ਬਰਗਾੜੀ ਵਿਖੇ ੧ ਜੂਨ ਤੋਂ ਸਿੱਖ ਪੰਥ ਦੀਆਂ ਕੁਝ ਹੱਕੀ ਮੰਗਾਂ ਨੂੰ ਮਨਵਾਉਣ ਲਈ ਸਿੱਖ ਸੰਗਤਾਂ ਵੱਲ਼ੋਂ ਮੋਰਚਾ ਲਗਾਇਆ ਹੋਇਆ ਹੈ। ਸਰਬੱਤ ਖਾਲਸਾ ਵੱਲ਼ੋਂ ਥਾਪੇ ਹੋਏ ਤਖਤ ਸਾਹਿਬਾਨ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਇਹ ਮੋਰਚਾ ਨਿਰੰਤਰ ਚੱਲ ਰਿਹਾ ਹੈ। ਸਵੇਰ ਤੋਂ ਸ਼ਾਮ ਤੱਕ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਬਰਗਾੜੀ ਮੋਰਚੇ ਵਿੱਚ ਸ਼ਾਮਲ ਹੁੰਦੀਆਂ ਹਨ। ਸਿੱਖ ਕੌਮ ਦੇ ਪਰਚਾਰਕ, ਢਾਡੀ ਅਤੇ ਕਵੀਸ਼ਰੀ ਜਿੱਥੇ ਸਿੱਖ ਇਤਿਹਾਸ ਦਾ ਗਾਇਨ ਕਰਦੇ ਹਨ ਉਥੇ ਪੰਥਕ ਬੁਲਾਰੇ ਇਸ ਮੋਰਚੇ ਦੀਆਂ ਮੰਗਾਂ ਬਾਰੇ ਅਤੇ ਸਰਕਾਰਾਂ ਦੇ ਰਵੱਈਏ ਬਾਰੇ ਆਪਣਾਂ ਪੱਖ ਰੱਖਦੇ ਹਨ।
ਬਰਗਾੜੀ ਵਿਖੇ ਚੱਲ ਰਹੇ ਮੋਰਚੇ ਦੀਆਂ ਤਿੰਨ ਪ੍ਰਮੁੱਖ ਮੰਗਾਂ ਹਨ-ਪਹਿਲੀ ਤਾਂ ਇਹ ਕਿ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ, ਦੂਜੀ ਇਹ ਕਿ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਸਿੰਘਾਂ ਤੇ ਗੋਲੀਆਂ ਚਲਾਉਣ ਵਾਲੇ ਗ੍ਰਿਫਤਾਰ ਕੀਤੇ ਜਾਣ ਅਤੇ ਤੀਜਾ ਕਿ ਲੰਬੇ ਸਮੇਂ ਤੋਂ ਜੇਲ਼੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਕੀਤੀ ਜਾਵੇ।
ਮੋਰਚੇ ਦੇ ਪਹਿਲੇ ਦਿਨਾਂ ਦੌਰਾਨ ਪੰਜਾਬ ਸਰਕਾਰ ਨੇ ਕੁਝ ਸਰਗਰਮੀ ਦਿਖਾਈ ਸੀ ਅਤੇ ਕੁਝ ਇੱਕੜ-ਦੁੱਕੜ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਪਰ ਹੁਣ ਜਾਪਦਾ ਹੈ ਕਿ ਉਪਰੋਂ ਪਈ ਘੂਰ ਦੇ ਡਰ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੈਰ ਪਿਛਾਂਹ ਖਿੱਚ ਲਏ ਹਨ। ਜਿਸ ਤੇਜ਼ੀ ਨਾਲ ਕੁਝ ਕੁ ਗ੍ਰਿਫਤਾਰੀਆਂ ਹੋਈਆਂ ਸਨ ਹੁਣ ਉਹ ਕਾਰਵਾਈ ਖਤਮ ਹੋ ਗਈ ਹੈ। ਸਿਰਫ ਦੋ ਚਾਰ ਬੰਦੇ ਫੜ ਕੇ ਖਾਨਾਪੂਰਤੀ ਕੀਤੀ ਜਾਣ ਲੱਗੀ ਹੈ। ਉਸ ਘਿਨਾਉਣੇ ਕਾਂਡ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਸਨ ਇਸ ਬਾਰੇ ਕੋਈ ਖੁਲਾਸਾ ਨਹੀ ਕੀਤਾ ਜਾ ਰਿਹਾ।
ਬਹਿਬਲ ਕਾਂਡ ਦੇ ਦੋਸ਼ੀ ਤਾਂ ਖੈਰ ਨਾ ਕਿਸੇ ਨੇ ਫੜੇ ਹਨ ਅਤੇ ਨਾ ਕਿਸੇ ਨੇ ਫੜਨੇ ਹਨ, ਪਰ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦਰਕਾਰ ਨੇ ਜੋ ਸਰਗਰਮੀ ਦਿਖਾਉਣੀ ਸ਼ੁਰੂ ਕੀਤੀ ਸੀ ਉਹ ਵੀ ਠੰਢੇ ਬਸਤੇ ਵਿੱਚ ਪਾ ਦਿੱਤੀ ਗਈ ਲਗਦੀ ਹੈ। ਪੰਜਾਬੀ ਦੇ ਇੱਕ ਅਖਬਾਰ ਵਿੱਚ ਚੰਡੀਗੜ੍ਹ ਤੋਂ ਇਹ ਖਬਰ ਲੱਗੀ ਸੀ ਕਿ ਪੰਜਾਬ ਸਰਕਾਰ, ਰਾਜਸਥਾਨ ਜੇਲ਼੍ਹ ਐਕਟ ਦੀ ਤਰਜ਼ ਤੇ ਆਪਣੇ ਜੇਲ਼੍ਹ ਐਕਟ ਵਿੱਚ ਤਬਦੀਲੀ ਕਰਨ ਜਾ ਰਹੀ ਹੈ ਤਾਂ ਕਿ ਚੰਗੇ ਆਚਰਨ ਵਾਲੇ ਕੈਦੀਆਂ ਦੀ ਰਿਹਾਈ ਦਾ ਰਾਹ ਪੱਧਰਾ ਹੋ ਜਾਵੇ। ਪਰ ਦਿੱਲੀ ਪਹੁੰਚੇ ਪੰਜਾਬ ਦੇ ਅਲੰਬਰਦਾਰਾਂ ਦੀ ਸਲਾਹ ਤੋਂ ਬਾਅਦ, ਦਿੱਲੀ ਵਾਲਿਆਂ ਨੇ ਇਹ ਕਾਰਜ ਵੀ ਠੱਪ ਕਰ ਦਿੱਤਾ ਲਗਦਾ ਹੈ। ਦੱਸਿਆ ਜਾਂਦਾ ਹੈ ਕਿ ਪੰਜਾਬ ਤੋਂ ਸਿੱਖਾਂ ਦੇ ਕੁਝ ਕਥਿਤ ਖੈਰਖੁਆਹ ਦਿੱਲੀ ਜਾਕੇ ਇਹ ਆਖ ਆਏ ਹਨ ਕਿ ਜੇ ਜੇਲ਼੍ਹੀਂ ਬੰਦ ਸਿੰਘ ਹੁਣ ਰਿਹਾ ਕਰ ਦਿੱਤੇ ਤਾਂ ਉਨ੍ਹਾਂ ਦਾ ਸਿੱਖ ਵੋਟ ਬੈਂਕ ਖਿਸਕ ਕੇ ਕਾਂਗਰਸ ਵੱਲ ਚਲਾ ਜਾਵੇਗਾ ਅਤੇ ਅਗਲੀਆਂ ਚੋਂਣਾਂ ਵਿੱਚ ਉਨ੍ਹਾਂ ਦਾ ਨੁਕਸਾਨ ਹੋ ਜਾਵੇਗਾ।
ਪੰਜਾਬ ਦੀ ਹਿੰਦੂ ਵੋਟ ਨਰਿੰਦਰ ਮੋਦੀ ਨੇ ਕਾਬੂ ਕਰ ਲਈ ਹੋਈ ਹੈ, ਸਿੱਖ ਵੋਟ ਤੇ ਅੱਖ ਰੱਖਕੇ ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤ ਕਰਨੀ ਚਾਹੀ ਸੀ ਜੋ ਹੁਣ ਸਫਲ ਹੁੰਦੀ ਨਹੀ ਦਿਸਦੀ ਕਿਉਂਕ ਪੰਜਾਬ ਦੇ ਖੈਰਖੁਆਹ ਸਿੰਘਾਂ ਦੀ ਰਿਹਾਈ ਨਾਲ਼ੋਂ ਆਪਣੇ ਨਿੱਜੀ ਸਿਆਸੀ ਕਰੈਡਿਟ ਬਾਰੇ ਜਿਆਦਾ ਫਿਕਰਮੰਦ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਤਾਂ ਸ਼ਰੇਆਮ ਇਸ ਸੰਘਰਸ਼ ਨੂੰ ਸਿਆਸੀ ਸਟੰਟ ਆਖ ਦਿੱਤਾ ਹੈ।
ਇਹ ਗੱਲ ਹੋ ਸਕਦੀ ਹੈ ਕਿ ਮੋਰਚੇ ਦੇ ਪਰਬੰਧਕਾਂ ਦੀਆਂ ਕੁਝ ਨਿੱਜੀ ਸਿਆਸੀ ਲਾਲਸਾਵਾਂ ਹੋਣ ਪਰ ਇਸਨੂੰ ਸਿਆਸੀ ਸਟੰਟ ਕਹਿਣਾਂ ਕਿਤੇ ਵੀ ਠੀਕ ਨਹੀ ਹੈ। ਵੱਡੀ ਗਿਣਤੀ ਵਿੱਚ ਜੋ ਸਿੱਖ ਸੰਗਤ ਮੋਰਚੇ ਵਿੱਚ ਪਹੁੰਚ ਰਹੀ ਹੈ ਉਸਨੂੰ ਭਟਕੀ ਹੋਈ ਜਾਂ ਬੇਮੁਖ਼ ਨਹੀ ਆਖਿਆ ਜਾ ਸਕਦਾ।
ਖੈਰ ਹੁਣ ਇੱਕ ਵਾਰ ਫਿਰ ਸਿੱਖਾਂ ਦੀਆਂ ਹੱਕੀ ਮੰਗਾਂ ਕੁਝ ਲੋਕਾਂ ਦੇ ਆਪਣੇ ਸਿਆਸੀ ਕਰੈਡਿਟ ਦੀ ਭੇਟ ਚੜ੍ਹ ਗਈਆਂ ਹਨ। ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਰਗੇ ਪਵਿੱਤਰ ਕਾਰਜ ਸਿਆਸੀ ਲੋਕਾਂ ਦੀ ਹuਮੈਂ ਦਾ ਸ਼ਿਕਾਰ ਹੋ ਗਏ ਹਨ।
ਪੰਥ ਅਤੇ ਪੰਜਾਬ ਨੂੰ ਹਾਲੇ ਹੋਰ ਸੰਘਰਸ਼ ਕਰਨਾ ਪਵੇਗਾ।