ਮਸ਼ਹੂਰ ਓੁਰਦੂ ਦਾ ਕਵੀ ਲਿਖਦਾ ਹੈ ਕਿ “ਇਹ ਨਹੀਂ ਸੀ ਕਿ ਸਾਡੇ ਕੱਦ ਜਾਂ ਅਹਿਮੀਅਤ ਘੱਟ ਹੋ ਗਏ ਜਾਂ ਗਈ ਪਰ ਸਮੇਂ ਅਤੇ ਹਾਲਾਤਾਂ ਦਾ ਖਿਆਲ ਰੱਖ ਅਸੀਂ ਆਪਣੇ ਆਪ ਨੂੰ ਖੁਦ ਸਮੇਟ ਲਿਆ। ਇਸੇ ਤਰਾਂ ਜੋ ਵਾਕਿਆ ਜੂਨ ੬, ੨੦੧੪ ਨੂੰ ਅਕਾਲ ਤਖਤ ਸਾਹਿਬ ਵਿਚ ਹੋਇਆ ਉਹ ਦਰਸਾਉਂਦਾ ਹੈ ਕਿ ਸਿੱਖ ਕੌਮ ਦੇ ਜਿੰਮੇਵਾਰ ਜਥੇਦਾਰ ਸਾਹਿਬ ਅਤੇ ਆਜ਼ਾਦੀ ਦੇ ਪ੍ਰਤੀਕ ਦੇ ਹਾਲਾਤ ਅਤੇ ਬਣਦੀਆਂ ਜਿੰਮੇਵਾਰੀਆਂ ਨੂੰ ਸਮਝਣ ਵਿਚ ਬਾਰ ਬਾਰ ਨਾ ਕਾਮਯਾਬ ਹੋ ਰਹੇ ਹਨ। ਇਸ ਕਰਕੇ ਸਮੁੱਚੀ ਸਿੱਖ ਕੌਮ ਆਪਣੀ ਕਿਸ਼ਤੀ ਦੇ ਮਲਾਹਾਂ ਹੱਥੋਂ ਹੀ ਆਪਣੀ ਕਿਸ਼ਤੀ ਨੂੰ ਡੁੱਬਦਿਆਂ ਦੇਖ ਰਹੇ ਹਨ। ਮੁੱਖ ਰੂਪ ਵਿਚ ਜੂਨ ੬, ੨੦੧੪ ਦਾ ਵਾਕਿਆ ਇਕ ਅਜਿਹੀ ਸ਼ਰਮਨਾਇਕ ਘਟਨਾ ਹੈ ਕਿ ਇਸਦਾ ਅਰਥ ਵੀ ਇਕ ਆਮ ਸਿੱਖ ਕੌਮ ਦੀ ਜੋ ਅੱਜ ਹੈ। ਇਸ ਹਿੰਸ਼ਕ ਵਾਕਿਆ ਵਿਚ ਸੁਆਲ ਇਹ ਨਹੀਂ ਕਿ ਕੌਣ ਇਸ ਘਟਨਾ ਲਈ ਜਿੰਮੇਵਾਰ ਹੈ ਜਾਂ ਨਹੀਂ ਪਰ ਇਹ ਜਰੂਰ ਹੈ ਕਿ ਅੱਜ ਸਿੱਖ ਕੌਮ ਅੱਗੇ ਜੋ ਲੀਡਰ ਜਾਂ ਜਥੇਦਾਰ ਹਨ ਉਹ ਦੁਖਾਂਤ ਦੇ ੩੦ ਸਾਲ ਬੀਤ ਜਾਣ ਤੋਂ ਬਾਅਦ ਵੀ ਆਪਣੀਆਂ ਬਣਦੀਆਂ ਜਿੰਮੇਵਾਰੀਆਂ ਤੋਂ ਨਾ ਵਾਕਫ ਹਨ ਅਤੇ ਸਿੱਖ ਕੌਮ ਦੀ ਅੰਦਰੂਨੀ ਪੀੜ ਨੂੰ ਹੋਰ ਵਧਾ ਰਹੇ ਹਨ ਅਤੇ ਸਿੱਖ ਇਤਹਾਸ ਨੂੰ ਉਸਦੀਆਂ ਲੀਹਾਂ ਤੋਂ ਥੱਲੇ ਲਿਆ ਰਹੇ ਹਨ। ਜੂਨ ੧੯੮੪ ਦੇ ਇਤਿਹਾਸਿਕ ਘਟਨਾ ਕਰਮ ਨੇ ਇਕ ਵਾਰ ਸਿੱਖ ਕੌਮ ਨੂੰ ਇਕ ਦੁੱਖ ਦੀ ਲੜੀ ਵਿਚ ਦੁਨੀਅ ਭਰ ਵਿਚ ਜੋੜ ਲਿਆ ਸੀ। ਅੱਜ ਉਹ ਹੀ ਲੜੀ ੩੦ ਸਾਲ ਬਾਅਦ, ਜਦੋਂ ਉਸ ਇਤਿਹਾਸ ਦੀ ਘਟਨਾ ਪ੍ਰਤੀ ਸਿੱਖ ਕੌਮ ਆਪਣੇ ਆਪਣੇ ਰਾਹ ਰਾਂਹੀ ਯਾਦ ਕਰ ਰਹੀਂ ਸੀ ਤਾਂ ਜੂਨ ੬, ੨੦੧੪ ਦੇ ਕਾਰਨਾਮੇ ਨੇ ਇਹ ਪੂਰੀ ਤਰਾਂ ਸਾਬਿਤ ਕਰ ਦਿੱਤਾ ਕਿ ਸਿੱਖ ਕੌਮ ਦੀ ਲੜੀ ਪੂਰੀ ਤਰਾਂ ਬਿਖਰ ਚੁਕੀ ਹੈ ਅਤੇ ਜੋ ਚਿਹਰਾ ਸਾਹਮਣੇ ਆ ਰਿਹਾ ਹੈ ਉਹ ਇਹ ਹੀ ਦੱਸਣਾ ਚਾਹੁੰਦਾ ਹੈ ਕਿ ਸਿੱਖ ਕੌਮ ਨਾਇਕ ਦੀ ਘਾਟ ਕਾਰਣ ਸਮੇਂ ਤੋਂ ਵੱਖ ਹੋ ਚੁੱਕੀ ਹੈ।
੩੦ ਸਾਲਾਂ ਤੋਂ ਇਹ ਸ਼ਹੀਦੀ ਸਮਾਗਮ ਸਦਾ ਹੀ ਭੈਅ ਅਤੇ ਇਕ ਦੂਜੇ ਪ੍ਰਤੀ ਤਲਖੀ ਦੇ ਮਾਹੌਲ ਵਿਚ ਹੀ ਹੁੰਦਿਆ ਆਇਆ ਹੈ ਅਤੇ ਵੱਡੇ-ਵੱਡੇ ਆਪਣੀਆਂ ਨਿੱਜ਼ ਦੀਆਂ ਪ੍ਰਾਪਤੀਆਂ ਅਤੇ ਵੱਡੇ ਨਾਹਰੇ ਅਤੇ ਖੋਖਲੇ ਲਾਰਿਆਂ ਵਿਚ ਹੀ ਇਹ ਦਿਨ ਗੁਆਚ ਦਾ ਰਿਹਾ ਹੈ ਅਤੇ ਆਖਿਰ ਕਾਰ ਇਹ ਹੁਣ ਸਿੱਖ ਕੌਮ ਵਿਚ ਇਕ ਦੂਜੇ ਦੀ ਦਸਤਾਰ ਲਾਹ ਅਤੇ ਇਕ ਦੂਜੇ ਨੂੰ ਕ੍ਰਿਪਾਨਾਂ ਦਾ ਨਿਸ਼ਾਨਾ ਬਣਾਉਣ ਵਿਚ ਤਬਦੀਲ ਹੋ ਗਿਆ ਹੈ। ਇਸੇ ਦਸਤਾਰ ਦੇ ਸਤਿਕਾਰ ਲਈ ਕਈ ਦੇਸ਼ਾ ਵਿੱਚ ਜਦੋਂ ਜਹਿਦ ਚੱਲ ਰਹੀ ਹੈ ਅਤੇ ਇਸੇ ਤਰਾਂ ਕ੍ਰਿਪਾਨ ਸਾਹਿਬ ਦੇ ਸਤਿਕਾਰ ਨੂੰ ਵੀ ਬਰਕਰਾਰ ਰੱਖਣ ਲਈ ਕਈ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ੩੦ ਸਾਲ ਬੀਤ ਜਾਣ ਤੋਂ ਬਾਅਦ ਇਹ ਸਾਹਮਣੇ ਆਉਂਦਾ ਹੈ ਕਿ ਸਿੱਖ ਕੌਮ ਦੀ ਨੁੰਮਾਇਗੀ ਲਈ ਜਿਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਵੱਲੋਂ ਜਿੰਮੇਵਾਰੀ ਮਿਲੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਆਪਣੀ ਜਿੰਮੇਵਾਰੀ ਤੋਂ ਬਹੁਤ ਦੂਰ ਹੋ ਚੁਕਿਆ ਹੈ ਭਾਵੇਂ ਰਾਜਨੀਤੀ ਉਪਰ ਬਰਕਰਾਰ ਰਹਿਣ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥ ਅਤੇ ਸਿੱਖ ਕੌਮ ਦਾ ਸਾਥ ਮੰਗਦਾ ਰਿਹਾ ਹੈ। ਮੁਖ ਰੂਪ ਵਿਚ ਜੋ ਹੁਣ ਤੱਥ ਸਾਹਮਣੇ ਆਏ ਹਨ ਉਸ ਵਿਚ ਇਹ ਜ਼ਿਕਰ ਵੀ ਹੋਇਆ ਹੈ ਕਿ ੧੯੮੪ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਮੇਂ ਦੇ ਮੁਖ ਲੀਡਰ ਅਤੇ ਜਥੇਦਾਰ ਭਾਰਤ ਸਰਕਾਰ ਵਲੋਂ ਦਰਬਾਰ ਸਾਹਿਬ ਉਪਰ ਹਮਲਾ ਕਰਵਾਉਣ ਦੇ ਹਮਾਇਤੀ ਸਨ। ਇਸੇ ਤਰਾਂ ਦਰਬਾਰ ਸਾਹਿਬ ਉਪਰ ਹਮਲੇ ਤੋਂ ਬਾਅਦ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵਲੋਂ ਭਾਰਤ ਸਰਕਾਰ ਦੇ ਦਬਾਅ ਅਧੀਨ ਦੁਨੀਆਂ ਅਤੇ ਸਿੱਖ ਕੌਮ ਨੂੰ ਸਾਂਤ ਕਰਨ ਲਈ ਮੁੱਖ ਟੀ.ਵੀ ਤੇ ਝੂਠਾ ਸੰਦੇਸ਼ ਜਾਰੀ ਕੀਤਾ ਸੀ ਅਤੇ ਉਸ ਲੜੀ ਦੇ ਚਲਦਿਆਂ ਹੀ ਅੱਜ ਇਹ ਸਾਹਮਣੇ ਹੈ ਕਿ ਸਿੱਖ ਕੌਮ ਦੇ ਸਤਿਕਾਰਯੋਗ ਜਥੇਦਾਰ ਸਾਹਿਬ ਆਪਣਾ ਬਣਦਾ ਸਤਿਕਾਰ ਅਤੇ ਆਜ਼ਾਦ ਹਸ਼ਤੀ ਦਾ ਰੁਤਬਾ ਕਾਫੀ ਹੱਦ ਤੱਕ ਗੁਆ ਬੈਠੇ ਹਨ। ਇਸੇ ਕਰਕੇ ਤਾਂ ਸਿੱਖ ਕੌਮ ਨੂੰ ਸਮੇਂ ਸਿਰ ਅਜਿਹੇ ਪ੍ਰਤੀਨਿਧ ਮਿਲੇ ਹਨ ਜੋ ਇਕ ਹਜ਼ਾਰ ਦੇ ਸਿੱਖ ਕੌਮ ਦੇ ਇਕੱਠ ਨੂੰ ਆਪਣੀ ਲੀਡਰਸ਼ਿਪ ਨੂੰ ਵੱਡਿਆਂ ਕਰਨ ਲਈ ਇਕ ਲੱਖ ਦਾ ਇੱਕਠ ਦਸਦੇ ਹਨ। ੩੦ ਸਾਲ ਪਹਿਲਾਂ ਵੀ ਸਿੱਖ ਕੌਮ ਨੂੰ ਸਿੱਖ ਲੀਡਰ ਵੱਡੇ-ਵੱਡੇ ਦਾਅਵਿਆਂ ਰਾਂਹੀ ਗੁੰਮਰਾਹ ਕਰਦੇ ਆਏ ਹਨ ਜਿਵੇਂ ਹੁਣ ਵੀ ਹੋ ਰਿਹਾ ਹੈ। ਤਾਂ ਹੀ ਇਹ ਕਹਿਣਾ ਬਣਦਾ ਹੈ ਕਿ ਸਿਆਣੇ ਲੋਕ ਆਪਣੀ ਸਿਆਣਪ ਨਾਲ ਤੇ ਮੂਰਖ ਚੀਕ ਮਾਰ ਕੇ ਦੂਜਿਆਂ ਦਾ ਧਿਆਨ ਆਪਣੇ ਵਲ ਖਿਚਦੇ ਹਨ। ਜਿਹੜੇ ਲੋਕ ਹੁਣ ਸਿੱਖ ਕੌਮ ਵਿਚ ਹਾਸ਼ੀਏ ਉੱਪਰ ਹਨ ਉਹ ਮੀਡੀਆ ਦੀਆਂ ਸ਼ੁਰਖੀਆਂ ਬਣਨ ਦਾ ਢੰਗ-ਤਰੀਕਾ ਕੱਢ ਲੈਂਦੇ ਹਨ ਜਿਵੇਂ ਕਿ ਜੂਨ ੬, ੨੦੧੪ ਨੂੰ ਹੋਇਆ। ਜਿਹੜੀਆਂ ਕਿਰਪਾਨਾਂ ਅਕਾਲ ਪੁਰਖ ਵਲੋਂ ਦਰਸਾਏ ਆਸ਼ੇ ਦੀ ਕਮਾਨ ਹੇਠ ਹੁੰਦੀਆਂ ਹਨ ਉਹ ਇਹਨਾਂ ਹਾਸ਼ੀਏ ਤੇ ਖੜੇ ਲੋਕਾਂ ਦੀ ਹਉਮੈ ਨੂੰ ਪੂਰਾ ਕਰਨ ਲਈ ਚਲਾਈਆਂ ਜਾ ਰਹੀਆਂ ਹਨ। ਤਾਂ ਜੋ ਸਿੱਖ ਕੌਮ ਆਪਣਾ ਗੌਰਵਮਈ ਇਤਿਹਾਸ ਨੂੰ ਸਮਝਣ ਵਿੱਚ ਅਸਮਰਥ ਹੋ ਜਾਵੇ ਅਤੇ ਦੁਨੀਆਂ ਅੱਗੇ ਆਪਣਾ ਸੂਝਮਈ ਵਾਲਾ ਚਿਹਰਾ ਰੱਖਣ ਤੋਂ ਕਾਫੀ ਹੱਦ ਤੱਕ ਨਾ ਕਾਮਯਾਬ ਹੋ ਜਾਵੇ॥
ਪੰਜਾਬ ਦੀ ਧਰਤੀ ਜੋ ਕਿ ਸਿੱਖ ਕੌਮ ਦਾ ਘਰ ਹੈ ਮਹਾਨ ਮਹਾਂਮੁਰਸ਼ਾ ਦੀ ਧਰਤੀ ਹੈ ਜਿਹਨਾਂ ਨੇ ਆਪਣੀ ਬੋਧਿਕਤਾ ਨਾਲ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਮਹਾਨ ਸੂਰਮੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਅਤੇ ਅੱਜ ਦੇ ਸ਼ਹੀਦ ਸੰਤ ਜਰਨੈਲ ਸਿੰਘ ਭਿਡਰਾਂਵਾਲੇ, ਭਾਈ ਅਮਰੀਕ ਸਿੰਘ, ਜਰਨਲ ਸੁਭੇਗ ਸਿੰਘ, ਸ਼ਹੀਦ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਅਤੇ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਜੀ ਇਸ ਧਰਤੀ ਤੇ ਜਨਮੇਂ ਅਤੇ ਸਮਾਜ ਨੂੰ ਆਪਣੇ ਕਰਮਾਂ ਰਾਂਹੀ ਸਿਰਜਿਆ। ਸਿੱਖ ਆਪਣੀ ਅਰਦਾਸ ਵਿਚ ਵੀ ਵਿਵੇਕ ਦਾਨ ਮੰਗਦੇ ਹਨ ਤਾਂ ਜੋ ਉਹਨਾਂ ਦੀ ਸੋਚ ਵਿਚਾਰ ਕਰਨ ਦੀ ਸ਼ਕਤੀ ਵਿਚ ਵਾਧਾ ਹੋਵੇ। ਪਰ ਜੂਨ ੬, ੨੦੧੪ ਦੀ ਘਟਨਾ ਨੇ ਇਸ ਸਭ ਨੂੰ ਖਿਲਾਰਣ ਦੀ ਕੋਸ਼ਿਸ ਕੀਤੀ ਹੈ ਅਤੇ ਆਪਣੀ ਜਾਤੀ ਸੋਚ ਦਾ ਖਿਲਾਰਾ ਦਿਖਾਇਆ ਹੈ।