੧੯੮੪ ਦੇ ਘੱਲੂਘਾਰੇ ਦੀ ੩੨ਵੀਂ ਯਾਦ ਮਨਾਉਣ ਲਈ ਹਰ ਸਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਸਮਾਗਮ ਕੀਤੇ ਜਾਂਦੇ ਹਨ ਜਿਸ ਵਿੱਚ ਦੂਰ ਦੂਰ ਤੋਂ ਸਿੱਖ ਸੰਗਤਾਂ ਆਪਣੀ ਕੌਮ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਉਂਦੀਆਂ ਹਨ। ਸਿੱਖ ਸੰਗਤਾਂ ਉਨ੍ਹਾਂ ਸੂਰਬੀਰਾਂ ਦੀ ਮਹਾਨ ਅਤੇ ਲਾਸਾਨੀ ਕੁਰਬਾਨੀ ਨੂੰ ਵੀ ਯਾਦ ਕਰਨ ਆਉਂਦੀਆਂ ਹਨ ਜਿਨ੍ਹਾਂ ਨੇ ਆਪਣੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਦਿੱਲੀ ਤੋਂ ਚੜ੍ਹ ਕੇ ਆਏ ਲਾਮ ਲਸ਼ਕਰਾਂ ਦਾ ਡਟਕੇ ਮੁਕਾਬਲਾ ਕੀਤਾ ਅਤੇ ਆਪਣੇ ਜੀਂਦੇ ਜੀਅ ਹਮਲਾਵਰ ਫੌਜ ਨੂੰ ਗੁਰਧਾਮਾਂ ਦੀ ਬੇਅਦਬੀ ਨਾ ਕਰਨ ਦਿੱਤੀ। ਸਿੱਖ ਸੰਗਤਾਂ ਉਨ੍ਹਾਂ ਮਾਸੂਮ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਨ ਆਉਂਦੀਆਂ ਹਨ ਜਿਨ੍ਹਾਂ ਨੂੰ ਮਹਿਜ਼ ਸਿੱਖ ਹੋਣ ਕਰਕੇ ਅਤੇ ਉਸ ਦਿਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੌਜੂਦ ਹੋਣ ਕਰਕੇ ਬੇਕਿਰਕੀ ਨਾਲ ਸ਼ਹੀਦ ਕਰ ਦਿੱਤਾ ਗਿਆ।

ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਪੰਜਾਬੀਅਤ ਦਾ ਬੁਰਕਾ ਪਾਕੇ ਸਿੱਖੀ ਦੇ ਭੇਸ ਵਿੱਚ ਵਿਚਰ ਰਹੇ ਸੱਤਾ ਦੇ ਲਾਲਸੀ ਲੋਕ ਪੰਜਾਬ ਤੇ ਕਾਬਜ ਹੋਏ ਹਨ ਇਨ੍ਹਾਂ ਨੇ ੨੦ਵੀ ਸਦੀ ਦੇ ਉਸ ਮਹਾਨ ਸਾਕੇ ਦੀ ਯਾਦ ਨੂੰ ਹੌਲੀ ਹੌਲੀ ਸਿੱਖ ਮਨਾਂ ਵਿੱਚੋਂ ਖਤਮ ਕਰਨ ਦੇ ਕੇਂਦਰ ਸਰਕਾਰ ਦੇ ਪ੍ਰਜੈਕਟ ਨੂੰ ਮਜਬੂਤ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਉਹ ਸਮਾਗਮ, ਜੋ ਸਿੱਖ ਪੰਥ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਵੱਡੀ ਪੱਧਰ ਤੇ ਮਨਾਇਆ ਜਾਣਂ ਚਾਹੀਦਾ ਸੀ ਨੂੰ ਇੱਕ ਘਰੇਲੂ ਸਮਾਗਮ ਵਿੱਚ ਤਬਦੀਲ ਕਰਕੇ ਉਸਦੀ ਮਹਾਨਤਾ ਨੂੰ ਖਤਮ ਕੀਤਾ ਜਾ ਰਿਹਾ ਹੈ। ਜੋ ਲੋਕ ਵੋਟਾਂ ਵੇਲੇ ਸੰਘ ਪਾੜ ਪਾੜ ਕੇ ਸਿੱਖ ਗੁਰਧਾਮਾਂ ਤੇ ਹਮਲੇ ਦਾ ਰੋਣਾਂ ਰੋਂਦੇ ਹਨ ਉਹ ਹੀ ਇਸ ਭਿਆਨਕ ਹਮਲੇ ਦੀ ਯਾਦ ਨੂੰ ਸਿੱਖ ਮਨਾਂ ਵਿੱਚੋਂ ਖਤਮ ਕਰ ਦੇਣ ਦੇ ਕੇਂਦਰ ਸਰਕਾਰ ਦੇ ਪ੍ਰਜੈਕਟ ਦੇ ਸਭ ਤੋਂ ਵੱਡੇ ਮੁਦਈ ਬਣੇ ਹੋਏ ਹਨ।

ਇਸ ਕੰਮ ਲਈ ਉਹ ਆਪਣੇ ਹੱਥ ਆਈ ਸਰਕਾਰੀ ਮਸ਼ੀਨਰੀ ਦੀ ਡਟਕੇ ਦੁਰਵਰਤੋਂ ਕਰਦੇ ਹਨ। ਪੁਲਿਸ ਅਤੇ ਕਨੂੰਨ ਨੂੰ ਉਹ ਆਪਣੇ ਰਾਜਸੀ ਮੁਫਾਦਾਂ ਲਈ ਵਰਤਦੇ ਹਨ। ਉਹ ਸਿੱਖ ਮਨਾਂ ਵਿੱਚ ਦਹਿਸ਼ਤ ਪਾ ਕੇ ਲੋਕਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਉਣ ਤੋਂ ਰੋਕਣ ਦਾ ਯਤਨ ਕਰਦੇ ਹਨ। ਪੁਲਿਸ ਦੇ ਨਾਲ ਨਾਲ ਇਨ੍ਹਾਂ ਦੀ ਟਾਸਕ ਫੋਰਸ ਸਿੱਖਾਂ ਨੂੰ ਹੀ ਡਰਾਉਣ ਅਤੇ ਧਮਕਾਉਣ ਦੇ ਯਤਨ ਕਰਦੀ ਹੈ।

ਇਸ ਸਾਲ ਵੀ ਪੰਜਾਬ ਸਰਕਾਰ ਨੇ ਇਸ ਮਹਾਨ ਦਿਹਾੜੇ ਦੀ ਯਾਦ ਮਨਾਉਣ ਤੋਂ ਰੋਕਣ ਲਈ ਲਗਭਗ ਇੱਕ ਸੌ ਸਿੱਖ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਰਾਹੀਂ ਸਿੱਖਾਂ ਦੀ ਹੱਕੀ ਅਵਾਜ਼ ਨੂੰ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸਿੱਖਾਂ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਸਿਰਫ ਸਿੱਖਾਂ ਤੇ ਦਹਿਸ਼ਤ ਪਾਉਣ ਲਈ ਹੀ ਵਰਤਿਆ ਜਾ ਰਿਹਾ ਹੈ। ਨਾ ਕਿ ਅਮਨ ਕਨੂੰਨ ਨੂੰ ਕਾਬੂ ਰੱਖਣ ਲਈ। ਇਸੇ ਲਈ ਪਿਛਲੇ ਦਿਨੀ ਜਦੋਂ ਲਗਭਗ ੫ ਹਜਾਰ ਪੁਲਿਸ ਅਫਸਰ ਜਲੰਧਰ ਵਿੱਚ ਸਿੱਖ ਮਨਾਂ ਨੂੰ ਭੈਅਭੀਤ ਕਰਨ ਲਈ ਫਲੈਗ ਮਾਰਚ ਕਰ ਰਹੇ ਸਨ ਤਾਂ ਜਲੰਧਰ ਵਿੱਚ ਹੀ ਗੁੰਡਿਆਂ ਨੇ ਇੱਕ ਵਪਾਰੀ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਅਨੁਸ਼ਾਸ਼ਨ ਅਤੇ ਕਨੂੰਨ ਦੇ ਨਾਅ ਤੇ ਨੈਤਿਕਤਾ ਅਤੇ ਧਾਰਮਕ ਜਿੰਮੇਵਾਰੀ ਦਾ ਕਤਲ ਕੀਤਾ ਜਾ ਰਿਹਾ ਹੈ। ਇਹ ਸਭ ਕੁਝ ਸਿੱਖ ਪੰਥ ਵੱਲੋਂ ਨਕਾਰੇ ਹੋਏ ਜਥੇਦਾਰਾਂ ਨੂੰ ਮੁੜ ਤੋਂ ਪਰਵਾਨ ਕਰਵਾਉਣ ਲਈ ਕੀਤਾ ਜਾ ਰਿਹਾ ਹੈ। ਇਹ ਗੱਲ ਠੀਕ ਹੈ ਕਿ ੧੯੮੪ ਦੇ ਘੱਲੂਘਾਰੇ ਦੇ ਮੌਕੇ ਤੇ ਕਿਸੇ ਨੂੰ ਵੀ ਕੋਈ ਅਜਿਹੀ ਗੱਲ ਨਹੀ ਕਰਨੀ ਚਾਹੀਦੀ ਜਿਸ ਨਾਲ ਸਿੱਖਾਂ ਦਾ ਅਕਸ ਵਿਗੜੇ ਪਰ ਸਰਕਾਰ ਅਤੇ ਉਸਦੀ ਸ਼੍ਰੋਮਣੀ ਕਮੇਟੀ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੀਆਂ ਕਾਰਵਾਈਆਂ ਨਾ ਕਰੇ ਜਿਸ ਨਾਲ ਸਿੱਖਾਂ ਦੇ ਹਿਰਦੇ ਵਲ਼ੂੰਧਰੇ ਜਾਣ। ਤਖਤਾਂ ਦੇ ਜਥੇਦਾਰਾਂ ਨੂੰ ਸਿੱਖ ਕੌਮ ਨਕਾਰ ਚੁੱਕੀ ਹੈ। ਕੌਮ ਦੀਆਂ ਭਾਵਨਾਵਾਂ ਅਤੇ ਸੰਗਤ ਦੀ ਰਜ਼ਾ ਅਨੁਸਾਰ ਉਨ੍ਹਾਂ ਨੂੰ ਇੱਜਤ ਨਾਲ ਅਹੁਦੇ ਤੋਂ ਲਾਹ ਦੇਣਾਂ ਚਾਹੀਦਾ ਹੈ ਪਰ ਕਮੇਟੀ ਅਤੇ ਸਰਕਾਰ ਜਾਣ ਬੁੱਝ ਕੇ ਸਿੱਖਾਂ ਦੇ ਹਿਰਦੇ ਵਲ਼ੂੰਧਰਣ ਦੇ ਯਤਨ ਕਰ ਰਹੀ ਹੈ ਅਤੇ ਫਿਰ ਦੋਸ਼ ਸਿੱਖਾਂ ਤੇ ਹੀ ਲਾ ਦੇਂਦੀ ਹੈ ਕਿ ਉਹ ਹੁੱਲੜਬਾਜੀ ਕਰਦੇ ਹਨ।

ਜਿੱਥੇ ਇਸ ਮੌਕੇ ਸਿੱਖ ਸੰਸਥਾਵਾਂ ਅਤੇ ਸੰਗਤਾਂ ਦੀ ਇਹ ਜਿੰਮੇਵਾਰੀ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਉਚਤਾ ਬਣਾਈ ਰੱਖਣ ਉਥੇ ਸਰਕਾਰ ਅਤੇ ਕਮੇਟੀ ਨੂੰ ਵੀ ਸਿੱਖਾਂ ਦੇ ਨਿਮਾਣੇ ਸੇਵਕ ਵੱਜੋਂ ਵਿਚਰਨਾ ਚਾਹੀਦਾ ਹੈ। ਇਹ ਸੰਸਥਾਵਾਂ ਸਿੱਖ ਪੰਥ ਨੂੰ ਜੁਆਬਦੇਹ ਹਨ, ਇਨ੍ਹਾਂ ਨੂੰ ਆਪਣੀ ਜੁਆਬਦੇਹੀ ਦਾ ਅਹਿਸਾਸ ਹੋਣਾਂ ਚਾਹੀਦਾ ਹੈ। ਪੰਜਾਬ ਸਰਕਾਰ ਤਾਂ ਅਸੀਂ ਸਮਝਦੇ ਹਾਂ ਕਿ ਅਮਨ ਕਨੂੰਨ ਦਾ ਬਹਾਨਾ ਬਣਾਕੇ ਸਿੱਖਾਂ ਦੇ ਇਸ ਇਤਿਹਾਸਕ ਦਿਹਾੜੇ ਦੀ ਯਾਦ ਕੌਮ ਦੇ ਮਨ ਵਿੱਚੋਂ ਖਤਮ ਕਰ ਦੇਣ ਦੇ ਯਤਨ ਕਰ ਰਹੀ ਹੈ। ਸ਼ਾਇਦ ਇਸੇ ਕਰਕੇ ਦੋ ਤਖਤਾਂ ਦੀ ਇਸ ਜੰਗ ਵਿੱਚ ਅਕਾਲੀ ਦਲ ਦੇ ਲੀਡਰ ਦੋਵਾਂ ਤਖਤਾਂ ਦੇ ਸਭ ਤੋਂ ਵੱਡੇ ਖਿਤਾਬ ਹਾਸਲ ਕਰੀ ਬੈਠੇ ਹਨ। ਦਿੱਲੀ ਦੇ ਤਖਤ ਦਾ ਵੀ ਅਤੇ ਅਕਾਲ ਦੇ ਤਖਤ ਦਾ ਵੀ।