ਮਾਂ ਬੋਲੀ ਪੰਜਾਬੀ ਨੂੰ ਰਾਣੀ ਬਣਾਉਨ ਦਾ ਸੁਪਨਾ ਦੇਖਣ ਵਾਲਾ ਅਤੇ ਸਿੱਖਾਂ ਦੇ ਦਰਦ ਨੂੰ ਆਪਣੇ ਹਾਵਾਂ-ਹਉਂਕਿਆਂ ਦੀ ਇਬਾਰਤ ਬਣਾਉਣ ਵਾਲਾ ਪੰਜਾਬ ਦਾ ਸੂਰਮਾ ਸਾਹਿਤਕਾਰ ਅਫਜ਼ਲ ਅਹਿਸਨ ਰੰਧਾਵਾ ਜੀ ਸਾਨੂੰ ਵਿਛੋੜਾ ਦੇ ਗਏ ਹਨ। ਆਪਣੀ ਸਾਰੀ ਉਮਰ ਮਾਂ ਬੋਲੀ ਪੰਜਾਬੀ ਦੇ ਲੇਖੇ ਲਾ ਕੇ ਪਲ ਪਲ ਸਰਕਾਰਾਂ ਅਤੇ ਸਿਸਟਮ ਨਾਲ ਲੜਨ ਵਾਲਾ ਯੋਧਾ ਸਾਡੇ ਤੋਂ ਵਿਛੜ ਗਿਆ ਹੈ। ਪੰਜਾਬ ਨੂੰ ਇੱਕ ਦੇਖਣ ਦੀ ਇੱਛਾ ਪਾਲਣ ਵਾਲਾ ਅਤੇ ਸਿੱਖਾਂ ਦੀ ਪੀੜ ਨੂੰ ਆਪਣੀ ਨਿੱਜੀ ਪੀੜ ਸਮਝਣ ਵਾਲੇ ਸੂਰਮੇ ਸਾਹਿਤਕਾਰ ਨੇ ਆਪਣੀ ਜੰਮਣ ਭੋਂਇ ਲਾਇਲਪੁਰ ਵਿੱਚ ਪਿਛਲੇ ਦਿਨੀ ਆਖਰੀ ਸਾਹ ਲਏ। ਸਿੱਖਾਂ ਦਾ ਗੜ੍ਹ ਸਮਝੇ ਜਾਂਦੇ ਲਾਇਸਪੁਰ ਨੂੰ ਉਸਤਾਦ ਸ਼ਾਇਰ ਅਫਜ਼ਲ ਅਹਿਸਨ ਰੰਧਾਵਾ ਨੇ ਸਮੁੱਚੀ ਦੁਨੀਆਂ ਵਿੱਚ ਚੜ੍ਹਦੇ ਸੂਰਜ ਵਾਂਗ ਚਮਕਾਇਆ।
ਆਪਣੇ ਜੀਵਨ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਮਸ਼ਹੂਰ ਨਾਵਲ, ਕਹਾਣੀਆਂ ਅਤੇ ਕਵਿਤਾਵਾਂ ਲਿਖੀਆਂ। ਉਨ੍ਹਾਂ ਦੀਆਂ ਕਈ ਕਿਤਾਬਾਂ ਆਪਣੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਵੀ ਪੜ੍ਹਾਈਆਂ ਜਾਂਦੀਆਂ ਹਨ। ਪੰਜਾਬੀ ਕਵਿਤਾ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀ ਸੀ। ਕਵਿਤਾ ਤਾਂ ਉਹ ਜਜਬਿਆਂ ਵਿੱਚ ਡੁੱਬ ਕੇ ਲਿਖਦੇ ਸਨ। ਉਹ ਰਵਾਨਗੀ, ਉਹ ਸ਼ਾਇਤਸਗੀ ਅਤੇ ਉਹ ਦਰਦ ਜੋ ਜਨਾਬ ਅਫਜ਼ਲ ਅਹਿਸਨ ਰੰਧਾਵਾ ਦੀ ਕਵਿਤਾ ਵਿੱਚ ਸੀ ਉਹ ਕਿਤੇ ਨਹੀ ਦੇਖਿਆ ਗਿਆ।
ਉਹ ਸਿਰਫ ਪੰਜਾਬੀ ਦੇ ਕਵੀ ਹੀ ਨਹੀ ਸਨ ਬਲਕਿ ਮਨੁੱਖਤਾ ਦੇ ਕਵੀ ਸਨ। ਦੁਨੀਆਂ ਭਰ ਵਿੱਚ ਜਿੱਥੇ ਵੀ ਸਰਕਾਰਾਂ ਨੇ ਕਿਸੇ ਦੀ ਬੋਲੀ, ਇਤਿਹਾਸ ਅਤੇ ਰਵਾਇਤਾਂ ਖੋਹਣ ਤੇ ਕੁਚਲਣ ਦਾ ਯਤਨ ਕੀਤਾ ਤਾਂ ਅਫਜ਼ਲ ਅਹਿਸਨ ਰੰਧਾਵਾ ਦੀ ਕਲਮ ਬੇਚੈਨ ਹੋਣ ਲਗਦੀ ਸੀ। ਉਨ੍ਹਾਂ ਹਰ ਸੰਘਰਸ਼ੀਲ ਕੌਮ ਲਈ ਆਪਣੀ ਕਲਮ ਚਲਾਈ।
ਵੰਡ ਤੋਂ ਬਾਅਦ ਲਹਿੰਦੇ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਦੇ ਕਾਰਜ ਨੂੰ ਲੈਕੇ ਉਨ੍ਹਾਂ ਵਕਤ ਦੀਆਂ ਸਰਕਾਰਾਂ ਨਾਲ ਟੱਕਰ ਲਈ ਅਤੇ ਆਪਣੀ ਮਾਂ ਬੋਲੀ ਦਾ ਸਿਰ ਕਦੇ ਨੀਵਾਂ ਨਹੀ ਹੋਣ ਦਿੱੰਤਾ।
ਅਸਲ ਵਿੱਚ ਅਫਜ਼ਲ ਅਹਿਸਨ ਰੰਧਾਵਾ ਨੇ ਆਪਣੇ ਕਿਰਦਾਰ ਅਤੇ ਲੇਖਣੀ ਨਾਲ ਪੰਜਾਬੀਅਤ ਦੀ ਅਸਲ ਪਹਿਚਾਣ ਨੂੰ ਮਜ਼ਬੂਤ ਕੀਤਾ। ਭਾਰਤੀ ਪੰਜਾਬ ਵਿੱਚ ਅੱਜਕੱਲ਼੍ਹ ਜਿਹੜੇ ਲੋਕ ਪੰਜਾਬੀਅਤ ਦਾ ਰੌਲਾ ਪਾਕੇ ਆਪਣੀ ਦੁਕਾਨ ਚਲਾ ਰਹੇ ਹਨ ਉਨ੍ਹਾਂ ਦਾ ਅਸਲ ਮਕਸਦ ਸਿੱਖਾਂ ਦੀ ਪਿੱਠ ਵਿੱਚ ਛੁਰਾ ਮਾਰਨਾ ਅਤੇ ਸਿੱਖਾਂ ਦੀ ਸਰੀਰਕ ਅਤੇ ਵਿਚਾਰਧਾਰਕ ਨਸਲਕੁਸ਼ੀ ਕਰਨ ਦਾ ਹੈ।
ਪਰ ਅਫਜ਼ਲ ਅਹਿਸਨ ਰੰਧਾਵਾ ਅਜਿਹੀ ਸ਼ਖਸ਼ੀਅਤ ਸਨ ਜਿਨ੍ਹਾਂ ਨੇ ਆਪਣੀ ਲੇਖਣੀ, ਆਪਣੇ ਵਿਚਾਰਾਂ ਅਤੇ ਆਪਣੇ ਜਜਬਿਆਂ ਨਾਲ ਅਸਲ ਪੰਜਾਬੀਅਤ ਦੀ ਨੀਹ ਰੱਖੀ। ਅਸੀਂ ਅਫਜ਼ਲ ਅਹਿਸਨ ਰੰਧਾਵਾ ਦੀ ਦ੍ਰਿੜਤਾ ਤੋਂ ਕਾਇਲ ਹੋਕੇ ਆਖ ਸਕਦੇ ਹਾਂ ਕਿ ਉਹ ਹੀ ਪੰਜਾਬੀਅਤ ਦੇ ਅਸਲ ਵਾਰਸ ਹਨ। ਕੁਲਦੀਪ ਨਈਆਰ ਵਰਗੇ ਲੋਕ ਨਹੀ, ਜਿਨ੍ਹਾਂ ਦੇ ਮਨ ਵਿੱਚ ਸਿੱਖਾਂ ਖਿਲਾਫ ਨਦਰਤ ਕੁੱਟ ਕੁੱਟ ਕੇ ਭਰੀ ਹੋਈ ਹੈ।
ਅਸਲ ਪੰਜਾਬੀਅਤ ਇਹ ਮੰਗ ਕਰਦੀ ਹੈ ਕਿ ਦੁਨੀਆਂ ਵਿੱਚ ਕਿਸੇ ਵੀ ਅਧੀਨ ਕੌਮ ਤੇ ਸਰਕਾਰੀ ਜਬਰ ਹੁੰਦਾ ਹੈ ਤਾਂ ਗੁਰੂਆਂ ਦੇ ਵਰੋਸਾਏ ਪੰਜਾਬੀ ਉਸ ਜਬਰ ਦੇ ਵਿਰੁੱਧ ਬੋਲਣ ਅਤੇ ਲਿਖਣ। ਇਸੇ ਕਰਕੇ ੯ ਜੂਨ ੧੯੮੪ ਨੂੰ ਜਦੋਂ ਸਿੱਖ ਕੌਮ ਭਾਰਤੀ ਸਰਕਾਰ ਦੇ ਜੁਲਮਾਂ ਦੀ ਬੇਕਿਰਕ ਮਾਰ ਝੱਲ ਰਹੀ ਸੀ ਉਸ ਵੇਲੇ ਜਿੱਥੇ ਨਕਲੀ ਪੰਜਾਬੀ ਲੱਡੂ ਵੰਡ ਰਹੇ ਸਨ ਦੂਜੇ ਪਾਸੇ ਸਾਡਾ ਇਹ ਅਦੀਬ ਸ਼ਾਇਰ ਏਨਾ ਬੇਚੈਨ ਹੋਇਆ ਪਿਆ ਸੀ ਕਿ ਉਸਨੂੰ ਧਰਤੀ ਵਿਹਲ ਨਹੀ ਸੀ ਦੇ ਰਹੀ, ਕਿਧਰੇ ਜਜਬ ਹੋਣ ਨੂੰ।
੯ ਜੂਨ ਨੂੰ ਉਸਨ੍ਹਾਂ ਨੇ ਸਿੱਖਾਂ ਦੇ ਜਜਬਿਆਂ ਦੀ ਤਰਜਮਾਨੀ ਕਰਦੀ ਉਹ ਗਹਿਰ ਗੰਭੀਰ ਕਵਿਤਾ ਲਿਖੀ ਜਿਸਨੂੰ ਵਰਤਮਾਨ ਸਿੱਖ ਇਤਿਹਾਸ ਦੀ ਸਭ ਤੋਂ ਸਤਿਕਾਰਯੋਗ ਕਵਿਤਾ ਆਖਿਆ ਜਾ ਸਕਦਾ ਹੈ। ਹਰ ਸੱਚੇ ਸਿੱਖ ਨੂੰ ਉਹ ਕਵਿਤਾ ਆਪਣੇ ਘਰ ਦੀ ਕੰਧ ਤੇ ਮੜ੍ਹਾ ਕੇ ਲਾਉਣੀ ਚਾਹੀਦੀ ਹੈ ਅਤੇ ਹਰ ਰੋਜ਼ ਪੜ੍ਹਨੀ ਚਾਹੀਦੀ ਹੈ ਤਾਂ ਕਿ ਸਾਨੂੰ ਯਾਦ ਰਹੇ ਕਿ ਉਸ ਬਿਖੜੇ ਸਮੇਂ ਜਦੋਂ ਸਾਡੇ ਆਪਣੇ ਵੀ ਸਾਡਾ ਸਾਥ ਛੱਡ ਗਏ ਸਨ। ਉਸ ਵੇਲੇ ਵੀ ਕੁਝ ਰੂਹਾਂ ਸਨ ਜੋ ਸਿੱਖਾਂ ਵਾਂਗ ਹੀ ਬੇਚੈਨ ਸਨ। ੧੯੮੪ ਦੀਆਂ ਗੋਲੀਆਂ ਉਨ੍ਹਾਂ ਦੀ ਆਤਮਾਂ ਨੂੰ ਵੀ ੀਰਿ ਕੇ ਲੰਘ ਗਈਆਂ ਸਨ।
ਪੰਜਾਬੀਅਤ ਦੇ ਸ਼ੇਰ, ਸਾਹਿਤਕਾਰ ਨੂੰ ਅਸੀ ਲੱਖ ਲੱਖ ਵਾਰ ਪ੍ਰਣਾਮ ਕਰਦੇ ਹਾਂ ਅਤੇ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਵੀ ਕਿਸੇ ਮਜਲੂਮ ਤੇ ਜਬਰ ਹੁੰਦਾ ਦੇਖਕੇ ਚੁੱਪ ਨਹੀ ਬੈਠਾਂਗੇ।