ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀ ਇੱਕ ਹਿਰਦੇਵੇਧਕ ਕਵਿਤਾ ਹੈ ਜਿਸ ਵਿੱਚ ਉਨ੍ਹਾਂ ਨੇ ਸਿੱਖ ਕੌਮ ਦੀ ਵਰਤਮਾਨ ਸਥਿਤੀ ਬਾਰੇ ਕਾਫੀ ਦਰਦਮੰਦ ਟਿੱਪਣੀਆਂ ਕੀਤੀਆਂ ਹਨ। ਕਵਿਤਾ ਦੇ ਬੋਲ ਹਨ:
ਬੇਪੱਤ ਹੋਈਆਂ ਕੌਮਾਂ ਦੇ ਘਰ
ਦੂਰ ਫਰੇਬੀ ਧਰ ਤੇ,
ਬਦਨਸੀਬ ਪੈਰਾਂ ਦੇ ਹੇਠਾਂ
ਖਾਕ ਵਿਸ਼ੈਲੀ ਗਰਕੇ,
ਮੂੰਹਜੋਰ ਸਮਾਂ ਨਾ ਕੌਮੇ
ਮੇਟ ਸਕੇਗਾ ਤੈਨੂੰ,
ਆਪਣੀ ਪੱਤ ਪਛਾਣ ਲਵੇਂ ਜੇ
ਲੜ ਮਾਹੀ ਦਾ ਫੜਕੇ।
ਪਿਛਲੇ ਇੱਕ ਮਹੀਨੇ ਤੋਂ ਅਸੀਂ, ਗੁਰੂ ਦੇ ਸ਼ਰਧਾਵਾਨ ਸਿੱਖ, ਹਰਿਆਣੇ ਦੇ ਗੁਰੂਧਾਮਾਂ ਦੇ ਮਾਮਲੇ ਨੂੰ ਲੈਕੇ ਇੱਕ ਜਾਂਗਲੀ ਵਾਤਵਾਰਣ ਸਿਰਜ ਹੁੰਦਾ ਦੇਖ ਰਹੇ ਹਾਂ। ਸਿੱਖਾਂ ਦੀ ਸ਼ਰਧਾ ਦੇ ਕੇਂਦਰੀ ਅਸਥਾਨ ਕੁਝ ਨੀਵੇਂ ਦਰਜੇ ਦੇ ਸਿਆਸੀ ਲੋਕਾਂ ਦੀ ਬੇਗੈਰਤ ਅਤੇ ਬਦਤਮੀਜ਼ ਸਿਆਸੀ ਕਸਰਤ ਦਾ ਅਖਾੜਾ ਬਣੇ ਹੋਏ ਹਨ। ਗੁਰੂ ਦੇ ਅਸਥਾਨ ਜਿੱਥੇ ਅੰਮ੍ਰਿਤ ਵਰਗੀ ਸੁੱਚੀ ਅਤੇ ਸੱਚੀ ਸ਼ਰਧਾ ਨਾਲ ਗੁਰੂ ਦੇ ਸਿੱਖ ਨਤਮਸਤਕ ਹੋਣ ਆਉਂਦੇ ਹਨ, ਜਿੱਥੋਂ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਆਉਂਦੇ ਹਨ, ਕਿਸ ਜਾਂਗਲੀ ਬਿਰਤੀ ਵਾਲੇ ਲੋਕਾਂ ਦੇ ਕਬਜੇ ਅਧੀਨ ਆ ਗਏ ਹਨ। ਸਿੱਖੀ ਦਾ ਨਾਅ ਲੈਕੇ ਆਪਣੀ ਸਿਆਸੀ ਦੁਕਾਨ ਚਲਾਉਣ ਵਾਲੇ ਸੱਜਣ ਗੁਰੂ ਦੇ ਭਾਓ ਅਤੇ ਭਉ ਤੋਂ ਏਨੇ ਸੱਖਣੇ ਅਤੇ ਨਾਬਰ ਵੀ ਹੋ ਸਕਦੇ ਹਨ ਇਹ ਸਭ ਕੁਝ ਸਾਡੀਆਂ ਜਿਉਂਦੀਆਂ ਜਾਗਦੀਆਂ ਅੱਖਾਂ ਦੇਖ ਰਹੀਆਂ ਹਨ। ਸ਼ਰਧਾ ਦੇ ਅਸਥਾਨਾਂ ਤੇ ਤਲਵਾਰਾਂ ਅਤੇ ਬਰਛੇ ਲੈਕੇ ਬੈਠੇ ਗੁਰੂ ਨੂੰ ਮਾਨਸਿਕ ਤੌਰ ਤੇ ਬੇਦਾਵਾ ਦੇ ਚੁੱਕੇ ਲੋਕ ਇਸ ਗੱਲ ਦਾ ਵੀ ਖਿਆਲ ਨਹੀ ਰੱਖ ਰਹੇ ਕਿ ਇਹ ਸਾਡੇ ਗੁਰੂ ਦੇ ਅਸਥਾਨ ਹਨ ਘੱਟੋ-ਘੱਟ ਇਥੇ ਤਾਂ ਪਸ਼ੂਆਂ ਵਾਲਾ ਵਿਹਾਰ ਨਾ ਕਰੀਏ। ੨੧ਵੀਂ ਸਦੀ ਵਿੱਚ ਵਿਚਰ ਰਹੀ ਸਿੱਖ ਕੌਮ ਕਿੰਨੀ ਬਦਨਸੀਬ ਹੋ ਗਈ ਹੈ ਕਿ ਇਸਦੀ ਅਗਵਾਈ ਕਰਨ ਵਾਲੇ ਸੱਜਣ ਹਾਲੇ ਵੀ ੧੫ਵੀਂ ਸਦੀ ਵਾਲੀਆਂ ਕਾਰਵਾਈਆਂ ਵਿੱਚ ਮਸਤ ਹਨ। ਆਰਥਿਕ ਤੌਰ ਤੇ ਮਾਲਾਮਾਲ ਹੋਣ ਦੇ ਬਾਵਜੂਦ ਵੀ ਵਿਚਾਰਧਾਰਕ ਅਤੇ ਧਾਰਮਿਕ ਤੌਰ ਤੇ ਕਿੰਨੀ ਕੰਗਾਲੀ ਨੇ ਉਨ੍ਹਾਂ ਨੂੰ ਘੇਰਿਆ ਹੋਇਆ ਹੈ। ਅਜਿਹੇ ਲੋਕਾਂ ਨੂੰ ਇਸ ਗੱਲ ਦਾ ਵੀ ਭੈਅ ਨਹੀ ਹੈ ਕਿ ਕੱਲ਼੍ਹ ਨੂੰ ਇਤਿਹਾਸ ਸਾਡੇ ਬਾਰੇ ਕੀ ਫਤਵੇ ਦੇਵੇਗਾ।
ਗੁਰੂਘਰ ਦੇ ਮੁੱਖ ਦਰਵਾਜ਼ੇ ਬੰਦ ਕਰਕੇ ਹਥਿਆਰਾਂ ਦੇ ਜੋਰ ਤੇ ਉਸ ਸ਼ਰਧਾ ਦੇ ਕੇਂਦਰ ਤੇ ਜਾਂਗਲੀ ਕਬਜੇ ਦੀ ਭਾਵਨਾ ਨਾਲ ਬਿਠਾਏ ਗਏ ਲੋਕ ਕਿਸ ਸਿੱਖ ਇਤਿਹਾਸ ਦੀਆਂ ਨੀਹਾਂ ਪੱਕੀਆਂ ਕਰ ਰਹੇ ਹਨ। ਅਸੀਂ ਕਿੱਧਰ ਨੂੰ ਜਾ ਰਹੇ ਹਾਂ ਅਤੇ ਕਿਨ੍ਹਾਂ ਨੂੰ ਕੌਮ ਦੇ ਲੀਡਰ ਮੰਨ ਰਹੇ ਹਾਂ। ਅਜਿਹੀ ਲੀਡਰਸ਼ਿੱਪ ਕੌਮ ਨੂੰ ਕਿਹੋ ਜਿਹਾ ਭਵਿੱਖ ਦੇ ਸਕਦੀ ਹੈ? ਹਰ ਦਰਦਮੰਦ ਸਿੱਖ ਦੇ ਹਿਰਦੇ ਵਿੱਚ ਇਹ ਸੁਆਲ ਉਠ ਰਹੇ ਹਨ। ਹਰ ਸੱਚਾ ਸਿੱਖ ਇਸ ਘਟਨਾ ਕਾਰਨ ਲਹੂ ਦੇ ਹੰਝੂ ਰੋ ਰਿਹਾ ਹੈ ਪਰ ਇਸ ਨਾਟਕ ਦੇ ਸੂਤਰਧਾਰ ਏਨੀ ਬੇਸ਼ਰਮੀ ਨਾਲ ਆਪਣੀ ਸਫਲਤਾ ਤੇ ਹਸ ਰਹੇ ਹਨ ਜਿਵੇਂ ਉਨ੍ਹਾਂ ਦੀਆਂ ਭਾਵਨਾਵਾਂ ਬਿਲਕੁਲ ਪੱਥਰ ਹੋ ਗਈਆਂ ਹੋਣ।
ਹਾਲੇ ੬ ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵਾਪਰੀ ਦੁਰਘਟਨਾ ਦੀ ਬੇਇਜ਼ਤੀ ਤੋਂ ਸੁਰਖਰੂ ਵੀ ਨਹੀ ਸੀ ਹੋਏ ਕਿ ਕੌਮ ਦੇ ਤਾਜਦਾਰਾਂ ਨੇ ਹਰਿਆਣੇ ਦੇ ਗੁਰੂਘਰਾਂ ਵਿੱਚ ਹੋਰ ਗੁੱਲ ਖਿਲਾ ਦਿੱਤੇ ਹਨ। ਕਿੰਨੇ ਬੇਕਿਰਕ ਅਤੇ ਪੱਥਰਦਿਲ ਹੋ ਸਕਦੇ ਹਨ ਉਹ ਇਨਸਾਨ ਜੋ ਗੁਰੂਘਰਾਂ ਦਾ ਕਬਜਾ ਲੈਣ ਲਈ ਮੋਰਚੇ ਲਾਈ ਬੈਠੇ ਹਨ ਤੇ ਜੋ ਕਬਜਾ ਨਾ ਛੱਡਣ ਲਈ ਬਜਿੱਦ ਹਨ। ਸ਼ਾਇਦ ਗੁਰੂ ਸਾਹਿਬ ਦੀ ਸਿਖਿਆ ਦਾ ਇੱਕ ਕਿਣਕਾ ਵੀ ਅਜਿਹੇ ਲੋਕਾਂ ਦੇ ਹਿਰਦੇ ਵਿੱਚ ਨਹੀ ਵਸਿਆ ਹੋਇਆ।
ਸ੍ਰ ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦੇ ਵੱਡੇ ਸਿਆਸੀ ਆਗੂ ਹਨ। ਵਾਹਿਗੁਰੂ ਨੇ ਉਨ੍ਹਾਂ ਨੂੰ ਉਹ ਸਭ ਕੁਝ ਦਿੱਤਾ ਹੈ ਜਿਸਦੀ ਇੱਛਾ ਅਤੇ ਲਾਲਸਾ ਭਾਰਤ ਦੇ ਕਿਸੇ ਸਿਆਸੀ ਆਗੂ ਵਿੱਚ ਹੋ ਸਕਦੀ ਹੈ। ਉਨ੍ਹਾਂ ਨੂੰ ਉਮਰ ਦੇ ਇਸ ਪੜਾਅ ਤੇ ਆਕੇ ਕੋਈ ਸਮਝਦਾਰੀ ਦਾ ਵਿਖਾਵਾ ਕਰਨਾ ਚਾਹੀਦਾ ਹੈ। ਵੈਸੇ ਵੀ ਉਮਰ ਵਧਣ ਨਾਲ ਬੰਦਾ ਕਾਫੀ ਪ੍ਰੋੜ ਹੋ ਜਾਂਦਾ ਹੈ ਅਤੇ ਆਪਣੀ ਉਮਰ ਅਤੇ ਰੁਤਬੇ ਦਾ ਖਿਆਲ ਕਰਦਿਆਂ ਅਜਿਹੇ ਕੰਮ ਕਰਨ ਤੋਂ ਗੁਰੇਜ ਕਰਦਾ ਹੈ ਜਿਨ੍ਹਾਂ ਨਾਲ ਉਸ ਬਾਰੇ ਕੋਈ ਗਲਤ ਸੰਦੇਸ਼ ਜਾਵੇ। ਕੌਮ ਨੇ ਬਾਦਲ ਸਾਹਿਬ ਨੂੰ ਮਣਾਂਮੂੰਹੀ ਪਿਆਰ ਦਿੱਤਾ ਹੈ। ਬਹੁਤ ਲੰਬੇ ਸਮੇਂ ਤੋਂ ਉਹ ਆਪਣੀ ਸਿਆਸੀ ਪਾਰੀ ਪੰਜਾਬ ਵਿੱਚ ਖੇਡ ਰਹੇ ਹਨ।
ਅਸੀਂ ਉਨ੍ਹਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਆਪਣਾਂ ਰਸੂਖ ਵਰਤਕੇ ਰੱਬ ਦੇ ਵਾਸਤੇ ਗੁਰੂਘਰਾਂ ਵਿੱਚ ਅਜਿਹੇ ਹਾਲਾਤ ਪੈਦਾ ਕਰਨ ਤੋਂ ਰੋਕ ਦੇਵੋ। ਕਿਉਂਕ ਉਨ੍ਹਾਂ ਦੇ ਕਹਿਣ ਤੇ ਹਾਲਾਤ ਠੀਕ ਹੋ ਸਕਦੇ ਹਨ। ਗੁਰੂ ਦੇ ਧਾਮ ਹੀ ਸਿੱਖਾਂ ਦੇ ਅਜਿਹੇ ਕੇਂਦਰ ਹਨ ਜਿੱਥੇ ਸਿੱਖ ਆਪਣੀ ਸ਼ਰਧਾ ਭੇਟ ਕਰਨ ਦੇ ਨਾਲ ਨਾਲ ਆਪਣੇ ਭਵਿੱਖ ਬਾਰੇ ਫੈਸਲੇ ਲੈ ਸਕਦੇ ਹਨ। ਇਹ ਨਾ ਹੋਵੇ ਕਿ ਅਸੀਂ ਅਗਲੀਆਂ ਪੀੜ੍ਹੀਆਂ ਦੇ ਮਨ ਵਿੱਚ ਇਹ ਗੱਲ ਵਸਾ ਦੇਈਏ ਕਿ ਗੁਰੂਘਰ ਤਾਂ ਲੜਨ ਭਿੜਨ ਵਾਲੇ ਲੋਕ ਹੀ ਜਾਂਦੇ ਹਨ, ਸਾਊ ਤੇ ਧਾਰਮਿਕ ਬੰਦਿਆਂ ਦਾ ਉਥੇ ਕੀ ਕੰਮ ਹੈ?
ਸਿੱਖ ਕੌਮ ਨੂੰ ਵੀ ਬੇਨਤੀ ਹੈ ਕਿ ਬੇਸ਼ੱਕ ਸਾਡੇ ਪੇਰਾਂ ਹੇਠ ਹਾਲੇ ਵਿਸ਼ੈਲੀ ਖਾਕ ਦਾ ਪਹਿਰਾ ਹੈ ਪਰ ਆਪਣੇ ਗੁਰੂ ਦਾ ਲੜ ਫੜੀ ਰੱਖਕੇ ਹੀ ਅਸੀਂ ਮੂੰਹਜੋਰ ਸਮੇਂ ਦੇ ਇਨ੍ਹਾਂ ਵਹਿਸ਼ੀ ਥਪੇੜਿਆਂ ਨੂੰ ਹਰਾ ਸਕਦੇ ਹਾਂ। ਇਨ੍ਹਾਂ ਗਹਿਰ ਗੰਭੀਰ ਹਾਲਤਾਂ ਵਿੱਚ ਵੀ ਸਾਡਾ ਗੁਰੂ ਤੋਂ ਵਿਸ਼ਵਾਸ਼ ਖਤਮ ਨਹੀ ਹੋਣਾਂ ਚਾਹੀਦਾ। ਸਿਆਸੀ ਲੋਕਾਂ ਦੀ ਸਿਆਸਤ ਚੰਦ ਦਿਨਾਂ ਦੀ ਹੈ ਪਰ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਦਾ ਦਰਿਆ ਹਮੇਸ਼ਾ ਹਮੇਸ਼ਾ ਲਈ ਵਗਦਾ ਰਹੇਗਾ। ਗੁਰੂ ਸਾਹਿਬ ਦੀ ਸਿਖਿਆ ਦਾ ਸੂਰਜ ਸਾਡੇ ਰਾਹ ਰੁਸ਼ਨਾਉਂਦਾ ਰਹੇਗਾ ਅਤੇ ਸਿੱਖ ਆਪਣੇ ਗੁਰੂ ਨਾਲ ਪ੍ਰੀਤ ਪਾਕੇ ਹੀ ਆਪਣਾਂ ਜਨਮ ਸੁਹੇਲਾ ਕਰਦੇ ਰਹਿਣਗੇ।