ਜਨਾਬ ਕੁਲਦੀਪ ਨਈਅਰ ਭਾਰਤ ਦੇ ‘ਪ੍ਰਸਿੱਧ ਪੱਤਰਕਾਰ ਹਨ। ਹਰ ਹਫਤੇ ਉਹ ਭਾਰਤ ਅਤੇ ਕੌਮਾਂਤਰੀ ਹਾਲਾਤ ਬਾਰੇ ਕਾਲਮ ਲਿਖਦੇ ਹਨ ਜੋ ਦੇਸ਼ ਭਰ ਦੀਆਂ ਅਖਬਾਰਾਂ ਵਿੱਚ ਛਪਦਾ ਹੈ। ਪੱਤਰਕਾਰਤਾ ਦੇ ਸਹਾਰੇ ਉਨ੍ਹਾਂ ਨੂੰ ਦੇਸ਼ ਵਿੱਚ ਬਹੁਤ ਮਾਣ ਸਤਿਕਾਰ ਵੀ ਮਿਲਿਆ ਹੈ। ਆਪ ਦੇਸ਼ ਦੀ ਰਾਜ ਸਭਾ ਦੇ ਵੀ ਮੈਂਬਰ ਰਹੇ ਹਨ, ਇੰਗਲ਼ੈਂਡ ਵਿੱਚ ਭਾਰਤ ਦੇ ਰਾਜਦੂਤ ਵੀ ਰਹੇ ਹਨ। ਕਿਸੇ ਪੱਤਰਕਾਰ ਨੂੰ ਜੋ ਕੁਝ ਜਿੰਦਗੀ ਵਿੱਚ ਹਾਸਲ ਕਰਨ ਦੀ ਤਮੰਨਾ ਹੁੰਦੀ ਹੈ ਜਨਾਬ ਕੁਲਦੀਪ ਨਈਅਰ ਨੂੰ ਉਹ ਸਭ ਕੁਝ ਵਾਹਿਗੁਰੂ ਨੇ ਦਿੱਤਾ ਹੈ। ਮਾਣ, ਸਤਿਕਾਰ, ਪਹੁੰਚ, ਰੁਤਬੇ, ਕਲਮ ਦੀ ਦਾਤ ਅਤੇ ਸਭ ਤੋਂ ਵਧਕੇ ਸਰਕਾਰਾਂ ਤੱਕ ਰਾਬਤਾ।
ਉਹ ਬਜ਼ੁਰਗ ਹਨ, ਸਤਿਕਾਰਯੋਗ ਹਨ ਅਤੇ ਆਪਣੇ ਆਪ ਨੂੰ ਪੰਜਾਬ ਦੇ ਜਾਏ ਸਮਝਦੇ ਹਨ। ਪੰਜਾਬ ਨਾਲ ਅਤੇ ਖਾਸ ਕਰਕੇ ਸਿੱਖ ਰਾਜਨੀਤੀ ਨਾਲ ਉਨ੍ਹਾਂ ਦਾ ‘ਖਾਸ ਮੋਹ’ ਹੈ। ਪੰਜਾਬ ਅਤੇ ਸਿੱਖ ਰਾਜਨੀਤੀ ਹਮੇਸ਼ਾ ਉਨ੍ਹਾਂ ਦੇ ਸਾਹਾਂ ਵਾਂਗ ਉਨ੍ਹਾਂ ਦੇ ਅੰਗ ਸੰਗ ਰਹਿੰਦੀ ਹੈ। ਭਾਵੇਂ ਉਹ ਦਿੱਲੀ ਵਿੱਚ ਹੋਣ ਜਾਂ ਢਾਕੇ ਵਿੱਚ ਪੰਜਾਬ ਤੇ ਉਨ੍ਹਾਂ ਦੀ ਨਜ਼ਰ ਹਮੇਸ਼ਾ ਰਹਿੰਦੀ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਭਾਰਤੀ ਸੂਹੀਆ ਤੰਤਰ ਦੀ ਨਜ਼ਰ ਪੰਜਾਬ ਤੇ ਰਹਿੰਦੀ ਹੈ। ‘ਸਤਿਕਾਰਯੋਗ ਜਨਾਬ ਕੁਲਦੀਪ ਨਈਅਰ ਜੀ ਪੰਜਾਬ ਨੂੰ ਬਹੁਤ ‘ਪਿਆਰ ਕਰਦੇ ਹਨ ਇਸੇ ਲਈ ਉਹ ਪੰਜਾਬ ਨੂੰ ਭਾਰਤੀ ਸੂਹੀਆ ਤੰਤਰ ਦੀ ਨਜ਼ਰ ਨਾਲ ਦੇਖਦੇ ਹਨ। ਉਨ੍ਹਾਂ ਨੂੰ ਹਮੇਸ਼ਾ ਹੀ ਇਹ ਫਿਕਰ ਲੱਗਾ ਰਹਿੰਦਾ ਹੈ ਕਿ ਕਿਤੇ ਪੰਜਾਬ ਵਿੱਚ ਸਿੱਖ ਪੰਥ ਦੇ ਵਲਵਲਿਆਂ, ਵਿਚਾਰਧਾਰਾ, ਪਰੰਪਰਾਵਾਂ ਅਤੇ ਇਤਿਹਾਸ ਦੀ ਗੱਲ ਕਰਨ ਵਾਲਿਆਂ ਦੀ ਝੰਡੀ ਨਾ ਹੋ ਜਾਵੇ। ਜਦੋਂ ਵੀ ਕਿਤੇ ਉਨ੍ਹਾਂ ਨੂੰ ਲਗਦਾ ਹੈ ਕਿ ਪੰਜਾਬ ਵਿੱਚ ਪੰਥਕ ਧਿਰ ਕੁਝ ਚੰਗੀਆਂ ਪ੍ਰਾਪਤੀਆਂ ਕਰ ਰਹੀ ਹੈ ਉਹ ਆਪਣੇ ਸਾਰੇ ਹਥਲੇ ਕੰਮ ਛੱਡਕੇ ਪੰਥ ਦੀ ਸੋਚ ਨੂੰ ਮਿੱਟੀ ਵਿੱਚ ਮਿਲਾਉਣ ਜਾਂ ਉਸ ਖਿਲਾਫ ਆਪਣੀ ਜ਼ਹਿਰ ਉਗਲਣ ਲਈ ਮੈਦਾਨ ਵਿੱਚ ਆ ਡਟਦੇ ਹਨ। ੧੯੮੦ ਤੋਂ ਲੈਕੇ ਹੁਣ ਤੱਕ ਜੇ ਅਸੀਂ ਉਨ੍ਹਾਂ ਦੇ ਪੰਜਾਬ ਸਬੰਧੀ ਕਾਲਮਾਂ ਤੇ ਨਜ਼ਰ ਮਾਰੀਏ ਤਾਂ ਉਹ ਹਮੇਸ਼ਾ ਹੀ ਪੰਜਾਬ ਅਤੇ ਖਾਸ ਕਰਕੇ ਸਿੱਖੀ ਦੇ ਖਿਲਾਫ ਭੁਗਤਦੇ ਆਏ ਹਨ। ਉਹ ਬਿੱਟਾ ਮਾਰਕਾ ਪੱਤਰਕਾਰੀ ਕਰਨ ਦੇ ਮਾਹਰ ਬਣ ਚੁੱਕੇ ਹਨ। ਉਹ ਹਮੇਸ਼ਾ ਪੰਜਾਬ ਨੂੰ ਜਾਂ ਸਿੱਖਾਂ ਨੂੰ ਹੀ ਨਸੀਹਤਾਂ ਦੇਂਦੇ ਦੇਖੇ ਜਾ ਸਕਦੇ ਹਨ।
ਕੁਝ ਸਮਾਂ ਪਹਿਲਾਂ ਆਪਣੇ ਰਾਜਸੀ ਗੱਠਜੋੜ ਨੂੰ ਮਜਬੂਤ ਕਰਨ ਲਈ ਜਾਂ ਫਿਰ ਦਿੱਲੀ ਦਰਬਾਰ ਤੱਕ ਆਪਣੀ ਪਹੁੰਚ ਨੂੰ ਹੋਰ ਸਾਵੀਂ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਾਬ ਕੁਲਦੀਪ ਨਈਅਰ ਨੂੰ, ਮਲੇਰਕੋਟਲੇ ਦੇ ਨਵਾਬ ਸ਼ੇਰ ਖਾਂ ਦਾ ਰੁਤਬਾ ਦੇਕੇ ਸਨਮਾਨਿਤ ਕੀਤਾ ਸੀ। ਸ਼ੇਰ ਖਾਂ ਦਾ ਐਵਾਰਡ ਲੈਕੇ, ਸਿੱਖਾਂ ਨੂੰ ਬੁਧੂ ਬਣਾ ਕੇ ਖੁਸ਼ੀ ਨਾਲ ਫੁੱਲੇ ਨਾ ਸਮਾਉਣ ਵਾਲੇ ਜਨਾਬ ਕੁਲਦੀਪ ਨਈਅਰ ਜੀ ਇਹ ਭੁੱਲ ਗਏ ਕਿ ਸ਼ੇਰ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨਸੀਹਤ ਨਹੀ ਸੀ ਦਿੱਤੀ ਉਸ ਨੇ ਤਾਂ ਸੂਬਾ ਸਰਹੰਦ ਨੂੰ ਵੰਗਾਰ ਪਾਈ ਸੀ ਕਿ ਜੋ ਜੁਲਮ ਤੂੰ ਕਰਨ ਜਾ ਰਿਹਾ ਹੈਂ ਇਸਦੀ ਇਸਲਾਮ ਇਜਾਜ਼ਤ ਨਹੀ ਦੇਂਦਾ। ਪਰ ਸਾਡੇ Ḕਸਤਿਕਾਰਯੋਗḙ ਸ਼ੇਰ ਖਾਂ ਸਾਹਿਬ ਨੇ ਕਦੇ ਵੀ ਦਿੱਲੀ ਦਰਬਾਰ ਨੂੰ ਲਾਹਨਤ ਨਹੀ ਪਾਈ ਉਹ ਹਮੇਸ਼ਾ ਸਿੱਖਾਂ ਵੱਲ ਨੂੰ ਹੀ ਦਹਾੜਦੇ ਦੇਖੇ ਜਾ ਸਕਦੇ ਹਨ।
ਕਲਗੀਆਂ ਵਾਲੇ ਦੇ ਨਾਦੀ ਪੁੱਤਰ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਬਹੁਤ ਦੇਰ ਪਹਿਲਾਂ ਉਨ੍ਹਾਂ ਨੂੰ ਚਿੱਠੀ ਲਿਖੀ ਸੀ ਕਿ ਜੇ ਦੇਸ਼ ਲਈ ਫਾਂਸੀ ਚੜ੍ਹਨ ਕਾਰਨ ਭਗਤ ਸਿੰਘ ਨੂੰ ਸ਼ਹੀਦ ਆਖਿਆ ਜਾ ਰਿਹਾ ਹੈ ਤਾਂ ਅਸੀਂ ਕਿਉਂ ਸ਼ਹੀਦ ਦਾ ਦਰਜਾ ਨਹੀ ਪਾ ਸਕਦੇ।
ਬਸ ਉਹ ਚਿੱਠੀ ਜਾਣ ਦੀ ਦੇਰ ਸੀ ਕਿ ਸਾਡੇ ‘ਸਤਿਕਾਰਯੋਗ’ ਪੱਤਰਕਾਰ ਸਾਹਬ ਨੇ ਸਾਰੇ ਹਥਲੇ ਕੰਮ ਛੱਡਕੇ ਭਗਤ ਸਿੰਘ ਤੇ ਕਿਤਾਬ ਲਿਖਣ ਦਾ ਪ੍ਰਜੈਕਟ ਸ਼ੁਰੂ ਕਰ ਦਿੱਤਾ। ਉਸ ਕਿਤਾਬ ਦੀ ਭੂਮਿਕਾ ਵਿੱਚ ਹੀ ਉਨ੍ਹਾਂ ਨੇ ਭਾਈ ਸੁੱਖਾ ਅਤੇ ਭਾਈ ਜਿੰਦਾ ਦੇ ਖਿਲਾਫ ਆਪਣੀ ਜਹਿਰ ਕੱਢ ਮਾਰੀ।
ਫਿਰ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੂੰ ਭਾਰਤੀ ਇੰਟੈਲੀਜੈਂਸ ਦਾ ਏਜੰਟ ਦੱਸ ਕੇ ਆਪਣੀ ਜ਼ਹਿਰ ਖਲਾਸ ਕਰ ਲਈ।
ਹੁਣ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਬਾਰੇ ਉਨ੍ਹਾਂ ਨੇ ਤੱਥਾਂ ਤੋਂ ਰਹਿਤ ਬਿਆਨਬਾਜ਼ੀ ਕਰਕੇ ਇੱਕ ਵਾਰ ਫਿਰ ਸਿੱਖ ਪੰਥ ਖਿਲਾਫ ਆਪਣੀ ਨਫਰਤ ਦਾ ਮੁਜਾਹਰਾ ਕਰ ਦਿੱਤਾ ਹੈ।
ਜਨਾਬ ਕੁਲਦੀਪ ਨਈਅਰ ਭਾਰਤੀ ਪੱਤਰਕਾਰਤਾ ਵਿੱਚ ਕੈਟ ਪੱਤਰਕਾਰੀ (embedded journalism) ਦੇ ਪਿਤਾਮਾ ਮੰਨੇ ਜਾ ਸਕਦੇ ਹਨ। ਇਹ ਸਾਰੀਆਂ ਦੌਲਤਾਂ, ਖਿਆਨਤਾਂ, ਪਹੁੰਚਾਂ ਅਤੇ ਰਸੂਖ ਕੈਟ ਪੱਤਰਕਾਰਾਂ ਦੇ ਹੀ ਹਿੱਸੇ ਆਉਂਦਾ ਹੈ। ਖਾਸ ਕਰਕੇ ਸਿੱਖਾਂ ਖਿਲਾਫ ਵਿਚਾਰਧਾਰਕ ਅਤੇ ਅਮਲੀ ਪਹੁੰਚ ਅਪਨਾਉਣ ਵਾਲਿਆਂ ਉ%ਤੇ ਤਾਂ ਸਰਕਾਰ ਆਪਣੀਆਂ ਮਿਹਰਾਂ ਦਾ ਮੀਹ ਵਰਸਾ ਦੇਂਦੀ ਹੈ।
ਭਾਰਤੀ ਸਟੇਟ ਵਾਂਗ ਪੰਜਾਬ, ਜਨਾਬ ਕੁਲਦੀਪ ਨਈਅਰ ਲਈ ਵੀ ਇੱਕ ਪ੍ਰਯੋਗਸ਼ਾਲਾ ਹੈ। ਉਹ ਇਸ ਪ੍ਰਯੋਗਸ਼ਾਲਾ ਵਿੱਚੋਂ ਪੰਥ ਅਤੇ ਸਿੱਖ ਵਿਚਾਰਧਾਰਾ ਦਾ ਬੀਜ ਨਾਸ ਕਰਕੇ ਪੰਜਾਬੀਅਤ ਦਾ ਨਿਪੁੰਸਕ ਬੀਜ ਬੀਜਣ ਦੇ ਸੁਪਨੇ ਪਾਲ ਰਹੇ ਹਨ। ਪਰ ਉਨ੍ਹਾਂ ਨੂੰ ਇਹ ਸਮਝ ਨਹੀ ਹੈ ਕਿ ਸਿੱਖੀ ਦੀਆਂ ਜੜ੍ਹਾਂ ਏਨੀਆਂ ਹੋਛੀਆਂ ਨਹੀ ਹਨ ਜੋ ਸੱਤਾ ਦੇ ਨਸ਼ੇ ਵਿੱਚ ਆਏ ਕੁਝ ‘ਦਾਨਿਸ਼ਵਰਾਂ’ ਦੀ ਕਲਮ ਘਸਾਈ ਨਾਲ ਹੀ ਪੁੱਟੀਆਂ ਜਾ ਸਕਦੀਆਂ ਹਨ।
ਜਨਾਬ ਕੁਲਦੀਪ ਨਈਅਰ ਸਾਹਿਬ ਨੂੰ ਉਨ੍ਹਾਂ ਦੀ ਸਰਕਾਰ ਸੇਵਾ ਮੁਬਾਰਕ ਹੋਵੇ। ਪੰਥਕ ਕਾਫਲੇ ਲਈ ਉਹ ਕੋਈ ਬਹੁਤ ਵੱਡੀ ਚੁਣੌਤੀ ਨਹੀ ਹਨ। ਪ੍ਰੋਫੈਸਰ ਪੂਰਨ ਸਿੰਘ ਨੇ ਆਖਿਆ ਹੈ ਕਿ, ‘ਸ਼ਹੀਦ ਦਾ ਗੁੱਸਾ ਘੀ ਦੇ ਪੀਪੇ ਵਾਂਗ ਨਹੀ ਹੁੰਦਾ ਜੋ ਥੋੜੀ ਜਿਹੀ ਠੰਢੀ ਹਵਾ ਚੱਲਣ ਨਾਲ ਜਮ ਜਾਵੇ ਅਤੇ ਥੋੜ੍ਹੀ ਜਿਹੀ ਗਰਮੀ ਨਾਲ ਪਿਘਲ ਜਾਵੇ।’
ਸ਼ਹੀਦ ਕੌਮਾਂ ਦੇ ਸਬਰ ਅਤੇ ਗੁੱਸੇ ਬਹੁਤ ਰੁਹਾਨੀ ਹੁੰਦੇ ਹਨ ਉਨ੍ਹਾਂ ਨੂੰ ਸਰਕਾਰਾਂ ਦੀ ਚਾਕਰੀ ਕਰਨ ਵਾਲੇ ਨਿਤਾਣੇ ਸੱਜਣ ਨਹੀ ਸਮਝ ਸਕਦੇ।