ਨਵੰਬਰ ੨੦੦੮ ਨੂੰ ਭਾਰਤ ਦੀ ਵਪਾਰਕ ਰਾਜਧਾਨੀ ਮੁੰਬਈ ਤੇ ਇੱਕ ਬਹੁਤ ਵੱਡਾ ਹਥਿਆਰਬੰਦ ਹਮਲਾ ਹੋਇਆ ਸੀ ਜਿਸ ਵਿੱਚ ੧੬੬ ਲੋਕ ਮਾਰੇ ਗਏ ਸਨ। ਤਿੰਨ ਦਿਨਾਂ ਤੱਕ ਭਾਰੀ ਹਥਿਆਰਾਂ ਨਾਲ ਲੈਸ ਲੋਕ ਮੁੰਬਈ ਵਿੱਚ ਕਹਿਰ ਮਚਾਉਂਦੇ ਰਹੇ। ਤਾਜ ਹੋਟਲ ਦੇ ਕਮਰਿਆਂ ਅਤੇ ਵਿਹੜੇ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ। ਭਾਰਤੀ ਟੀ.ਵੀ. ਚੈਨਲਾਂ ਨੇ ਇਸ ਹਮਲੇ ਨੂੰ ਇੱਕ ਪ੍ਰੋਗਰਾਮ ਸਮਝਕੇ ਲਾਈਵ ਪ੍ਰਸਾਰਿਤ ਕੀਤਾ। ਮੀਡੀਆ ਨੇ ਇੱਕ ਦਮ ਪਾਕਿਸਤਾਨ ਤੇ ਹਮਲਾ ਕਰਨ ਦੀ ਮੁਹਿੰਮ ਚਲਾ ਦਿੱਤੀ। ਦੋਵਾਂ ਮੁਲਕਾਂ ਦਰਮਿਆਨ ਆਪਸੀ ਸਬੰਧ ਬਿਲਕੁਲ ਖਤਮ ਹੋ ਗਏ। ਦੁਨੀਆਂ ਭਰ ਦੀਆਂ ਸਰਕਾਰਾਂ ਅਤੇ ਸੂਹੀਆ ਏਜੰਸੀਆਂ ਇਸ ਹਮਲੇ ਕਾਰਨ ਹੱਕੀਆਂ ਬੱਕੀਆਂ ਰਹਿ ਗਈਆਂ। ਭਾਰਤ ਨੇ ਇਸ ਹਮਲੇ ਦੌਰਾਨ ਜਿੰਦਾ ਫੜੇ ਗਏ ਇੱਕੋ ਇੱਕ ਹਮਲਾਵਰ ਅਜ਼ਮਲ ਕਸਾਬ ਦੀ ਗਵਾਹੀ ਤੇ ਕਈ ਬੰਦਿਆਂ ਨੂੰ ਸ਼ੱਕੀ ਦੋਸ਼ੀ ਗਰਦਾਨਿਆਂ। ਇਨ੍ਹਾਂ ਵਿੱਚੋਂ ਇੱਕ ਅਮਰੀਕੀ ਸ਼ਹਿਰੀ ਡੇਵਿਡ ਹੈਡਲੇ ਵੀ ਸ਼ਾਮਲ ਸੀ, ਜਿਸਦੇ ਪਾਕਿਸਤਾਨੀ ਜਥੇਬੰਦੀ ਲਸ਼ਕਰ-ਏ-ਤਾਇਬਾ ਨਾਲ ਬਹੁਤ ਨੇੜਲੇ ਸਬੰਧ ਦੱਸੇ ਜਾਂਦੇ ਸਨ। ਬਹੁਤ ਦੇਰ ਤੱਕ ਭਾਰਤ ਸਰਕਾਰ ਅਮਰੀਕੀ ਸਰਕਾਰ ਤੇ ਡੇਵਿਡ ਹੈਡਲੇ ਨੂੰ ਗ੍ਰਿਫਤਾਰ ਕਰਕੇ ਭਾਰਤ ਹਵਾਲੇ ਕਰਨ ਲਈ ਦਬਾਅ ਪਾਉਂਦੀ ਰਹੀ। ਇੱਕ ਦਿਨ ਡੇਵਿਡ ਹੈਡਲੇ ਫੜਿਆ ਵੀ ਗਿਆ ਪਰ ਉਸ ਨੂੰ ਭਾਰਤ ਹਵਾਲੇ ਨਹੀ ਕੀਤਾ ਗਿਆ।
ਉਸ ਹਮਲੇ ਸਬੰਧੀ ਅਤੇ ਡੇਵਿਡ ਹੈਡਲੇ ਦੀ ਅਸਲੀਅਤ ਸਬੰਧੀ ਹੁਣ ਕੌਮਾਂਤਰੀ ਮੀਡੀਆ ਵਿੱਚ ਕੁਝ ਖੋਜ ਭਰਪੂਰ ਰਿਪੋਰਟਾਂ ਛਪੀਆਂ ਹਨ। ਲੰਡਨ ਤੋਂ ਛਪਦੇ ਸੰਡੇ ਟਾਈਮਜ਼ ਦੇ ੩ ਨਵੰਬਰ ਵਾਲੇ ਅੰਕ ਵਿੱਚ ਇਸ ਸਬੰਧੀ ਐਡਰੀਅਨ ਲੈਵੀ ਅਤੇ ਕੈਥੀ ਸਕਾਟ ਕਲਾਰਕ ਦੀ ਰਿਪੋਰਟ ਛਪੀ ਹੈ। ਇਸ ਰਿਪੋਰਟ ਵਿੱਚ ਦੋਵਾਂ ਪੱਤਰਕਾਰਾਂ ਨੇ ਡੇਵਿਡ ਹੈਡਲੇ ਦੀ ਅਸਲੀਅਤ ਦਾ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਉਹ ਅਮਰੀਕੀ ਸੂਹੀਆ ਏਜੰਸੀਆਂ ਦਾ ਡਬਲ ਏਜੰਟ ਸੀ ਜਿਸਨੂੰ ਬਿਨ ਲਾਦੇਨ ਤੱਕ ਪਹੁੰਚਣ ਲਈ ਲਸ਼ਕਰ-ਏ-ਤਾਇਬਾ ਵਿੱਚ ਸ਼ਾਮਲ ਕੀਤਾ ਗਿਆ ਸੀ।
ਰਿਪੋਰਟ ਅਨੁਸਾਰ ਡੇਵਿਡ ਹੈਡਲੇ ਦਾ ਜਨਮ ੧੯੬੦ ਵਿੱਚ ਇੱਕ ਅਮਰੀਕੀ ਮਾਂ ਅਤੇ ਪਾਕਿਸਤਾਨੀ ਪਿਤਾ ਤੋਂ ਹੋਇਆ। ਉਸਦਾ ਪਾਲਣ ਪੋਸ਼ਣ ਪਾਕਿਸਤਾਨ ਵਿੱਚ ਮੁਸਲਿਮ ਰਹੁਰੀਤਾਂ ਅਨੁਸਾਰ ਹੋਇਆ ਕਿਉਂਕਿ ਉਸਦੀ ਮਾਂ ਵਿਆਹ ਤੋਂ ਬਾਅਦ ਪਾਕਿਸਤਾਨ ਵਿੱਚ ਰਹਿਣ ਲੱਗ ਪਈ ਸੀ। ਡੇਵਿਡ ਦਾ ਪਹਿਲਾ ਨਾਅ ਵੀ ਦਾਊਦ ਸਲੀਮ ਗਿਲਾਨੀ ਸੀ। ਜਦੋਂ ਕਾਫੀ ਦੇਰ ਬਾਅਦ ਉਸਦੇ ਮਾਪਿਆਂ ਦਾ ਤਲਾਕ ਹੋ ਗਿਆ ਤਾਂ ਦਾਊਦ ਆਪਣੀ ਮਾਂ ਨਾਲ ਅਮਰੀਕਾ ਆ ਗਿਆ ਜਿੱਥੇ ਉਸਨੇ ਇੱਕ ਵੀਡੀਓ ਦੀ ਦੁਕਾਨ ਨਿਊਯਾਰਕ ਵਿੱਚ ਖੋਲ ਲਈ। ਪਾਕਿਸਤਾਨ ਤੋਂ ਸਮਗਲ ਕਰਕੇ ਉਹ ਹੈਰੋਇਨ ਉਸ ਦੁਕਾਨ ਤੋਂ ਵੇਚਦਾ ਰਿਹਾ। ਚਾਰ ਸਾਲ ਬਾਅਦ ਫਰੈਂਕਫਰਟ ਹਵਾਈ ਅੱਡੇ ਤੇ ਜਰਮਨ ਕਸਟਮ ਅਫਸਰਾਂ ਨੇ ਉਸਨੂੰ ਦੋ ਕਿਲੋ ਹੈਰੋਇਨ ਨਾਲ ਫੜ ਲ਼ਿਆ। ਡੇਵਿਡ ਨੇ ਇਕਦਮ ਆਪਣੇ ਸਾਥੀਆਂ ਦਾ ਪਤਾ ਦੱਸ ਦਿੱਤਾ ਅਤੇ ਨਾਲ਼ ਹੀ ਮੁਖਬਰ ਬਣਨ ਦੀ ਪੇਸ਼ਕਸ਼ ਕਰ ਦਿੱਤੀ ਜੋ ਸਵੀਕਾਰ ਕਰ ਲ਼ਈ ਗਈ। ਥੋੜੀ ਦੇਰ ਬਾਅਦ ਹੀ ਉਸਨੂੰ ਜੇਲ਼੍ਹ ਤੋਂ ਛੱਡ ਦਿੱਤਾ ਗਿਆ ਅਤੇ ਮੁਖਬਰ ਦੇ ਤੌਰ ਤੇ ਉਸਨੇ ਕੰਮ ਅਰੰਭ ਕਰ ਦਿੱਤਾ। ਕੁਝ ਸਾਲ਼ਾਂ ਬਾਅਦ ਉਹ ਗੈਰਕਨੂੰਨੀ ਢੰਗ ਨਾਲ਼ ਬੰਦੇ ਅਮਰੀਕਾ ਭੇਜਣ ਦੇ ਧੰਦੇ ਕਾਰਨ ਫਿਰ ਫੜਿਆ ਗਿਆ। ਇੱਕਦਮ ਉਸਨੇ ਫਿਰ ਇੱਕ ਪੇਸ਼ਕਸ਼ ਰੱਖ ਦਿੱਤੀ ਕਿ ਉਹ ਇਸਲ਼ਾਮੀ ਅੱਤਵਾਦੀ ਜਥੇਬੰਦੀਆਂ ਵਿੱਚ ਘੁਸਪੈਠ ਕਰ ਸਕਦਾ ਹੈ। ਅਮਰੀਕੀ ਅਧਿਕਾਰੀਆਂ ਲ਼ਈ ਡੇਵਿਡ ਇੱਕ ਵੱਡੀ ਦਾਤ ਵੱਜੋਂ ਆਇਆ। ੯ ਮਹੀਨੇ ਦੀ ਮਾਮੂਲ਼ੀ ਜਿਹੀ ਸਜ਼ਾ ਤੋਂ ਬਾਅਦ ਉਸਨੂੰ ਨਵਾਂ ਪਾਸਪੋਰਟ ਦੇਕੇ ਪਾਕਿਸਤਾਨ ਭੇਜ ਦਿੱਤਾ ਗਿਆ। ਆਪਣੇ ਜਾਣਕਾਰਾਂ ਰਾਹੀਂ ਉਹ ਲ਼ਸ਼ਕਰ-ਏ-ਤਾਇਬਾ ਵਿੱਚ ਘੁਸਪੈਠ ਕਰ ਗਿਆ। ਅਮਰੀਕੀ ਅਧਿਕਾਰੀਆਂ ਦਾ ਨਿਸ਼ਾਨਾ ਉਸਨੂੰ ਬਿਨ ਲ਼ਾਦੇਨ ਤੱਕ ਪਹੁੰਚਾਉਣ ਦਾ ਸੀ। ਲ਼ਸ਼ਕਰ ਦੇ ਅਲ਼-ਕਾਇਦਾ ਨਾਲ਼ ਕਾਫੀ ਨੇੜਲ਼ੇ ਸਬੰਧ ਸਨ। ਡੇਵਿਡ ਨੂੰ ਆਖਿਆ ਗਿਆ ਕਿ ਉਹ ਲ਼ਸ਼ਕਰ ਦੀ ਲ਼ੀਡਰਸ਼ਿੱਪ ਦਾ ਦਿਲ਼ ਜਿੱਤਣ ਲ਼ਈ ਕੋਈ ਵੱਡੀ ਕਾਰਵਾਈ ਕਰਕੇ ਦਿਖਾਵੇ। ਡੇਵਿਡ ਨੇ ਇਸ ਕੰਮ ਲ਼ਈ ਮੁੰਬਈ ਨੂੰ ਚੁਣਿਆ। ੨੦੦੬ ਵਿੱਚ ਇਸ ਹਮਲ਼ੇ ਦੀ ਯੋਜਨਾ ਬਣਨੀ ਸ਼ੁਰੂ ਹੋ ਗਈ ਸੀ।ਉਹ ਅਮਰੀਕੀ ਪਾਸਪੋਰਟ ਤੇ ੭ ਵਾਰ ਮੁੰਬਈ ਆਇਆ। ਆਪਣੇ ਸਾਥੀਆਂ ਨੂੰ ਉਸਨੇ ਸਾਰਾ ਸਮਾਨ ਅਤੇ ਜੀਪੀਐਸ ਡਵਾਇਸ ਦਿੱਤੇ। ਸਾਰੀ ਯੋਜਨਾ ਬਣਾਕੇ ਨਵੰਬਰ ੨੦੦੮ ਵਿੱਚ ਹਮਲ਼ਾ ਕਰ ਦਿੱਤਾ ਗਿਆ ਜੋ ਬਹੁਤ ਭਿਆਨਕ ਅਤੇ ਦਰਦਨਾਕ ਸੀ।
ਅੱਤਵਾਦ ਵਿਰੋਧੀ ਅਮਰੀਕੀ ਟਾਸਕ ਫੋਰਸ ਦੇ ਇੱਕ ਸਾਬਕਾ ਅਫਸਰ ਦਾ ਕਹਿਣਾਂ ਹੈ ਕਿ ਡੇਵਿਡ ਸਾਡੇ ਲ਼ਈ ਇੱੱਕ ਬਹੁਤ ਹੀ ਕੰਮ ਦਾ ਬੰਦਾ ਸੀ। ਉਸਨੇ ੧੧ ਸਾਲ਼ ਤੱਕ ਅਮਰੀਕੀ ਸਰਕਾਰ ਦੀ ਸੇਵਾ ਕੀਤੀ।
ਬੇਸ਼ੱਕ ਭਾਰਤ ਸਰਕਾਰ ਨੇ ਅਮਰੀਕੀ ਸਰਕਾਰ ਤੇ ਦੋਸ਼ ਵੀ ਲ਼ਾਇਆ ਕਿ ਉਸਨੇ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਹਮਲ਼ਾ ਹੋਣ ਦਿੱਤਾ ਪਰ ਅਮਰੀਕੀ ਅਧਿਕਾਰੀ ਆਖਦੇ ਹਨ ਕਿ ਅਸਾਂ ਭਾਰਤ ਨੂੰ ਕਿਸੇ ਸੰਭਾਵੀ ਹਮਲ਼ੇ ਬਾਰੇ ਦੱਸ ਦਿੱਤਾ ਸੀ ਪਰ ਭਾਰਤ ਦੀ ਅਫਸਰਸ਼ਾਹੀ ਏਨੀ ਨਾਅਹਿਲ਼ ਹੈ ਕਿ ਉਹ ਆਪਣਾਂ ਕੰਮ ਚੰਗੀ ਤਰ੍ਹਾਂ ਨਹੀ ਕਰ ਸਕੀ।
ਕੁਝ ਦੇਰ ਪਹਿਲ਼ਾਂ ਜਦੋਂ ਇੱਕ ਅਮਰੀਕੀ ਜੱਜ ਨੇ ਡੇਵਿਡ ਹੈਡਲ਼ੇ ਨੂੰ ਮੌਤ ਦੀ ਸਜ਼ਾ ਸੁਣਾਉਣੀ ਚਾਹੀ ਤਾਂ ਸਰਕਾਰੀ ਧਿਰ ਨੇ ਇਹ ਆਖਕੇ ਇਸਦਾ ਵਿਰੋਧ ਕੀਤਾ ਕਿ ਡੇਵਿਡ ਨੇ ਸਰਕਾਰ ਨਾਲ਼ ਅਸਾਧਰਨ ਕਿਸਮ ਦਾ ਸਹਿਯੋਗ ਕੀਤਾ ਹੈ ਇਸ ਲ਼ਈ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ। ਹੁਣ ਉਸਨੂੰ ੩੫ ਸਾਲ਼ ਦੀ ਸਜ਼ਾ ਹੋਈ ਹੈ। ਬਿਨ ਲ਼ਾਦੇਨ ਨੂੰ ਕਤਲ਼ ਕਰਵਾਉਣ ਵਿੱਚ ਡੇਵਿਡ ਨੇ ਕਿੰਨੀ ਕੁ ਸਹਾਇਤਾ ਕੀਤੀ ਇਸ ਬਾਰੇ ਕੋਈ ਜਾਣਕਾਰੀ ਨਹੀ ਹੈ ਪਰ ਮੁੰਬਈ ਹਮਲ਼ੇ ਵਿੱਚ ਉਸਦੀ ਭੂਮਿਕਾ ਤੇ ਇਸ ਪਿੱਛੇ ਹਿਲ਼ਦੀਆਂ ਤਾਰਾਂ ਦੀ ਕਹਾਣੀ ਸਾਫ ਹੋ ਗਈ ਹੈ।