ਪੰਜਾਬ ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ੪ ਫਰਵਰੀ ਨੂੰ ਚੋਣਾਂ ਕਰਵਾਉਣ ਲਈ ਸੂਬੇ ਦੀ ਤਰੀਕ ਤਹਿ ਕਰ ਦਿੱਤੀ ਹੈ। ਇੰਨਾ ਚੋਣਾਂ ਵਿੱਚ ਇਸ ਵਾਰ ਸਿਆਸੀ ਬਦਲ ਤਾਂ ਕਈ ਹਨ ਪਰ ਮੁੱਖ ਰੂਪ ਵਿੱਚ ਅੱਜ ਵੀ ਸੱਤਾ ਦੀ ਦਾਅਵੇਦਾਰ ਪਿਛਲੇ ਦਸ ਸਾਲਾਂ ਤੋਂ ਚੱਲੀ ਆ ਰਹੀ ਸੂਬਾ ਸਰਕਾਰ ਹੀ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਗਠਜੋੜ ਦੀ ਸਰਕਾਰ ਹੈ ਤੇ ਸ੍ਰ.ਪ੍ਰਕਾਸ਼ ਸਿੰਘ ਬਾਦਲ ਇਸ ਦੇ ਰਹਿਨੁਮਾ ਹਨ।

ਸ੍ਰ. ਪ੍ਰਕਾਸ਼ ਸਿੰਘ ਬਾਦਲ ਉਸ ਯੁੱਗ ਨਾਲ ਮੇਲ ਖਾਂਦੇ ਹਨ ਜਦੋਂ ਰੁੱਖਾ ਬੋਲਣ ਵਾਲੇ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਬਰਦਾਸ਼ਤ ਕਰਨਾ ਔਖਾ ਹੁੰਦਾ ਸੀ ਪਰ ਪਿਛਲੇ ਦਸ ਸਾਲਾਂ ਦੀ ਕਾਰਜ਼ਗਾਰੀ ਨੇ ਇੰਨਾ ਕੁਝ ਬਦਲ ਦਿੱਤਾ ਹੈ ਕਿ ਸ੍ਰ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅੱਜ ਹਿਕਾਰਤ ਨਾਲ ਦੇਖਿਆ ਜਾਣ ਵਾਲਾ ਰੁੱਖਾ ਬੋਲਣਾ ਤਬਦੀਲ ਹੋ ਕਿ ਪੂਰੀ ਤਰਾਂ ਵਿਪਰੀਤ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਵਤੀਰਾ ਹੁਣ ਇਹ ਹੈ ਕਿ ਇਸ ਵਿੱਚ ਧੌਂਸ ਦਿਖਾਉਣਾ, ਨਿੱਜ ਦੀ ਚੌਧਰ, ਨਿੱਜ ਦੀ ਤਾਕਤ ਹੋਣ ਦੀ ਨਿਸ਼ਾਨੀ ਨੂੰ ਹੀ ਪੰਥਕ ਮੰਨਿਆ ਜਾਂਦਾ ਹੈ।

ਇਸਦੀ ਇੱਕ ਤਾਜਾ ਮਿਸਾਲ ਅੰਮ੍ਰਿਤਸਰ ਦੇ ਯੂਥ ਨੇਤਾ ਨਾਲ ਸਬੰਧਤ ਹੈ ਜਿਸਨੇ ਕੁਝ ਮਹੀਨੇ ਪਹਿਲਾਂ ਅੰਮ੍ਰਿਤਸਰ ਦੀ ਮਿਉਂਨਸੀਪਲ ਕੌਂਸਲ ਦੀ ਜਨਰਲ ਬਾਡੀ ਮੀਟਿੰਗ ਵਿੱਚ ਕਿਸੇ ਗੱਲ ਤੋਂ ਮਾਮੂਲੀ ਜਿਹੇ ਤਕਰਾਰ ਤੋਂ ਬਾਅਦ ਅਕਾਲ ਦਲੀ ਦੇ ਡਿਪਟੀ ਮੇਅਰ ਦੀ ਪੱਗ ਲਾਹ ਦਿੱਤੀ ਤੇ ਆਪਣੇ ਗੰਨਮੈਨ ਦੀ ਏ.ਕੇ ੪੭ ਫੜ ਕੇ ਡਿਪਟੀ ਕਮਿਸ਼ਨਰ ਦੀ ਹਾਜ਼ਰੀ ਵਿੱਚ ਆਪਣੇ ਵਿਰੋਧੀਆਂ ਨੂੰ ਧਮਕਾਇਆ ਤੇ ਫਰਾਰ ਹੋ ਗਿਆ। ਇਸਦੀ ਚਰਚਾ ਹੋਣ ਤੋਂ ਬਾਅਦ ਜਦੋਂ ਪੁਲੀਸ ਨੇ ਇਸਨੂੰ ਲੱਭਣ ਲਈ ਉਪਰਾਲੇ ਕੀਤੇ ਤਾਂ ਇਸ ਸ਼ਖਸ਼ ਨੇ ਆਪਣੇ ਫੋਨ ਦੇ ਵਟਸਆਪ ਤੇ ਫੋਟੋ ਲਾ ਕੇ ਇਹ ਸੁਨੇਹਾ ਪਾਇਆ ਤੇ ਕਿਹਾ ਕਿ “ਗਿੱਦੜਾਂ ਦਾ ਸੁਣਿਆ ਹੈ ਗਰੁੱਪ ਫਿਰਦਾ, ਕਹਿੰਦੇ ਸ਼ੇਰ ਮਾਰਨਾ”। ਇਸਤੋਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੀ ਸੋਚ ਦਾ ਤੇ ਅੱਜ ਦੀ ਅਕਾਲੀ ਦਲ ਦੀ ਸੋਚ ਦਾ ਕਿੰਨਾ ਅੰਤਰ ਹੈ।

ਇਹ ਸਜਿਹੇ ਹੀ ਸਿੱਧ ਕਰਦਾ ਹੈ ਕਿ ਅਕਾਲੀ ਦਲ ਦੀ ਨਵੀਂ ਦਿੱਖ ਇਹ ਹੈ ਕਿ ਇਸ ਵਿੱਚੋਂ ਪੰਥ ਪੂਰੀ ਤਰਾਂ ਗਾਇਬ ਹੈ, ਹੁਲੜਬਾਜੀ ਪੂਰੀ ਤਰਾਂ ਭਾਰੂ ਹੈ। ਇਸਦੇ ਕਈ ਕਾਰਨ ਹਨ ਤੇ ਮੁੱਖ ਕਾਰਨ ਪੰਜਾਬ ਵਿੱਚ ‘ਉੜਤਾ ਪੰਜਾਬ’ ਵਰਗੀਆਂ ਫਿਲਮਾਂ ਪ੍ਰਚੱਲਤ ਹੋ ਰਹੀਆਂ ਹਨ ਜੋ ਪੰਜਾਬ ਦੇ ਅੱਜ ਦੇ ਨੌਜਵਾਨ ਦੀ ਤਸਵੀਰ ਪੜਦੇ ਰਾਹੀਂ ਲੋਕਾਂ ਸਾਹਮਣੇ ਲਿਆਉਂਦੇ ਹਨ। ਦੂਸਰੇ ਪਾਸੇਂ ਨਾਲ ਦੇ ਸੂਬੇ ਹਰਿਆਣਾ ਵਿੱਚੋਂ ਬੌਲੀਵੁੱਡ ਦੰਗਲ ਤੇ ਸੁਲਤਾਨ ਵਰਗੀਆਂ ਹਾਂ ਪੱਖੀ, ਨੌਜਵਾਨ ਪੀੜੀ ਨੂੰ ਸੇਧ ਦਿਖਾਉਣ ਵਾਲੀਆਂ ਫਿਲਮਾਂ ਭਾਰਤ ਵਿੱਚ ਅੱਵਲ ਜਾ ਰਹੀਆਂ ਹਨ। ਅਕਾਲੀ ਦਲ ਦੀ ਮੌਜੂਦਾ ਸਰਕਾਰ ਅੱਜ ਵੋਟਰਾਂ ਅੱਗੇ ਚੋਣਾਂ ਲਈ ਜੋ ਸੁਨੇਹਾ ਰੱਖ ਰਹੀ ਹੈ ਉਸਦੀ ਤਰਜਮਾਨੀ ਇਸ ਤਰਾਂ ਹੋ ਸਕਦੀ ਹੈ ਕਿ ਭਾਈ ਲੋਕੋ, ਕਰ ਜੇਰਾ ਅੱਜ ਹਨੇਰਾ ਸਾਡੇ ਤੋਂ ਵਗੈਰ ਤੇ ਕੱਲ ਨੂੰ ਸਾਡੇ ਦੁਬਾਰਾ ਸੱਤਾ ਵਿੱਚ ਆਉਣ ਨਾਲ ਹੀ ਸਵੇਰਾ ਹੋਵੇਗਾ। ਭਾਵੇਂ ਕਿ ਇਸਦੇ ਉਲਟ ਪੰਜਾਬੀ ਦੇ ਨਾਮੀਂ ਅਖਬਾਰ ਆਪਣੇ ਐਡੀਟੋਰੀਅਲ ਵਿੱਚ ਅੱਜ ਦੇ ਪੰਜਾਬ ਨੂੰ ਬਹੁ-ਪੱਖੀ ਸੰਕਟ ਵਿੱਚ ਘਿਰਿਆ ਹੋਇਆ ਦਿਖਾ ਰਹੇ ਹਨ। ਭਾਵੇਂ ਕਿ ਸਰਕਾ ਵੱਲੋ ਵੋਟਰਾਂ ਨੂੰ ਲੁਭਾਉਣ ਲਈ ਸ਼ੁਰੂ ਕੀਤੀਆਂ ਸਕੀਮਾਂ ਨੂੰ ਨੇਪਰੇ ਚੜਾਉਣ ਲਈ ਆਪਣੀਆਂ ਸਰਕਾਰੀ ਇਮਾਰਤਾਂ ਨੂੰ ਬੈਕਾਂ ਅੱਗੇ ਗਿਰਵੀ ਰੱਖ ਕੇ, ਕਰਜ਼ੇ ਚੁੱਕ ਕੇ ਪੂਰਾ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਕੀਮਤ ਤੇ ਅਕਾਲੀ ਦਲ ਵੱਲੋਂ ਸਿਰਜਿਆ ਸਵੇਰਾ ਲੋਕਾਂ ਕੋਲੋਂ ਵਿਸਰ ਨਾ ਜਾਵੇ। ਇਹ ਸਰਕਾਰ ਇੰਨੀ ਬੇਖਬਰ ਹੈ ਕਿ ਭਾਵੇਂ ਇਸਨੇ ਆਪਣੇ ਪਹਿਲੇ ੨੦੧੨ ਵਾਲੇ ਚੋਣ ਮਨੋਰਥ ਪੱਤਰ ਵਿੱਚ ਪੰਜਾਬ ਦੇ ਲੋਕਾਂ ਦਾ ਮਾਣ ਸਤਿਕਾਰ ਉੱਚਾ ਕਰਨ ਲਈ ਕਈ ਲੋਕ ਲੁਭਾਊ ਵਾਅਦੇ ਕੀਤੇ ਸਨ ਜਿਵੇਂ ਕਿ ਖੇਤੀ-ਬਾੜੀ ਖੇਤਰ ਨੂੰ ਉਦਯੋਗਿਕ ਲੀਹਾਂ ਤੇ ਲਿਆਉਣਾ, ਬੇਰੁਜ਼ਗਾਰੀ ਜੋ ਕਿ ਅੱਜ ਪੰਜਾਬ ਅੰਦਰ ਹਜ਼ਾਰ ਪਰਿਵਾਰ ਪਿੱਛੇ ੬੪ ਪਰਿਵਾਰ ਅਜਿਹੇ ਹਨ ਜਿੰਨਾ ਕੋਲ ਕੰਮ ਦਾ ਕੋਈ ਵੀ ਵਸੀਲਾ ਨਹੀਂ ਹੈ। ਇਹ ਸਰਕਾਰੀ ਅੰਕੜੇ ਹਨ ਅਸਲੀਅਤ ਹੋਰ ਵੀ ਭਿਆਨਕ ਹੈ।

ਇਸੇ ਤਰਾਂ ਸਮਾਜਿਕ ਸੁਰਖਿਆ ਦਾ ਮੁੱਦਾ ਵੀ ਸੌ ਦੌ ਸੌ ਦੇ ਲਾਰੇ ਨਾਲ ਸਮੇਟ ਕੇ ਪੂਰਾ ਕਰ ਦਿਖਾਉਣ ਦਾ ਯਤਨ ਕੀਤਾ ਹੈ। ਵਿਦਿਆਰਥੀ ਵਰਗ ਨੂੰ ਲੈਪ ਟੌਪ ਤੇ ਇੰਟਰਨੈਂਟ ਕੁਨੇਕਸ਼ਨ ਦਾ ਵਾਅਦਾ ਵੀ ਮਿੱਟੀ ਦੀ ਧੂੜ ਵਿੱਚ ਦਬ ਗਿਆ। ਇਸੇ ਤਰਾਂ ਨਸ਼ਿਆ ਦਾ ਵਿਸ਼ ਜਿਸ ਨੂੰ ਸਰਕਾਰ ਮੁੱਦਾ ਮੰਨਣ ਲਈ ਹੀ ਤਿਆਰ ਨਹੀਂ ਹੈ, ਉਹ ਵੱਡੇ ਮਗਰਮੱਛ ਵਾਂਗੂੰ ਪੰਜਾਬ ਦੀ ਨੌਜਵਾਨੀ ਲਈ ਮੂੰਹ ਅੱਡੀ ਖੜਾ ਹੈ। ਇਸੇ ਤਰਾਂ ਰਿਸ਼ਵਤ ਨੂੰ ਨੱਥ ਤਾਂ ਕੀ ਪਾਉਣੀ ਹੈ ਅਜੇ ਤੱਕ ਲੋਕ ਪਾਲ ਬਿੱਲ ਹੀ ਨਹੀਂ ਬਣਾ ਸਕੇ ਜੋ ਇੱਕ ਵਾਚਡੌਗ ਰਿਸ਼ਵਤ ਖਿਲਾਫ ਖਿੱਤਾ ਹੈ। ਇਸੇ ਤਰਾਂ ਟੋਲ ਟੈਕਸ ਤੋਂ ਸਾਬਕਾ ਫੌਜੀਆਂ, ਪੱਤਰਕਾਰਾਂ, ਕੌਮਾਂਤਰੀ ਖਿਡਾਰੀਆਂ ਨੂੰ ਮਾਫੀ ਦਾ ਵਾਅਦਾ ਵੀ ਵਫਾ ਨਹੀਂ ਹੋ ਸਕਿਆ ਪਰ ਟੋਲ ਟੈਕਸ ਹੋਰ ਉਸਾਰੇ ਜਾ ਚੁੱਕੇ ਹਨ। ਇਸੇ ਤਰਾਂ ਹੀ ਵਾਤਾਵਰਣ ਇੱਕ ਅਜਿਹਾ ਮੁੱਦਾ ਸੀ ਜੋ ਕਿ ਸੰਸਾਰ ਪੱਧਰੀ ਦਿੱਖ ਰੱਖਦਾ ਹੈ ਉਹ ਇੰਨਾ ਦੇ ਵਿਕਾਸ ਦੇ ਕੰਮਾਂ ਵਿੱਚ ਮਨੁੱਖ ਪੱਖੀ ਵਿਕਾਸ ਨਾ ਹੋਣ ਕਾਰਨ ਕਿਧਰੇ ਰੁੱਲ ਹੀ ਗਿਆ ਤੇ ਪੰਜਾਬ ਦੀ ਧਰਤੀ ਅੱਜ ਸਾਫ ਵਾਤਾਵਰਣ ਤੇ ਰੁੱਖ ਵਿਹੂਣੀ ਹੋ ਗਈ ਹੈ।

ਅੰਤ ਵਿੱਚ ਜੇ ਆਪਾਂ ਸਿਹਤ ਖੇਤਰ ਦੀ ਗੱਲ ਕਰੀਏ ਤਾਂ ਅਕਾਲੀ ਦਲ ਵੱਲੋਂ ਆਖਿਆ ਗਿਆ ਸੀ ਕਿ ਪੰਜ ਏਕੜ ਦੇ ਮਾਲਕਾਂ ਸਮੇਤ ਸਭ ਨੂੰ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਕੀਤਾ ਜਾਵੇਗਾ। ਇਹ ਵਾਅਦਾ ਵੀ ਦਮ ਤੋੜਦਾ ਦਿਖਾਈ ਦੇ ਰਿਹਾ ਹੈ। ਇਹ ਹੈ ਅੱਜ ਦੇ ਅਕਾਲੀ ਦਲ ਦਾ ੨੦੧੨ ਵਿੱਚ ਲੋਕਾਂ ਨੂੰ ਦਿੱਤਾ ਨਵੀਂ ਸਵੇਰ ਦਾ ਹੋਕਾ। ਅੱਜ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ੨੦੧੭ ਦੇ ਚੋਣ ਮਨੋਰਥ ਪੱਤਰ ਦੀ ਉਡੀਕ ਹੈ। ਜੋ ਅਕਾਲੀ ਦਲ ਨੇ ਆਪਣੀ ਸੱਤਾ ਨੂੰ ਬਰਕਰਾਰ ਰੱਖਣ ਲਈ ਲਿਆਉਣਾ ਹੈ ਤੇ ਨਵੀਂ ਸਵੇਰ ਦੇ ਪ੍ਰਤੀਕ ਵਜੋਂ ਪੇਸ਼ ਕਰਨਾ ਹੈ।