ਆਮ ਤੌਰ ਤੇ ਖੇਡਾਂ ਨੂੰ ਆਪਸੀ ਭਾਈਚਾਰਾ ਅਤੇ ਪਿਆਰ ਵਧਾਉਣ ਦੇ ਜਰੀਏ ਦੇ ਤੌਰ ਤੇ ਦੇਖਿਆ ਜਾਂਦਾ ਹੈ। ਖੇਡਾਂ ਵੱਖ ਵੱਖ ਨਸਲਾਂ, ਸਮੂਹਾਂ ਅਤੇ ਮੁਲਕਾਂ ਨੂੰ ਆਪਸੀ ਸਾਂਝ ਵਿੱਚ ਬੰਨ੍ਹਦੀਆਂ ਹਨ। ਇਨ੍ਹਾਂ ਨਾਲ ਮਨੁੱਖ ਵਿੱਚ ਆਪਣੇ ਗੌਰਵ ਦੇ ਨਾਲ ਨਾਲ ਦੂਜਿਆਂ ਦੀ ਇੱਜ਼ਤ ਦਾ ਖਿਆਲ ਵੀ ਉਪਜਦਾ ਹੈ। ਸੰੰਸਾਰ ਵਿੱਚ ਹਰ ਕਿਸੇ ਦੀ ਵੱਖਰੀ ਅਤੇ ਨਿਆਰੀ ਥਾਂ ਦੀ ਨਿਸ਼ਾਨਦੇਹੀ ਖੇਡਾਂ ਰਾਹੀਂ ਹੁੰਦੀ ਹੈ। ਹਰ ਮੁਲਕ, ਕੌਮ ਅਤੇ ਨਸਲ ਦੀ ਇਸ ਧਰਤੀ ਤੇ ਕੀ ਥਾਂ ਹੈ ਅਤੇ ਉਸਦਾ ਸਤਿਕਾਰ ਕਿਵੇਂ ਰੱਖਣਾਂ ਹੈ, ਖੇਡਾਂ ਸਾਨੂੰ ਇਹ ਸਭ ਕੁਝ ਦੱਸਦੀਆਂ ਹਨ।

ਪਰ ਸ਼ਅਇਦ ਭਾਰਤ ਦੁਨੀਆਂ ਦਾ ਅਜਿਹਾ ਮੁਲਕ ਹੈ ਜਿੱਥੇ ਖੇਡਾਂ ਨੂੰ ਉਨ੍ਹਾਂ ਦੀ ਮੂਲ ਭਾਵਨਾ ਦੇ ਉਲਟ ਦੁਸ਼ਮਣੀ ਵਧਾਉਣ, ਨਫਰਤ ਫੈਲਾਉਣ, ਕਿੜਾਂ ਕੱਢਣ ਅਤੇ ਦੂਜੇ ਦੀ ਪੱਤ ਨੂੰ ਰੋਲ ਦੇਣ ਦੇ ਮਨਸ਼ੇ ਨਾਲ ਖੇਡਿਆ ਅਤੇ ਖਿਡਾਇਆ ਜਾਂਦਾ ਹੈ।

ਖਪਤਵਾਦੀ ਸੱਭਿਆਚਾਰ ਨੇ ਪੈਸੇ ਦੀ ਦੌੜ ਨੂੰ ਹੋਰ ਮਜਬੂਤ ਕਰਨ ਲਈ, ਕ੍ਰਿਕਟ ਨੂੰ ਭਾਰਤ ਦੀ ਕੌਮੀ ਖੇਡ ਬਣਾ ਦਿੱਤਾ ਹੈ। ਇਸ ਖੇਡ ਨਾਲ ਬਹੁਤ ਸਾਰੇ ਕਾਰਪੋਰੇਟ ਘਰਾਣੇ ਜੁੜੇ ਹੋਏ ਹਨ। ਇਹ ਹੁਣ ਕੋਈ ਖੇਡ ਨਹੀ ਰਹਿ ਗਈ ਬਲਕਿ ਵਪਾਰ ਬਣ ਗਿਆ ਹੈ। ਜਿਸ ਵਿੱਚ, ਸਿਆਸਤਦਾਨ, ਸੱਟੇਬਾਜ਼, ਮੀਡੀਆ, ਪੁਲਿਸ, ਖਿਡਾਰੀ ਅਤੇ ਉਲਾਰ ਹੋਏ ਭਾਰਤੀ ਸਭ ਇੱਕ ਦੂਜੇ ਦੇ ਹਿੱਤ ਪੂਰਨ ਲਈ ਇਕੱਠੇ ਹੋ ਜਾਂਦੇ ਹਨ। ਸਭ ਦੀ ਨਿਗਾਹ ਸਿਰਫ ਪੈਸੇ ਬਣਾਉਣ ਦੀ ਹੁੰਦੀ ਹੈ ਪਰ ਆਪਣੇ ਲਾਲਚ ਨੂੰ ਲੁਕਾਉਣ ਲਈ ਇਨ੍ਹਾਂ ਸਾਰਿਆਂ ਨੇ ਮਿਲਕੇ ਕ੍ਰਿਕਟ ਨੂੰ ਦੇਸ਼ਭਗਤੀ ਨਾਲ ਜੋੜ ਲਿਆ ਹੈ। ਦੇਸ਼ ਭਗਤੀ ਦਾ ਗਾਣਾਂ ਗਾ ਕੇ ਸਾਰੇ ਮੁਲਕ ਨੂੰ ਬੁਧੂ ਬਣਾਇਆ ਜਾ ਸਕਦਾ ਹੈ ਅਤੇ ਖੂਬ ਪੈਸਾ ਕਮਾਇਆ ਜਾ ਸਕਦਾ ਹੈ। ਭਾਰਤੀ ਨਿੱਜੀ ਟੀ.ਵੀ. ਚੈਨਲਾਂ ਨੇ ਆਪਣੇ ਵਪਾਰਕ ਹਿੱਤਾਂ ਲਈ ਕ੍ਰਿਕਟ ਨੂੰ ਗਵਾਂਢੀ ਦੇਸ਼ ਨਾਲ ਦੁਸ਼ਮਣੀ ਕਮਾਉਣ ਦਾ ਮੋਰਚਾ ਬਣਾ ਲਿਆ ਹੈ। ਕਈ ਕਈ ਦਿਨ ਭਾਰਤੀ ਚੈਨਲ ਕ੍ਰਿਕਟ ਦੇ ਮੁਕਾਬਲੇ ਬਾਰੇ ਇਸ ਤਰ੍ਹਾਂ ਬਹਿਸ ਕਰਦੇ ਹਨ ਜਿਵੇਂ ਸੰਸਾਰ ਜੰਗ ਲੱਗੀ ਹੋਵੇ। ਇਸ ਬਹਿਸ ਵਿੱਚ ਖੇਡਾਂ ਦੀ ਭਾਵਨਾ ਨਾਲੋਂ ਦੁਸ਼ਮਣੀ ਲਬਾ-ਲਬ ਡੁਲ਼੍ਹਕੇ ਬਾਹਰ ਡਿਗਦੀ ਹੁੰਦੀ ਹੈ। ਸ਼ਾਇਦ ਹੀ ਦੁਨੀਆਂ ਦਾ ਕੋਈ ਮੁਲਕ ਹੋਵੇ ਜੋ ਖੇਡਾਂ ਨੂੰ ਏਨੇ ਨੀਵੇਂ ਪੱਧਰ ਤੇ ਡਿਗਕੇ ਪਰਸਾਰਤ ਕਰਦਾ ਹੋਵੇ।

ਦੇਸ਼ ਭਗਤੀ ਦੇ ਬੁਰਕੇ ਹੇਠ ਅਮੀਰ ਘਰਾਣੇ, ਸਿਆਸਤਦਾਨ, ਮੀਡੀਆ ਅਤੇ ਭ੍ਰਿਸ਼ਟ ਸੱਟੇਬਾਜ਼ ਪੈਸਾ ਬਣਾ ਰਹੇ ਹਨ ਪਰ ਬੁਰਕਾ ਦੇਸ਼ ਭਗਤੀ ਦਾ ਪਾਇਆ ਜਾਂਦਾ ਹੈ ਤਾਂ ਕਿ ਅੰਦਰ ਦੀ ਕਮੀਨਗੀ ਅਤੇ ਭ੍ਰਿਸ਼ਟ ਵਿਹਾਰ ਦੀ ਭਿਣਕ ਨਾ ਪੈ ਜਾਵੇ।

ਪਿਛਲੇ ਦਿਨੀ ਇੰਗਲੈਂਡ ਦੇ ਓਵਲ ਵਿਖੇ ਚੈਪੀਅਨ ਟਰਾਫੀ ਦੇ ਫਾਇਨਲ ਮੈਚ ਵੇਲੇ ਵੀ ਅਜਿਹਾ ਹੀ ਦੇਖ਼ਣ ਨੂੰ ਮਿਲਿਆ। ਸਮੁੱਚੇ ਭਾਰਤੀ ਚੈਨਲਾਂ ਨੇ ਆਪਣੀ ਟੀ.ਆਰ.ਪੀ. ਵਧਾਉਣ ਲਈ ਪੈਰੇ ਮੁਲਕ ਵਿੱਚ ਦੇਸ਼ ਭਗਤੀ ਦਾ ਬੁਖਾਰ ਚੜ੍ਹਾ ਰੱਖਿਆ ਸੀ। ਕ੍ਰਿਕਟ ਖਿਡਾਰੀਆਂ ਦੇ ਹਰ ਕਦਮ ਨੂੰ ਦੁਸ਼ਮਣੀ ਵਧਉਣ ਅਤੇ ਨਫਰਤ ਫੈਲਾਉਣ ਵਾਲੇ ਕਦਮ ਵੱਜੋਂ ਪਰਸਾਰਿਆ ਜਾਂਦਾ ਸੀ। ਦੇਸ਼ ਵਾਸੀਆਂ ਨੂੰ ਕੁਝ ਚੰਗਾ ਸੰਦੇਸ਼ ਦੇਣ ਨਾਲੋਂ ਨਫਰਤ ਦੇ ਬੀਜ ਬੀਜਣ ਲਈ ਉਕਸਾਇਆ ਜਾਂਦਾ ਸੀ। ਜਦੋਂ ਪਾਕਿਸਤਾਨ ਨੇ ਉੁਹ ਮੈਚ ਜਿੱਤ ਲਿਆ ਤਾਂ ਫਿਰ ਦੇਸ਼ ਭਗਤੀ ਦਾ ਅਗਲਾ ਰਾਗ ਅਲਾਪਿਆ ਗਿਆ। ਭਾਰਤ ਅਤੇ ਪਾਕਿਸਤਾਨ ਦੇ ਦਰਸ਼ਕਾਂ ਦਰਮਿਆਨ ਫਿਰ ਉਹ ਜੰਗ ਭੜਕੀ ਜੋ ਮੀਡੀਆ ਨੇ ਲਾਈ ਸੀ। ਖੇਡ ਭਾਵਨਾ ਤੋਂ ਅੱਗੇ ਲੰਘਕੇ ਫਿਰ ੧੯੬੫ ਅਤੇ ੧੯੭੧ ਦੀ ਜੰਗ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਭੇਜੀਆਂ ਜਾਣ ਲੱਗੀਆਂ।

ਨਿਰਸੰਦੇਹ ਇਹ ਸੱਭਿਅਕ ਵਾਤਾਵਰਨ ਦਾ ਕਤਲ ਸੀ। ਮੁਲਕਾਂ ਅਤੇ ਖਿਡਾਰੀਆਂ ਦੇ ਸਤਿਕਾਰ ਨੂੰ ਪਰ੍ਹੇ ਧੱਕ ਕੇ ਦੁਸ਼ਮਣੀ ਵਧਾਈ ਜਾਣ ਲੱਗੀ।

ਇਹ ਸੱਭਿਅਕ ਸੰਸਾਰ ਦਾ ਦੁਖਾਂਤ ਹੈ। ਖੇਡਾਂ ਨੂੰ ਖੇਡਾਂ ਦੀ ਭਾਵਨਾ ਨਾਲ ਹੀ ਲਿਆ ਜਾਣਾਂ ਚਾਹੀਦਾ ਹੈ। ਡਿਪਲੋਮੈਟਿਕ ਅਤੇ ਰਾਜਸੀ ਜੰਗ ਨੂੰ ਉਨ੍ਹਾਂ ਮੋਰਚਿਆਂ ਤੇ ਹੀ ਲਰਿਅ ਜਾਣਾਂ ਚਾਹੀਦਾ ਹੈ। ਖੇਡਾਂ ਨਫਰਤ ਘਟਾਉਣ ਦਾ ਜਰੀਆ ਹਨ। ਇਨ੍ਹਾਂ ਨੂੰ ਦੁਸ਼ਮਣੀ ਵਧਾਉਣ ਲਈ ਨਹੀ ਵਰਤਿਆ ਜਾਣਾਂ ਚਾਹੀਦਾ।