ਭਾਰਤ ਵਿੱਚ ਯਰਮ ਤਬਦੀਲੀ ਬਾਰੇ ਗਾਹੇ ਬਗਾਹੇ ਖਬਰਾਂ ਲਗਦੀਆਂ ਹੀ ਰਹਿੰਦੀਆਂ ਹਨ। ਬਹੁਤ ਲੰਬੇ ਸਮੇਂ ਤੋਂ ਇਹ ਕਾਰਜ ਕੁਝ ਲੋਕਾਂ ਲਈ ਸ਼ੁਗਲ ਰਿਹਾ ਹੈ,ਕੁਝ ਲਈ ਰਾਜਨੀਤਿਕ ਲੋੜ ਅਤੇ ਕੁਝ ਲਈ ਬੇਬਸੀ। ਧਰਮ ਤਬਦੀਲੀ ਬਾਰੇ ਦੇਸ਼ ਭਰ ਵਿੱਚ ਦੋ ਤਰ੍ਹਾਂ ਦੇ ਪੈਮਾਨੇ ਅਪਣਾਏ ਜਾਂਦੇ ਹਨ। ਜੇ ਕੋਈ ਘੱਟ-ਗਿਣਤੀ ਦੇ ਲੋਕ ਆਪਣਾਂ ਧਰਮ ਤਬਦੀਲ ਕਰਕੇ ਰਾਜ ਕਰ ਰਹੀ ਅਤੇ ਜੇਤੂ ਧਿਰ ਦਾ ਧਰਮ ਅਪਨਾਉਂਦਾ ਹੈ ਤਾਂ ਇਸ ਨੂੰ ਘਰ ਵਾਪਸੀ ਦਾ ਨਾਅ ਦੇ ਕੇ ਜਾਇਜ ਠਹਿਰਾਇਆ ਜਾਂਦਾ ਹੈ। ਜੇ ਬਹੁ-ਗਿਣਤੀ ਦੇ ਕੁਝ ਲੋਕ ਆਪਣਾਂ ਧਰਮ ਛੱਡ ਕੇ ਕਿਸੇ ਹੋਰ ਧਰਮ ਨੂੰ ਅਪਨਾ ਲੈਣ ਤਾਂ ਇਸ ਖਿਲਾਫ ਨਾ ਕੇਵਲ ਅੱਗ-ਵਰਾ੍ਹਊ ਰੌਲਾ ਪਾਇਆ ਜਾਂਦਾ ਹੈ ਬਲਕਿ ਉਸ ਕਾਰਵਾਈ ਨੂੰ ਦੇਸ਼ ਵਿਰੋਧੀ ਅਤੇ ਕਨੂੰਨ ਵਿਰੋਧੀ ਆਖਕੇ ਅਜਿਹਾ ਕਰਨ-ਕਰਵਾਉਣ ਵਾਲਿਆਂ ਨੂੰ ਸਬਕ ਸਿਖਾਇਆ ਜਾਂਦਾ ਹੈ। ਭਾਰਤ ਵਿੱਚ ਧਰਮ ਤਬਦੀਲੀ ਬਾਰੇ ਅਜਿਹੇ ਦੋਹਰੇ ਮਾਪਦੰਡ ਅਪਨਾਏ ਜਾਂਦੇ ਹਨ।
ਧਰਮ ਤਬਦੀਲੀ ਜਾਂ ਡੇਰੇਵਾਦ ਦਾ ਕੋਹੜ ਪੰਜਾਬ ਵਿੱਚ ਵੀ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਸੱਤਾਧਾਰੀਆਂ ਵੱਲੋਂ ਚਲਾਇਆ ਵੀ ਜਾ ਰਿਹਾ ਹੈ। ਸਿੱਖ ਪਰੰਪਰਾਵਾਂ ਅਤੇ ਇਤਿਹਾਸ ਤੋਂ ਜਿਹੜੇ ਲੋਕ ਭੈਅ ਖਾਂਦੇ ਹਨ। ਜਿਹੜੇ ਉਸ ਧਾਰਮਕ ਉੱਚਤਾ ਨੂੰ ਹਾਸਲ ਨਹੀ ਕਰ ਸਕਦੇ ਅਤੇ ਜਿਨ੍ਹਾਂ ਦੀਆਂ ਅਮਲੀ ਕਾਰਵਾਈਆਂ ਵਿੱਚ ਉਹ ਸ਼ੁਧਤਾ ਨਹੀ ਆ ਸਕੀ।,ਉਹ ਫਿਰ ਸਿੱਖ ਧਰਮ ਦੀ ਵਿਲੱਖਣ ਅਤੇ ਸੁੱਚੀ ਹਸਤੀ ਨੂੰ ਗੰਧਲਾ ਕਰਨ ਦੇ ਰੌਂਅ ਵਿੱਚ ਬਹੁਤ ਕੁਝ ਅਜਿਹਾ ਕਰਦੇ ਰਹੇ ਜੋ ਨੈਤਿਕ ਪੱਖੋਂ ਠੀਕ ਨਹੀ ਸੀ ਆਖਿਆ ਜਾ ਸਕਦਾ। ਸਰਕਾਰਾਂ ਦੀ ਮਦਦ ਨਾਲ ਪੰਜਾਬ ਵਿੱਚ ਸੈਂਕੜੇ ਅਜਿਹੇ ਡੇਰੇ ਪਰਫੁੱਲਤ ਕਰਵਾਏ ਗਏ ਜੋ ਦੇਖਣ ਨੂੰ ਤਾਂ ਸਿੱਖ ਡੇਰਿਆਂ ਵਰਗੇ ਹੀ ਲਗਦੇ ਸਨ ਪਰ ਉਨ੍ਹਾਂ ਦੇ ਅਮਲ ਸਿੱਖ ਸਿਧਾਂਤ ਤੋਂ ਵੱਖਰੇ ਅਤੇ ਸਿੱਖ ਦੋਖੀ ਸਨ। ਸਮੇਂ ਦੀਆਂ ਸਰਕਾਰਾਂ ਨੇ ਖਾਲਸਾ ਜੀ ਨੂੰ ਆਪਣੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਤੋਂ ਤੋੜਨ ਲਈ ਅਤੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਉਪਦੇਸ਼ ਤੋਂ ਸਿੱਖਾਂ ਨੂੰ ਦੂਰ ਕਰਨ ਲਈ ਇਹ ਸਭ ਡੇਰੇ ਹੋਂਦ ਵਿੱਚ ਲਿਆਂਦੇ। ਸਿਰਫ ਹੋਂਦ ਵਿੱਚ ਹੀ ਨਹੀ ਲਿਆਂਦੇ ਬਲਕਿ ਉਨ੍ਹਾਂ ਨੂੰ ਹਰ ਦੁਨਿਆਵੀ ਸਹੂਲਤ ਨਾਲ ਨਿਵਾਜਿਆ। ਸਸਤੀਆਂ ਜਮੀਨਾਂ, ਮਾਇਆ ਦੇ ਅੰਬਾਰ, ਸਰਕਾਰੀ ਸੁਰੱਖਿਆ ਅਤੇ ਸੱਤਾ ਵਿੱਚ ਹਿੱਸੇਦਾਰੀ। ਉਹ ਸਭ ਕੁਝ ਜੋ ਇੱਕ ਵਪਾਰ ਚਲਾਉਣ ਲਈ ਜਰੂਰੀ ਹੁੰਦਾ ਹੈ।
ਉਹ ਡੇਰੇ ਕੋਈ ਧਰਮ ਦੇ ਕੇਂਦਰ ਨਹੀ ਸਨ ਬਲਕਿ ਵਪਾਰਕ ਅੱਡੇ ਸਨ ਜਿੱਥੇ ਧਰਮ ਦੇ ਨਾਅ ਤੇ ਹਰ ਕਿਸਮ ਦੀ ਅਯਾਸ਼ੀ ਹੁੰਦੀ ਸੀ। ਸਰਕਾਰ ਭਾਵੇਂ ਅਕਾਲੀ ਦਲ ਦੀ ਹੁੰਦੀ ਸੀ ਜਾਂ ਕਾਂਗਰਸ ਦੀ। ਇਨ੍ਹਾਂ ਵਪਾਰਕ ਅੱਡਿਆਂ ਦੀ ਦੁਕਾਨਦਾਰੀ ਨਿਰੰਤਰ ਵਧਦੀ ਫੁਲਦੀ ਰਹੀ। ਹਰ ਵਪਾਰਕ ਸਹੂਲਤ ਇਨ੍ਹਾਂ ਨੂੰ ਮਿਲਦੀ ਰਹੀ। ਨਿਸ਼ਾਨਾ ਸੀ ਕਿ ਸਿੱਖਾਂ ਦੇ ਇੱਕ ਹਿੱਸੇ ਨੂੰ ਆਪਣੇ ਕੇਂਦਰੀ ਧੁਰੇ ਸ੍ਰੀ ਗੁਰੂ ਗਰੰਥ ਸਾਹਿਬ ਅਤੇ ਆਪਣੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਜੀ ਤੋਂ ਤੋੜਨਾ। ਆਪਣੀ ਸਿਰਤੋੜ ਕੋਸ਼ਿਸ਼ ਦੇ ਬਾਵਜੂਦ ਇਹ ਦੁਕਾਨਾਂ ਸਿੱਖਾਂ ਦੀ ਕੇਂਦਰੀ ਸ਼ਕਤੀ ਦੀ ਮਾਨਸਿਕਤਾ ਨੂੰ ਤਾਂ ਤੋੜ ਨਾ ਸਕੀਆਂ, ਪਰ ਆਰਥਕ ਤੌਰ ਤੇ ਕੁਝ ਕਮਜੋਰ ਤਬਕੇ ਇਨ੍ਹਾਂ ਦੀ ਚੁੰਗਲ ਵਿੱਚ ਫਸ ਗਏ। ਭਾਵੇਂ ਉਹ ਨਿਰੰਕਾਰੀਆਂ ਦੇ ਵਸ ਪਏ ਜਾਂ ਰਾਧਾ-ਸੁਆਮੀਆਂ ਦੇ। ਫਿਰ ਸਿਰਸੇ ਵਾਲਾ, ਆਸ਼ੂਤੋਸ਼ ਅਤੇ ਹੁਣ ਈਸਾਈ ਪਰਚਾਰਕ ਇਹ ਸਭ ਇੱਕੇ ਕੜੀ ਦਾ ਹਿੱਸਾ ਹਨ। ਈਸਾਈ ਪਰਚਾਰਕ ਵੀ ਉਨ੍ਹਾਂ ਬੇਬਸ ਸਿੱਖਾਂ ਅਤੇ ਹਿੰਦੂਆਂ ਨੂੰ ਆਪਣੇ ਵੱਲ ਖਿੱਚ ਰਹੇ ਹਨ ਜੋ ਆਰਥਕ ਤੌਰ ਤੇ ਬਹੁਤ ਸੰਕਟ ਵਿੱਚ ਹਨ। ਨਿਰੰਕਾਰੀਆਂ ਅਤੇ ਰਾਧਾ-ਸੁਆਮੀਆਂ ਨਾਲ ਵੀ ਇਹ ਹੀ ਤਬਕਾ ਸੀ। ਸਿਰਸੇ ਵਾਲੇ ਦੀ ਰੀੜ੍ਹ ਦੀ ਹੱਡੀ ਵੀ ਇਹੋ ਤਬਕਾ ਸੀ। ਇਹ ਵਿਚਾਰੇ ਤਾਂ ਥੁੜਾਂ ਮਾਰੇ ਲੋਕ ਹਨ। ਇਨ੍ਹਾਂ ਦੀ ਕਿਸੇ ਵੀ ਧਰਮ ਨਾਲ ਕੋਈ ਪਰਤੀਬੱਧਤਾ ਨਹੀ ਬਲਕਿ ਆਪਣੇ ਤੱਕ ਸੀਮਤ ਹਨ। ਥੁੜਾਂ ਮਾਰੇ ਇਹ ਲੋਕ ਇਨ੍ਹਾਂ ਧਰਮ ਤਬਦੀਲੀ ਵਾਲਿਆਂ ਲਈ ਹਮੇਸ਼ਾ ਹੀ ਖੁਰਾਕ ਬਣਦੇ ਹਨ। ਵੋਟਾਂ ਦੇ ਸ਼ਿਕਾਰੀ ਇਨ੍ਹਾਂ ਦੀ ਪਿੱਠ ਤੇ ਹੁੰਦੇ ਹਨ।
ਹੁਣ ਜਦੋਂ ਈਸਾਈ ਧਰਮ ਤਬਦੀਲੀ ਦੇ ਖਿਲਾਫ ਸਿੱਖਾਂ ਵਿੱਚ ਅਵਾਜ਼ ਉੱਠ ਰਹੀ ਹੈ ਤਾਂ ਤਰਨਤਾਰਨ ਲਾਗੇ ਕਿਸੇ ਗਿਰਜੇ ਵਿੱਚ ਬੇਅਦਬੀ ਦੀ ਖਬਰ ਸਾਹਮਣੇ ਆ ਗਈ ਹੈ। ਜੇ ਕਿਸੇ ਸੱਚੇ ਸੁੱਚੇ ਸਿੱਖ ਨੇ ਕਿਸੇ ਬਦਲੇ ਵੱਜੋਂ ਜਾਂ ਗੁੱਸੇ ਵਿੱਚ ਆਕੇ ਇਹ ਕਾਰਵਾਈ ਕੀਤੀ ਹੈ ਤਾਂ ਅਸੀਂ ਇਸਦਾ ਡਟਵਾਂ ਵਿਰੋਧ ਕਰਦੇ ਹਾਂ। ਸਿਧਾਂਤਕ ਪੱਖੋਂ ਇਹ ਸਿੱਖਾਂ ਦਾ ਰਾਹ ਨਹੀ ਹੈ। ਇਹ ਉੜੀਸਾ ਵਿੱਚ ਕੋਈ ਦਾਰਾ ਸਿੰਘ ਤਾਂ ਕਰ ਸਕਦਾ ਹੈ। ਉਹ ਤਾਂ ਕਿਸੇ ਪਾਦਰੀ ਦੇ ਬੱਚਿਆਂ ਨੂੰ ਜਿੰਦਾ ਸਾੜ ਸਕਦਾ ਹੈ ਪਰ ਸਿੱਖ ਨਹੀ। ਜੇ ਹਿੰਦੂਆਂ ਦੇ ਮੰਦਰਾਂ ਵਿੱਚ ਗਾਂ ਦੇ ਸਿਰ ਜਾਂ ਪੂੰਛਾਂ ਸਿਟਣ ਵਾਂਗ ਇਹ ਬੇਅਦਬੀ ਯੋਜਨਾਬੱਧ ਹੈ ਤਾਂ ਫਿਰ ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ। ਫਿਰ ਉਨ੍ਹਾਂ ਤਾਕਤਾਂ ਨੂੰ ਪਛਾਨਣ ਦੀ ਲੋੜ ਹੈ ਜੋ ਪੰਜਾਬ ਨੂੰ ਮੁੜ ਹਥਿਆਰਾਂ ਦੇ ਰਾਹ ਪਾਉਣਾਂ ਚਾਹੁੰਦੀਆਂ ਹਨ। ਸਿੱਖ ਸੰਸਥਾਵਾਂ ਨੂੰ ਇਸ ਬਾਰੇ ਸੁਚੇਤ ਰਹਿਣ ਦੀ ਲੋੜ ਹੈ ।ਕਿਸੇ ਗਲਤ ਫਹਿਮੀ ਅਧੀਨ ਆਪਣੇ ਬੱਚਿਆਂ ਨੂੰ ਖਤਰੇ ਮੂੰਹ ਪਾਉਣ ਦੀ ਲੋੜ ਨਹੀ। ਵਿਰੋਧੀਆਂ ਦੀਆਂ ਚਾਲਾਂ ਨੂੰ ਸਮਝਕੇ ਹੀ ਅੱਗੇ ਵਧਿਆ ਜਾ ਸਕਦਾ ਹੈ।