ਪੰਜਾਬ ਪੁਲਸ ਨੇ ਪਿਛਲੇ ਦਿਨੀ ਰਾਜ ਵਿੱਚੋਂ ਕੁਝ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਇੱਕ ਵਾਰ ਫਿਰ ਸਨਸਨੀ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਕੁਝ ਦਿਨ ਪਹਿਲਾਂ ੭ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਫਿਰ ਤਿੰਨ ਵਿਦੇਸ਼ੀ ਵਸਦੇ ਸਿੱਖ ਨੌਜਵਾਨਾਂ ਸਮੇਤ ਕੁਝ ਹੋਰ ਸਿੱਖਾਂ ਦੀਆਂ ਗ੍ਰਿਫਤਾਰੀਆਂ ਦਿਖਾਈਆਂ ਗਈਆਂ। ਵਿਦੇਸ਼ੀ ਵਸਦੇ ਸਿੱਖਾਂ ਨੂੰ ਪੰਜਾਬ ਪੁਲਸ ਨੇ ਕੁਝ ਸਮਾਂ ਪਹਿਲਾਂ ਹੋਏ ਹਿੰਦੂ ਆਗੂਆਂ ਦੇ ਕਤਲਾਂ ਦੇ ਦੋਸ਼ ਵਿੱਚ ਨਾਮਜ਼ਦ ਕਰ ਲਿਆ ਹੈ।

ਸੰਘ ਪਰਿਵਾਰ ਦੇ ਆਗੂ ਗਗਨੇਜਾ, ਸਮੇਤ ਜਿਨ੍ਹਾਂ ਤਿੰਨ ਕਤਲਾਂ ਦੀ ਦਾਸਤਾਂ ਪੁਲਿਸ ਨੇ ਇਨ੍ਹਾਂ ਸਿੱਖਾਂ ਦੇ ਗਲ ਮੜ੍ਹ ਦਿੱਤੀ ਹੈ ਉਨ੍ਹਾਂ ਵਿੱਚੋਂ ਦੋ ਦੀ ਜਾਂਚ ਸੀ.ਬੀ.ਆਈ. ਅਤੇ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਪਹਿਲਾਂ ਹੀ ਕਰ ਰਹੀ ਹੈ। ਇਨ੍ਹਾਂ ਜਾਂਚ ਏਜੰਸੀਆਂ ਦੀ ਕਾਰਵਾਈ ਦੇ ਕੋਈ ਨਤੀਜੇ ਆਉਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਵੱਖ ਵੱਖ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਆਪਣੀਆਂ ਪਿੱਠਾਂ ਥਪਥਪਾ ਲਈਆਂ ਹਨ।

ਜਿਸ ਸਨਸਨੀਖੇਜ ਢੰਗ ਨਾਲ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਪੁਲਿਸ ਮੁਖੀ ਨੇ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦਾ ਐਲਾਨ ਕੀਤਾ ਹੈ ਉਸਤੋਂ ਜਾਪਦਾ ਹੈ ਕਿ ਇਸ ਕੇਸ ਵਿੱਚ ਕਾਫੀ ਕਮਜ਼ੋਰੀਆਂ ਹਨ। ਪੁਲਿਸ ਦਾ ਇੱਕ ਵੱਡਾ ਹਿੱਸਾ ਅਸਲ ਵਿੱਚ ਆਪਣੇ ਆਪ ਨੂੰ ਪੰਜਾਬ ਦਾ ਹਾਕਮ ਸਮਝਣ ਲੱਗ ਪਿਆ ਹੈ। ਉਹ ਖਾੜਕੂ ਲਹਿਰ ਵੇਲੇ ਮਿਲੀਆਂ ਸ਼ਕਤੀਆਂ ਨੂੰ ਹੱਥੋਂ ਨਹੀ ਜਾਣ ਦੇਣਾਂ ਚਾਹੁੰਦਾ। ਇਸ ਲਈ ਸਭ ਤੋਂ ਪਹਿਲਾਂ ਉਹ ਸਰਕਾਰ ਨੂੰ ਡਰਾਉਂਦਾ ਹੈ। ਰਾਜਨੀਤਿਕ ਲ਼ੋਕਾਂ ਨੂੰ ਉਹ ਬਹੁਤ ਸਹਿਜੇ ਹੀ ਡਰਾ ਲ਼ੈਂਦਾ ਹੈ। ਰਾਜਸੀ ਲੀਡਰਾਂ ਨੇ ਕਿਉਂਕਿ ਬਹੁਤ ਗਲਤ ਕੰਮ ਕਰਨੇ ਹੁੰਦੇ ਹਨ ਅਤੇ ਉਹ ਸਾਰੇ ਪੁਲਿਸ ਰਾਹੀਂ ਹੀ ਸੰਪੂਰਨ ਹੋਣੇ ਹੁੰਦ ਹਨ ਇਸ ਲਈ ਰਾਜਸੀ ਆਗੂਆਂ ਦਾ ਛੇਤੀ ਡਰ ਜਾਣਾਂ ਸੁਭਾਵਿਕ ਹੈ।

ਉਸ ਤੋਂ ਬਾਅਦ ਪੰਜਾਬ ਦੇ ਹਿੰਦੂਆਂ ਨੂੰ ਡਰਾਇਆ ਜਾਂਦਾ ਹੈ। ਸਿੱਖਾਂ ਦੀਆਂ ਗ੍ਰਿਫਤਾਰੀਆਂ ਬਾਰੇ ਮੀਡੀਆ ਵਿੱਚ ਸਨਸਨੀਖੇਜ਼ ਖਬਰਾਂ ਪ੍ਰਕਾਸ਼ਤ ਕਰਕੇ ਪੁਲਿਸ ਦਾ ਆਪਣਾਂ ਮੀਡੀਆ ਤੰਤਰ ਹਿੰਦੂਆਂ ਨੂੰ ਡਰਾਕੇ ਇਹ ਸੰਦੇਸ਼ ਦੇਣਾਂ ਚਾਹੁੰਦਾ ਹੈ ਕਿ ਸਥਾਪਤ ਰਾਜਸੀ ਧਿਰਾਂ ਤੋਂ ਬਿਨਾ ਕਿਸੇ ਵੀ ਹੋਰ ਪਾਰਟੀ ਵੱਲ ਮੂੰਹ ਨਾ ਕਰਿਓ ਨਹੀ ਤਾਂ ਮਾਰੇ ਜਾਵੋਗੇ।

ਇਸ ਘਿਨਾਉਣੀ ਖੇਡ ਦਾ ਤੀਜਾ ਹਿੱਸਾ ਇਹ ਹੈ ਕਿ ਪੁਲਿਸ ਅਫਸਰਾਂ ਨੇ ਸ਼ੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਨਕਲੀ ਪਹਿਚਣਾਂ ਵਾਲੇ ਅਕਾਊਂਟ ਬਣਾਏ ਹੋਏ ਹਨ। ਜਿਨ੍ਹਾਂ ਰਾਹੀਂ ਉਹ ਖਾੜਕੂ ਸਿੱਖ ਸੰਘਰਸ਼ ਬਾਰੇ ਕੁਝ ਗੱਲਾਂ ਲਿਖਕੇ ਅਣਜਾਣ ਸਿੱਖ ਨੌਜਵਾਨਾਂ ਨੂੰ ਫਸਾ ਲ਼ੈਂਦੇ ਹਨ ਅਤੇ ਆਪਣੇ ਜਾਲ ਵਿੱਚ ਵਲ ਲ਼ੈਂਦੇ ਹਨ। ਇਸ ਤਰ੍ਹਾਂ ਕੁਝ ਦੇਰ ਉਨ੍ਹਾਂ ਨੌਜਵਾਨਾਂ ਨਾਲ ਖੇਡਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਸਿੱਖ ਸੰਘਰਸ਼ ਲਈ ਭਾਵੁਕ ਸਾਂਝ ਹੋਣ ਕਾਰਨ ਲਗਾਤਾਰ ਨੌਜਵਾਨ ਇਨ੍ਹਾਂ ਦੇ ਜਾਲ ਵਿੱਚ ਫਸਦੇ ਜਾਈ ਜਾ ਰਹੇ ਹਨ। ੬ ਕੁ ਮਹੀਨੇ ਬਾਅਦ ਸੋਚੀ ਸਮਝੀ ਸਕੀਮ ਅਧੀਨ ਸਨਸਨੀ ਫੈਲਾਉਣ ਲਈ ਗ੍ਰਿਫਤਾਰੀਆਂ ਕਰ ਲਈਆਂ ਜਾਂਦੀਆਂ ਹਨ।

ਇਸ ਨਾਲ ਸਰਕਾਰਾਂ ਦੀ ਅੱਖ ਉਨ੍ਹਾਂ ਅਫਸਰਾਂ ਵੱਲ ਨਹੀ ਜਾਂਦੀ ਜਿਨ੍ਹਾਂ ਨੇ ਅਤੀਤ ਵਿੱਚ ਮਨੁੱਖੀ ਹੱਕਾਂ ਦਾ ਉਲੰਘਣ ਕੀਤਾ ਹੈ ਅਤੇ ਹੁਣ ਗਲਤ ਕੰਮ ਕਰਕੇ ਪੈਸੇ ਬਣਾ ਰਹੇ ਹਨ।

ਸਿੱਖ ਨੌਜਵਾਨ ਪੰਜਾਬ ਪੁਲਿਸ ਲਈ ਸੌਖਾ ਨਿਸ਼ਾਨਾ ਬਣ ਗਏ ਹੋਏ ਹਨ। ਤਰੱਕੀਆਂ, ਤਗਮੇ ਅਤੇ ਧੌਸ ਇਨ੍ਹਾਂ ਸਾਰਿਆਂ ਦੀ ਪੂਰਤੀ ਇੱਕੋ ਐਕਸ਼ਨ ਨਾਲ ਹੋ ਜਾਂਦੀ ਹੈ।

ਪੰਜਾਬ ਵਿੱਚ ਸਿੱਖ ਨੌਜਵਾਨਾਂ ਦੀਆਂ ਹੁਣੇ ਜਿਹੀਆਂ ਹੋਈਆਂ ਗ੍ਰਿਫਤਾਰੀਆਂ ਨੂੰ ਵੀ ਇਸੇ ਸੰਦਰਭ ਵਿੱਚ ਦੇਖਿਆ ਜਾਣਾਂ ਚਾਹੀਦਾ ਹੈ। ਅਸੀਂ ਸਮਝਦੇ ਹਾਂ ਕਿ ਜਿਸ ਕਿਸਮ ਦਾ ਵਿਹਾਰ ਪੁਲਿਸ ਇਸ ਵੇਲੇ ਕਰ ਰਹੀ ਹੈ ਅਤੇ ਜਿਵੇਂ ਸ਼ੋਸ਼ਲ ਮੀਡੀਆ ਰਾਹੀਂ ਸਿੱਖ ਨੌਜਵਾਨਾਂ ਨੂੰ ਨਕਲੀ ਆਈ.ਡੀਜ਼ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਕਾਰਵਾਈ ਲਗਾਤਾਰ ਚਲਦੀ ਰਹੇਗੀ।

ਸਿੱਖ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਅਜਿਹੀ ਪੋਸਟ ਤੇ ਟਿੱਪਣੀ ਨਾ ਕਰਨ ਜਿਸ ਬਾਰੇ ਉਨ੍ਹਾਂ ਨੂੰ ਪੂਰਨ ਭਰੋਸਾ ਨਹੀ ਹੈ। ਨਹੀ ਤਾਂ ਅਗਲੇ ਦਿਨਾਂ ਵਿੱਚ ਉਨ੍ਹਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ।