ਸਿੱਖ ਧਰਮ ਵਿੱਚ ਕੌਮ ਲਈ ਇੱਕਤਰਤਾ ਤੇ ਕੌਮੀ ਸੇਧ ਦਾ ਪ੍ਰਤੀਕ, ਗੁਰੂ ਸਾਹਿਬਾਨ ਦੇ ਸਮੇਂ ਤੋਂ ਬਾਅਦ ਜਦੋ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਸੌਪੀ ਗਈ ਤਾਂ ਅਕਾਲ ਤਖਤ ਸਾਹਿਬ ਨੂੰ ਸਰਬ-ਉਚ ਸਥਾਨ ਮੰਨਿਆ ਗਿਆ ਹੈ। ਇਹ ਅਸਥਾਨ ਸਿੱਖ ਧਰਮ ਨਾਲ ਸਬੰਧਤ ਪੰਜ ਤਖਤ ਸਾਹਿਬਾਨ ਵਿੱਚੋਂ ਮੁੱਖ ਤਖਤ ਸਵੀਕਾਰਿਆ ਗਿਆ ਹੈ। ਇਸ ਅਕਾਲ ਤਖਤ ਸਾਹਿਬ ਦਾ ਨਿਰਮਾਣ ੧੬੦੬ ਈ: ਵਿੱਚ ਛੇਵੀਂ ਪਾਤਛਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਸੀ। ਇਹ ਇੱਕ ਗਿਆਰਾਂ ਫੁੱਟ ਉੱਚਾ ਥੜਾ ਬਣਾਇਆ ਗਿਆ ਸੀ ਜਿਸਦੀ ਸੇਵਾ ਗੁਰੂ ਸਾਹਿਬ ਨੇ ਸਿੱਖ ਕੌਮ ਦੀਆਂ ਸਿਰਮੌਰ ਹਸਤੀਆਂ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੋਂ ਕਰਵਾਈ ਸੀ। ਇਸ ਤਖਤ ਤੇ ਬੈਠ ਕੇ ਗੁਰੂ ਸਾਹਿਬਾਨ ਨੇ ਇਥੋਂ ਪਹਿਲਾ ਉਦੇਸ਼ ਹੁਕਮਨਾਮੇ ਦੇ ਰੂਪ ਵਿੱਚ ਸਿੱਖ ਕੌਮ ਨੂੰ ਦਿੱਤਾ ਸੀ ਕਿ ਹੁਣ ਸਮਾਂ ਆ ਗਿਆ ਹੈ ਕਿ ਹਰ ਸਿੱਖ ਆਪਣੀ ਸਵੈ-ਰੱਖਿਆ ਲਈ ਸ਼ਾਸਤਰਧਾਰੀ ਹੋਵੇ। ਕਈ ਸਿੱਖ ਵਿਦਵਾਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਤਖਤ ਦੇ ਪਹਿਲੇ ਜਥੇਦਾਰ ਦੀ ਸੇਵਾ ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਵੱਲੋਂ ਸੌਂਪੀ ਗਈ ਸੀ। ਪਰ ਇਤਿਹਾਸਕ ਤੱਥ ਇਹ ਵੀ ਦੱਸਦੇ ਹਨ ਕਿ ਗੁਰੂ ਸਾਹਿਬ ਜਦੋਂ ਗਵਾਲੀਅਰ ਦੇ ਕਿਲ੍ਹੇ ਲਈ ਗਏ ਹਨ ਤਾਂ ਆਪਣੇ ਪਿਛੋਂ ਇਸ ਤਖਤ ਦੀ ਸੇਵਾ-ਸੰਭਾਲ ਦਾ ਜਿੰਮਾ ਭਾਈ ਗੁਰਦਾਸ ਜੀ ਨੂੰ ਅਤੇ ਬਾਬਾ ਬੁੱਢਾ ਜੀ ਨੂੰ ਦਰਬਾਰ ਸਾਹਿਬ ਦੀ ਸੇਵਾ ਦਿੱਤੀ ਗਈ ਸੀ।

ਅੱਜ ਜਿਸ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਸਿੱਖ ਕੌਮ ਦਾ ਇਹ ਸਰਵ-ਉਚ ਅਸਥਾਨ ਅਕਾਲ ਤਖਤ ਸਾਹਿਬ ਤੇ ਇਸਦੇ ਮੁੱਖ ਸੇਵਾਦਾਰ ਜਿਸਨੂੰ ਜਥੇਦਾਰ ਅਕਾਲ ਤਖਤ ਸਾਹਿਬ ਆਖਿਆ ਜਾਂਦਾ ਹੈ, ਕਾਫੀ ਵਾਦ-ਵਿਵਾਦ ਦਾ ਵਿਸ਼ਾ ਬਣ ਚੁੱਕੇ ਹਨ। ਖਾਸ ਕਰਕੇ ੧੯੪੭ ਤੋਂ ਬਾਅਦ ਵੱਖ-ਵੱਖ ਸਮੇਂ ਸਿੱਖ ਕੌਮ ਦੀ ਪ੍ਰਤੀਨਿਧ ਰਾਜਨੀਤਿਕ ਜਮਾਤ ਵਜੋਂ ਇਸਨੂੰ ਆਪਣੇ ਰਾਜਨੀਤਿਕ ਮਨੋਰਥਾਂ ਨੂੰ ਪੂਰਾ ਕਰਨ ਲਈ ਪੰਥ ਨੂੰ ਅਤੇ ਕੌਮ ਨੂੰ ਛੋਟੇ ਛੋਟੇ ਮੁੱਦਿਆਂ ਵਿੱਚ ਵੰਡਣ ਕੀ ਕੋਸ਼ਿਸ਼ ਲਗਾਤਾਰ ਜਾਰੀ ਰੱਖੀ ਹੈ। ਜੋ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਦੁਬਾਰਾ ਸਿੱਖ ਕੌਮ ਦੇ ਅੱਗੇ ਅਕਾਲ ਤਖਤ ਦੀ ਸਰਵ-ਉੱਚਤਾ ਦਾ ਸਵਾਲ ਉਠਿਆ ਹੈ। ਇਹ ਸਿੱਖ ਕੌਮ ਦਾ ਸਿਰਮੌਰ ਅਸਥਾਨ ਜਿਸਦੀ ਮਹੱਤਤਾ ਨੂੰ ਪਛਾਣਦਿਆਂ ਕਦੇ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਨੂੰ ਹੁਕਮ ਲਾ ਕੇ ਭੇਜਿਆ ਸੀ ਕਿ ਤੁਸੀਂ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲੋਂ ਅਤੇ ਉਥੇ ਰਹਿ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਖਿੰਡ ਚੁੱਕੀ ਸਿੱਖ ਕੌਮ ਨੂੰ ਦੁਬਾਰਾ ਅਕਾਲ ਤਖਤ ਸਾਹਿਬ ਦੀ ਛਤਰ-ਛਾਇਆ ਹੇਠ ਇੱਕਠਾ ਕੀਤਾ ਜਾਵੇ। ਭਾਈ ਮਨੀ ਸਿੰਘ ਨੇ ਸੇਵਾ ਮੰਨਦਿਆ ਹੋਇਆ ੧੭ਵੀਂ ਸਦੀ ਦੇ ਅੱਧ ਵਿੱਚ ਸਿੱਖ ਕੌਮ ਨੂੰ ਦੀਵਾਲੀ ਅਤੇ ਵਿਸਾਖੀ ਵੇਲੇ ਇੱਕਠਿਆ ਹੋਣ ਦਾ ਸੁਨੇਹਾ ਦਿੱਤਾ ਸੀ ਅਤੇ ਇਸ ਸੁਨੇਹੇ ਨੂੰ ਸਿੱਖ ਕੌਮ ਨੇ ਮੰਨਦਿਆ ਹੋਇਆ ਦੀਵਾਲੀ ਅਤੇ ਵਿਸਾਖੀ ਦੇ ਸਮੇਂ ਇੱਕਠਿਆਂ ਹੋ ਸਿੱਖ ਕੌਮ ਅੱਗੇ ਆਏ ਸਵਾਲਾਂ ਨੂੰ ਗੁਰਮੱਤੇ ਰਾਹੀ ਸਮਝਾ ਕੇ ਸਿੱਖ ਕੌਮ ਨੂੰ ਨਵੀਂ ਸੇਧ ਦੇਣ ਦਾ ਉਪਰਾਲਾ ਕੀਤਾ ਸੀ। ਭਾਈ ਮਨੀ ਸਿੰਘ ਇਨਾਂ ਉਪਰਾਲਿਆਂ ਦੋਰਾਨ ਆਪ ਤਾਂ ਸ਼ਹੀਦੀ ਪ੍ਰਾਪਤ ਕਰ ਗਏ ਪਰ ਸਿੰਖ ਕੌੰਮ ਲਈ ਇੱਕ ਲੀਹ ਛੱਡ ਗਏ ਜੋ ਗੁਰੂ ਹਰਗੋਬਿੰਦ ਸਾਹਿਬ ਦੇ ਉਦੇਸ਼ ਮੁਤਾਬਕ ਸੀ ਕਿ ਅਕਾਲ ਤਖਤ ਸਿੱਖ ਕੌਮ ਲਈ ਸਦਾ ਹੀ ਇੱਕ ਸਿਧਾਂਤਕ ਸੇਧ ਤੇ ਇੱਕਤਰਤਾ ਦਾ ਸੋਮਾਂ ਰਹੇਗਾ।

ਸਮੇਂ ਨਾਲ ਅੱਜ ਅਕਾਲ ਤਖਤ ਸਾਹਿਬ ਜਿੱਥੇ ਕਿ ਕਦੇ ਵੀ ਅੱਤ ਦੇ ਵਖਰੇਵਿਆਂ ਦੇ ਬਾਵਜੂਦ ਕਦੇ ਕਿਸੇ ਸਿੱਖ ਨੇ ਆਪਣੀ ਕਿਰਪਾਨ ਮਿਆਨ ਵਿਚੋਂ ਬਾਹਰ ਨਹੀਂ ਸੀ ਕੱਢੀ ਅੱਜ ਉੱਥੇ ਹੀ ਸਮੇਂ ਸਮੇਂ ਤੇ ਨੰਗੀਆਂ ਕਿਰਪਾਨਾਂ ਇੱਕ ਦੂਜੇ ਸਿੱਖ ਦੀਆਂ ਪੱਗਾਂ ਲਾਹੁਣ ਲਈ ਲਹਿਰਾਈਆਂ ਜਾਂਦੀਆਂ ਹਨ। ਜਿਸਦੀ ਤਾਜਾ ਮਿਸਾਲ ਜੂਨ ੬, ੨੦੧੪ ਦਾ ਵਾਕਿਆ ਹੈ। ਗੁਰੂ ਸਾਹਿਬ ਦੇ ਸਮੇਂ ਤੋਂ ਗੁਰੂ ਸਾਹਿਬ ਵੱਲੋਂ ਦਿੱਤੇ ਸਿੱਖ ਕੌਮ ਨੂੰ ਸੰਦੇਸ਼ ਨੂੰ ਹੁਕਮਨਾਮਾ ਮੰਨਿਆ ਜਾਂਦਾ ਸੀ ਅਤੇ ਉਸਦੇ ਦਰਸ਼ਨ ਕਰ ਲੈਣ ਨੂੰ ਹੀ ਆਪਣਾ ਵਡਭਾਗ ਸਮਝਦੇ ਸਨ। ਉਸ ਸਮੇਂ ਦੋ ਹੁਕਮਨਾਮੇ ਛੇਵੀਂ ਪਾਤਸ਼ਾਹੀ, ਇੱਕ ਹੁਕਮਨਾਮਾ ਅੱਠਵੀਂ ਪਾਤਸ਼ਾਹੀ, ਬਾਈ ਹੁਕਮਨਾਮੇ ਨੌਵੀਂ ਪਾਤਸ਼ਾਹੀ ਵੱਲੋਂ, ਚੌਂਤੀ ਹੁਕਮਨਾਮੇ ਦਸਵੀਂ ਪਾਤਛਾਹੀ, ਦੋ ਬਾਬਾ ਬੰਦਾ ਬਹਾਦਰ ਜੀ ਤੇ ਦੋ ਉਸ ਤੋਂ ਬਾਅਦ ਇਤਿਹਾਸ ਮੁਤਾਬਕ ਦੱਸੇ ਜਾਂਦੇ ਹਨ।

ਇਹ ਕੁਝ ਹੁਕਮਨਾਮੇ, ਇਤਿਹਾਸ ਦੇ ਪੰਨੇ ਜੂਨ ਚੁਰਾਸੀ ਦੇ ਭਾਰਤੀ ਫੌਜ ਦੇ ਹਮਲੇ ਦੌਰਾਨ ਸਿੱਖ ਪੰਥ ਕੋਲੋਂ ਗੁਆਚ ਚੁੱਕੇ ਹਨ। ਜਿਸਨੂੰ ਪ੍ਰਾਪਤ ਕਰਨ ਲਈ ਅੱਜ ਸਿੱਖ ਆਪਣੀ ਅਸਮਰੱਥਾ ਦਿਖਾ ਰਹੇ ਹਨ ਅਤੇ ਆਪਸ ਵਿੱਚ ਅੱਜ ਇੰਨੇ ਉਲਝੇ ਹੋਏ ਹਨ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਕੀਤਾ ਗਿਆ, ਸਿਆਸਤ ਤੋਂ ਪ੍ਰੇਰਤ ਹੁਕਮਨਾਵਾਂ ਮਨਵਾਉਣ ਲਈ ਸਿੱਖ ਕੌਮ ਦੀ ਸਰਵ-ਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਖਾਂ ਰੁਪਣੇ ਗੁਰੂ ਦੀ ਗੋਲਕ ਦੇ ਅਖਬਾਰੀ ਇਸ਼ਤਹਾਰਬਾਜੀ ਰਾਹੀਂ ਲਗਾਕੇ, ਕੌਮ ਨੂੰ ਮਨਵਾਉਣ ਦਾ ਯਤਨ ਕਰ ਰਹੀ ਹੈ। ਸਿੱਖ ਕੌਮ ਲਈ ਅਕਾਲ ਤਖਤ ਸਾਹਿਬ ਨੂੰ ਦੁਨਿਆਵੀ ਸਰਵ-ਉੱਚ ਜਗ੍ਹਾ ਮੰਨਿਆ ਗਿਆ ਸੀ ਅਤੇ ਇਹ ਸਿੱਖ ਕੌਮ ਦੇ ਸਵੈ-ਰਾਜ ਦਾ ਇੱਕ ਮੁੱਖ ਪ੍ਰਤੀਕ ਸੀ। ਜਿਥੇ ਕਿ ਸਿੱਖ ਕੌਮ ਦਾ ਹਰੇਕ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਵਿਸ਼ਾ ਰਲ ਕੇ ਵਿਚਾਰਿਆ ਜਾਂਦਾ ਸੀ ਅਤੇ ਉਸ ਵਿੱਚ ਜੋ ਗੁਰਮਤਾ ਬਣਦਾ ਸੀ ਉਸਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੁੱਖ ਬੁਲਾਰੇ ਦੀ ਹੈਸੀਅਤ ਵਿੱਚ ਸਿੱਖ ਕੌਮ ਨੂੰ ਸੰਦੇਸ਼ ਵਜੋਂ ਦਿੰਦੇ ਸਨ। ਇਹ ਪ੍ਰਥਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਦੇ ਸਮੇਂ ਤੱਕ ਚੱਲਦੀ ਰਹੀ। ਇਹੀ ਅਕਾਲ ਤਖਤ ਸਾਹਿਬ ਇੱਕ ਅਜਿਹਾ ਸਥਾਨ ਹੈ ਜਿਸਦੀ ਰਹਿਨੁਮਾਈ ਹੇਠ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ, ਬੁੱਢਾ-ਦਲ, ਤਰਨਾ ਦਲ ਤੇ ਅੰਤ ਦਲ ਖਾਲਸਾ ਉਸਾਰਿਆਂ ਗਈਆਂ ਸਨ ਜੋ ਕਿ ਸਿੱਖ ਕੌਮ ਅਤੇ ਸਿੱਖ ਕੌਮ ਦੇ ਪ੍ਰਤੀਕ ਧਾਰਮਿਕ ਅਸਥਾਵਾਂ ਦੀ ਸਰਵਉੱਚਤਾ ਤੇ ਰਾਖੀ ਲਈ ਫੌਜ ਦੇ ਰੂਪ ਵਿੱਚ ਬਣਾਈਆਂ ਗਈਆਂ ਸਨ। ਅੰਗਰੇਜ਼ਾਂ ਦੇ ਰਾਜ ਦੌਰਾਨ ਸਿੱਖ ਰਾਜ ਦੀ ਹਾਰ ਤੋਂ ਬਾਅਦ ਅੰਗਰੇਜਾਂ ਦੇ ਸੂਝਵਾਨ ਵਿਦਵਾਨਾਂ ਨੇ ਅੰਗਰੇਜ ਸਰਕਾਰ ਨੂੰ ਇਹ ਸਲਾਹ ਦਿੱਤੀ ਸੀ ਕਿ ਅਕਾਲ ਤਖਤ ਸਾਹਿਬ ਦੀ ਸਰਵ-ਉੱਚ ਹੋਂਦ ਨੂੰ ਕਿਸੇ ਸੰਸਥਾ ਦੇ ਅਧੀਨ ਲਿਆਂਦਾ ਜਾਵੇ ਤਾਂ ਜੋ ਇਹ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਦੀ ਇਕੱਤਰਤਾ ਤੇ ਅੰਗਰੇਜ ਰਾਜ ਦੇ ਖਿਲਾਫ ਸ਼ਕਤੀ ਵਜੋਂ ਨਾ ਉੱਭਰ ਸਕੇ।

੧੯੨੫ ਈ: ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਕ ਕਮੇਟੀ ਦੀ ਹੋਂਦ ਵੇਲੇ ਅੰਗਰੇਜ ਸਰਕਾਰ ਨੇ ਇਹ ਤਹਿ ਕਰ ਦਿੱਤਾ ਸੀ ਕਿ ਅਕਾਲ-ਤਖਤ ਸਾਹਿਬ ਦਾ ਜਥੇਦਾਰ ਸਮੁੱਚੀ ਸਿੱਖ ਕੌਮ ਦੀ ਬਜਾਇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਬੁਲਾਰਾ ਹੋਵੇਗਾ। ਇਸ ਕਰਕੇ ਹੀ ਅੱਜ ਜਦੋਂ ਆਪਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਬਾਰੇ ਸਿੱਖ ਕੌਮ ਅੰਦਰ ਵਿਵਾਦ ਹੁੰਦਾ ਹੈ ਤਾਂ ਇਸ ਹਸਤੀ ਨੂੰ ਸਤਿਕਾਰ ਦੀ ਘਾਟ ਮਹਿਸੂਸ ਹੁੰਦੀ ਹੈ ਕਿਉਂਕਿ ਇਸ ਹਸਤੀ ਰਾਹੀਂ ਵੱਖ-ਵੱਖ ਸਮੇਂ ਸਿੱਖ ਕੌਮ ਨੂੰ ਇੱਕਤਰਤਾ ਦੀ ਥਾਂ ਵੰਡਣ ਲਈ ਜ਼ਿਆਦਾ ਵਰਤਿਆ ਗਿਆ ਹੈ ਅਤੇ ਇਸਦੀ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਹਸਤੀ ਨੂੰ ਇਸ ਹੱਦ ਕਮਜ਼ੋਰ ਕਰ ਦਿੱਤਾ ਹੈ ਕਿ ਪੁਰਾਣੀਆਂ ਰੀਤਾਂ ਮੁਤਾਬਕ ਦੀਵਾਲੀ ਜਾਂ ਵਿਸਾਖੀ ਨੂੰ ਕੋਈ ਵਿਰਲਾ ਸਿੱਖ ਹੀ ਇੱਥੋਂ ਕਿਸੇ ਸੇਧ ਦੀ ਆਸ ਰੱਖਦਾ ਹੈ।

ਇਸ ਮਾਣਮੱਤੇ ਇਤਿਹਾਸ ਨੂੰ ਸਭ ਤੋਂ ਵੱਡਾ ਖੋਰਾ ਜੂਨ ੧੯੮੪ ਦੇ ਭਾਰਤੀ ਫੌਜ ਦੇ ਹਮਲੇ ਵੇਲੇ ਲੱਗਿਆ ਜਦੋਂ ਉਸ ਸਮੇਂ ਦੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਜੀ ਨੇ ਸਿੱਖ ਕੌਮ ਨੂੰ ਭਾਰਤੀ ਮੀਡੀਆ ਰਾਹੀਂ ਝੂਠਾ ਸੰਦੇਸ਼ ਦਿੱਤਾ ਜੋ ਕਿ ਅੱਜ ਵੀ ਇਤਿਹਾਸ ਦਾ ਪੰਨਾ ਹੈ ਤੇ ਜਿੱਥੇ ਉਸ ਸਮੇਂ ਦੇ ਆਪਣੇ ਧਰਮ ਤੇ ਕੌਮ ਦੀ ਰਾਖੀ ਲਈ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਆਪ ਅਤੇ ਸੈਂਕੜੇ ਸਿੱਖ ਧਰਮੀਆਂ ਨਾਲ ਆਪਾ ਵਾਰ ਰਹੇ ਸੀ ਤਾਂ ਇਹ ਸਿੱਖ ਕੌਮ ਆਪਣੀਆਂ ਹਸਤੀਆਂ ਬਚਾਉਣ ਲਈ ਕੋਰੇ ਝੂਠ ਬੋਲ ਰਹੇ ਸਨ। ਜਿਸ ਜਥੇਦਾਰ ਅੱਗੇ ਕਦੇ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਹੁੰਦਿਆਂ ਹੋਇਆ ਸਿਰ ਝੁਕਾਉਣਾ ਪਿਆ ਸੀ ਉੱਥੇ ਅੱਜ ਉਸੇ ਪਦਵੀ ਤੇ ਬੈਠੇ ਜਥੇਦਾਰ ਅੱਜ ਦੇ ਮਹਾਰਾਜਿਆਂ (ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਤਾਂ) ਅੱਗੇ ਸਿਰ ਝੁਕਾਈ ਬੈਠੇ ਹਨ ਅਤੇ ਉਨਾਂ ਦੇ ਇੱਕ ਇਸ਼ਾਰੇ ਤੇ ਕਿਸੇ ਵੀ ਸਿੱਖ ਨੂੰ ਵਗੈਰ ਕਿਸੇ ਦਲੀਲ ਅਤੇ ਅਪੀਲ ਲਈ ਪੰਥ ਚੋਂ ਛੇਕਣ ਲਈ ਪਲ ਲਈ ਵੀ ਨਹੀਂ ਸੋਚਦੇ। ਭਾਵੇਂ ਉਹ ਹੁਕਮ ਨਾਮੇ ਹੁਣ ਸਿੱਖ ਕੌਮ ਵੀ ਕਾਫੀ ਹੱਦ ਤੱਕ ਮੰਨਣ ਤੋਂ ਇਨਕਾਰੀ ਹੈ। ਅੱਜ ਸਿੱਖ ਕੌਮ ਦੀ ਦਿਨ ਪ੍ਰਤੀ-ਦਿਨ ਬਿਖਰਦੀ ਜਾ ਰਹੀ ਕੌਮੀ ਦਿਸ਼ਾ ਅਤੇ ਕੌਮੀ ਸੇਧ ਨੂੰ ਸਾਂਭਣ ਲਈ ਇਹ ਪ੍ਰਮੁੱਖ ਜਰੂਰਤ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਉਪਾਧੀ ਨੂੰ ਕਿਸੇ ਰਾਜਨੀਤਿਕ ਅਤੇ ਧਾਰਮਿਕ ਸੰਸਥਾ ਤੋਂ ਉੱਪਰ ਚੁੱਕਿਆ ਜਾਵੇ ਤਾਂ ਜੋ ਉਹ ਸਮੁੱਚੀ ਸਿੱਖ ਕੌਮ ਦੀ ਪ੍ਰਤੀਨਿਧਤਾ ਦਾ ਪ੍ਰਤੀਕ ਬਣ ਸਕੇ। ਇਸ ਲਈ ਅੱਜ ਲੋੜ ਹੈ ਕਿ ਸਿੱਖ ਕੌਮ ਆਪਣੇ ਇਤਿਹਾਸ ਨੂੰ ਪਛਾਣਦਿਆ ਹੋਇਆ ਦੀਵਾਲੀ ਤੇ ਵਿਸਾਖੀ ਵਰਗੇ ਮੁੱਖ ਤਿਉਹਾਰਾਂ ਵੇਲੇ ਇੱਕਠੇ ਹੋ ਕੇ ਗੁਰਮੱਤਾ ਅਪਣਾਇਆ ਜਾਵੇ ਅਤੇ ਉਸ ਰਾਹੀਂ ਇਹ ਸੰਦੇਸ਼ ਦਿੱਤਾ ਜਾਵੇ ਕਿ ਸਿੱਖ ਹਸਤੀ ਤੇ ਸ਼ਕਤੀ ਦਾ ਪ੍ਰਤੀਕ ਅਕਾਲ ਤਖਤ ਸਾਹਿਬ ਅਤੇ ਇਸਦੇ ਮੁੱਖ ਸੇਵਾਦਾਰ ਜਿਸਨੂੰ ਅੱਜ ਕੱਲ ਜਥੇਦਾਰ ਅਕਾਲ ਤਖਤ ਸਾਹਿਬ ਵਜੋਂ ਜਾਣਿਆਂ ਜਾਂਦਾ ਹੈ, ਦੀ ਅਜਿਹੀ ਸ਼ਖਸ਼ੀਅਤ ਹੋਵੇ ਜਿਸਦਾ ਆਪਣੇ ਆਪ ਵਿੱਚ ਅਜ਼ਾਦਨੁਮਾ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਸਵੈ-ਇਤਿਹਾਸ ਹੋਵੇ। ਜੋ ਅੱਜ ਦੀ ਪੀੜੀ ਲਈ ਇੱਕ ਪ੍ਰੇਰਨਾ ਸ੍ਰੋਤ ਹੋਵੇ ਅਤੇ ਇਸ ਹਸਤੀ ਤੇ ਸ਼ਕਤੀ ਨੂੰ ਕੇਂਦਰਿਤ ਕਰਨ ਲਈ ਸਮੁੱਚੀ ਸਿੱਖ ਕੌਮ ਵਿਚੋਂ ਸੂਝਵਾਨ ਸਿੱਖ ਵਿਦਵਾਨਾਂ ਦਾ ਇੱਕ ਪੈਨਲ ਬਣੇ ਜੋ ਇਸ ਇਤਿਹਾਸਕ ਹਸਤੀ ਨੂੰ ਸਿੱਖ ਕੌਮ ਦਾ ਮੁੱਖ ਅਜ਼ਾਦਨੁਮਾ ਕੇਂਦਰ ਬਣਾ ਸਕੇ। ਅਕਾਲ ਤਖਤ ਸਾਹਿਬ ਜਥੇਦਾਰ ਦੀ ਦਿਨ ਪ੍ਰਤੀ ਦਿਨ ਗਿਰ ਰਹੀ ਮਹਾਨਤਾ ਤੇ ਸਤਿਕਾਰ ਸਿੱਖ ਕੌਮ ਲਈ ਅੱਜ ਸਭ ਤੋਂ ਗੰਭੀਰ ਤੇ ਸੋਚਣ ਵਾਲਾ ਵਿਸ਼ਾ ਹੈ। ਜਿਸ ਰਾਹੀਂ ਸਿੱਖ ਕੌਮ ਵਿੱਚ ਬਾਬਾ-ਡੰਮ ਨਹੀਂ ਇਨਸਾਨਾਂ ਨੂੰ ਵਧਾਇਆ ਜਾ ਸਕੇ।