ਸਦੀਆਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਉਸ ਵੇਲੇ ਦੇ ਧਰਮ ਤੋਂ ਟੁੱਟੇ ਹੋਏ ਲੋਕਾਂ ਦੀ ਦਸ਼ਾ ਬਿਆਨਦਿਆਂ ਵਰਨਣ ਕੀਤਾ ਸੀ ਕਿ, ਕਾਜੀ ਵੱਢੀ ਲੈ ਕੇ ਫੈਸਲੇ ਕਰ ਰਹੇ ਹਨ ਅਤੇ ਸ਼ੈਤਾਨ ਕਿਸਮ ਦੇ ਲੋਕ ਧਰਮ ਦੀਆਂ ਆਇਤਾਂ ਦੇ ਆਪਣੇ ਹਿਸਾਬ ਨਾਲ ਅਰਥ ਕੱਢ ਰਹੇ ਹਨ। ਗੁਰੂ ਸਾਹਿਬ ਨੇ ਆਪਣੇ ਉਸ ਸ਼ਬਦ ਵਿੱਚ ਇਹ ਨਿਰਣਾਂ ਕੀਤਾ ਸੀ ਕਿ ਚਾਰੇ ਪਾਸੇ ਕੂੜ ਦਾ ਪਸਾਰਾ ਫੈਲਿਆ ਹੋਇਆ ਹੈ ਅਤੇ ਧਰਮ ਦੇ ਰੁਹਾਨੀ ਸੰਦੇਸ਼ ਤੇ ਚੱਲਣ ਵਾਲੇ ਬਹੁਤ ਘੱਟ ਲੋਕ ਰਹਿ ਗਏ ਹਨ।
ਵਰਤਮਾਨ ਸਮੇਂ ਦੇ ਪੰਜਾਬ ਵਿੱਚ ਵੀ ਕੁਝ ਅਜਿਹਾ ਹੀ ਵਾਪਰ ਰਿਹਾ ਹੈ। ਰਾਜਸ਼ਾਹੀ ਦੇ ਨਸ਼ੇ ਵਿੱਚ ਕੁਝ ਲੋਕ ਗੁਰੂ ਸਾਹਿਬ ਦੀ ਬਾਣੀ ਨੂੰ ਵੀ ਆਪਣੇ ਢੰਗ ਨਾਲ ਪੜ੍ਹ ਰਹੇ ਹਨ ਅਤੇ ਉਸ ਦੇ ਅਰਥ ਆਪਣੇ ਅਨੁਸਾਰ ਹੀ ਕੱਢ ਰਹੇ ਹਨ। ਧਰਮ ਅਸਥਾਨਾ ਤੇ ਬੈਠੇ ਕੁਝ ਜਿੰਮੇਵਾਰ ਸੱਜਣ ਅਜਿਹੀਆਂ ਬੱਜਰ ਗਲਤੀਆਂ ਨੂੰ ਬਹੁਤ ਹੀ ਸਹਿਜ ਢੰਗ ਨਾਲ ਲੈ ਰਹੇ ਹਨ।
ਗੱਲ ਕਰ ਰਹੇ ਹਾਂ ਅਕਾਲੀ ਦਲ ਦੇ ਰੂਹੇ-ਰਵਾਂ, ਸ਼ਹੀਦਾਂ ਦੀ ਜਥੇਬੰਦੀ ਨੂੰ ਨਵਾਂ ਅਕਸ ਅਤੇ ਨਵੀਂ ਦਿਸ਼ਾ ਦੇਣ ਵਾਲੇ ਬਿਕਰਮ ਸਿੰਘ ਮਜੀਠੀਆ ਦੀ ਜਿਸਨੇ ਸੱਤਾ ਦੇ ਨਸ਼ੇ ਦੀ ਲੋਰ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਦੀਆਂ ਤੁਕਾਂ ਅਤੇ ਭਾਵਨਾ ਬਦਲਣ ਲੱਗਿਆਂ ਨਾ ਤਾਂ ਦੇਰ ਲਾਈ ਅਤੇ ਨਾ ਹੀ ਇਸ ਗੁਸਤਾਖੀ ਵੇਲੇ ਉਸਦੀ ਰੂਹ ਤੇ ਕੋਈ ਭਾਰ ਪਿਆ। ਉਸਦੇ ਮਗਰ ਲੱਗਕੇ ਬਹੁਤ ਸਾਰੇ ਲੋਕਾਂ ਨੇ ਉਸ ਗੁਸਤਾਖੀ ਨੂੰ ਸਹਿਜ ਸੁਭਾ ਹੀ ਹਜਮ ਕਰ ਲਿਆ ਅਤੇ ਕਿਸੇ ਇੱਕ ਜਣੇ ਦੀ ਵੀ ਜੁਅਰਤ ਨਹੀ ਹੋਈ ਕਿ ਉਸ ਲੀਡਰ ਨੂੰ ਗੁਰੂ ਸਾਹਿਬ ਦੇ ਅਪਮਾਨ ਬਾਰੇ ਦੱਸ ਸਕੇ।
ਸਿੱਖ ਜਗਤ ਵਿੱਚ ਇਸ ਗਲਤੀ ਜਾਂ ਗੁਸਤਾਖੀ ਦਾ ਤਿੱਖਾ ਪ੍ਰਤੀਕਰਮ ਹੋਇਅ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਛੇਕ ਦੇਣ ਦੀਆਂ ਅਪੀਲਾਂ ਹੋਣ ਲੱਗੀਆਂ। ਕੁਝ ਗਰਮ ਸੱਜਣਾਂ ਨੇ ਤਾਂ ਆਪੋ ਆਪਣੀ ਸਮਝ ਅਨੁਸਾਰ ਸਜ਼ਾਵਾਂ ਵੀ ਨਿਸਚਿਤ ਕਰ ਦਿੱਤੀਆਂ।
ਸੱਚ-ਮੁੱਚ ਅੱਜ ਇਤਿਹਾਸ ਨੇ ਆਪਣਾਂ ਗੇੜਾ ਪੂਰਾ ਕਰ ਲਿਆ ਹੈ। ਸ਼ਹੀਦਾਂ ਦੀ ਜਥੇਬੰਦੀ ਦੇ ਸਿਰਮੌਰ ਆਗੂਆਂ ਨੂੰ ਗੁਰੂ ਦੀ ਬਾਣੀ, ਸਿੱਖ ਇਤਿਹਾਸ ਅਤੇ ਸਿੱਖ ਸੰਘਰਸ਼ ਬਾਰੇ ਗੱਲ ਕਰਨ ਦੀ ਤਮੀਜ਼ ਅਤੇ ਤਹਿਜ਼ੀਬ ਵੀ ਭੁੱਲ ਗਈ ਹੈ। ਹੁਣ ਭਾਈ ਤਾਰੂ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਵਰਗੇ ਪ੍ਰਤਾਪੀ ਸ਼ਹੀਦ ਇਸ ਸਿੱਖ ਜਥੇਬੰਦੀ ਦੀ ਪਿੱਠ ਤੇ ਨਹੀ ਖੜ੍ਹਦੇ ਅਤੇ ਨਾ ਹੀ ਇਹ ਜਥੇਬੰਦੀ ਅਜਿਹੇ ਕਰਨੀ ਵਾਲੇ ਮਹਾਂਪੁਰਸ਼ਾਂ ਨੂੰ ਆਪਣੀ ਵਗਲਣ ਵਿੱਚ ਦਾਖਲ ਹੋਣ ਦਿੰਦੀ ਹੈ।
ਗੁਰੂ ਦੀ ਲੀਹ ਨੂੰ ਛੱਡਕੇ ਆਪਣੀ ਨਿੱਜੀ ਲੀਹ ਤੇ ਪਏ ਅਕਾਲੀ ਦਲ ਦਾ ਇਹ ਹਾਲ ਹੋਣਾਂ ਹੀ ਸੀ। ਧਰਮ ਜਦੋਂ ਇਸ ਜਥੇਬੰਦੀ ਦੀ ਸਿਮਰਤੀ ਤੋਂ ਵਿਸਰ ਗਿਆ। ਪ੍ਰਤਾਪੀ ਸ਼ਹੀਦਾਂ ਦੇ ਮਾਣ ਅਤੇ ਸਤਿਕਾਰ ਦੀ ਥਾਂ ਜਦੋਂ ਬੰਬਈ ਦੇ ਨਾਚ-ਗਾਣੇ ਵਾਲਿਆਂ ਨੇ ਲੈ ਲਈ, ਅਕਾਲ ਤਖਤ ਸਾਹਿਬ ਦੀ ਥਾਂ ਜਦੋਂ ਚੰਡੀਗੜ੍ਹ ਦਾ ਤਖਤ ਮਹੱਤਵਪੂਰਨ ਹੋ ਗਿਆ ਤਾਂ ਉਸ ਹਾਲਤ ਵਿੱਚ ਤਾਂ, ‘ਨਿਸ਼ਚੈ ਕਰ ਅਰੁਣ ਜੇਤਲੀ ਕੀ ਜੀਤ ਕਰੋ’ ਦੇ ਨਾਅਰੇ ਹੀ ਗੂੰਜਣੇ ਸਨ। ਬਿਕਰਮ ਸਿੰਘ ਮਜੀਠੀਏ ਨੇ ਕੁਝ ਵੀ ਗਲਤ ਨਹੀ ਕੀਤਾ। ਅਕਾਲੀ ਦਲ ਜਿਸ ਲੀਹ ਤੇ ਪਿਛਲੇ ੨੦ ਸਾਲ ਤੋਂ ਚੱਲ ਰਿਹਾ ਸੀ। ਉਸ ਵਿੱਚੋਂ ਇਹੋ ਕੁਝ ਹੀ ਨਿਕਲਣਾਂ ਸੀ। ਉਹ ਜਿਸ ਵੇਲੇ ਅਕਾਲੀ ਦਲ ਵਿੱਚ ਦਾਖਲ ਹੋਇਆ ਉਸ ਵੇਲੇ ਅੰਮ੍ਰਿਤ ਵੇਲੇ ਦਾ ਜਾਗਣਾਂ, ਇਸ਼ਨਾਨ, ਸਿਮਰਨ ਅਤੇ ਗੁਰੂ ਦਾ ਭਾਓ ਅਕਾਲੀ ਦਲ ਦੀ ਦੁਨੀਆਂ ਵਿੱਚੋਂ ਅਲੋਪ ਹੋ ਚੁੱਕਾ ਸੀ। ਅਕਾਲੀ ਦਲ ਜੋ ਸੰਗਤ ਦੀ ਰਜ਼ਾ ਅੱਗੇ ਸਿਰ ਝੁਕਾਉਣ ਵਾਲੀ ਪਾਰਟੀ ਦੇ ਤੌਰ ਤੇ ਜਾਣਿਆਂ ਜਾਂਦਾ ਸੀ ਉਸ ਵੇਲੇ ‘ਇੱਕ ਵਾਹਦ ਆਗੂ’ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲਾ ਕੰਡੀਸ਼ਨਰ ਬਣ ਚੁੱਕਾ ਸੀ।
ਸਿੱਖਾਂ ਦੇ ਲਹੂ ਵਿੱਚੋਂ ਪੈਦਾ ਹੋਈ ਜਥੇਬੰਦੀ ਜੋ ਗੁਰੂ ਸਾਹਿਬ ਦੇ ਰੁਹਾਨੀ ਸੱਚ ਤੋਂ ਬਿਨਾ ਕਿਸੇ ਅੱਗੇ ਸਿਰ ਨਹੀ ਸੀ ਝੁਕਾਉਂਦੀ ਜਦੋਂ ਹਰ ਜਣੇ ਖਣੇ ਲਈ ਸਲਾਮਾਂ ਕਰਨ ਲੱਗੀ ਅਤੇ ਆਪਣੀਆਂ ਜੜ੍ਹਾਂ ਤੋਂ ਤੋੜਕੇ ਪੰਜਾਬੀਅਤ ਦੀ ਝੋਲੀ ਵਿੱਚ ਪਾ ਦਿੱਤੀ ਗਈ ਉਸ ਵੇਲੇ, ਜੇਤਲੀ ਦੀ ਜੈ-ਜੈ ਕਾਰ ਹੀ ਹੋਣੀ ਸੀ, ਨੀਹਾਂ ਵਿੱਚ ਚੁਣੇ ਗਏ ਮਾਸੂਮਾਂ ਦੀ ਨਹੀ।
੧੯੯੫ ਤੋਂ ਬਾਅਦ ਅਕਾਲੀ ਦਲ ਨੇ ਆਪਣੀ ਸਿਧਾਂਤਿਕ ਖੁਰਾਕ ਗੁਰੂ ਤੋਂ ਮੁੱਖ ਮੋੜਕੇ ਕਿਸੇ ਬਿਗਾਨੇ ਫਲਸਫੇ ਵਿੱਚੋਂ ਲੈਣੀ ਅਰੰਭ ਕਰ ਦਿੱਤੀ ਸੀ। ਅੱਜ ਲਗਭਗ ੧੯ ਸਾਲ ਬਾਅਦ ਅਕਾਲੀ ਦਲ ਦੇ ਸਿੱਖੀ ਸਰੂਪ ਅਤੇ ਟਕਸਾਲੀ ਰਹਿਣੀ ਬਹਿਣੀ ਵਾਲੇ ਕਲਚਰ ਦਾ ਮਰਸੀਆ ਪੜ੍ਹਿਆ ਗਿਆ ਹੈ। ਬਿਕਰਮ ਸਿੰਘ ਮਜੀਠੀਏ ਨੇ ਉਹ ਮਰਸੀਆ ਸਿੱਖਾਂ ਦੇ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੜ੍ਹ ਦਿੱਤਾ ਹੈ। ਦਸਤਾਰ ਧਾਰੀ ਅਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਅਕਾਲੀ ਦਲ ਵਿੱਚੋਂ ਚੁਣ-ਚੁਣ ਕੇ ਛੇਕ ਦੇਣ ਤੋਂ ਬਾਅਦ ਹੁਣ ਜਦੋਂ ਅਕਾਲੀ ਦਲ ਦੇ ਆਗੂਆਂ ਦਾ ਨਾਅ ਨਸ਼ੇ ਦੇ ਸੌਦਾਗਰਾਂ ਵਿੱਚ ਆਉਣ ਲੱਗ ਪਿਆ ਹੈ ਉਸ ਵੇਲੇ ਇਹ ਆਸ ਕਿੱਥੇ ਕੀਤੀ ਜਾ ਸਕਦੀ ਹੈ ਕਿ ਇਹ ਜਥੇਬੰਦੀ ਫਿਰ ਕੋਈ ਸੁੱਖਾ ਸਿੰਘ ਮਹਿਤਾਬ ਸਿੰਘ ਪੈਦਾ ਕਰ ਸਕੇਗੀ। ਕੋਈ ਹੋਰ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਪੈਦਾ ਕਰ ਸਕੇਗੀ ਜੋ ਫਾਂਸੀ ਦੇ ਤਖਤੇ ਵੱਲ ਨੂੰ ਵੀ ਸੱਪ ਵਾਂਗ ਮੇਲ਼੍ਹਦੇ ਗਏ ਸਨ।
ਆਪਣੇ ਇਤਿਹਾਸ ਤੋਂ ਵਿਛੜਕੇ ਕੋਈ ਜਥੇਬੰਦੀ ਆਪਣੀ ਹੋਂਦ ਬਹੁਤ ਲੰਬੇ ਸਮੇਂ ਤੱਕ ਨਹੀ ਬਚਾ ਸਕਦੀ। ਅਕਾਲੀ ਦਲ ਦੇ ਮੌਜੂਦਾ ਰਹਿਬਰਾਂ ਨੂੰ ਇਹ ਯਾਦ ਰੱਖਣਾਂ ਚਾਹੀਦਾ ਹੈ। ਉਮੀਦ ਕਰਦੇ ਹਾਂ ਅਜਿਹੇ ਕਾਲੇ ਦੌਰ ਵਿੱਚ ਵੀ ਕੁਝ ਲੋਕ ਹੋਣਗੇ ਜਿਨ੍ਹਾਂ ਦੀ ਜਮੀਰ ਜਿੰਦਾ ਹੋਵੇਗੀ ਅਤੇ ਉਹ ਵਕਤ ਦੇ ਹਾਕਮਾਂ ਨੂੰ ਸੱਚ ਦਾ ਸ਼ੀਸ਼ਾ ਦਿਖਾ ਸਕਣਗੇ ਤਾਂ ਕਿ ਕੋਈ ਹੋਰ ਆਗੂ ਗੁਰਬਾਣੀ ਦਾ ਨਿਰਾਦਰ ਕਰਨ ਦੀ ਜੁਅਰਤ ਨਾ ਕਰ ਸਕੇ।