ਪਿਛਲੇ ਸਾਲ ਪੰਜਾਬ ਭਰ ਵਿੱਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਜਾਣਬੁੱਝ ਕੇ ਕਰਵਾਈ ਗਈ ਬੇਅਦਬੀ ਤੋਂ ਬਾਅਦ ਸਿੱਖ ਪੰਥ ਦੇ ਜਜਬਾਤ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਸਿੱਖ਼ ਪੰਥ ਦੇ ਵੱਡੇ ਹਿੱਸੇ ਵਿੱਚ ਆਪਣੇ ਗੁਰੂ ਸਾਹਿਬਾਨ ਦੀ ਇਸ ਬੇਅਦਬੀ ਦੇ ਖਿਲਾਫ ਰੋਹ ਸੀ । ਆਪਣੇ ਰੋਹ ਦਾ ਪ੍ਰਗਟਾਵਾ ਸਿੱਖ ਪੰਥ ਨੇ ਲਗਭਗ ਇੱਕ ਮਹੀਨੇ ਲਈ ਪੰਜਾਬ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਕੇ ਕੀਤਾ। ਉਸ ਲਹਿਰ ਦੀ ਅਗਵਾਈ ਸਿੱਖ ਪੰਥ ਨੂੰ ਧਾਰਮਕ ਪ੍ਰਚਾਰ ਰਾਹੀਂ ਚੇਤੰਨ ਕਰਨ ਵਾਲੇ ਪ੍ਰਚਾਰਕਾਂ ਨੇ ਕੀਤੀ। ਜਿੱਥੇ ਪੰਥ ਨੇ ਆਪਣੇ ਗੁਰੂ ਨਾਲ ਆਪਣੀ ਅਕੀਦਤ ਅਤੇ ਸਾਂਝ ਨਿਭਾਉਂਦਿਆਂ ਚੇਤੰਨ ਸਿੱਖ ਵਾਂਗ ਗੁਰੂ ਸਾਹਿਬ ਦੀ ਬੇਅਦਬੀ ਖਿਲਾਫ ਜੀਅ ਜਾਨ ਨਾਲ ਪ੍ਰਦਰਸ਼ਨ ਕੀਤੇ ਉਥੇ ਹੀ ਕੁਝ ਮੌਕਾਪ੍ਰਸਤ ਲੋਕਾਂ ਨੇ ਸਿੱਖ ਪੰਥ ਦੇ ਉਸ ਰੋਹ ਨੂੰ ਆਪਣੀ ਸਿਆਸੀ ਦੁਕਾਨਦਾਰੀ ਚਮਕਾਉਣ ਲਈ ਵਰਤਣ ਦੇ ਯਤਨ ਅਰੰਭ ਦਿੱਤੇ। ਬਹੁਤ ਲੰਬੇ ਸਮੇਂ ਤੋਂ ਸਿੱਖਾਂ ਦੇ ਰਾਜਸੀ ਅਤੇ ਧਾਰਮਕ ਸੀਨ ਤੋਂ ਲਾਂਭੇ ਹੋ ਗਏ ਕੁਝ ਸੱਜਣਾਂ ਲਈ ਸਿੱਖ ਪੰਥ ਦਾ ਰੋਹ ਇੱਕ ਗਨੀਮਤ ਬਣਕੇ ਆਇਆ ਸੀ। ਜਿਨ੍ਹਾਂ ਦੀ ਅੱਖ ਪੰਜਾਬ ਦੀ ਸਿਆਸੀ ਸੱਤਾ ਨੂੰ ਹਰ ਹੀਲੇ ਹਾਸਲ ਕਰ ਲੈਣ ਤੇ ਸੀ ਉਨ੍ਹਾਂ ਨੇ ਸਿੱਖ ਜਜਬਾਤਾਂ ਨੂੰ ਆਪਣੀਆਂ ਰਾਜਸੀ ਰੀਝਾਂ ਦੀ ਪ੍ਰਾਪਤੀ ਲਈ ਵਰਤਣ ਦਾ ਫੈਸਲਾ ਕਰ ਲਿਆ।
ਸਰਬੱਤ ਖਾਲਸਾ ਕਿਉਂਕਿ ਸਿੱਖ ਪੰਥ ਦੀਆਂ ਰਵਾਇਤਾਂ ਦਾ ਪ੍ਰਤੀਕ ਹੈ ਅਤੇ ਸਿੱਖ ਹਿਰਦੇ ਵਿੱਚ ਆਪਣੇ ਗੁਰੂ ਵਾਂਗ ਵਸਦਾ ਹੈ ਇਸ ਲਈ, ਚਲਾਕ ‘ਧਾਰਮਕ ਸ਼ਖਸ਼ੀਅਤਾਂ’ ਅਤੇ ਸਿਆਸਤਦਾਨਾਂ ਨੇ ਸਿੱਖਾਂ ਦੇ ਇਕੱਠ ਨੂੰ ਸਰਬੱਤ ਖਾਲਸਾ ਦੇ ਨਾਅ ਹੇਠ ਬੁਲਾਉਣ ਦਾ ਫੈਸਲਾ ਕਰ ਲਿਆ।
ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਉਸ ਇਕੱਠ ਵਿੱਚ ਸ਼ਾਮਲ ਹੋਕੇ ਸਮੇਂ ਦੀਆਂ ਸਰਕਾਰਾਂ ਨੂੰ ਦੱਸ ਦਿੱਤਾ ਕਿ ਪੰਥ ਖਾਲਸਾ ਵੱਡੇ ਕਤਲੇਆਮਾਂ ਦੇ ਬਾਵਜੂਦ ਵੀ ਆਪਣੇ ਗੁਰੂ ਤੋਂ ਪਿੱਠ ਨਹੀ ਮੋੜ ਸਕਦਾ। ਸਿੱਖਾਂ ਦੇ ਘੋਰ ਕਤਲੇਆਮਾਂ ਦੇ ਤਿੰਨ ਦਹਾਕੇ ਅਤੇ ਪਿਛਲੇ ਇੱਕ ਦਹਾਕੇ ਤੋਂ ਚੱਲ ਰਹੀ ਨਸ਼ਾ-ਕੁਸ਼ੀ ਦੇ ਬਾਵਜੂਦ ਵੀ ਪੰਥ ਖਾਲਸਾ ਨੇ ਜਿਸ ਭਰਵੇਂ ਰੂਪ ਵਿੱਚ ਸਰਬੱਤ ਖਾਲਸਾ ਵਿੱਚ ਸ਼ਮੂਲੀਅਤ ਕੀਤੀ ਉਸਨੇ ਆਪਣੀ ਧਾਰਮਕ ਅਤੇ ਰਾਜਸੀ ਚੌਧਰ ਚਮਕਾਉਣ ਵਾਲਿਆਂ ਦੇ ਹੋਸ਼ ਗੁੰਮ ਕਰ ਦਿੱਤੇ।
ਇਨ੍ਹਾਂ ਸੱਜਣਾਂ ਨੇ ਪੰਥ ਦੀ ਉਸ ਮਾਸੂਮ ਭਾਵਨਾ ਨੂੰ ਕਿਸੇ ਵੱਡੇ ਕੌਮੀ ਕਾਜ ਲਈ ਵਰਤਣ ਦੀ ਥਾਂ ਵਰਤਮਾਨ ਸਿਆਸੀ ਅਤੇ ਧਾਰਮਕ ਮਹੌਲ ਵਿੱਚ ਆਪਣੀਆਂ ਪਦਵੀਆਂ ਨੂੰ ਬਰਕਰਾਰ ਰੱਖਣ ਲਈ ਵਰਤਣਾਂ ਸ਼ੁਰੂ ਕਰ ਦਿੱਤਾ।
ਉਸ ਸਰਬੱਤ ਖਾਲਸਾ ਵਿੱਚ ਸਿੱਖ ਸੂਰਬੀਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ। ਜਿਉਂ ਹੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਤਖਤ ਸਾਹਿਬ ਦਾ ਜਥੇਦਾਰ ਬਣਾਉਣ ਦਾ ਐਲਾਨ ਕੀਤਾ ਗਿਆ ਤਾਂ ਸਿੱਖ ਪੰਥ ਦੀਆਂ ਮਾਸੂਮ ਭਾਵਨਾਵਾਂ ਜੋ ਕਿਸੇ ਅਜਬ ਨਜ਼ਾਰੇ ਦੀ ਉਡੀਕ ਵਿੱਚ ਬੈਠੀਆਂ ਸਨ, ਭਾਵੁਕਤਾ ਅਤੇ ਬਹਾਦਰੀ ਦੇ ਅੰਬਰਾਂ ਤੇ ਚੜ੍ਹ ਗਈਆਂ। ਜਿਸ ਕਿਸਮ ਦਾ ਹੁੰਗਾਰਾ ਸਿੱਖ ਸੰਗਤ ਨੇ ਭਾਈ ਜਗਤਾਰ ਸਿੰਘ ਹਵਾਰਾ ਦਾ ਨਾਅ ਪੇਸ਼ ਹੋਣ ਵੇਲੇ ਭਰਿਆ ਉਹ ਕਿਸੇ ਇਤਿਹਾਸਕ ਕਾਰਨਾਮੇ ਨਾਲ਼ੋਂ ਘੱਟ ਨਹੀ ਸੀ। ਉਨਾਂ ਦੀ ਪੰਥ ਲਈ ਕੁਰਬਾਨੀ ਅਤੇ ਲੰਬੇ ਸਮੇਂ ਤੱਕ ਸੈਂਕੜੇ ਨਿੱਜੀ ਕਸ਼ਟ ਝੱਲਣ ਦਾ ਬਾਵਜੂਦ ਪੰਥ ਨਾਲ ਦ੍ਰਿੜਤਾ ਨਾਲ ਖੜ੍ਹੇ ਰਹਿਣ ਦੀ ਪ੍ਰਤੀਬੱਧਤਾ ਕਿਸੇ ਪ੍ਰਮਾਣ ਦੀ ਲਾਇਕ ਨਹੀ ਹੈ। ਇਸੇ ਲਈ ਪੰਥਕ ਪਿਆਰ ਵਿੱਚ ਬਾਵਰੀਆਂ ਸਿੱਖ ਸੰਗਤਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਅ ਨੂੰ ਖਾਲਸਾਈ ਸ਼ਾਨ ਨਾਲ ਪ੍ਰਵਾਨਗੀ ਦਿੱਤੀ।
ਉਸ ਤੋਂ ਬਾਅਦ ਪਲਕ-ਝਪਕਦੇ ਹੀ ਕੌਮ ਦੇ ਜਥੇਦਾਰ ਅਖਵਾਉਣ ਵਾਲੇ ਸੱਜਣਾਂ ਦੀ ਕਤਾਰ ਲੱਗ ਗਈ, ਜਿਹੜੀਆਂ ਸ਼ਖਸ਼ੀਅਤਾਂ ਬਹੁਤ ਲੰਬੇ ਸਮੇਂ ਤੋਂ ਬੇਪਰਦ ਹੋ ਰਹੀਆਂ ਸਨ ਅਤੇ ਬੇਪਰਦ ਹੋ ਚੁੱਕੀਆਂ ਸਨ ਉਹ ਹੀ ਫਿਰ ਅੱਗੇ ਆ ਗਈਆਂ।
ਇਨ੍ਹਾਂ ਸੱਜਣਾਂ ਦਾ ਨਿਸ਼ਾਨਾ ਕੌਮ ਨੂੰ, ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਿਖਿਆ ਦੇ ਸੰਦਰਭ ਵਿੱਚ ਕੋਈ ਰੌਸ਼ਨੀ ਦਿਖਾਉਣ ਦਾ ਨਹੀ ਸੀ ਬਲਕਿ ਲੰਬੜਦਾਰੀਆਂ ਕਰਨ ਦਾ ਸੀ। ਭਾਈ ਜਗਤਾਰ ਸਿੰਘ ਹਵਾਰਾ ਦੀ ਕੁਰਬਾਨੀ ਦਾ ਨਾਅ ਵਰਤਕੇ ਜਿਹੜੇ ਸੱਜਣ ਸਮੇਂ ਤੋਂ ਸਰਕਾਰਾਂ ਨਾਲ ਆਪਣੀ ਸਾਂਝ ਮਜਬੂਤ ਕਰਨੀ ਚਾਹੁੰਦੇ ਸਨ ਉਨ੍ਹਾਂ ਨੇ ਹੁਣ ਭਾਈ ਜਗਤਾਰ ਸਿੰਘ ਹਵਾਰਾ ਦੇ ਕੌਮੀ ਏਕਤਾ ਦੇ ਯਤਨਾ ਨੂੰ ਤਾਰਪੀਡੋ ਕਰਨਾ ਅਰੌਭ ਕਰ ਦਿੱਤਾ ਹੈ। ਸਿਰਫ ਇਸੇ ਲਈ ਕਿਉਂਕਿ ਏਕਤਾ ਦੇ ਯਤਨ ਸਿਰੇ ਚੜ੍ਹਨ ਨਾਲ ਉਨ੍ਹਾਂ ਵੀਰਾਂ ਦੀ ਆਪਣੀ ਨਿੱਜੀ ਚੌਧਰ ਖਤਮ ਹੁੰਦੀ ਹੈ। ਇਹ ਸਾਰਾ ਡਰਾਮਾ ਕਿਸੇ ਕੌਮੀ ਪੀੜ ਵਿੱਚੋਂ ਨਹੀ ਬਲਕਿ ਆਪਣੀ ਧਾਰਮਕ ਅਤੇ ਸਿਆਸੀ ਚੌਧਰ ਨੂੰ ਕਾਇਮ ਰੱਖਣ ਲਈ ਕੀਤਾ ਜਾ ਰਿਹਾ ਹੈ।
ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੀ ਸ਼ਖਸ਼ੀਅਤ ਜੇ ਇਨਾਂ ਬੌਣੀਆਂ ਸ਼ਖਸ਼ੀਅਤਾਂ ਦੇ ‘ਅਸਲ ਕਾਰਜ’ ਲਈ ਸਹਾਈ ਹੁੰਦੀ ਹੈ ਤਾਂ ਠੀਕ ਹੈ ਨਹੀ ਤਾਂ ਕਾਰਜਕਾਰੀ ਜਥੇਦਾਰ ਹੀ ਆਪਣੇ ਮੁਖੀ ਜਥੇਦਾਰ ਦਾ ਹੁਕਮ ਮੰਨਣ ਤੋਂ ਆਕੀ ਹੋ ਗਏ ਹਨ। ਭਾਈ ਜਗਤਾਰ ਸਿੰਘ ਹਵਾਰਾ ਨਾਲ ਇਨ੍ਹਾਂ ਵੀਰਾਂ ਦੀ ਸਾਂਝ ਅਤੇ ਰਿਸ਼ਤਾ ਬਸ ਏਨਾ ਕੁ ਹੀ ਹੈ। ਭਾਈ ਹਵਾਰਾ ਦਾ ਨਾਅ ਆਪਣੀ ਸਿਆਅੀ ਦੁਕਾਨਦਾਰੀ ਚਲਾਉਣ ਲਈ ਵਰਤ ਰਹੇ ਹਨ ਕੁਝ ਲੋਕ।
ਬਹੁਤ ਲੰਬੇ ਸਮੇਂ ਤੋਂ ਪੰਥ ਵਿੱਚ ਕੁਝ ਅਜਿਹਾ ਹੀ ਹੋ ਰਿਹਾ ਹੈ। ਸਿਧਾਂਤਾਂ ਦੀਆਂ ਗੱਲਾਂ ਕਰਨ ਵਾਲੇ ਆਪਣੀ ਵਾਰੀ ਆਉਣ ਤੇ ਇੱਕ ਪਲ ਵਿੱਚ ਸਾਰੇ ਸਿਧਾਂਤ ਛਿੱਕੇ ਤੇ ਟੰਗ ਦੇਂਦੇ ਹਨ।
ਪੰਥ ਦੇ ਅਸਲ ਸੂਰਬੀਆਂ ਨੂੰ ਪਿਛਾਂਹ ਧੱਕ ਕੇ ਇਨ੍ਹਾਂ ਸੱਜਣਾਂ ਨੇ ਇੱਕ ਵਾਰ ਫਿਰ ਪਿੜ ਮੱਲ ਲਿਆ ਹੈ। ਇਸ ਨਵੇਂ ਸੰਕਟ ਨਾਲ ਪੰਥ ਕਿੰਝ ਨਿਬੜੇਗਾ, ਕੁਝ ਕਿਹਾ ਨਹੀ ਜਾ ਸਕਦਾ।
ਅਰਦਾਸ ਹੈ ਗੁਰੂ ਭਲੀ ਕਰਨ।