚੀਨ, ਮਿਸਰ, ਇਰਾਨ, ਇਰਾਕ, ਇੰਡੋਨੇਸ਼ੀਆ, ਕਜ਼ਾਕਿਸਤਾਨ, ਕਿਰਗੀਸਤਾਨ, ਨੇਪਾਲ, ਅੱਜ ਦੇ ਸਮੇਂ ਦਾ ਪਾਕਿਸਤਾਨ, ਸ੍ਰੀਲੰਕਾ, ਸਾਊਦੀ ਅਰਬ, ਤਿੱਬਤ, ਤਜਾਕਿਸਤਾਨ, ਤੁਰਕੇਮਿਸਤਾਨ ਅਤੇ ਉਜਬੇਕੀਸਤਾਨ ਦੀ ਯਾਤਰਾ ਕੀਤੀ।ਆਪਣੀ ਹਰ ਯਾਤਰਾ ਵਿਚ ਉਨ੍ਹਾਂ ਨੇ ਧਾਰਮਿਕ ਆਗੂਆਂ ਅਤੇ ਪੁਜਾਰੀਆਂ, ਪੀਰਾਂ, ਅਤੇ ਹੋਰ ਵਿਦਾਵਾਨਾਂ ਨਾਲ ਸੰਵਾਦ ਰਚਾਇਆ ਤਾਂ ਕਿ ਉਨ੍ਹਾਂ ਦੇ ਅਧਿਆਤਮਿਕ ਰਸਮਾਂ, ਵਿਸ਼ਵਾਸਾਂ ਤੋਂ ਵੀ ਸਿੱਖਿਆ ਜਾਵੇ।ਉਨ੍ਹਾਂ ਨੇ ਅਧਿਆਤਮਕ ਮਸਲਿਆਂ ’ਤੇ ਉਨ੍ਹਾਂ ਨਾਲ ਸੰਵਾਦ ਰਚਾਇਆ ਅਤੇ ਉਨ੍ਹਾਂ ਨੂੰ ਤਰਕ ਦਿੱਤਾ ਕਿ ਕਿਵੇਂ ਉਨ੍ਹਾਂ ਦਾ ਸੰਦੇਸ਼ ਪਰਮਾਤਮਾ ਨਾਲ ਜੁੜਨ ਅਤੇ ਇਸ ਪ੍ਰੀਕਿਰਿਆ ਵਿਚ ਅੰਦਰੂਨੀ ਸ਼ਾਂਤੀ ਪ੍ਰਾਪਤ ਕਰਨ ਨਾਲ ਸੰਬੰਧਿਤ ਹੈ।ਜਿਨ੍ਹਾਂ ਸਮਿਆਂ ਵਿਚ ਗੁਰੂ ਸਾਹਿਬ ਉਦਾਸੀਆਂ ਕਰ ਰਹੇ ਸਨ, ਉਸ ਸਮੇਂ ਕਿਸੇ ਵੀ ਵਿਅਕਤੀ ਲਈ ਕਿਸੇ ਬਾਹਰੀ ਸੱਭਿਆਚਾਰ ਵਿਚੋਂ ਜਾ ਕੇ ਸਥਾਨਕ ਲੋਕਾਂ ਤੋਂ ਮਾਨਤਾ ਪ੍ਰਾਪਤ ਕਰਨੀ ਅਸਾਨ ਕੰਮ ਨਹੀਂ ਸੀ।ਪਰ ਗੁਰੂ ਸਾਹਿਬ ਦੀ ਸਰਲਤਾ, ਨਿਮਰਤਾ ਅਤੇ ਤਾਰਕਿਕ ਸ਼ਬਦਾਂ ਨੇ ਸਥਾਨਿਕ ਲੋਕਾਂ ਨੂੰ ਉਨ੍ਹਾਂ ਨਾਲ ਜੋੜਿਆ ਅਤੇ ਉਨ੍ਹਾਂ ਨੇ ਬਹੁਤ ਧਿਆਨ ਨਾਲ ਗੁਰੂ ਸਾਹਿਬ ਦੇ ਸੰਦੇਸ਼ ਨੂੰ ਸੁਣਿਆ।
ਉਨ੍ਹਾਂ ਦੀ ਮਾਨਤਾ ਇਸ ਪੱਧਰ ਦੀ ਸੀ ਕਿ ਅੱਜ ਵੀ ਗੁਰੂ ਸਾਹਿਬ ਨੂੰ ਇਹਨਾਂ ਥਾਵਾਂ ਉੱਪਰ ਵੱਖ-ਵੱਖ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ ਜਿਸ ਵਿਚ ਨਾਨਕ ਰਿਮਪੋਚੀਆ (ਭੂਟਾਨ ਅਤੇ ਸਿੱਕਿਮ), ਨਾਨਕ ਸ਼ਾਹ, ਨਾਨਕ ਪੀਰ (ਬਗਦਾਦ), ਨਾਨਕ ਰਿਸ਼ੀ (ਨੇਪਾਲ), ਨਾਨਕ ਅਚਾਰੀਆ, ਨਾਨਕ ਲਾਮਾ (ਤਿੱਬਤ), ਨਾਨਕ ਵਲੀ (ਮਿਸਰ), ਬਾਬਾ ਨਾਨਕ (ਇਰਾਕ), ਨਾਨਲ ਕਦੰਬਰ, ਬਾਬਾ ਫੂਸਾ (ਚੀਨ), ਵਲੀ ਹਿੰਦ (ਮੱਕਾ), ਪੀਰ ਬਲਗਦਾਨ (ਮਜ਼ਹਰ-ਏ-ਸ਼ਰੀਫ), ਗੁਰੂ ਨਾਨਕ ਵਲ਼ੀ ਹਿੰਦ (ਰੂਸ) ਸ਼ਾਮਿਲ ਹਨ।ਇਸ ਸੰਬੰਧੀ ਵੀ ਬਹਿਸ ਚੱਲਦੀ ਹੈ ਕਿ ਗੁਰੂ ਸਾਹਿਬ ਪਹਿਲੀ ਉਦਾਸੀ ਤੋਂ ਬਾਅਦ ਇਕ ਵਾਰ ਘਰ ਪਰਤ ਆਏ ਸਨ ਜਾਂ ਪਹਿਲ਼ੀ ਅਤੇ ਦੂਜੀ ਉਦਾਸੀ ਉਨ੍ਹਾਂ ਇਕੱਠਿਆਂ ਹੀ ਕੀਤੀਆਂ।ਗੁਰੂ ਸਾਹਿਬ ਹਰ ਤਰਾਂ ਦੇ ਪਾਖੰਡ ਵਿਰੁੱਧ ਅਵਾਜ਼ ਉਠਾਉਂਦੇ ਹਨ ਅਤੇ ਉਨ੍ਹਾਂ ਨੇ ਇਕ ਪਰਮਾਤਮਾ ਦੀ ਹੌਂਦ ਦੀ ਗੱਲ ਕੀਤੀ।
ਇਹ ਸਮਝਣਾ ਬਹੁਤ ਜਰੂਰੀ ਹੈ ਕਿ ਮੱਧਯੁੱਗੀ ਹਿੰਦੁਸਤਾਨ ਵਿਚ ਭਾਵੇਂ ਮੁਸਲਮਾਨਾਂ ਦਾ ਰਾਜ ਸੀ, ਗੁਰੂ ਸਾਹਿਬ ਦੇ ਸ਼ਬਦ, ਨਾ ਕੋ ਹਿੰਦੂ, ਨਾ ਮੁਸਲਮਾਨ” ਦਾ ਭਾਵ ਮਨੁੱਖਾਂ ਨੂੰ ਆਪਸ ਵਿਚ ਜੋੜਨਾ ਸੀ। ਉਨ੍ਹਾਂ ਨੇ ਮਨੁੱਖਤਾ ਦੇ ਬਰਾਬਰ ਅਤੇ ਇਕ ਹੋਣ ਦਾ ਸੰਦੇਸ਼ ਦਿੱਤਾ ਜੋ ਕਿ ਆਉਣ ਵਾਲੀਆਂ ਸਦੀਆਂ ਵਿਚ ਵੀ ਲੋਕਾਂ ਲਈ ਰਾਹ ਦਸੇਰਾ ਬਣਦਾ ਰਹੇਗਾ।ਗੁਰੂ ਸਾਹਿਬ ਨੇ ਬਾਣੀ ਲਿਖੀ, ਪਰ ਉਨ੍ਹਾਂ ਦੀ ਜ਼ਿੰਦਗੀ ਬਾਰੇ ਹਵਾਲੇ ਸਾਨੂੰ ਦੂਜੇ ਸ੍ਰੋਤਾਂ ਤੋਂ ਹੀ ਮਿਲਦੇ ਹਨ।ਉਨ੍ਹਾਂ ਦਾ ਮਾਨਵਤਾਵਾਦ ਦਾ ਸੰਦੇਸ਼ ਸਾਰੇ ਮਨੁੱਖਾਂ ਨੂੰ ਧਰਮ, ਜਾਤ ਅਤੇ ਹੋਰ ਬੰਧਨਾਂ ਤੋਂ ਉੱਪਰ ਉੱਠ ਇਕ ਦੂਜੇ ਨਾਲ ਜੋੜਦਾ ਹੈ।