ਕੁਝ ਸਮਾਂ ਪਹਿਲਾਂ ਹੋਈਆਂ ਭਾਰਤੀ ਲੋਕ ਸਭਾ ਦੀਆਂ ਚੋਣਾਂ ਨੇ ਪੰਜਾਬ ਵਿੱਚ ਰਾਜ ਕਰ ਰਹੀ ਅਕਾਲੀ ਦਲ ਪਾਰਟੀ ਨੂੰ ਕਾਫੀ ਵੱਡਾ ਝਟਕਾ ਦਿੱਤਾ ਹੈ। ੨੫ ਸਾਲ ਰਾਜ ਕਰਨ ਦੇ ਸੁਪਨੇ ਦੇਖਣ ਵਾਲੀ ਪਾਰਟੀ ਨੂੰ ਰਾਜ ਵਿੱਚ ਸਿਰਫ ੪ ਲੋਕ ਸਭਾ ਸੀਟਾਂ ਹਾਸਲ ਹੋਈਆਂ ਹਨ ਅਤੇ ਇਸਦਾ ਵੋਟ ਬੈਂਕ ਆਪਣੇ ਇਤਿਹਾਸ ਦੀਆਂ ਨਿਵਾਣਾਂ ਛੋਹ ਰਿਹਾ ਹੈ। ਬਠਿੰਡੇ ਤੋਂ ਰਾਜ ਕਰ ਰਹੇ ਪਰਿਵਾਰ ਦੀ ਨੂੰਹ ਮਸਾਂ ੨੦ ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੀ ਹੈ। ਉਸਦੇ ਖਿਲਾਫ ਜੋ ਵੋਟ ਪਈ ਹੈ ਉਹ ਕਾਫੀ ਜਿਆਦਾ ਹੈ। ਪਿਛਲੇ ੧੫ ਸਾਲਾਂ ਤੋਂ ਇਲਾਕੇ ਦੀ ਨੁਹਾਰ ਬਦਲਣ ਲਈ ਤਤਪਰ ਬਾਦਲ ਪਰਿਵਾਰ ਨੂੰ ਬਠਿੰਡੇ ਵਿੱਚ ਅਤੇ ਪੰਜਾਬ ਵਿੱਚ ਜੋ ਝਟਕਾ ਵੱਜਾ ਹੈ ਉਹ ਕੋਈ ਆਈ ਗਈ ਗੱਲ ਨਹੀ ਹੈ। ਪੰਜਾਬ ਦੇ ਰੁਝਾਨ ਨੇ ਇਹ ਗੱਲ ਕੰਧ ਤੇ ਲਿਖ ਦਿੱਤੀ ਹੈ ਕਿ ਜੇ ਪੰਜਾਬ ਦੇ ਲੋਕਾਂ ਨੁੰ ਕਦੇ ਵੀ ਅਤੇ ਕੋਈ ਵੀ ਚੰਗਾ ਬਦਲ ਮਿਲਦਾ ਹੈ ਤਾਂ ਉਹ ਇੱਕ ਮਿੰਟ ਲਈ ਵੀ ਅਕਾਲੀ ਦਲ ਦੀ ਧੌਂਸ ਭਰੀ ਰਾਜਨੀਤੀ ਅੱਗੇ ਸਿਰ ਨਹੀ ਝੁਕਾਉਣਗੇ। ਬੇਸ਼ੱਕ ਅਕਾਲੀ ਦਲ ਨੇ ਆਪਣੀ ਰਾਜਸੀ ਮੁਹਾਰਤ ਅਤੇ ਪੁਲਿਸ ਦੇ ਡੰਡੇ ਨਾਲ ਪੰਜਾਬ ਵਿੱਚ ਕਿਸੇ ਪੰਥਕ ਅਤੇ ਗੈਰ-ਪੰਥਕ ਬਦਲ ਨੂੰ ਉਭਰਨ ਤੋਂ ਰੋਕੀ ਰੱਖਿਆ ਸੀ ਪਰ ਆਮ ਆਦਮੀ ਪਾਰਟੀ ਦੇ ਦੇਸ਼ ਵਿਆਪੀ ਵਰਤਾਰੇ ਨੇ ਇਸ ਵਾਰ ਅਕਾਲੀ ਰਾਜਨੀਤੀ ਅਤੇ ਅਕਾਲੀ ਰਾਜਨੀਤੀਵਾਨਾਂ ਦੀ ਪੇਸ਼ ਨਹੀ ਜਾਣ ਦਿੱਤੀ।
ਅਕਾਲੀ ਦਲ ਨੂੰ ਇਨ੍ਹਾਂ ਚੋਣਾਂ ਨੇ ਕਾਫੀ ਵੱਡੀ ਨਸੀਹਤ ਦਿੱਤੀ ਹੈ। ਅਸੀਂ ਇਸ ਨਸੀਹਤ ਨੂੰ ਵੋਟਾਂ ਦੇ ਮਾਪਦੰਡ ਨਾਲ ਨਹੀ ਨਾਪ ਰਹੇ ਬਲਕਿ ਸਿੱਖ ਸਿਧਾਂਤ ਦੇ ਮਾਪਦੰਡ ਨਾਲ ਨਾਪ ਰਹੇ ਹਾਂ। ਪਤਾ ਨਹੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀਆਂ ਕਿਹੜੀਆਂ ਅਜਿਹੀਆਂ ਮਜਬੂਰੀਆਂ ਹਨ ਜਿਸ ਕਰਕੇ ਉਹ ਸਿੱਖਾਂ ਦੀ ਸਿਧਾਂਤਿਕ ਵਿਰੋਧੀ ਭਾਰਤੀ ਜਨਤਾ ਪਾਰਟੀ ਅਤੇ ਉਸਦੀ ਮਾਂ ਪਾਰਟੀ ਆਰ.ਐਸ.ਐਸ ਨਾਲ ਗੱਠਜੋੜ ਬਣਾਕੇ ਬੈਠੇ ਹਨ। ਸਿੱਖਾਂ ਦਾ ਕੋਈ ਸਿਧਾਂਤਿਕ ਗੱਠਜੋੜ ਭਾਜਪਾ ਨਾਲ ਬਣਦਾ ਹੀ ਨਹੀ। ਜਿਹੜੀ ਪਾਰਟੀ ਪੈਰ ਪੈਰ ਤੇ ਸਿੱਖ ਸਿਧਾਂਤਾਂ ਦੇ ਖਿਲਾਫ ਪੁਜੀਸ਼ਨਾ ਲੈਂਦੀ ਰਹੀ ਹੈ ਅਤੇ ਹਰ ਸਿੱਖ ਮਸਲੇ ਵਿੱਚ ਆਪਣੇ ਪੈਰ ਅੜਾਉਣ ਲਈ ਯਤਨਸ਼ੀਲ ਰਹੀ ਹੈ ਉਸ ਨਾਲ ਸਿੱਖਾਂ ਦਾ ਗੱਠਜੋੜ ਕਰਵਾਉਣਾਂ, ਅਕਾਲੀ ਦਲ ਅਤੇ ਇਸਦੇ ਸਰਪ੍ਰਸਤ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਗਲਤੀ ਹੈ।
ਇਸ ਗੱਲ ਵਿੱਚ ਕੋਈ ਸ਼ੱਕ ਨਹੀ ਕਿ ਪੰਜਾਬ ਵਿੱਚ ਹਿੰਦੂ ਵੋਟ ਸੱਤਾ ਲਿਆਉਣ ਦੇ ਮਾਮਲੇ ਵਿੱਚ ਫੈਸਲਾਕੁੰਨ ਰੋਲ ਅਦਾ ਕਰਦੀ ਹੈ ਪਰ ਹਿੰਦੂ ਵੋਟ ਆਪਣੇ ਆਪ ਵਿੱਚ ਕੁਝ ਨਹੀ ਹੈ। ਜੇ ਸਿੱਖ ਵੋਟ ਵੱਡੀ ਗਿਣਤੀ ਵਿੱਚ ਅਕਾਲੀ ਦਲ ਨੂੰ ਭੁਗਤੇਗੀ ਤਾਂ ਹੀ ਹਿੰਦੂ ਵੋਟ ਦੀ ਕੋਈ ਕੀਮਤ ਹੈ। ਅੰਮ੍ਰਿਤਸਰ ਸਾਹਿਬ ਅਤੇ ਗੁਰਦਾਸਪੁਰ ਸੀਟਾਂ ਦੇ ਨਤੀਜੇ ਇਸਦੇ ਗਵਾਹ ਹਨ। ਅੰਮ੍ਰਿਤਸਰ ਹਲਕੇ ਵਿੱਚ ਜਾਂ ਸ਼ਹਿਰ ਵਿੱਚ ਵੱਡੀ ਹਿੰਦੂ ਵੋਟ ਹੋਣ ਦੇ ਬਾਵਜੂਦ ਵੀ ਉਹ ਜੇਤਲੀ ਸਾਹਬ ਨੂੰ ਨਹੀ ਜਿਤਾ ਸਕੀ ਕਿਉਂਕਿ ਸਿੱਖ ਵੋਟ ਉਨ੍ਹਾਂ ਦੇ ਹੱਕ ਵਿੱਚ ਨਹੀ ਭੁਗਤੀ। ਪੇਂਡੂ ਸਿੱਖ ਵੋਟ ਨੇ ਅਰੁਣ ਜੇਤਲੀ ਦੀ ਪਾਰਟੀ ਦੇ ਪ੍ਰੋਗਰਾਮ, ਉਨ੍ਹਾਂ ਵੱਲੋਂ ਹਰਬੰਸ ਲਾਲ ਖੰਨੇ ਦੇ ਦਫਤਰ ਵਿੱਚ ਆਪਣਾਂ ਦਫਤਰ ਖੋਲ਼੍ਹਣ ਅਤੇ ਭਾਈ ਰਣਜੀਤ ਸਿੰਘ ਦੇ ਕਹਿਣ ਮੁਤਬਿਕ ਅਰੁਣ ਜੇਤਲੀ ਦੇ ਪਰਿਵਾਰਕ ਪਿਛੋਕੜ ਕਾਰਨ ਇੱਕ ਦਸਤਾਰਧਾਰੀ ਸਿੱਖ ਕੈਪਟਨ ਅਮਰਿੰਦਰ ਸਿੰਘ ਨੂੰ ਵੋਟ ਪਾਉਣੀ ਜਿਆਦਾ ਫਾਇਦੇਮੰਦ ਸਮਝੀ। ਅਕਾਲੀ ਦਲ ਦੀ ਪਿਛਲੇ ੧੫ ਸਾਲ ਤੋਂ ਇਹ ਕੋਸ਼ਿਸ਼ ਚੱਲ ਰਹੀ ਹੈ ਕਿ ਸਿਆਸੀ ਘੁੰਮਣਘੇਰੀਆਂ ਵਿੱਚ ਪਾਕੇ ਸਿੱਖਾਂ ਨੂੰ ੧੯੮੪ ਦੇ ਸਾਕੇ ਭੁਲਾ ਦਿੱਤੇ ਜਾਣ ਪਰ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਅਕਾਲੀ ਦਲ ਦੀ ਸਾਰੀ ਮਿਹਨਤ ਦੇ ਬਾਵਜੂਦ ਵੀ ਸਿੱਖਾਂ ਦੇ ਮਨ ਵਿੱਚ ਉਹ ਕਸਕ ਲਗਾਤਾਰ ਸਾਹ ਲੈ ਰਹੀ ਹੈ।
ਗੁਰਦਾਸਪੁਰ ਵਿੱਚੋਂ ਵਿਨੋਦ ਖੰਨਾ ਇਸੇ ਲਈ ਜਿੱਤਗੇ ਕਿਉਂਕਿ ਅਕਾਲੀ ਦਲ ਨਾਲ ਜੁੜੀ ਹੋਈ ਸਿੱਖ ਵੋਟ ਉਨ੍ਹਾਂ ਨੂੰ ਕੁਝ ਜਿਆਦਾ ਪੈ ਗਈ ਅਤੇ ਹਿੰਦੂ ਵੋਟ ਦਾ ਨਮਕ ਕੁਝ ਵਾਧਾ ਕਰ ਗਿਆ।
ਇਸ ਲਈ ਬਾਦਲ ਸਾਹਬ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪੰਜਾਬ ਵਿੱਚ ਸਿੱਖ ਵੋਟ ਹੀ ਫੈਸਲਾਕੁੰਨ ਹੈ। ਸਿੱਖਾਂ ਨੂੰ ਨਕਾਰਨ, ਉਨ੍ਹਾਂ ਨੂੰ ਕੰਧ ਨਾਲ ਲਾਉਣ ਅਤੇ ਸਿਰਫ ਵੋਟਾਂ ਪਾਉਣ ਵਾਲੇ ਜਮੂਰੇ ਸਮਝਣ ਦੀ ਭੁੱਲ ਅਕਾਲੀ ਦਲ ਲਈ ਭਵਿੱਖ ਵਿੱਚ ਕਾਫੀ ਨੁਕਸਾਨਦੇਹ ਹੋ ਸਕਦੀ ਹੈ। ਇਸ ਲਈ ਅਕਾਲੀ ਦਲ ਨੂੰ ਵੋਟਾਂ ਦੀ ਸਿਆਸਤ ਤੋਂ ਉਪਰ ਉਠਕੇ, ਸਿਧਾਂਤਿਕ ਸਿਆਸਤ ਦੇ ਪੱਖ ਤੋਂ ਭਾਜਪਾ ਨਾਲੋਂ ਆਪਣਾਂ ਗੱਠਜੋੜ ਖਤਮ ਸਿੱਖ ਮੁਖਧਾਰਾ ਵਿੱਚ ਆਉਣਾਂ ਚਾਹੀਦਾ ਹੈ। ਬੇਸ਼ੱਕ ਅਕਾਲੀ ਦਲ ਨੇ ਸਿੱਖ ਏਜੰਡਾ ਬਹੁਤ ਦੇਰ ਪਹਿਲਾਂ ਤਿਆਗ ਦਿੱਤਾ ਸੀ ਪਰ ਭੋਲੇ-ਭਾਲੇ ਹਾਲੇ ਵੀ ਤੱਕੜੀ ਨੂੰ ਪੰਥ ਦਾ ਨਿਸ਼ਾਨ ਸਮਝਕੇ ਹੀ ਵੋਟ ਪਾਉਂਦੇ ਹਨ। ਸਿੱਖਾਂ ਦੀ ਇਸ ਮਾਸੂਮੀਅਤ ਨਾਲ ਖਿਲਵਾੜ ਕਰਕੇ ਰਾਜ ਕਰਨ ਦੀ ਇੱਛਾ ਬਾਦਲ ਸਾਹਬ ਨੂੰ ਤਿਆਗ ਦੇਣੀ ਚਾਹੀਦੀ ਹੈ ਅਤੇ ਅਕਾਲੀ ਦਲ ਨੂੰ ਮੁੜ ਤੋਂ ਪੰਥਕ ਪਾਰਟੀ ਦੇ ਤੌਰ ਤੇ ਸੰਗਠਿਤ ਕਰਨਾ ਚਾਹੀਦਾ ਹੈ। ਉਹ ਅਕਾਲੀ ਦਲ ਜੋ ਮਰਜੀਵਿੜਿਆਂ ਦਾ ਦਲ ਸੀ, ਉਹ ਅਕਾਲੀ ਦਲ ਜੋ ਸ਼ਹੀਦਾਂ ਦਾ ਦਲ ਸੀ, ਉਹ ਅਕਾਲੀ ਦਲ ਜੋ ਅੰਮ੍ਰਿਤਧਾਰੀ ਅਤੇ ਸੂਰਬੀਰਾਂ ਦਾ ਦਲ ਸੀ। ਉਮੀਦ ਕਰਦੇ ਹਾਂ ਕਿ ਅਕਾਲੀ ਦਲ ਦੇ ਨਵੇਂ ਪ੍ਰਧਾਨ ਕੰਧ ਤੇ ਲਿਖਿਆ ਪੜ੍ਹਨਗੇ ਅਤੇ ਅਕਾਲੀ ਦਲ ਨੂੰ ਮੁੜ ਤੋਂ ਕੇਸਰੀ ਕਾਫਲੇ ਦਾ ਹਿੱਸਾ ਬਣਾਉਂਗੇ।