ਹਰ ਕੌਮ ਅਤੇ ਹਰ ਸੱਭਿਅਤਾ ਦੀਆਂ ਕੁਝ ਰਵਾਇਤਾਂ, ਕੁਝ ਮਾਨ-ਮਰਯਾਦਾਵਾਂ ਅਤੇ ਕੁਝ ਵਿਰਾਸਤਾਂ ਹੁੰਦੀਆਂ ਹਨ। ਕੌਮੀ ਵਿਚਾਰਧਾਰਾ, ਰੁਹਾਨੀ ਸੰਕਲਪ, ਕੌਮੀ ਕਿਰਦਾਰ, ਕੌਮੀ ਨਾਇਕ ਅਤੇ ਕੌਮੀ ਵਿਰਾਸਤ। ਹਰ ਕੌਮ ਨੇ ਇਤਿਹਾਸ ਵਿੱਚ ਕੁਝ ਨਾ ਕੁਝ ਅਜਿਹਾ ਕੀਤਾ ਹੁੰਦਾ ਹੈ ਜਿਸ ਤੇ ਉਸਦੀਆਂ ਪੀੜ੍ਹੀਆਂ ਲਗਾਤਾਰ ਮਾਣ ਕਰਦੀਆਂ ਹਨ। ਆਪਣੇ ਪੁਰਖਿਆਂ ਦੀ ਵਿਰਾਸਤ ਦਾ ਸਤਿਕਾਰ ਹੀ ਨਹੀ ਕਰਦੀਆਂ ਬਲਕਿ ਉਸ ਵਿਰਾਸਤ ਨੂੰ ਜਿੰਦਾ ਰੱਖਣ ਦਾ ਮਨ ਹੀ ਮਨ ਵਿੱਚ ਸੰਕਲਪ ਧਾਰਕੇ ਵੀ ਚਲਦੀਆਂ ਹਨ। ਕੌਮੀ ਜਜਬੇ ਅਤੇ ਕੌਮੀ ਵਿਰਾਸਤ ਏਨੀ ਪਵਿੱਤਰ ਤੇ ਮੂੰਹਜੋਰ ਹੁੰਦੀ ਹੈ ਕਿ ਸਦੀਆਂ ਤੱਕ ਇਸਦਾ ਹਸਤਾਂਤਰਣ ਬਹੁਤ ਪਵਿੱਤਰ ਰੂਪ ਵਿੱਚ ਹੁੰਦਾ ਰਹਿੰਦਾ ਹੈ। ਭਾਵੇਂ ਉਹ ਕੌਮੀ ਸਾਹਿਤ ਹੋਵੇ, ਸੱਭਿਆਚਾਰਕ ਰਵਾਇਤਾਂ ਹੋਣ ਜਾਂ ਮੈਦਾਨਿ ਜੰਗ ਵਿੱਚ ਕੌਮ ਦੇ ਪੁਰਖਿਆਂ ਵੱਲ਼ੋਂ ਮਾਰੀਆਂ ਮੱਲਾਂ ਹੋਣ।
ਮੈਦਾਨਿ ਜੰਗ ਵਿੱਚ ਮਾਰੀਆਂ ਮੱਲਾਂ ਹਾਲੇ ਤੱਕ ਵੀ ਹਰ ਕੌਮ ਦੇ ਰੂਹ ਦਾ ਹਾਣ ਬਣੀਆਂ ਹੋਈਆਂ ਹਨ। ਪੂਰਬ ਅਤੇ ਪੱਛਮ ਵਿੱਚ ਅੱਜ ਵੀ ਆਪਣੇ ਸੂਰਬੀਰਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੀ ਬਹਾਦਰੀ ਦੀਆਂ ਗਾਥਾਵਾਂ ਸੁਣਾਉਣ ਦਾ ਰਿਵਾਜ਼ ਕਾਇਮ ਹੈ। ਆਪਣੇ ਸ਼ਹੀਦਾਂ ਦੀ ਯਾਦ ਵਿੱਚ ਸ਼ਾਂਤ ਚਿੱਤ ਖੜ੍ਹੇ ਹੋਕੇ ਉਨ੍ਹਾਂ ਦਾ ਸਤਿਕਾਰ ਰੱਖਣ ਦੀ ਰਵਾਇਤ ਯੂਰਪ ਵਿੱਚ ਅੱਜ ਵੀ ਕਾਇਮ ਹੈ। ੧੧ ਨਵੰਬਰ ਨੂੰ ਹਰ ਸਾਲ ਸ਼ਹੀਦ ਹੋ ਗਏ ਸੂਰਬੀਰਾਂ ਦੀ ਯਾਦ ਵਿੱਚ ਪੂਰੇ ਇੰਗਲ਼ੈਂਡ ਵਿੱਚ ਮੌਨ ਰੱਖ ਕੇ ਆਪਣੇ ਇਤਿਹਾਸ ਨੂੰ ਯਾਦ ਕੀਤਾ ਜਾਂਦਾ ਹੈ।
ਸਿੱਖ ਕੌਮ ਵੀ ਦਿਨ ਰਾਤ ਆਪਣੇ ਸ਼ਹੀਦਾਂ, ਸੂਰਬੀਰਾਂ ਅਤੇ ਕੌਮੀ ਨਾਇਕਾਂ ਨੂੰ ਅਰਦਾਸ ਦੇ ਮਾਧਿਅਮ ਨਾਲ ਯਾਦ ਰੱਖਦੀ ਹੈ ਅਤੇ ਉਨ੍ਹਾਂ ਦੀ ਕੁਰਬਾਨੀ ਦੇ ਸੁਚੇ ਜਜਬੇ ਨੂੰ ਆਪਣੇ ਮਨ ਅੰਤਰ ਦੀ ਯਾਦ ਨਾਲ ਮਿਲਾ ਕੇ ਰੱਖਦੀ ਹੈ। ਸਿੱਖ ਸ਼ਹੀਦਾਂ ਦੀ ਬਹਾਦਰੀ ਦੇ ਕਿੱਸੇ ਅੱਜ ਵੀ ਘਰ-ਘਰ ਸੁਣੇ ਅਤੇ ਸੁਣਾਏ ਜਾਂਦੇ ਹਨ। ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਲੈਕੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਉਸ ਤੋਂ ਬਾਅਦ ਦੇ ਸ਼ਹੀਦਾਂ ਦੀ ਯਾਦ ਸਿੱਖ ਸਿਮਰਤੀ ਦਾ ਹਿੱਸਾ ਬਣੀ ਹੋਈ ਹੈ। ਪਿਛਲੇ ਦਿਨੀ ਦੇਸ਼ ਵਿਦੇਸ਼ ਵਿੱਚ ਦੇਖੀ ਗਈ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਬਣੀ ਫਿਲਮ ਨੂੰ ਕੌਮ ਵੱਲ਼ੋਂ ਮਿਲੇ ਹੁੰਗਾਰੇ ਨੇ ਸ਼ਹੀਦਾਂ ਦੀ ਯਾਦ ਅਤੇ ਉਨ੍ਹਾਂ ਦੀ ਵਿਚਾਰਧਾਰਾ ਦੀਆਂ ਬਖਸ਼ਿਸ਼ਾਂ ਦਾ ਦਰਿਆ ਫਿਰ ਸਿੱਖ ਮਨਾਂ ਵਿੱਚ ਵਗਾ ਦਿੱਤਾ ਹੈ।
ਨਿਰਸੰਦੇਹ ਇਹ ਯਾਦਾਂ ਸਾਂਭਣਯੋਗ ਹਨ। ਇਨ੍ਹਾਂ ਦੀ ਯਾਦ ਮਨ ਵਿੱਚ ਵਸਾਕੇ ਰੱਖਣਾਂ ਹਰ ਸੱਚੇ ਸਿੱਖ ਦਾ ਫਰਜ਼ ਹੈ। ਇਨ੍ਹਾਂ ਦੇ ਪੂਰਨਿਆਂ ਤੇ ਚੱਲਣਾਂ ਵੀ ਹਰ ਸਿੱਖ ਦੀ ਜਿੰਮੇਵਾਰੀ ਹੈ ਪਰ ਇਸ ਜਿੰਮੇਵਾਰੀ ਦੇ ਨਾਲ ਜੋ ਵਿਚਾਰਧਾਰਾ ਪਰਣਾਈ ਹੋਈ ਹੈ ਉਸਦਾ ਖਿਆਲ ਵੀ ਹਰ ਸਿੱਖ ਦੇ ਜੀਵਨ ਦਾ ਹਿੱਸਾ ਹੋਣਾਂ ਚਾਹੀਦਾ ਹੈ।
ਬਹਾਦਰੀ ਦਾ ਸਿੱਖ ਸੰਕਲਪ ਗੁਰਬਾਣੀ ਦੇ ਉਚੇ ਮੰਡਲਾਂ ਨਾਲ ਇੱਕ-ਮਿੱਕ ਹੋਇਆ ਹੋਇਆ ਹੈ। ਸਿੱਖ ਬਹਾਦਰੀ ਕਦੇ ਵੀ ਗੁਰੂ ਦੇ ਪਿਆਰ ਤੋਂ ਵੱਖਰੀ ਅਤੇ ਸੱਖਣੀ ਹੋ ਕੇ ਨਹੀ ਚਲਦੀ। ਸਿੱਖ ਹਿੰਸਾ ਦਾ ਅਧਿਆਤਮਿਕ ਪੱਖ ਏਨਾ ਪਵਿੱਤਰ ਅਤੇ ਸਰ-ਸਬਜ ਹੈ ਕਿ ਇਸ ਨੂੰ ਦੁਨਿਆਵੀ ਹਿੰਸਾ ਦੇ ਪੈਮਾਨੇ ਨਾਲ ਨਹੀ ਤੋਲਿਆ ਜਾ ਸਕਦਾ। ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਸਿੱਖ ਹਿੰਸਾ ਦੀ ਵਿਆਖਿਆ ਕਰਦਿਆਂ ਆਖਿਆ ਹੈ ਕਿ, ਸਿੱਖ ਹਿੰਸਾ ਵਿੱਚ ਰਹਿਮ ਅਤੇ ਸਿੱਖ ਅਹਿੰਸਾ ਵਿੱਚ ਗਜ਼ਬ ਹੋਣਾਂ ਚਾਹੀਦਾ ਹੈ। ਗੁਰੂ ਦੇ ਪਿਆਰ ਨਾਲ ਰੱਤੀ ਹੋਈ ਹਿੰਸਾ ਕਦੇ ਖੁੰਖਾਰੂ ਨਹੀ ਹੋਣੀ ਚਾਹੀਦੀ। ਉਹ ਕਿਸੇ ਦਾ ਨੁਕਸਾਨ ਕਰਨ ਲਈ ਨਹੀ ਹੁੰਦੀ ਬਲਕਿ ਇਨਸਾਫ ਲੈਣ ਲਈ ਹੁੰਦੀ ਹੈ। ਇਸੇ ਲਈ ਸਿੱਖ ਸੂਰਮੇ ਹਮੇਸ਼ਾ ਗੁਰੂ ਦੀ ਬਖਸ਼ਿਸ਼ ਨਾਲ ਹੀ ਮੈਦਾਨ ਵਿੱਚ ਵਿਚਰਦੇ ਹਨ। ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਉਹ ਹੀ ਮੈਦਾਨ ਵਿੱਚ ਜਾਣ ਦਾ ਮਾਣ ਪ੍ਰਾਪਤ ਕਰਦੇ ਹਨ। ਇਸੇ ਲਈ ਗੁਰੂ ਦੀ ਬਖਸ਼ਿਸ਼ ਨਾਲ ਓਤਪੋਤ ਹੋਏ ਸੂਰਮੇ ਕਦੇ ਆਪਣਾਂ ਸਹਿਜ ਨਹੀ ਛੱਡਦੇ, ਉਹ ਮੈਦਾਨਿ ਜੰਗ ਵਿੱਚ ਵੀ ਸ਼ਾਂਤ ਰਹਿੰਦੇ ਹਨ, ਚਾਂਘਰਾਂ ਨਹੀ ਮਾਰਦੇ ਨਾ ਹੀ ਉਨ੍ਹਾਂ ਦੀ ਹਿੰਸਾ ਆਪ ਮੁਹਾਰੀ ਹੁੰਦੀ ਹੈ। ਗੁਰੂ ਦੀਆਂ ਨਜ਼ਰਾਂ ਹੇਠ ਵਰਤ ਰਹੀ ਖੇਡ ਗੁਰਬਾਣੀ ਦੇ ਸੱਚ ਨੂੰ ਪ੍ਰਜਵਲਿਤ ਕਰਨ ਲਈ ਹੁੰਦੀ ਹੈ। ਸਿੱਖ ਸੂਰਮੇ ਲਲਕਾਰੇ ਮਾਰਕੇ ਜਾਂ ਗਾਲ਼੍ਹਾਂ ਕੱਢਕੇ ਹੇਠਲੇ ਦਰਜੇ ਦੀ ਹਿੰਸਾ ਦਾ ਮੁਜਾਹਰਾ ਨਹੀ ਕਰਦੇ ਬਲਕਿ ਉਹ ਤਾਂ ਆਪਣੀ ਜਿੰਮੇਵਾਰੀ ਨਿਭਾਅ ਕੇ ਜਾਂ ਸ਼ਹੀਦ ਹੋ ਜਾਂਦੇ ਹਨ ਜਾਂ ਵਿਰ ਗੁਰੂ ਦੇ ਚਰਨਾਂ ਵਿੱਚ ਆ ਖਲ਼ੋਂਦੇ ਹਨ।
ਅੱਜਕੱਲ਼੍ਹ ਸਿੱਖ ਹਿੰਸਾ ਦਾ ਜੋ ਸਰੂਪ ਦੇਖਣ ਨੂੰ ਮਿਲ ਰਿਹਾ ਹੈ ਅਸੀਂ ਉਸ ਦੇ ਮੱਦੇਨਜ਼ਰ ਹੀ ਇਹ ਲਿਖਤ ਲਿਖਣ ਦੀ ਕੋਸ਼ਿਸ਼ ਕੀਤੀ ਹੈ।
ਅੱਜਕੱਲ਼੍ਹ ਅਸੀਂ ਜੋ ਕੁਝ ਦੇਖ ਰਹੇ ਹਾਂ ਉਸ ਤੋਂ ਮਹਿਸੂਸ ਹੁੰਦਾ ਹੈ ਕਿ ਸਿੱਖ ਹਿੰਸਾ ਆਪਣੇ ਗੁਰੂ ਦੀ ਇਲਾਹੀ ਨਦਰ ਤੋਂ ਸੱਖਣੀ ਹੋ ਗਈ ਹੈ। ਉਸ ਵਿੱਚ ਰੁਹਾਨੀ ਰਹਿਮ ਉਕਾ ਹੀ ਨਹੀ ਰਿਹਾ। ਸ਼ੋਸ਼ਲ ਮੀਡੀਆ ਤੇ ਬਹੁਤ ਸਾਰੇ ਵੀਰ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਫਿਲਮ ਅਪਲੋਡ ਕਰ ਦਿੰਦੇ ਹਨ ਜਿਸ ਵਿੱਚ ਦੁਮਾਲਿਆਂ ਵਾਲੇ ਅੰਮ੍ਰਿਤਧਾਰੀ ਸਿੱਖਾਂ ਦਾ ਜਥਾ ਕਿਸੇ ਇਕੱਲੇ ਕਹਿਰੇ ਪੁੱਛਾਂ ਦੇਣ ਵਾਲੇ ਨੂੰ ਜਾਂ ਚੌਂਕੀਆਂ ਲਾਉਣ ਵਾਲੇ ਨੂੰ ਬੇਕਿਰਕੀ ਨਾਲ ਕੁਟ ਰਿਹਾ ਹੁੰਦਾ ਹੈ। ੧੫-੨੦ ਤਿਆਰ ਬਰ ਤਿਆਰ ਸਿੰਘ ਇੱਕ ਸੱਜਣ ਨੂੰ ਕੁਟ ਰਹੇ ਹਨ, ਉਸਦੀ ਫਿਲਮ ਬਣ ਰਹੀ ਹੈ ਅਤੇ ਉਹ ਸ਼ੋਸ਼ਲ ਮੀਡੀਆ ਤੇ ਅਪਲੋਡ ਹੋ ਰਹੀ ਹੈ। ਫਿਰ ਉਸ ਥੱਲੇ ਜੋ ਕੁਮੈਂਟ ਲਿਖੇ ਜਾਂਦੇ ਹਨ ਉਹ ਕੁਟਾਈ ਵਾਲੀ ਘਟਨਾ ਨਾਲ਼ੋਂ ਵੀ ਵੱਧ ਹਿੰਸਕ ਹੁੰਦੇ ਹਨ।
ਇਹ ਬਹਾਦਰੀ ਦਾ ਸਿੱਖ ਸੰਕਲਪ ਨਹੀ ਹੈ। ਸਿੱਖ ਸੂਰਮੇ ਕਦੇ ਅਜਿਹੀ ਬਹਾਦਰੀ ਨਹੀ ਕਰਦੇ। ਉਹ ਏਨੇ ਨਿਤਾਣੇ ਅਤੇ ਮਜਲੂਮ ਦੀ ਕੁਟਾਈ ਨਹੀ ਕਰਦੇ। ਬਲਕਿ ਉਹ ਤਾਂ ਕੌਮੀ ਦੁਸ਼ਮਣਾਂ ਨੂੰ ਸਿੱਧੇ ਮੂੰਹ ਟੱਕਰਦੇ ਹਨ, ਸਾਹਮਣੇ, ਸੀਨਾ ਤਾਣ ਕੇ। ਉਹ ਜਦੋਂ ਬਹਾਦਰੀ ਦਾ ਕਾਰਨਾਮਾਂ ਕਰ ਰਹੇ ਹੁੰਦੇ ਹਨ ਤਾਂ ਵੀ ਏਨੇ ਸਹਿਜ ਹੁੰਦੇ ਹਨ ਕਿ ਜਿਵੇਂ ਸਿਮਰਨ ਨਾਲ ਜੁੜੇ ਹੋਣ। ਕੋਈ ਬੁਖਲਾਹਟ ਨਹੀ, ਕੋਈ ਨਾਅਰਾ ਨਹੀ, ਕੋਈ ਗਾਲੀ ਗਲੋਚ ਨਹੀ ਬਸ ਗੁਰੂ ਲਿਵ ਵਿੱਚ ਜੁੜਕੇ ਆਪਣਾਂ ਫਰਜ਼ ਨਿਭਾ ਰਹੇ ਹੁੰਦੇ ਹਨ।
ਪੁਰਾਤਨ ਅਤੇ ਵਰਤਮਾਨ ਸਿੱਖ ਇਤਿਹਾਸ ਅਜਿਹੇ ਜਾਂਬਾਜ ਸੂਰਮਿਆਂ ਦੀ ਬਹਾਦਰੀ ਨਾਲ ਭਰਿਆ ਪਿਆ ਹੈ। ਅਸੀਂ ਸਮਝਦੇ ਹਾਂ ਕਿ ਜੋ ਕੁਝ ਸ਼ੋਸ਼ਲ ਮੀਡੀਆ ਵਾਲੇ ਸੂਰਮੇ ਕਰ ਰਹੇ ਹਨ ਉਹ ਗੁਰੂ ਨੂੰ ਪਰਵਾਨ ਨਹੀ ਹੈ। ਗੁਰੂ ਨੇ ਅਜਿਹੇ ਸੂਰਮੇ ਪੈਦਾ ਨਹੀ ਸੀ ਕੀਤੇ।
ਅਸੀਂ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਵੀਰਾਂ ਨੂੰ ਗੁਰੂ ਆਪਣੀ ਇਲਾਹੀ ਨਦਰ ਦੀਆਂ ਬਖਸ਼ਿਸਾਂ ਨਾਲ ਭਰ ਦੇਵੇ ਅਤੇ ਉਹ ਵੀ ਗੁਰੂ ਦੇ ਸੱਚੇ ਸੂਰਮੇ ਬਣ ਸਕਣ।