ਗਦਰੀ ਬਾਬਿਆਂ ਦੀ ਗਾਥਾ ਅੱਜ 107 ਸਾਲਾਂ ਬਾਅਦ ਵੀ ਪੰਜਾਬ ਅਤੇ ਖਾਸ ਕਰਕੇ ਸਿੱਖ ਕੌਮ ਲਈ ਵਿਰਾਸਤੀ ਤੇ ਦੰਤ ਕਥਾ ਹੈ। ਉਹਨਾਂ ਦੇ ਹੌਂਸਲੇ ਦੀ ਹਿੰਮਤ ਤੇ ਨਿੱਡਰਤਾ ਅੱਜ ਵੀ ਇੱਕ ਮਿਸਾਲ ਹੈ। 107 ਸਾਲ ਪਹਿਲਾਂ ਗਦਰੀ ਬਾਬੇ ਜੋ ਕਿ 96 ਤੋਂ 97% ਸਿੱਖ ਸਨ ਨੇ ਆਪਣੇ ਧਰਮ ਤੋਂ ਪ੍ਰੇਰਨਾ ਲੈ ਕੇ ਅਮਰੀਕਾ ਦੇ 19ਵੀਂ ਸਦੀ ਦੇ ਸ਼ੁਰੂ ਵਿੱਚ ਰਹਿ ਚੁੱਕੇ ਰਾਸ਼ਟਰਪਤੀ ਥੋਮਸ ਜੈਫਰਸਨ ਜੋ ਕਿ ਅਮਰੀਕਾ ਦਾ ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਅਜਾਦੀ ਘੁਲਾਟੀਆ ਸੀ, ਦੇ ਕਹੇ ਹੋਏ ਬੋਲ ਹਨ,

“ਕਿ ਜੁਲਮ ਦੇ ਖਿਲਾਫ ਬਗਾਵਤ ਕਰਨੀ ਪ੍ਰਮਾਤਮਾ ਅਤੇ ਵਾਹਿਗੁਰੂ ਦਾ ਫੁਰਮਾਨ ਹੈ।”

ਇਸ ਪ੍ਰਸੰਗਿਕ ਵਿਆਖਿਆ ਨੂੰ ਆਪਣੇ ਲੜ ਬੰਨ ਕੇ ਗਦਰੀ ਬਾਬਿਆਂ ਨੇ ਆਪਣੇ ਹੌਂਸਲੇ ਦੀ ਦ੍ਰਿੜਤਾ ਨੂੰ ਮਜਬੂਤ ਕਰਦਿਆਂ ਇੱਕ ਖਾਬ ਅਮਰੀਕਾ ਤੇ ਕਨੇਡਾ ਦਾ ਧਰਤੀ ਤੇ ਬੈਠ ਕੇ ਬੁਣਿਆ ਕਿ ਅਸੀਂ ਆਪਣੇ ਲੋਕਾਂ ਲਈ ਅੰਗਰੇਜੀ ਸਾਮਰਾਜ ਦੀ ਗੁਲਾਮੀ ਵਿੱਚੋਂ ਇੱਕ ਅਜਿਹਾ ਖਾਬ ਬੁਣਨਾ ਹੈ ਜੋ ਚਿਰਾਂ ਤੋਂ ਚੱਲੀ ਆ ਰਹੀ ਗੁਲਾਮੀ ਦੀ ਸੰਘਣੀ ਰਾਤ ਨੂੰ ਨਿਖੇੜ ਸੁੱਟੇਗਾ। ਉਹਨਾਂ ਗਦਰੀ ਬਾਬਿਆਂ ਨੇ ਜਿੰਦਗੀ ਬਾਰੇ ਤਾਂ ਸੋਚਿਆ ਕਿ ਇਹ ਤਾਂ ਵਾਹਿਗੁਰੂ ਦੀ ਰਜਾ ਹੈ। ਇਹਨਾਂ ਖੁਆਬਾਂ ਨੂੰ ਇੱਕ ਲੜੀ ਵਿੱਚ ਪਰੋਣ ਲਈ ਉਨੀਵੀਂ ਸਦੀ ਦੇ ਅਖੀਰ ਅਤੇ ਵੀਹਵੀਂ ਸਦੀ ਸ਼ੁਰੂ ਵਿੱਚ ਪੰਜਾਬ ਵਿਚੋਂ ਵਿਦੇਸ਼ਾਂ ਨੂੰ ਗਏ ਇਹਨਾਂ ਕਿਰਤੀ ਸਿੱਖ ਕਿਸਾਨਾਂ ਨੇ ਆਪਣੇ ਸਿੱਖ ਇਤਿਹਾਸ ਵਿਚੋਂ ਪ੍ਰੇਰਣਾ ਲੈ ਕੇ 1913 ਵਿੱਚ ਗਦਰ ਲਹਿਰ ਦੀ ਸਥਾਪਨਾ ਕੀਤੀ। ਇਹਨਾਂ ਨੇ 120 ਬੰਦਿਆਂ ਦੇ ਇਕੱਠ ਨੂੰ ਬਾਬਾ ਸੋਹਣ ਸਿੰਘ ਭਕਨਾ ਨੇ ਅਮਰੀਕਾ ਦੇ ਓਰੇਗੌਨ ਸੂਬੇ ਦੇ ਸ਼ਹਿਰ ਐਸਟੋਰੀਆ ਵਿੱਚ ਸੱਦਿਆ। ਜਿਸ ਵਿੱਚ ਉਚੇਚੇ ਤੌਰ ਤੇ ਪ੍ਰੋਫੈਸਰ ਹਰਦਿਆਲ ਨੂੰ ਵੀ ਕੈਲੇਫੋਰਨੀਆਂ ਤੋਂ ਬੁਲਾਇਆ ਗਿਆ। ਉਹ ਉਸ ਸਮੇਂ ਸਮਾਜਿਕ ਵਿਦਿਆ ਦੇ ਅਮਰੀਕਨ ਯੂਨੀਵਰਸਿਟੀ ਸਟੈਨਫੋਰਡ ਵਿੱਚ ਪ੍ਰੋਫੈਸਰ ਸੀ। ਲੰਮੀ ਸੋਚ ਵਿਚਾਰ ਤੋਂ ਬਾਅਦ ਗਦਰ ਲਹਿਰ ਦੀ ਸਥਾਪਨਾ ਕੀਤੀ ਗਈ ਅਤੇ ਬਾਬਾ ਸੋਹਣ ਸਿੰਘ ਭਕਨਾ ਨੂੰ ਇਸ ਲਹਿਰ ਦਾ ਮੋਢੀ ਬਣਾਇਆ ਗਿਆ। ਬਕਾਇਦਾ ਤੌਰ ਤੇ ਇਸ ਇਕੱਠ ਵਿੱਚ ਸਰਬ-ਸੰਮਤੀ ਨਾਲ ਗਦਰ ਲਹਿਰ ਦੇ ਮੁਢਲੇ ਅਸੂਲਾਂ ਨੂੰ ਵੀ ਕਲਮਬੰਦ ਕੀਤਾ ਗਿਆ। ਅਮਰੀਕਾ ਅਤੇ ਆਇਰਸ਼ਾਂ ਦੇ ਅੰਗਰੇਜੀ ਸਾਮਰਾਜ ਖਿਲਾਫ ਲੜੇ ਸੰਘਰਸ਼ ਨੂੰ ਆਪਣਾ ਉਦੇਸ਼ ਮੰਨ ਕਿ ਪੰਜਾਬ ਵਿੱਚ ਵੀ ਆਪਣੇ ਰਾਜ ਦੀ ਪੂਰਤੀ ਲਈ ਹਥਿਆਰ ਬੰਦ ਅੰਗਰੇਜੀ ਸਾਮਰਾਜ ਦੇ ਖਿਲਾਫ ਲੜਨ ਦਾ ਆਇਦ ਲਿਆ ਗਿਆ। ਗਦਰ ਲਹਿਰ ਨੂੰ ਪ੍ਰਚਲਤ ਕਰਨ ਲਈ ਗਦਰ ਨਾਮ ਦਾ ਇੱਕ ਪਰਚਾ ਵੀ ਸਥਾਪਤ ਕੀਤਾ ਗਿਆ ਜੋ ਕ੍ਰਾਂਤੀਕਾਰੀ ਸੋਚ ਦਾ ਪ੍ਰਤੀਕ ਸੀ। ਇਸੇ ਗਦਰ ਲਹਿਰ ਨਾਲ ਉਸ ਸਮੇਂ ਕੈਲੀਫੋਰਨੀਆਂ ਅਤੇ ਅਮਰੀਕਾ ਦੀ ਨਾਮੀ ਵਿਸ਼ਵਿਦਿਆਲੇ ਬਰਕਲੀ ਵਿੱਚ ਪੜਦਾ ਨੌਜਵਾਨ ਸਿੱਖ ਕਰਤਾਰ ਸਿੰਘ ਸਰਾਭਾ ਵੀ ਇਸ ਗਦਰੀ ਲਹਿਰ ਨਾਲ ਘੁਲ-ਮਿਲ ਗਿਆ। ਕਰਤਾਰ ਸਿੰਘ ਸਰਾਭਾ ਨੇ ਵੀ ਥੋੜੇ ਚਿਰ ਵਿੱਚ ਹੀ ਗਦਰੀ ਲਹਿਰ ਨੂੰ ਆਪਣੀ ਮਿਹਨਤ ਤੇ ਲਗਨ ਸਦਕਾ ਕਾਫੀ ਬਲ ਬਖਸ਼ਿਆ। ਪ੍ਰੋਫੈਸਰ ਹਰਦਿਆਲ ਨੂੰ ਗਦਰ ਅਖਬਾਰ ਦਾ ਸੰਚਾਲਕ ਤੇ ਸੰਪਾਧਕ ਬਣਾਇਆ ਗਿਆ। ਇਸ ਨੂੰ ਵੱਡੀ ਗਿਣਤੀ ਵਿੱਚ ਪੰਜਾਬ ਵਿੱਚ ਵੀ ਭੇਜਣ ਦਾ ਉਪਰਾਲਾ ਗਿਆ। ਗਦਰ ਲਹਿਰ ਦੀ ਸਥਾਪਨਾ ਤੋਂ ਥੋੜਾ ਸਮਾਂ ਬਾਅਦ ਹੀ ਪਹਿਲੀ ਸੰਸਾਰਕ ਜੰਗ ਵੀ ਸ਼ੁਰੂ ਹੋ ਚੁੱਕੀ ਸੀ। ਅੰਗਰੇਜੀ ਸਾਮਰਾਜ ਦੀ ਫੌਜ ਵਿੱਚ ਸਿੱਖ ਰਾਜ ਦੇ ਡਿੱਗਣ ਤੋਂ ਬਾਅਦ ਕਾਫੀ ਵੱਡੀ ਗਿਣਤੀ ਵਿੱਚ ਸਿੱਖ ਕੌਮ ਦੀ ਬਹਾਦਰੀ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਅੰਗਰੇਜੀ ਹਕੂਮਤ ਨੇ ਉਹਨਾਂ ਨੂੰ ਕਾਫੀ ਵੱਡੀ ਮਿਕਦਾਰ ਵਿੱਚ ਅੰਗਰੇਜੀ ਸਾਮਰਾਜ ਦੀ ਫੌਜ ਵਿੱਚ ਭਰਤੀ ਕਰ ਲਿਆ ਸੀ। ਕਰ ਲਿਆ ਸੀ। ਸਿੱਖ ਫੌਜੀਆਂ ਨੇ ਵੀ 1857 ਦੇ ਪਹਿਲੇ ਗਦਰ ਵੇਲੇ ਅੰਗਰੇਜੀ ਸਾਮਰਾਜ ਦੀ ਵਧ ਚੜ ਕੇ ਮੱਦਦ ਕੀਤੀ ਸੀ। ਪਹਲਿੀ ਸੰਸਾਰਕ ਜੰਗ ਤੋਂ ਉਠੀਆਂ ਪ੍ਰਸਥਿਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਗਦਰ ਲਹਿਰ ਨੇ ਵੀ ਇਹ ਅਹਿਦ ਕੀਤਾ ਕਿ ਆਪਾਂ ਜਰਮਨ ਅਤੇ ਜਾਪਾਨ ਦੀ ਹਕੂਮਤ ਤੋਂ ਹਥਿਆਰਬੰਦ ਮੱਦਦ ਲੈ ਕੇ ਪੰਜਾਬ ਨੂੰ ਕੂਚ ਕੀਤਾ ਜਾਵੇ। ਇਸ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਤੇ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੰਜਾਬ ਨੂੰ ਕੂਚ ਕਰ ਦਿੱਤਾ। ਇਸ ਦੀ ਭਿਣਕ ਅੰਗਰੇਜੀ ਸਾਮਰਾਜ ਦੀਆਂ ਖੁਫੀਆਂ ਏਜੰਸੀਆਂ ਨੂੰ ਵੀ ਪੈ ਗਈ ਸੀ। ਜਿਸ ਕਰਕੇ ਬਾਬਾ ਸੋਹਣ ਸਿੰਘ ਭਕਨਾ ਸਮੇਤ ਬਹੁਤੇ ਗਦਰੀ ਬਾਬੇ ਬੰਦਰਗਾਹਾਂ ਤੇ ਹੋਰ ਥਾਵਾਂ ਤੋਂ ਗ੍ਰਿਫਤਾਰ ਕਰ ਲਏ ਗਏ ਸੀ। ਕਰਤਾਰ ਸਿੰਘ ਸਰਾਭਾ ਤੇ ਹੋਰ ਕਈ ਗਦਰੀ ਅੰਗਰੇਜੀ ਸਾਮਰਾਜੀਆਂ ਦੀ ਪਕੜ ਤੋਂ ਬਚ ਗਏ ਸਨ। ਉਨਾਂ ਨੇ ਪੰਜਾਬ ਪਹੁੰਚ ਕੇ ਆਪਣੇ ਸੰਘਰਸ਼ ਨੂੰ ਲੀਹਾਂ ਤੇ ਲਿਆਉਣ ਲਈ ਸਿੱਖ ਫੌਜੀਆਂ ਤੇ ਹੋਰ ਬੌਧਿਕ ਨੈਤਿਕਤਾ ਵਾਲੇ ਬੰਦਿਆਂ ਨਾਲ ਸੰਪਰਕ ਬਣਾਇਆ। ਉਸ ਸਮੇਂ ਪੰਜਾਬ ਵਿੱਚ ਅੰਗਰੇਜੀ ਸਾਮਰਾਜ ਦਾ ਪੜੇ ਲਿਖੇ ਸਮਾਜ ਅਫਸਰਸ਼ਾਹੀ ਅਤੇ ਸਿੱਖ ਫੌਜੀਆਂ ਤੇ ਅਜਿਹੀ ਅਸਪਸ਼ਟਤਾ ਦਾ ਪ੍ਰਛਾਵਾ ਪਾਇਆ ਹੋਇਆ ਸੀ ਕਿ ਉਹਨਾਂ ਦੀ ਬੁੱਧੀ ਤੇ ਸਾਮਰਾਜੀਆਂ ਦੇ ਹੀ ਰੰਗ ਚੜੇ ਹੋਏ ਸਨ। ਉਹ ਇਹ ਸੋਚੀ ਬੈਠੇ ਸੀ ਕਿ ਸਾਡੀ ਗੁਲਜ਼ਾਰ ਜ਼ਿੰਦਗੀ ਅਤੇ ਸ਼ਾਹੀ ਠਾਠ-ਬਾਠ ਸਾਮਰਾਜੀਆਂ ਦੀ ਹੀ ਬਖਸ਼ ਹੈ। ਆਮ ਜਨਤਾ ਵੀ ਇਸੇ ਗੁਲਜ਼ਾਰ ਦੀ ਮੁਰੀਦ ਹੋ ਚੁੱਕੀ ਅਤੇ ਉਹ ਗਦਰੀ ਲਹਿਰ ਨੂੰ ਇੱਕ ਸਿਰਫਿਰੇ ਅਧਰਮੀ ਬੰਦਿਆਂ ਦਾ ਟੋਲਾ ਮੰਨਦੀ ਸੀ। ਪਰ ਕਰਤਾਰ ਸਿੰਘ ਸਰਾਭਾ ਹੁਰਾਂ ਤੇ ਇਹ ਰੰਗਤ ਚੜੀ ਹੋਈ ਸੀ,

“ਸਾਡੇ ਵੀਰਨੋ ਤੁਸੀਂ ਨੇ ਖੁਸ਼ ਰਹਿਣਾ,
ਅਸੀਂ ਆਪਣੀ ਆਪ ਨਿਭਾਅ ਦਿਆਂਗੇ।
ਦੁੱਖ ਝੱਲਾਂਗੇ ਹਸ ਕੇ ਵਾਂਗ ਮਰਦਾਂ,
ਨਾਲ ਖੁਸ਼ੀ ਦੇ ਸੀਸ ਲਗਾਅ ਦਿਆਂਗੇ।
ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ,
ਜੜ ਜੁਲਮ ਦੀ ਪੁੱਟ ਦਿਖਾ ਦਿਆਗੇ।”

ਇਸੇ ਕਾਮਨਾ ਨੂੰ ਆਪਣੇ ਦਿਲੋਂ-ਦਿਮਾਗ ਵਿੱਚ ਬਿਠਾ ਕੇ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਹੱਸ-ਹੱਸ ਕੇ ਫਾਂਸੀ ਦੇ ਰੱਸੇ ਚੁੰਮੇ ਅਤੇ ਮਨ ਅੰਦਰ ਇਹ ਕਾਮਨਾ ਰੱਖੀ,

“ਸਾਡੀ ਆਤਮਾ ਸਦਾ ਅਡੋਲ ਵੀਰੋ
ਕਰੂ ਕੀ ਤਫੰਗ ਦਾ ਵਾਰ ਸਾਨੂੰ।”

ਆਪਣੇ ਗੁਰੂ ਨੂੰ ਯਾਦ ਕਰਦਿਆਂ ਕਰਤਾਰ ਸਿੰਘ ਸਰਾਭਾ ਕਹਿੰਦਾ ਹੈ –

“ਖਾਤਿਰ ਧਰਮ ਦੀ ਗੁਰੂਆਂ ਨੇ ਪੁੱਤਰ ਵਾਰੇ,
ਦਿਸੇ ਚਮਕਦੀ ਨੇਕ ਮਿਸਾਲ ਸਾਨੂੰ।”

ਪਰ ਇਤਫਾਕ ਨਾਲ ਗਦਰੀ ਬਾਬਿਆਂ ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਵਕਤ ਦੇ ਇਤਿਹਾਸਕਾਰਾਂ ਨੇ ਭਾਰਤੀ ਰਾਸ਼ਟਰਵਾਦ ਅਤੇ ਹਿੰਦੂ ਧਰਮ ਦੀ ਇੱਕ ਮਿਸਾਲ ਵਜੋਂ ਵਾਰ ਵਾਰ ਦਰਸਾਇਆ ਹੈ। ਇਹ ਵਰਤਾਰਾ 1928/30 ਤੋਂ ਹੀ ਪ੍ਰਚਲਿਤ ਹੋ ਗਿਆ ਸੀ। ਭਾਂਵੇ ਬਾਬਾ ਵਿਸਾਖਾ ਸਿੰਘ ਗਦਰੀ ਬਾਬੇ ਨੂੰ 1930 ਵਿੱਚ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੁਕੱਰਰ ਕਰ ਦਿੱਤਾ ਗਿਆ ਸੀ ਇਸੇ ਤਰਾਂ ਬਾਬਾ ਸੋਹਣ ਸਿੰਘ ਭਕਨਾ ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਸਰਬ ਸੰਮਤੀ ਨਾਲ ਆਪਣਾ ਪ੍ਰਧਾਨ ਚੁਣ ਲਿਆ ਸੀ ਪਰ ਉਹ ਤਕਨੀਕੀ ਕਾਰਨਾਂ ਕਰਕੇ ਪ੍ਰਸੰਗ ਅਧੂਰਾ ਰਹਿ ਗਿਆ। ਸਿਵਾਏ ਪੰਜਾਬ ਦੀ ਕਿਸਾਨੀ ਅਤੇ ਸਿੱਖ ਕੌਮ ਵਿੱਚ ਹੀ ਅੱਜ ਵੀ ਗਦਰੀ ਬਾਬਿਆਂ ਦੀ ਗੰਜ ਸਹਿਕਦੀ ਹੈ ਅਤੇ ਹਰ ਸਾਲ 1959 ਤੋਂ ਲੈ ਕੇ ਗਦਰੀ ਬਾਬਿਆਂ ਦਾ ਮੇਲਾ ਵੀ ਚੇਤੰਨਤਾ ਦਾ ਮੇਲਾ ਉਨਾਂ ਦੀ ਸੋਚ ਨੂੰ ਮੁਖਾਤਫ਼ ਹੋ ਕੇ ਲਗਦਾ ਹੈ। ਪਰ ਅੱਜ ਦਾ ਸਮੁੱਚਾ ਭਾਰਤ ਵਿੱਚ ਜੋ ਕੌਮ ਪ੍ਰਸਤੀ ਤੇ ਫਿਰਕਾ ਪ੍ਰਸਤੀ ਦੀ ਸਿਆਸਤ ਵਿੱਚ ਪੂਰੀ ਤਰਾਂ ਰੰਗਿਆ ਹੋਇਆ ਹੈ ਨੂੰ ਗਦਰੀ ਬਾਬਿਆਂ ਦਾ ਇਤਿਹਾਸ ਤੇ ਉਨਾਂ ਦੀ ਸੋਚ ਇੱਕ ਦੁਰਲੱਭ ਤੇ ਵਿਸਾਰ ਦਿੱਤੀ ਗਈ ਸੋਚ ਬਣ ਗਈ ਹੈ। ਖੱਬੇ ਪੱਖੀ ਸੋਚ ਅੱਜ ਵੀ ਗਦਰੀ ਬਾਬਿਆਂ ਨੂੰ ਆਪਣੀ ਵਿਰਾਸਤ ਮੰਨਦੀਆਂ ਹਨ ਭਾਵੇਂ ਗਦਰੀ ਬਾਬਿਆਂ ਨੇ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਅਜਿਹੀ ਕਿਸੇ ਸੋਚ ਤੋਂ ਮੁਨਕਰ ਰੱਖਿਆ ਹੈ। ਖੱਬੇ ਪੱਖੀ ਤੇ ਹੋਰ ਲੇਖਕ ਗਦਰ ਲਹਿਰ ਦਾ ਮੋਢੀ ਬਾਬਾ ਸੋਹਣ ਸਿੰਘ ਭਕਨਾ ਦੀ ਬਜਾਇ ਪ੍ਰੋਫੈਸਰ ਹਰਦਿਆਲ ਨੂੰ ਮੰਨਦੀਆਂ ਹਨ ਜਦਕਿ ਇਤਿਹਾਸ ਗਵਾਹ ਹੈ ਕਿ ਬਾਬਾ ਸੋਹਣ ਸਿੰਘ ਦੀ ਸਵੈ ਜੀਵਨੀ ਵਿੱਚ ਇਹ ਸਾਫ ਲਿਖਿਆ ਹੈ ਕਿ ਪ੍ਰੋਫੈਸਰ ਹਰਦਿਆਲ ‘ਗਦਰ’ ਅਖਬਾਰ ਦਾ ਸਿਰਫ ਸੰਪਾਦਕ ਸੀ ਜਿਸ ਦੀ ਸੋਚ ਤਿਲਕਵੀਂ ਤੇ ਅਸਪਸ਼ਟ ਸੀ। ਛੇ ਮਹੀਨੇ ਦੀ ਸੰਪਾਦਕੀ ਤੋਂ ਬਾਅਦ ਪ੍ਰੋਫੈਸਰ ਹਰਦਿਆਲ ਨੂੰ ਉਸਦੀਆਂ ਗਤੀਵਿਧੀਆਂ ਕਰਕੇ ਅਮਰੀਕਾ ਦੀ ਸਰਕਾਰ ਨੇ ਕੱਢ ਦਿੱਤਾ ਸੀ ਤੇ ਉਹ ਜਰਮਨੀ ਚਲਾ ਗਿਆ ਸੀ। ਜਿੱਥੇ ਜਾ ਉਸਨੇ ਬਾਅਦ ਵਿੱਚ ਅੰਗਰੇਜੀ ਸਾਮਰਾਜ ਦੀ ਵਕਾਲਤ ਕੀਤੀ ਤੇ ਉਹਨਾਂ ਦੀ ਪ੍ਰਸੰਸਾ ਵਿੱਚ ਇੱਕ ਕਿਤਾਬ ਵੀ ਲਿਖੀ। ਗਦਰੀ ਬਾਬਿਆਂ ਦੀ ਕੁਰਬਾਨੀ ਸਪਸ਼ਟਤਾ ਅਤੇ ਉਹਨਾਂ ਦੀਆਂ ਕਾਮਨਾਵਾਂ ਨੂੰ ਸਿੱਖ ਪ੍ਰੰਪਰਾਵਾਂ ਮੁਤਾਬਕ ਅੱਜ ਵੀ ਪੂਰਾ ਮਾਣ-ਸਨਮਾਨ ਪ੍ਰਸਤੁਤ ਨਹੀਂ ਕੀਤਾ ਗਿਆ।