ਬੰਦਾ ਵਖਤ ਕਿਵੇ ਬੀਤਾਵੇ? ਇਸ ਗੱਲ ਦੀ ਕਲਪਨਾ ਹੀ ਬੰਦੇ ਦੇ ਜੀਣ ਦਾ ਪੱਧਰ ਅਤੇ ਉਸ ਦੀ ਸੇਧ ਤੈਅ ਕਰ ਦਿੰਦੀ ਹੈ ਕਿ ਉਹ ਕੀ ਕਰੇਗਾ ਜਾਂ ਉਸ ਨਾਲ ਕੀ ਹੋਵੇਗਾ। ਬੰਦੇ ਨੇ ਜੀਣ ਲਈ ਥਾਂ ਅਤੇ ਵਖਤ ਨੂੰ ਖੰਡ ਲਿਆ। ਇਕ ਪਾਸੇ ਆਪਣੇ ਘਰ ਤੋਂ ਲੈ ਕੇ ਦੇਸ਼ ਤੱਕ ਦੂਜੇ ਪਾਸੇ ਪਲ ਤੋਂ ਲੈ ਕੇ ਭੂਤ ਭਵਿੱਖ ਤੱਕ ਸਮੇਂ ਦੀ ਵੰਡ ਨਾਲ ਬੰਦੇ ਦੇ ਦੇਸ਼ ਕਾਲ ਦਾ ਪਸਾਰ ਸਿਰਜ ਲਿਆ। ਚੀਜਾਂ, ਹਸਤੀਆਂ ਤੇ ਹਾਲਤਾਂ ਨਾਲ ਰਿਸ਼ਤਾ ਥਾਂ ਵਖਤ ਅਨੁਸਾਰ ਹੋਵੇ ਤਾਂ ਇਹ ਸਥੂਲ ਸਮਝ ਹੈ ਜੋ ਨਾ ਸਿਰਫ ਬੰਦੇ ਕੋਲ ਸਗੋਂ ਸਭ ਜੀਵਾਂ ਕੋਲ ਹੈ। ਮਾਣਸ ਨੂੰ ਜੋ ਵਡਿਆਈ ਮਿਲੀ ਹੈ ਉਹ ਕੋਈ ਸਰੀਰੀ ਗੁਣ ਨਹੀਂ ਹੈ ਸਗੋਂ ਉਹ ਧਰਮ ਦਾ ਕਿਣਕਾ ਹੈ ਜਿਸ ਰਾਹੀਂ ਬੰਦੇ ਨੇ ਨਾ ਸਿਰਫ ਸਭ ਰਿਸ਼ਤਿਆਂ ਦੇ ਸਦੀਵੀ ਤੱਤ ਨੂੰ ਜਾਣਿਆ ਹੈ ਸਗੋਂ ਜੀਣ ਦਾ ਮਕਸਦ ਵੀ ਪਛਾਣਿਆ ਹੈ। ਗੁਰਬਾਣੀ ਅੰਦਰ ਵਾਰ ਵਾਰ ਰਿਸ਼ਤਿਆਂ ਅਤੇ ਸੰਸਾਰ ਨੂੰ ਝੂਠ ਕਹਿਣ ਦੀ ਇਕ ਵਿਆਖਿਆ ਇਹ ਵੀ ਹੈ ਕਿ ਇਸ ਥਾਂ-ਵਖਤ ਵਿਚਲੇ ਰਿਸ਼ਤਿਆਂ ਦੇ ਤੱਤ ਨੂੰ ਜਾਣੇ ਬਿਨਾਂ ਧਰਮ ਦੀ ਸਮਝ ਨਹੀਂ ਆ ਸਕਦੀ। ਇਥੇ ਰੌਲਾ ਸੰਸਾਰ ਨੂੰ ਛੱਡਣ ਦਾ ਨਹੀਂ ਹੈ ਸਗੋਂ ਸੰਸਾਰ ਬਾਰੇ ਉਹ ਸਮਝ ਛੱਡਣ ਦਾ ਹੈ ਜੋ ਸਥੂਲ ਸਮਝ ਵਾਲੀ ਭਾਵ ਬਾਕੀ ਜੀਵਾਂ ਵਾਲੀ ਹੈ।ਧਰਮ ਦਾ ਗੇੜ ਇਸ ਤੋਂ ਅੱਗੇ ਸ਼ੁਰੂ ਹੁੰਦਾ ਹੈ ਜਦੋਂ ਥਾਂ ਵਖਤ ਤੋਂ ਬਾਹਰੀ ਹਸਤੀ ਦੀ ਯਾਦ ਅੰਦਰ ਥਾਂ ਵਖਤ ਸਮੇਤ ਹਰ ਸ਼ੈਅ ਹਰ ਹਾਲ ਦੀ ਕੀਮਤ ਬੰਦੇ ਦੇ ਮਨ ਮਸਤਕ ਤੇ ਮੁੜ ਘੜੀ ਜਾਂਦੀ ਹੈ। “ਘਟ ਘਟ ਮੈ ਹਰਿ ਜੂ ਬਸੈ” ਇਹ ਸਥੂਲ ਸਮਝ ਤੋਂ ਵੱਖਰਾ (ਬਹੁਤਿਆਂ ਲਈ ਉਲਟੀ ਸਮਝ) ਅਹਿਸਾਸ ਹੈ ਇਸ ਤੋਂ ਬਿਨਾਂ ਧਰਮ ਦੀ ਹੋਂਦ ਮੁਢਲੇ ਕਰਮਕਾਂਡ ਤੱਕ ਹੀ ਸੀਮਤ ਹੁੰਦੀ ਹੈ। ਯਾਦ ਰਹੇ ਕਿ ਸਥੂਲ ਸਮਝ ਦੀ ਜਨਮ ਜਨਮ ਦੀ ਮੈਲ ਉਤਰਾਣ ਲਈ ਕਰਮਕਾਂਡ ਵੀ ਜਰੂਰੀ ਹਿੱਸਾ ਹੈ। ਧਰਮ ਦੇ ਅਹਿਸਾਸ ਮਗਰੋਂ ਸਥੂਲ ਸਮਝ ਖਤਮ ਹੁੰਦੀ ਹੈ, ਰਿਸ਼ਤਾ ਖਤਮ ਨਹੀਂ ਹੁੰਦਾ ਸਗੋਂ ਉਸ ਦਾ ਤੱਤ ਸਮਝ ਆਉਂਦਾ ਹੈ ਤਾਂ ਹੀ ਧਰਮ ਦੀ ਅਸਲ ਆਮਦ ਹੁੰਦੀ ਹੈ ਨਹੀਂ ਤਾਂ ਉਹ ਕਰਮਕਾਂਡੀ ਪੜਾਅ ਵਾਲੀ ਹੀ ਹੁੰਦੀ ਹੈ। ਧਰਮ ਦੀ ਦਾਅਵੇਦਾਰੀ ਤੋਂ ਬਾਅਦ ਵੀ ਅੱਜ ਕੱਲ੍ਹ ਜਿਸ ਤਰ੍ਹਾਂ ਦੀ ਸੰਗਤੀ ਸੇਵਾ ਕੀਤੀ ਜਾਂਦੀ ਹੈ ਉਹ ਸਥੂਲ ਇਤਿਹਾਸਕ ਸਮਝ ਜਾਂ ਕਰਮਕਾਂਡ ਦਾ ਪਰਗਟਾਵਾ ਹੀ ਹੁੰਦਾ ਹੈ। ਮਿਸਾਲ ਵਜੋਂ:
1. ਅਸੀਂ ਗੁਰੂ ਨੂੰ ਵੀ ਸਮੇਂ ਦੇ ਗੇੜ ਨਾਲ ਕਰਮਕਾਂਡ ਰੂਪ ਵਿਚ ਯਾਦ ਕਰਦੇ ਹਾਂ।
2. ਆਮ ਗੱਲ ਬਾਤ ਤੋਂ ਲੈ ਕੇ ਸਿਧਾਂਤਕ ਲਿਖਤਾਂ ਤੱਕ ਦੀ ਸੇਧ ਇਤਿਹਾਸ ਤੋਂ ਹੀ ਤੈਅ ਹੁੰਦੀ ਹੈ।
3. ਪਰਚਾਰਕਾਂ ਅਤੇ ਕਥਾਕਾਰਾਂ ਸਮੇਤ ਗੁਰਬਾਣੀ ਦੀ ਬਹੁਤੀ ਵਿਆਖਿਆ ਵੀ ਇਤਿਹਾਸਕ ਹੁੰਦੀ ਹੈ।
ਧਰਮ ਉਤੇ ਸਥੂਲ ਇਤਿਹਾਸ ਕਿੰਨਾ ਭਾਰੂ ਪੈ ਗਿਆ ਹੈ ਇਹ ਗੱਲਾਂ ਉਸ ਦਾ ਸਿਰਫ ਇਕ ਕਿਣਕਾ ਮਾਤਰ ਹਨ। ਪੰਥਕ ਚਰਚਾ ਦੇ ਨਾਂ ਤੇ ਜੋ ਘਾਟਾਂ ਮੁਸ਼ਕਲਾਂ ਦੀ ਗੱਲ ਅਕਸਰ ਚਲਦੀ ਹੈ ਉਹ ਵਧੇਰੇ ਕਰਕੇ ਇਤਿਹਾਸਕ ਵਹਾਅ ਦੀ ਮਾਰ ਹੇਠ ਹੁੰਦੀ ਹੈ।
ਗੱਲ ਨੂੰ ਸਮਝਣ ਲਈ ਮੁਢ ਤੋਂ ਸ਼ੁਰੂ ਕਰੀਏ ਜਿਸ ਲਈ ਬਹੁਤੇ ਗਿਆਨ ਧਿਆਨ ਜਾਂ ਖੋਜ ਦੀ ਲੋੜ ਨਹੀਂ ਹੈ। ਸਾਫ ਸਵਾਲ ਹੈ ਕਿ ਅਸੀਂ ਇਹ ਕਿਉਂ ਮੰਨਣਾ ਹੈ ਕਿ ਰੱਬ ਗੁਰੂ ਅਤੇ ਗੁਰਬਾਣੀ ਵਿਚ ਕੋਈ ਫਰਕ ਨਹੀਂ ਹੈ? ਕਿਉਂਕਿ ਧਰਮ ਦਾ ਅਹਿਸਾਸ ਤਾਂ ਹੀ ਜਾਗਦਾ ਹੈ ਜੇ ਧਿਆਨ ਥਾਂ-ਵਖਤ ਤੋਂ ਬਾਹਰੀ ਹਸਤੀ ਦਾ ਹੋਵੇ। ਜੋ ਥਾਂ ਵਖਤ ਅੰਦਰ ਮੌਜੂਦ ਹੈ ਉਹ ਵੀ ਉਸ ਤੋਂ ਬਾਹਰ ਜਾਨਣਾ ਹੈ। ਇਸ ਕਰਕੇ ਹੀ ਗੁਰਬਾਣੀ ਅੰਦਰ ਨਾ ਸਿਰਫ ਸਰੀਰ ਬਾਰੇ ਸਗੋਂ ਅੱਖਰਾਂ ਬਾਰੇ ਵੀ ਇਸ਼ਾਰਾ ਕੀਤਾ ਗਿਆ ਹੈ ਕਿ ਇਹ “ਖਿਰਿ ਜਾਹਿਗੇ“। ਸਰੀਰ ਅਤੇ ਅਖਰ ਇਸ ਉਸ ਹਾਲ ਵਿਚ ਖਰਣਯੋਗ ਹਨ ਜਿਸ ਹਾਲ ਵਿਚ ਇਹਨਾਂ ਨੂੰ ਨਿਰੋਲ ਇਤਿਹਾਸਕ ਸਮਝ ਨਾਲ ਜਾਣਿਆ ਜਾਣਾ ਹੈ। ਪਵਿੱਤਰਤ ਦਾ ਅਹਿਸਾਸ ਉਹ ਹੀ ਹੈ ਜਦੋਂ ਧਰਮ ਦਾ ਅਹਿਸਾਸ ਨਾਲ ਥਾਂ ਵਖਤ ਵਿਚਲੀਆਂ ਸ਼ੈਆਂ ਹਾਲਤਾਂ ਨੂੰ ਵੇਖਿਆ ਜਾਂਦਾ ਹੈ। ਇਸ ਤੋਂ ਉਲਟ ਜਦੋਂ ਧਰਮ ਦੇ ਚਿੰਨ੍ਹ ਨੂੰ ਵੀ ਸਥੂਲ ਸਮਝ ਨਾਲ ਵੇਖਿਆ ਜਾਂਦਾ ਹੈ ਤਾਂ ਇਹ ਮੈਲਾ ਹੋ ਜਾਂਦਾ ਹੈ। “ਮਨਿ ਮੈਲੈ ਸਭੁ ਕਿਛੁ ਮੈਲਾ” ਦਾ ਇਕ ਅਰਥ ਇਹ ਵੀ ਲਿਆ ਜਾ ਸਕਦਾ ਹੈ। ਗੁਰੂ ਦੀ ਯਾਦ ਦੁਨੀਆਂ ਨੂੰ ਵਿਖਾਉਣ ਲਈ ਮਨਾਉਣੀ ਇਤਿਹਾਸਕ ਸਮਝ ਦੇ ਅਸਰ ਵਾਲੀ ਗੱਲ ਹੈ। ਯਾਦ ਰਹੇ ਕਿ ਜਿਉਂ ਜਿਉਂ ਬੋਧੀਆਂ ਦਾ ਸੁੰਨ ਧਿਆਨ ਘਟਦਾ ਗਿਆ ਬੁੱਧ ਪੂਜਾ, ਉਤਸਵ ਅਤੇ ਯਾਤਰਾਵਾਂ ਵੱਡੀਆਂ ਲੰਮੀਆਂ ਅਤੇ ਵਧੇਰੇ ਹੁੰਦੀਆਂ ਗਈਆਂ।
ਸਿੱਖਾਂ ਦਾ ਵੱਡਾ ਹਿੱਸਾ ਗੁਰੂ ਗੋਬਿੰਦ ਸਿੰਘ ਨੂੰ ਇਤਿਹਾਸਕ ਰੂਪ ਵਿਚ ਵਧੇਰੇ ਯਾਦ ਕਰਦਾ ਹੈ ਕਿਉਂਕਿ ਉਹਨਾਂ ਦੇ ਦੁਆਲੇ ਦੀਆਂ ਵਸਤਾਂ ਨਿਰੋਲ ਇਤਿਹਾਸਕ ਵਰਤਾਰੇ ਵਿਚਲੀ ਸ਼ਾਨ (ਰਾਜਨੀਤੀ) ਨਾਲ ਵਧੇਰੇ ਸਬੰਧਤ ਜਾਪਦੀਆਂ ਹਨ। ਧਰਮ ਤੋਂ ਹੀਣੇ ਰੂਪ ਵਿਚ ਮਨੁੱਖ ਨੇ ਸ਼ਾਨ ਦੇ ਜੋ ਅਰਥ ਸਿੱਖੇ ਹਨ ਉਹ ਰਾਜਨੀਤੀ ਦੇ ਹਨ। ਇਸ ਕਰਕੇ ਅੱਜ ਪੰਜਾਬ ਵਿਚ ਰਾਜਸੀ ਲੋਕਾਂ ਦਾ ਚਲਣ ਜੰਗਲੀ ਜੀਵਨ ਵਾਲਾ ਹੋ ਗਿਆ ਹੈ ਕਿਉਂਕਿ ਉਹਨਾਂ ਨੇ ਆਪਣੇ ਗੁਰੂ ਨੂੰ ਵੀ ਰਾਜਸੀ ਬੁੱਤ ਵਿਚ ਚਿਤਵ ਲਿਆ ਹੈ। ਜਦੋਂ ਪੂਜ ਹੀ ਰਾਜਸੀ ਉਚਾਈ ਤੱਕ ਹੈ ਤਾਂ ਪੂਜਕ ਨੇ ਹੋਰ ਨੀਂਵੇ ਹੀ ਹੋਣਾ ਹੈ। ਸਿੱਖੀ ਦੇ ਸ਼ੁੱਧ ਸਰੂਪ ਬਾਰੇ ਚਿੰਤਤ ਲੋਕ ਵੀ ਗੁਰੂ ਦੇ ਧਿਆਨ ਨੂੰ (ਇਸ ਦੇਸ਼ ਜਾਂ ਉਸ ਦੇਸ਼ ਨਾਲ ਜੋੜ ਕੇ) ਸੰਸਾਰੀ ਸੱਤੇ ਦੇ ਨੁਕਤੇ ਤੋਂ ਉਪਰ ਨਹੀਂ ਵੇਖ ਰਹੇ ਕਿਉਂਕਿ ਇਹ ਭਾਵਨਾ ਉਹਨਾਂ ਦੇ ਬੋਲਾਂ ਅਤੇ ਕੰਮਾਂ ਵਿਚ ਪਰਗਟ ਹੋ ਰਹੀ ਹੈ ਭਾਵੇਂ ਕਿ ਉਹਨਾਂ ਦਾ ਦਾਅਵੇ ਦੂਜੇ ਲੋਕਾਂ ਦੇ ਉਲਟ ਸਰਬਤ ਦੇ ਭਲੇ ਵਾਲਾ ਹੈ।
ਬੰਦਾ ਜਿੰਨਾ ਚਿਰ ਸਰੀਰ ਨਾਲ ਜੀਏਗਾ ਰਹੇਗਾ ਤਾਂ ਥਾਂ-ਵਖਤ ਦੇ ਘੇਰੇ ਵਿਚ ਪਰ ਅਹਿਸਾਸ ਅਤੇ ਸਮਝ ਹੀ ਵੱਖਰਾ ਨਿਆਰਾ ਕਰਦੇ ਹਨ। ਨਵੀਂ ਸਮਝ ਦਾ ਦੌਰ ਓਥੋਂ ਸ਼ੁਰੂ ਮੰਨਿਆ ਜਾਂਦਾ ਹੈ ਜਦੋਂ ਪੱਛਮ ਦੀ ਪਦਾਰਥਵਾਦੀ ਸਮਝ ਨੇ ਇਥੋਂ ਦੀ ਕਰਮਕਾਂਡ ਵਾਲੀ ਸਮਝ ਨੂੰ ਰੱਦ ਕਰ ਦਿੱਤਾ। ਕਰਮਕਾਂਡੀ ਪੜਾਅ ਵਾਲੀ ਹਾਰ ਨੂੰ ਧਰਮ ਦੀ ਹਾਰ ਮੰਨ ਕੇ ਇਸ ਥਾਂ ਦੇ ਵਾਸੀ ਦੂਹਰੇ ਮਾਦੀ ਜਾਲੇ ਅੰਦਰ ਬੁਣੇ ਗਏ। ਪਦਾਰਥਵਾਦੀ ਸਮਝ ਜੋ ਇਥੋਂ ਵਾਲੀ ਸਮਝ ਨਾਲੋਂ ਸੰਦਾਂ ਕਰਕੇ ਵਧੇਰੇ ਅੱਗੇ ਨਿਕਲ ਗਈ ਸੀ ਉਸਨੇ ਬਹੁਤ ਬਾਰੀਕੀ ਨਾਲ ਧਰਮ ਅਹਿਸਾਸ ਨੂੰ ਹੀ ਨਹੀਂ ਸਗੋਂ ਕਰਮਕਾਂਡੀ ਪੜਾਅ ਨੂੰ ਵੀ ਬੋਲ, ਕਰਮ ਅਤੇ ਨੇਮ ਨਾਲ ਰੱਦਿਆ।ਇਸ ਖਿਤੇ ਦੇ ਲੋਕਾਂ ਦੀ ਦਾਅਵੇਦਾਰੀ ਧਰਮ ਅਹਿਸਾਸ ਦੀ ਸੀ ਪਰ ਅਸਲ ਵਿਚ ਅਜਿਹਾ ਨਹੀਂ ਸੀ ਇਸ ਕਰਕੇ ਉਹਨਾਂ ਸੰਸਾਰਕ ਜੀਵਨ ਬਦਲ ਗਿਆ। ਆਪਣੇ ਵਡੇਰਿਆਂ ਨੂੰ ਇਸ ਗੱਲ ਲਈ ਦੋਸ਼ ਵੀ ਦਿੰਦੇ ਹਾਂ ਕਿਉਂਕਿ ਸਥੂਲ ਸਮਝ ਅਧੀਨ ਜੀਅ ਰਹੇ ਹਾਂ ਪਰ ਧਰਮ ਅਹਿਸਾਸ ਦੀ ਮਾਨਤਾ ਵੀ ਭਾਲਦੇ ਹਾਂ ਜੋ ਅਭਿਆਸ ਵਜੋਂ ਉਹਨਾਂ ਨਾਲ ਜੁੜੀ ਹੋਈ ਏ। ਸੰਦਾਂ ਦੀ ਤਰੱਕੀ ਨਾਲ ਸੰਸਾਰ ਛੋਟਾ ਅਤੇ ਗੁੰਝਲ਼ਦਾਰ ਹੋ ਰਿਹਾ ਹੈ ਪਰ ਧਰਮ ਦੇ ਸੂਖਮ ਅਹਿਸਾਸ ਦੇ ਦੁਆਲੇ ਨੂੰ ਸਥੂਲ ਸਮਝ ਦੇ ਘੇਰੇ ਵਿਚ ਲਿਆ ਰਿਹਾ ਹੈ ਖਾਸ ਕਰਕੇ ਪਵਿੱਤਰ ਦੇ ਅਹਿਸਾਸ ਨਾਲ ਜੁੜੇ ਚਿੰਨ੍ਹ ਵੇਰਵੇ ਥਾਂਵਾਂ ਘਟਨਾਵਾਂ ਨਿਰੋਲ ਇਤਿਹਾਸਕ ਸਮਝ ਵਿਚ ਨਵੇਂ ਅਰਥਾਂ ਵਿਚ ਆ ਰਹੀਆਂ ਹਨ। ਘਬਰਾਹਟ ਵਿਚੋਂ ਇੰਝ ਜਾਪਦਾ ਹੈ ਕਿ ਜਿਵੇਂ ਧਰਮ ਦਾ ਘੇਰਾ ਛੋਟਾ ਹੋ ਗਿਆ ਜਾਂ ਜਿਵੇਂ ਕੋਈ ਚੀਜ ਪਹੰਚ ਤੋਂ ਹੋਰ ਦੂਰ ਹੋ ਗਈ ਹੋਵੇ। ਇਹ ਅਹਿਸਾਸ ਆਪਣੇ ਆਪ ਵਿਚ ਹੋਰ ਸਥੂਲ ਸਮਝ ਵੱਲ ਮੁੜਨ ਦਾ ਨਮੂਨਾ ਹੈ। ਕੋਈ ਬੋਲ ਕਮਾਈ ਵਜੋਂ ਜਾਂ ਸਚਾਈ ਵਜੋਂ ਕਹਿਣਾ ਅਤੇ ਸੁਣ ਕੇ ਜਾਂ ਡਰ ਕੇ ਕਹਿਣਾ ਇਸ ਵਿਚ ਬੜਾ ਵੱਡਾ ਫਰਕ ਹੁੰਦਾ ਹੈ।
ਪਿਛਲੀ ਇਕ ਸਦੀ ਤੋਂ ਦੋ ਸਵਾਲਾਂ ਦਾ ਜੁਆਬ ਦੇਣ ਵੇਲੇ ਸਿੱਖਾਂ ਦਾ ਤਰੀਕਾ ਉਹਨਾਂ ਦੇ ਹਾਲਾਤ ਦੀ ਦੱਸ ਪਾਉਂਦਾ ਹੈ ਜਿਸ ਬਾਰੇ ਪ੍ਰੋ ਪੂਰਨ ਸਿੰਘ ਨੇ ਇਸ਼ਾਰਾ ਕੀਤਾ ਹੈ। ਸਿੱਖਾਂ ਨੂੰ ਹਿੰਦੂ ਕਹਿਣਾ ਸ਼ੁਰੂ ਹੋਇਆ ਤਾਂ ਪੂਰੇ ਜੋਰ ਨਾਲ ਕਿਹਾ ‘ਹਮ ਹਿੰਦੂ ਨਹੀਂ’। ਭਾਈ ਕਾਹਨ ਸਿੰਘ ਨਾਭਾ ਦੀ ਪਰਸਿੱਧ ਲ਼ਿਖਤ ਤੋਂ ਸਦੀ ਬਾਅਦ ਵੀ ਸਿੱਖਾਂ ਨੂੰ ਵਾਰ ਵਾਰ ਉਤਰ ਦੇਣਾ ਪੈ ਰਿਹਾ ਹੈ। ਉਸੇ ਵੇਲੇ ਪ੍ਰੋ ਪੂਰਨ ਸਿੰਘ ਨੇ ਇਸ਼ਾਰੇ ਕੀਤਾ ਸੀ ਚੰਗਾ ਹੁੰਦਾ ਕਿ ਇਹ ਵੀ ਦੱਸਿਆ ਹੁੰਦਾ ਕਿ ਅਸੀਂ ਕੌਣ ਹਾਂ। ਇਹ ਦੱਸਣ ਦਾ ਪੈਂਡਾ ਸਥੂਲ ਤੋਂ ਧਰਮ ਦੇ ਅਹਿਸਾਸ ਵੱਲ ਅਤੇ ਫਿਰ ਧਰਮ ਦੇ ਨੁਕਤੇ ਤੋਂ ਪਦਾਰਥਕ ਜਗਤ ਨੂੰ ਵੇਖਣ ਨਾਲ ਹੀ ਤੈਅ ਹੁੰਦਾ ਹੈ।
ਦੂਸਰਾ ਇਥੋਂ ਦੀ ਅਤੇ ਪੱਛਮ ਦੀ ਸਮਝ ਨੇ ਸਾਂਝੇ ਰੂਪ ਗੁਰੂ ਸਾਹਿਬ ਨੂੰ ਇਤਿਹਾਸਕ ਹਸਤੀਆਂ ਵਜੋਂ ਲਿਖਤੀ ਹਵਾਲਿਆਂ ਨਾਲ ਪੇਸ਼ ਕੀਤਾ ਤਾਂ ਸਾਖੀਆਂ ਅਤੇ ਕਥਾ ਵਿਖਿਆਨ ਦੀ ਥਾਂ ਉਹਨਾਂ ਦੇ ਤਰੀਕੇ ਨਾਲ ਇਤਿਹਾਸਕ ਸਮਝ ਦੀਆਂ ਹੱਦਾਂ ਅੰਦਰ ਧਾਰਮਿਕ ਅਹਿਸਾਸ ਦੀ ਪੇਸ਼ਕਾਰੀ ਕਰਨ ਦੀ ਮਿਹਨਤ ਕੀਤੀ। ਪਦਾਰਥਕ ਵਿਧੀ ਦੀਆਂ ਲਿਖਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਾਲ ਅਤੇ ਥਾਂ ਦੇ ਹਵਾਲੇ ਨਾਲ ਗੁਰੂ ਨਾਨਕ ਸਾਹਿਬ ਤੋਂ ਵੱਖਰੀ ਹਸਤੀ ਸਿੱਧ ਕਰਕੇ ਮੁੜ ਉਹਨਾਂ ਤੇ ਸਵਾਲ ਕੀਤਾ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਸਰਬ ਸਾਂਝੇ ਧਰਮ ਨੂੰ ਇਤਿਹਾਸਕ ਹਥਿਆਰਬੰਦ ਖਾਲਸਾ ਫੌਜ ਵਿਚ ਬਦਲ ਦਿੱਤਾ। ਜਦੋਂ ਵੀ ਕੋਈ ਮਸਲਾ ਸਿੱਖਾਂ ਸਾਹਮਣੇ ਆਉਂਦਾ ਹੈ ਤਾਂ ਇਹਨਾਂ ਦੋਵਾਂ ਸਵਾਲਾਂ ਨਾਲ ਜੁੜ ਜਾਂਦਾ ਹੈ। ਸਵਾਲ ਦਾ ਉਤਰ ਜਾਂ ਲੋੜ ਦਾ ਹੱਲ ਇਸ ਗੱਲ ਵਿਚ ਫਸ ਜਾਂਦਾ ਹੈ ਕਿ ਦਾਅਵੇਦਾਰੀ ਧਰਮ ਦੀ ਹੁੰਦੀ ਹੈ ਅਤੇ ਸਮਝ ਸਥੂਲ ਇਤਿਹਾਸਕ ਹੁੰਦੀ ਹੈ। ਧਰਮ ਦੇ ਨੁਕਤੇ ਤੋਂ ਇਤਿਹਾਸ ਨੂੰ ਸਮਝਣ ਵਾਲੀ ਸਮਰੱਥਾ ਕੋਲ ਨਹੀਂ ਹੁੰਦੀ ਹੈ ਜਿਸ ਕਰਕੇ ਅਸਰ ਜਾਂ ਪਰਾਪਤੀ ਉਸ ਰੂਪ ਵਿਚ ਨਹੀਂ ਹੁੰਦੀ ਜਿਸ ਰੂਪ ਵਿਚ ਖਾਲਸਾ ਪੰਥ ਨੇ ਸੰਤ ਸਿਪਾਹੀ ਹੁੰਦਿਆ ਕੀਤੀ ਸੀ। ਗੁਰੂ ਦੀ ਯਾਦ ਸਾਡੇ ਕੋਲ ਇਤਿਹਾਸਕ ਯਾਦਗਾਰੀ ਰੂਪ ਵਿਚ ਹੈ ਪਰ ਲੋੜ ਸਿਮਰਨ ਰੂਪੀ ਯਾਦ ਦੀ ਹੈ।