ਅਗਲੇ ਦਿਨਾਂ ਦੌਰਾਨ ਭਾਰਤ ਦੇ ਦੋ ਮਹੱਤਵਪੂਰਨ ਸੂਬਿਆਂ ਮਹਾਰਾਸ਼ਟਰ ਅਤੇ ਹਰਿਆਣਾਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸਦੇ ਨਾਲ ਹੀ ਪੰਜਾਬ ਸਮੇਤ ਕਈ ਥਾਵਾਂ ਤੇ ਜ਼ਿਮਨੀ ਚੋਣਾਂ ਵੀ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਸਿਆਸੀ ਮਹੌਲ ਇਸ ਵੇਲੇ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈੈ। ਸਿਆਸੀ ਲੀਡਰ ਵੱਖ ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਇਹ ਦਰਸਾਉਣ ਦਾ ਯਤਨ ਕਰ ਰਹੇ ਹਨ ਕਿ ਉਹ ਹੀ ਲੋਕਾਂ ਦੇ ਸੱਚੇ ਸੇਵਕ ਹਨ। ਜਿਹੜੇ ਡਰਾਮੇ ਚੋਣਾਂ ਦੇ ਮੌਸਮ ਦੌਰਾਨ ਭਾਰਤ ਵਿੱਚ ਚੱਲਦੇ ਹਨ ਇਸ ਵੇਲੇ ਉਹ ਪੂਰੀ ਤਰ੍ਹਾਂ ਮਘੇ ਹੋਏ ਹਨ। ਹਰ ਗਲੀ ਕੂਚੇ ਵਿੱਚ ਲੀਡਰਾਂ ਦੀਆਂ ਗੱਡੀਆਂ ਦਨਦਨਾਉਂਦੀਆਂ ਫਿਰਦੀਆਂ ਹਨ। ਸਟੇਜ ਸਜਦੀ ਹੈ, ਗਾਉਣ ਪਾਣੀ ਹੁੰਦਾ ਹੈ ਅਤੇ ਫਿਰ ਲੀਡਰਾਂ ਦੀ ਭਾਸ਼ਣਬਾਜ਼ੀ ਸ਼ੁਰੂ ਹੋ ਜਾਂਦੀ ਹੈੈ।
ਇਸ ਵੇਲੇ ਮਹਾਰਾਸ਼ਟਰ ਅਤੇ ਹਰਿਆਣਾਂ ਵਿੱਚ ਭਾਜਪਾ ਦੀ ਅਗਵਾਈ ਹੇਠ ਸਰਕਾਰਾਂ ਚੱਲ ਰਹੀਆਂ ਹਨ। ਭਾਜਪਾ ਦੇ ਲੀਡਰ ਜਿਸ ਰੈਲੀ ਵਿੱਚ ਵੀ ਜਾਂਦੇ ਹਨ ਉੱਥੇ, ਧਾਰਾ 370 ਦਾ ਰਾਗ ਅਲਾਪ ਰਹੇ ਹਨ। ਸਿਰਫ ਭਾਵੁਕ ਨਾਅਰੇ ਲਗਾ ਕੇ ਲੋਕਾਂ ਨੂੰ ਆਪਣੇ ਮਗਰ ਲਗਾਉਣ ਦ ਯਤਨ ਹੋ ਰਹੇ ਹਨ।
ਮਹਾਰਾਸ਼ਟਰ ਦੇ ਇੱਕ ਸੋਕਾ ਮਾਰੇ ਪਿੰਡ ਵਿੱਚੋਂ, ਅੰਗਰੇਜ਼ੀ ਦੇ ਇੱਕ ਅਖਬਾਰ ਨੇ ਪਿਛਲੇ ਦਿਨੀ ਆਮ ਲੋਕਾਂ ਦੀ ਅਵਾਜ਼ ਖਬਰ ਦੇ ਰੂਪ ਵਿੱਚ ਛਾਪੀ ਹੈੈ। ਸੋਕੇ ਦੇ ਮਾਰੇ ਹੋਏ ਉਸ ਪਿੰਡ ਦੀ ਇੱਕ ਬੇਬਸ ਔਰਤ ਆਖ ਰਹੀ ਹੈ, ਕਿ ਕੀ ਹੋਇਆ ਜੇ ਧਾਰਾ 370 ਹਟਾ ਦਿੱਤੀ ਗਈ ਹੈ। ਧਾਰਾ 370 ਨੇ ਸਾਨੂੰ ਰੋਟੀ ਥੋੜੀ ਦੇਣੀ ਹੈੈ। ਅਸੀਂ ਕੀ ਕਰਨੀ ਹੈ ਧਾਰਾ 370। ਸਾਨੂੰ ਤਾਂ ਰੋਟੀ ਚਾਹੀਦੀ ਹੈੈ।
ਜਦੋਂ ਪੱਤਰਕਾਰ ਨੇ ਉਸ ਬੇਬਸ ਔਰਤ ਨੂੰ ਚੰਗੀ ਤਰ੍ਹਾਂ ਆਪਣੀ ਕਹਾਣੀ ਕਹਿਣ ਲਈ ਆਖਿਆ ਤਾਂ ਉਸ ਵਿਚਾਰੀ ਦੇ ਹੰਝੂ ਪਰਲ ਪਰਲ ਵਗ ਤੁਰੇ। ਉਸਨੇ ਦੱਸਿਆ ਕਿ ਉਸਦਾ ਪਤੀ ਅਤੇ ਦੋ ਬੱਚੇ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰ ਰਹੇ ਹਨ। ਜੇ ਦਿਹਾੜੀ ਮਿਲ ਜਾਵੇ ਤਾਂ 300 ਰੁਪਏ ਘਰ ਆ ਜਾਂਦੇ ਹਨ ਜੇ ਕੰਮ ਨਾ ਮਿਲਿਆ ਤਾਂ ਰੋਟੀ ਪਾਣੀ ਦਾ ਸੰਕਟ ਖੜ੍ਹਾ ਹੋ ਜਾਂਦਾ ਹੈੈ। ਉਸਦਾ ਇੱਕ ਬੱਚਾ ਬੀਮਾਰ ਹੈ ਅਤੇ ਇਲਾਜ ਲਈ ਪੈਸੇ ਇਕੱਠੇ ਨਹੀ ਹੁੰਦੇ। ਉਹ ਆਖਦੀ ਹੈ ਕਿ ਅਜਿਹੇ ਔਖੇ ਸਮੇੇ ਜਦੋਂ ਸਾਨੂੰ ਆਪਣੀ ਰੋਜ਼ਮਰਾ ਦੀ ਜਿੰਦਗੀ ਚਲਾਉਣ ਲਈ ਵੱਡੇ ਸੰਕਟ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ ਤਾਂ ਉਸ ਵੇਲੇ ਸਾਨੂੰ ਚਿਲਾ ਚਿਲਾ ਕੇ ਦੱਸਿਆ ਜਾ ਰਿਹਾ ਹੈ ਕਿ, ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰ ਦਿੱਤੀ ਗਈ ਹੈੈ।
ਉਹ ਔਰਤ ਆਖਦੀ ਹੈ ਕਿ ਨਾ ਸਾਨੂੰ ਪਤਾ ਹੈ ਕਿ ਧਾਰਾ 370 ਕੀ ਹੈ ਅਤੇ ਨਾ ਸਾਨੂੰ ਇਹ ਪਤਾ ਹੈ ਕਿ ਇਸਨੂੰ ਹਟਾਉਣ ਨਾਲ ਕਿਸੇ ਨੂੰ ਕੀ ਫਾਇਦਾ ਤੇ ਨੁਕਸਾਨ ਹੋਇਆ ਹੈੈ।
ਸਾਡੀ ਸਭ ਤੋਂ ਪਹਿਲੀ ਲੋੜ ਤਾਂ ਰੋਟੀ ਪਾਣੀ ਅਤੇ ਵਧੀਆ ਜੀਵਨ ਦੀ ਹੈ ਜੋ ਕਿਸੇ ਵੀ ਸਰਕਾਰ ਨੇ ਪੂਰੀ ਨਹੀ ਕੀਤੀ।
ਮਹਾਰਾਸ਼ਟਰਾ ਦੇ ਦੂਰ-ਦਰਾਡੇ ਪਿੰਡ ਦੀ ਉਸ ਸਧਾਰਨ ਔਰਤ ਨੇ ਸ਼ਹਿਰਾਂ ਤੋਂ ਦੂਰ ਵਸਦੇ ਭਾਰਤ ਦੀ ਅਸਲੀ ਤਸਵੀਰ ਸਾਡੇ ਸਾਹਮਣੇ ਪੇਸ਼ ਕਰ ਦਿੱਤੀ ਹੈੈ। ਲੋਕਾਂ ਨੂੰ ਹਾਲੇ ਵੀ ਇਸ ਦੇਸ਼ ਵਿੱਚ ਢਿੱਡ ਭਰਕੇ ਰੋਟੀ ਨਹੀ ਮਿਲ ਰਹੀ। ਜਿਹੜੇ ਚੰਦ ਉੱਤੇ ਜਾਣ ਦੇ ਦਮਗਜ਼ੇ ਮਾਰ ਰਹੇ ਹਨ ਉਨ੍ਹਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਭੁੱਖਮਰੀ ਦੀ ਮਾਰ ਸਹਿ ਰਹੇ 117 ਮੁਲਕਾਂ ਵਿੱਚੋਂ ਭਾਰਤ ਦਾ ਇਸ ਸਾਲ 102ਵਾਂ ਨੰਬਰ ਆਇਆ ਹੈੈ। ਭਾਵ ਕਿ ਭਾਰਤ ਦੀ ਹਾਲਤ ਸ੍ਰੀ ਲੰਕਾ ਅਤੇ ਪਾਕਿਸਤਾਨ ਨਾਲੋਂ ਵੀ ਮਾੜੀ ਹੈੈ।5 ਸਾਲ ਪਹਿਲਾਂ 77 ਮੁਲਕਾਂ ਵਿੱਚੋਂ ਭਾਰਤ ਦਾ ਨੰਬਰ 55ਵਾਂ ਸੀ ਜੋ ਹੁਣ 102 ਹੋ ਗਿਆ ਹੈੈ।
ਭਿਅੰਕਰ ਹਾਲਤ ਦੇ ਰੂਬਰੂ ਹੋਣ ਨਾਲੋਂ ਦੇਸ਼ ਦੀ ਲੀਡਰਸ਼ਿੱਪ ਸਿਰਫ ਫੋਕੇ ਨਾਅਰੇ ਮਾਰ ਕੇ ਲੋਕਾਂ ਨੂੰ ਅਸਲੀਅਤ ਤੋਂ ਦੂਰ ਕਰ ਰਹੀ ਹੈੈ। ਜਿਹੜੀ ਲੀਡਰਸ਼ਿੱਪ ਧਾਰਾ 370, ਜਾਂ ਚੰਦਰਯਾਨ ਵਰਗੀਆਂ ਗੱਲਾਂ ਕਰਕੇ ਆਪਣੀ ਪਿੱਠ ਥਪਥਪਾੁੁਉਂਦੀ ਹੈ ਉਸਨੂੰ ਦੇਸ਼ ਦੀ ਵਿਗੜ ਰਹੀ ਹਾਲਤ ਤੇ ਵੀ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈੈ। ਸਿਾਆਸੀ ਨਾਅਰਿਆਂ ਦੇ ਸਹਾਰੇ ਚੋਣਾਂ ਜਿੱਤਣ ਦੀ ਕਵਾਇਦ ਦੇਸ਼ ਵਿੱਚ ਬਹੁਤ ਪੁਰਾਣੀ ਹੈ ਪਰ ਭੋਲੇ ਲੋਕਾਂ ਨੂੰ ਮੂਰਖ ਬਣਾਉਣ ਦੀ ਇਹ ਖੇਡ ਹੁਣ ਬੰਦ ਹੋਣੀ ਚਾਹੀਦੀ ਹੈ ਅਤੇ ਉਸ ਔਰਤ ਦੇ ਹੰਝੂਆਂ ਦੀ ਕੀਮਤ ਅਦਾ ਕਰਨ ਦੀ ਜਿੰਮੇਵਾਰੀ ਲੀਡਰਸ਼ਿੱਪ ਨੂੰ ਓਟਣੀ ਚਾਹੀਦੀ ਹੈੈ।