ਭਾਰਤੀ ਮੀਡੀਆ ਵੱਜੋਂ ਜਾਣੀ ਜਾਂਦੀ ਇਸ ਸੰਸਥਾ ਦਾ ਪੂਰੀ ਤਰ੍ਹਾਂ ਧਰੁਵੀਕਰਨ ਹੋ ਗਿਆ ਹੈ। ਦੇਸ਼ ਤੇ ਰਾਜ ਕਰਨ ਵਾਲਾ ਹਿੰਦੂ ਇਹ ਗੱਲ ਬਰਦਾਸ਼ਤ ਨਹੀ ਕਰ ਸਕਦਾ ਕਿ ਭਾਰਤ ਵਿੱਚ ਵਸਣ ਵਾਲਾ ਕੋਈ ਵੀ ਵਿਦਵਾਨ ਜਾਂ ਬੁਧੀਜੀਵੀ ਉਸ ਵੱਲ਼ੋਂ ਤਿਆਰ ਕੀਤੀ ਲਛਮਣ ਰੇਖਾ ਨੂੰ ਪਾਰ ਕਰਨ ਦੀ ਜੁਅਰਤ ਕਰੇ। ਭਾਰਤੀ ਸਟੇਟ ਅਤੇ ਭਾਰਤੀ ਮੀਡੀਆ ਨੇ ਆਪਣੇ ਆਪ ਨੂੰ ਏਨਾ ਖੁੰਖਾਰੂ ਬਣਾ ਲਿਆ ਹੈ ਕਿ ਉਹ ਕਿਸੇ ਹੋਰ ਦੀ, ਵੱਖਰੀ ਗੱਲ ਸੁਣਨ ਅਤੇ ਹਜ਼ਮ ਕਰਨ ਦਾ ਆਦੀ ਨਹੀ ਰਿਹਾ।
ਗੱਲ ਪੰਜਾਬ ਤੋਂ ਹੀ ਸ਼ੁਰੂ ਕਰ ਲ਼ੈਂਦੇ ਹਾਂ। ਪਿਛਲੇ ਇੱਕ ਮਹੀਨੇ ਤੋਂ ਪੰਜਾਬ ਸਰਕਾਰ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦਾ ਚੱਕਰ ਚਲਾ ਰਹੀ ਹੈ। ੨੧ਵੀਂ ਸਦੀ ਵਿੱਚ ਵੀ ਸਿੱਖਾਂ ਨਾਲ ਉਹ ਹੀ ਵਿਹਾਰ ਕੀਤਾ ਜਾ ਰਿਹਾ ਹੈ ਜੋ ੨੦ਵੀਂ ਸਦੀ ਵਿੱਚ ਕੀਤਾ ਜਾਂਦਾ ਸੀ। ਚੋਰਾਂ ਵਾਂਗ ਘਰਾਂ ਤੋਂ ਨੌਜਵਾਨਾਂ ਨੂੰ ਅਗਵਾ ਕਰਨਾ, ਤੀਜੇ ਦਰਜੇ ਦਾ ਤਸ਼ੱਦਦ ਕਰਨਾ, ਝੂਠੀਆਂ ਖਬਰਾਂ ਛਪਵਾਉਣੀਆਂ ਅਤੇ ਖਾਸ ਕਰਕੇ ਗ੍ਰਿਫਤਾਰ ਕੀਤੇ ਨੌਜਵਾਨਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ ਥਾਣੇ ਵਿੱਚ ਲਿਆ ਕੇ ਜਲੀਲ ਕਰਨਾ। ਅੱਜ ਵੀ ਕਿਸੇ ਸਿੱਖ ਨੌਜਵਾਨ ਨੂੰ ਗ੍ਰਿਫਤਾਰੀ ਨਾਲ ਜੁੜੇ ਹੋਏ ਉਸਦੇ ਹੱਕ ਨਹੀ ਦਿੱਤੇ ਜਾ ਰਹੇ। ਇੱਥੋਂ ਤੱਕ ਕਿ ਬਰਤਾਨਵੀ ਨਾਗਰਿਕ ਨੌਜਵਾਨ ਨੂੰ ਹਾਲੇ ਤੱਕ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਆਪਣੇ ਮੁਲਕ ਦੇ ਕੌਂਸਲੇਟ ਅਧਿਕਾਰੀਆਂ ਨੂੰ ਅਜ਼ਾਦਾਨਾ ਤੌਰ ਤੇ ਮਿਲਣ ਨਹੀ ਦਿੱਤਾ ਗਿਆ।
ਭਾਰਤੀ ਮੀਡੀਆ ਇਸ ਤਸ਼ੱਦਦ ਦੀ ਲਹਿਰ ਵਿੱਚ ਸਟੇਟ ਦਾ ਪੂਰਾ ਸਾਥ ਦੇ ਰਿਹਾ ਹੈ। ਸਿੱਖਾਂ ਤੇ ਹੋ ਰਹੇ ਤਸ਼ੱਦਦ ਦੇ ਉਹ ਜਸ਼ਨ ਮਨਾਉਂਦਾ ਹੈ। ਉਹ ਕਈ ਕਈ ਦਿਨ ਇਹ ਖਬਰ ਤਾਂ ਚਲਾ ਸਕਦਾ ਹੈ ਕਿ ਇੱਕ ਸਿੱਖ ਬਜ਼ੁਰਗ ਨੇ ਇੱਕ ਕੁੱਤੇ ਨੂੰ ਗੋਲੀ ਮਾਰਕੇ ਮਨੁੱਖੀ ਹੱਕਾਂ ਦੀ ਉਲੰਘਣਾਂ ਕਰ ਦਿੱਤੀ ਹੈ ਪਰ ਉਸਨੂੰ ਇਸ ਗੱਲ ਦੀ ਸੂਹ ਨਹੀ ਲਗਦੀ ਕਿ ਸਿੱਖ ਨੌਜਵਾਨਾਂ ਤੇ ਪੰਜਾਬ ਦੀ ਪੁਲਿਸ ਅਤੇ ਸੁਰੱਖਿਆ ਫੌਜਾਂ ਅੱਤ ਘਿਨਾਉਣਾਂ ਤਸ਼ੱਦਦ ਕਰ ਰਹੀਆਂ ਹਨ।
ਪਿਛਲੇ ਦਿਨੀ ਇੱਕ ਭਾਰਤੀ ਅੰਗਰੇਜ਼ੀ ਰਸਾਲੇ ਵਿੱਚ ਇੱਕ ਸਿੱਖ ਪੱਤਰਕਾਰ ਨੇ ਬਰਤਾਨੀਆ ਦੀ ਲੀਡਜ਼ ਯੂਨੀਵਰਸਿਟੀ ਦੀ ਇੱਕ ਖੋਜ ਦੇ ਹਵਾਲੇ ਨਾਲ ਇਹ ਲੇਖ ਲਿਖਿਆ ਕਿ ਵਿਦੇਸ਼ਾਂ ਵਿੱਚ ਜੋ ਸਿੱਖ਼ ਸਰਗਰਮੀ ਚਲਦੀ ਹੈ ਉਹ ਕਿਸੇ ਅੱਤਵਾਦੀ ਘਟਨਾ ਨਾਲ ਸਬੰਧਿਤ ਨਹੀ ਹੈ ਬਲਕਿ ਵਿਦੇਸ਼ੀ ਸਿੱਖ ਤਾਂ ਆਪਣੀਆਂ ਪੰਥਕ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਨਿਆਰੇਪਣ ਅਤੇ ਅਜ਼ਾਦ ਹਸਤੀ ਲਈ ਹੀ ਸਰਗਰਮੀ ਕਰਦੇ ਹਨ। ਉਸ ਸਿੱਖ ਪੱਤਰਕਾਰ ਨੇ ਲਿਖਿਆ ਕਿ ਜਿਵੇਂ ਮੋਦੀ ਅਤੇ ਕੈਪਟਨ ਸਿੱਖਾਂ ਦੀ ਸਰਗਰਮੀ ਨੂੰ ਪਾਕਿਸਤਾਨ ਨਾਲ ਜੋੜਕੇ ਦਹਿਸ਼ਤ ਫੈਲਾਉਣ ਦਾ ਯਤਨ ਕਰਦੇ ਹਨ ਅਜਿਹਾ ਵਿਦੇਸ਼ਾਂ ਵਿੱਚ ਕੁਝ ਵੀ ਨਹੀ ਹੈ। ਜੇ ਵਿਦੇਸ਼ਾਂ ਵਿੱਚ ਅੱਤਵਾਦ ਵਰਗੀ ਕੋਈ ਸਰਗਰਮੀ ਹੋਵੇ ਤਾਂ, ਵਿਦੇਸ਼ੀ ਸਰਕਾਰਾਂ ਤਾਂ ਭਾਰਤ ਨਾਲ਼ੋਂ ਵੀ ਵੱਧ ਤੇਜ਼ੀ ਨਾਲ ਅਜਿਹੇ ਲੋਕਾਂ ਨੂੰ ਫੜ ਸਕਦੀਆਂ ਹਨ। ਇਸ ਲਈ ਵਿਦੇਸ਼ੀ ਸਿੱਖਾਂ ਦੀ ਸਰਗਰਮੀ ਕਿਸੇ ਤਰ੍ਹਾਂ ਵੀ ਅੱਤਵਾਦ ਦੀ ਸਰਗਰਮੀ ਨਹੀ ਹੈ। ਉਸਨੇ ਲਿਖਿਆ ਕਿ ਸਰਕਾਰੀ ਜਬਰ ਦੇ ਜੋਰ ਨਾਲ ਪੰਜਾਬ ਵਿੱਚ ਜੋ ਮੁਹਿੰਮ ਦਬਾ ਦਿੱਤੀ ਗਈ ਉਸ ਦੌਰਾਨ ਹੋਏ ਮਨੁੱਖੀ ਹੱਕਾਂ ਦੇ ਘੋਰ ਘਾਣ ਦੀ ਕਹਾਣੀ ਵਿੱਚੇ ਹੀ ਰਹਿ ਗਈ ਜੋ ਵਾਟ ਵਾਰ ਪੰਜਾਬ ਨੂੰ ਤੰਗ ਕਰ ਰਹੀ ਹੈ।
ਬਸ ਇਹ ਲੇਖ ਛਪਣ ਦੀ ਦੇਰ ਸੀ ਕਿ ਹਿੰਦੂ ਪੱਤਰਕਾਰਾਂ ਨੇ ਉਸ ਵਿਚਾਰਧਾਰਾ ਦੇ ਖਿਲਾਫ ਇੱਕ ਦਮ ਜ਼ਹਿਰ ਉਗਲਣਾਂ ਅਰੰਭ ਕਰ ਦਿੱਤਾ। ਇੱਕੋ ਦਿਨ ਸਿੱਖਾਂ ਕਦੇ ਪਾਕਿਸਤਾਨੀ ਏਜੰਸੀ ਨਾਲ ਸਬੰਧਾਂ ਨੂੰ ਦਰਸਾਉਂਦੇ ਦੋ ਲੇਖ ਅਤੇ ਇੱਕ ਪੂਰੀ ਟੀ ਵੀ ਰਿਪੋਰਟ ਜੋ ਕੁਝ ਸਿੱਖ ਅਤੇ ਪਾਕਿਸਤਾਨੀ ਵਿਦਵਾਨਾਂ ਦੀਆਂ ਤਸਵੀਰਾਂ ਨਾਲ ਚਲਾਈ ਗਈ। ਭਾਰਤੀ ਹਿੰਦੂ ਅਤੇ ਭਾਰਤੀ ਮੀਡੀਆ ਏਨ ਡਰਿਆ ਹੋਇਆ ਹੈ ਕਿ ਸਿੱਖਾਂ ਦੇ ਭਵਿੱਖ ਬਾਰੇ ਖੋਜ ਕਰਨ ਵਾਲੇ ਵੀ ਉਸ ਨੂੰ ਅੱਤਵਾਦੀ ਨਜ਼ਰ ਆਉਣ ਲੱਗ ਪਏ ਹਨ।
ਉਹ ਏਨੇ ਬੁਖਲਾ ਗਏ ਹਨ ਕਿ ਝੂਠ ਬੋਲਣ ਲੱਗੇ ਸਭ ਕੁਝ ਦਾਅ ਤੇ ਲਗਾ ਦੇਂਦੇ ਹਨ।ਜਿਨ੍ਹਾਂ ਕਹਾਣੀਆਂ ਦੀ ਕੌਮਾਂਤਰੀ ਤੌਰ ਕੋਈ ਵੁਕਤ ਨਹੀ ਹੈ ਉਹ ਭਾਰਤੀ ਮੀਡੀਆ ਵੱਲ਼ੋਂ ਚਲਾਈਆਂ ਜਾ ਰਹੀਆਂ ਹਨ।
ਇਹ ਮੀਡੀਆ ਨਹੀ ਸਰਕਸ ਹੈ।