ਅਫਗਾਨਿਸਤਾਨ ਅਮਰੀਕਾ ਦੀ ਫੌਜੀ ਸੱਤਾ ਦੀਆਂ ਸੀਮਾਵਾਂ ਨੂੰ ਸਾਬਿਤ ਕਰਨ ਵਿਚ ਇਕ ਸਬਕ ਸਾਬਿਤ ਹੋਇਆ।ਇਸ ਨੇ ਉਸ ਵਿਰੋਧਾਭਾਸ ਨੂੰ ਦਰਸਾਇਆ ਹੈ ਕਿ ਲੜਾਈਆਂ ਜਿੱਤਣੀਆਂ ਤਾਂ ਮੁਮਕਿਨ ਹਨ, ਪਰ ਯੁੱਧ ਹਾਰ ਜਾਣਾ ਇਸ ਵਿਚ ਵੀ ਸੰਭਵ ਹੈ।ਇਸ ਨੇ ਇਹ ਵੀ ਦਿਖਾਇਆ ਹੈ ਕਿ ਤਕਨਾਲੋਜੀ ਪੱਖੋਂ ਵਿਕਸਿਤ ਸ਼ਕਤੀ ਆਪਣੇ ਦੁਸ਼ਮਣ ਨੂੰ ਜਿਆਦਾ ‘ਯੋਗਤਾ’ ਨਾਲ ਮਾਰ ਸਕਦੀ ਹੈ, ਪਰ ਫਿਰ ਵੀ ਇਹ ਜਰੂਰੀ ਨਹੀਂ ਕਿ ਉਹ ਜਿੱਤ ਪ੍ਰਾਪਤ ਕਰ ਲਵੇ।ਅਫਗਾਨਿਸਤਾਨ ਵਿਚ ਅਮਰੀਕੀ ਮੌਜੂਦਗੀ ਨੇ ਇਹ ਵੀ ਦਿਖਾਇਆ ਹੈ ਕਿ ਇਕੀਵੀਂ ਸਦੀ ਵਿਚ ਹਰ ਪੱਖੋਂ ਸਮਰੱਥ ਫੌਜੀ ਸ਼ਕਤੀ ਹੋਣ ਦੇ ਬਾਵਜੂਦ ਵੀ (ਜਿਸ ਤਰ੍ਹਾਂ ਦੀ ਅਮਰੀਕਾ ਕੋਲ ਹੈ) ਕਿਸੇ ਦੂਜੇ ਦੇਸ਼ ਵਿਚ ਸੱਤਾ ਨੂੰ ਪਲਟਾ ਕੇ ਇਸ ਨੂੰ ਸਦੀਵੀ ਸਫਲਤਾ ਨਹੀਂ ਬਣਾਇਆ ਜਾ ਸਕਦਾ।ਇਸ ਲਈ ਇਹ ਜਰੂਰੀ ਹੈ ਕਿ ਉਸ ਸ਼ਕਤੀ ਕੋਲ ਸਥਾਨਕ ਰਾਜਨੀਤੀ, ਇਤਿਹਾਸ ਅਤੇ ਸੱਭਿਆਚਾਰ ਦੀ ਘੱਟੋ-ਘੱਟ ਸਮਝ ਤਾਂ ਹੋਵੇ ਜਿਸ ਦੀ ਕਿ ਅਮਰੀਕੀ ਵਿਚ ਬਹੁਤ ਘਾਟ ਸੀ।ਅਫਗਾਨਿਸਤਾਨ ਦੀ ਤਰਾਂ ਹੀ ਵੀਅਤਨਾਮ ਵਿਚ ਵੀ ਅਮਰੀਕਾ ਨੇ ਨਾ ਤਾਂ ਆਪਣੇ ਦੁਸ਼ਮਣ ਦੀ ਪ੍ਰਵਿਰਤੀ ਨੂੰ ਸਮਝਿਆ ਅਤੇ ਨਾ ਹੀ ਆਪਣੇ ਦੋਸਤਾਂ ਦੀਆਂ ਕਮਜ਼ੋਰੀਆਂ ਨੂੰ।ਦੋਹਾਂ ਹੀ ਕੇਸਾਂ ਵਿਚ ਅਮਰੀਕਾ ਨੇ ਆਪਣੀ ਕਮਜ਼ੋਰੀ ਨੂੰ ਹੱਦ ਤੋਂ ਜਿਆਦਾ ਆਸ਼ਾਵਾਦ ਦਿਖਾ ਕੇ ਢਕਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਨਿਰਾਸ਼ਾ ਕਰਕੇ ਉੱਥੋਂ ਭੱਜਣ ਵਿਚ ਹੀ ਭਲਾਈ ਸਮਝੀ।
ਵੀਹ ਵਰ੍ਹੇ ਪਹਿਲਾਂ ਅਫਗਾਨਿਸਤਾਨ ਵਿਚ ਯੁੱਧ ਦੀ ਸ਼ੁਰੂਆਤ ਤੋਂ ਹੀ ਸਿਲਸਿਲੇਵਾਰ ਅਮਰੀਕੀ ਪ੍ਰਸ਼ਾਸਨ ਨੇ ਕੰਧ ’ਤੇ ਲਿਖਿਆ ਨਹੀਂ ਪੜ੍ਹਿਆ। ਉਹ ਇਸ ਹਾਰ ਨੂੰ ਲਟਕਾਉਂਦੇ ਗਏ, ਪਰ ਇਸ ਲਈ ਕੋਈ ਤਿਆਰੀ ਨਹੀਂ ਕੀਤੀ।ਅਫਗਾਨਿਸਤਾਨ ਵੱਖ-ਵੱਖ ਸਾਮਰਾਜਾਂ ਲਈ ਕਬਰਗਾਹ ਸਾਬਿਤ ਹੋਇਆ ਹੈ, ਭਾਵੇਂ ਇਹ ਉਨੀਵੀਂ ਸਦੀ ਦਾ ਬ੍ਰਿਟਿਸ਼ ਸਾਮਰਾਜ ਹੋਵੇ ਜਾਂ ਵੀਹਵੀਂ ਸਦੀ ਦਾ ਸੋਵੀਅਤ ਸਾਮਰਾਜ।ਇਕੀਵੀਂ ਸਦੀ ਵਿਚ ਅਮਰੀਕਾ ਦਾ ਇਹ ਅਪਮਾਨ ਉਨ੍ਹਾਂ ਲਈ ਰੋਸ਼ਨੀ ਦੀ ਕਿਰਨ ਹੋ ਸਕਦਾ ਹੈ ਕਿ ਉਹ ਵੀਹ ਵਰ੍ਹਿਆਂ ਦੇ ਇਸ ਦੁਖਾਂਤ ਤੋ ਕੁਝ ਸਬਕ ਸਿੱਖਣ ਅਤੇ ਭਵਿੱਖ ਵਿਚ ਵਾਸ਼ਿੰਗਟਨ ਇਸ ਤਰਾਂ ਦੇ ਯੁੱਧਾਂ ਤੋਂ ਪਾਸਾ ਵੱਟ ਲਵੇ।ਇਸ ਵਿਚ ਖਾਸ ਤੌਰ ਤੇ ਮੱਧ-ਪੂਰਬ ਵਿਚ ਅੰਧ-ਰਾਸ਼ਟਰਵਾਦ ਅਧਾਰਿਤ ਭਿਆਨਕ ਯੁੱਧ ਸ਼ਾਮਿਲ ਹਨ।
ਅਫਗਾਨਿਸਤਾਨ ਵਿਚ ਅਮਰੀਕਾ ਦੀ ਹਾਰ ਕਈ ਕਾਰਨਾਂ ਕਰਕੇ ਹੋਈ, ਪਰ ਪ੍ਰਮੱੁਖ ਰੂਪ ਵਿਚ ਇਸ ਲਈ ਦੋ ਕਾਰਨ ਸ਼ਾਮਿਲ ਹਨ।ਪਹਿਲਾ, ਅਫਗਾਨਿਸਤਾਨ ਜਿਹੇ ਮੱਧਕਾਲੀਨ ਸਮਾਜ ਨੂੰ ਪੱਛਮੀ-ਸਟਾਈਲ ਉਦਾਰਵਾਦੀ ਲੋਕਤੰਤਰ ਵਿਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਸਨ ਹੋਣੀਆਂ, ਭਾਵੇਂ ਅਮਰੀਕਾ ਇੱਥੇ ਇਸ ਤੋਂ ਵੀ ਲੰੰਮਾ ਸਮਾਂ ਰਹਿੰਦਾ।ਦੂਜਾ, ਨੀਤੀ ਘਾੜਿਆਂ ਅਤੇ ਫੌਜੀ ਜਨਰਲਾਂ, ਜਿਨ੍ਹਾਂ ਨੇ ਇਹ ਅਭਿਆਨ ਚਲਾਇਆ, ਨੇ ਆਪਣੇ ਆਪ ਅਤੇ ਜਨਤਾ ਨੂੰ ਇਸ ਦੀ ਸੰਭਾਵੀ ਸਫਲਤਾ ਬਾਰੇ ਝੂਠ ਬੋਲਿਆ।ਜਿਸ ਤਰਾਂ ਕਿ ਹਰ ਯੁੱਧ ਵਿਚ ਹੁੰਦਾ ਹੈ ਇਸ ਦਾ ਸਭ ਤੋਂ ਪਹਿਲਾਂ ਸ਼ਿਕਾਰ ਸੱਚਾਈ ਹੀ ਬਣਦੀ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਵਿਦੇਸ਼ ਦੁਆਰਾ ਥੋਪੀ ਸੱਤਾ ਰਾਹੀ ਲੋਕਤੰਤਰ ਨਹੀਂ ਲਿਆਂਦਾ ਜਾ ਸਕਦਾ ਖਾਸ ਕਰਕੇ ਉਨ੍ਹਾਂ ਸਮਾਜਾਂ ਵਿਚ ਜਿੱਥੇ ਲੋਕ ਗਰੀਬ, ਅਨਪੜ੍ਹ, ਨਸਲੀ ਤੌਰ ਤੇ ਵੰਡੇ ਹੋਏ ਹੋਣ ਅਤੇ ਟਕਰਾਅ ਦੀਆਂ ਸਥਿਤੀਆਂ ਬਣੀਆਂ ਰਹਿਣ।ਇਸ ਤਰਾਂ ਦੇ ਉਦੇਸ਼ ਨੂੰ ਲੈ ਕੇ ਅਮਰੀਕਾ ਨੇ ਅਸਲ ਵਿਚ ਉਸ ਦੇਸ਼ ਵਿਚ ਸਮਾਜਿਕ ਇੰਜਨੀਅਰਿੰਗ ਦਾ ਪ੍ਰੋਜੈਕਟ ਚਲਾਇਆ ਜਿਸ ਨੂੰ ਇਸ ਦੀ ਕੋਈ ਸਮਝ ਨਹੀਂ ਸੀ।ਉਨ੍ਹਾਂ ਦੀਆਂ ਕੋਸ਼ਿਸ਼ਾਂ ਸ਼ੁਰੂ ਤੋਂ ਹੀ ਅੰਤਰ-ਵਿਰੋਧ ਨਾਲ ਭਰੀਆਂ ਹੋਈਆਂ ਸਨ।
ਅਮਰੀਕਾ ਦੁਆਰਾ ਅਫਗਾਨੀ ਸਮਾਜ ਨੂੰ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਨੇ ਉਨ੍ਹਾਂ ਨੂੰ ਕਬਜ਼ੇਦਾਰ ਵਜੋਂ ਦਿਖਾਇਆ ਜਿਸ ਨੇ ਸਥਾਨਕ ਪੱਧਰ ’ਤੇ ਗੁੱਸਾ ਅਤੇ ਬੇਚੈਨੀ ਪੈਦਾ ਕਰ ਦਿੱਤੀ।
ਮਰਾਹ ਕਰਨ ਵਾਲੀ ਪਰਿਕਲਪਨਾ ਅਤੇ ਡਰੋਨਾਂ ਅਤੇ ਹਵਾਈ ਹਮਲਿਆਂ ਉੱਪਰ ਹੱਦ ਤੋਂ ਜਿਆਦਾ ਭਰੋਸੇ ਨੇ ਬੱਚਿਆਂ, ਨਾਗਰਿਕਾਂ ਦੀਆਂ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਵਿਚ ਧੱਕ ਦਿੱਤਾ। ਇਸ ਨੇ ਲੋਕਾਂ ਵਿਚ ਵਿਰੋਧ ਪੈਦਾ ਕੀਤਾ ਅਤੇ ਇਹ ਤਾਿਲਬਾਨ ਲਈ ਮਦਦਗਾਰ ਸਾਬਿਤ ਹੋਇਆ।ਅਮਰੀਕੀਆਂ ਨੇ ਅਫਗਾਨਾਂ ਨੂੰ ਅਮਰੀਕੀਆਂ ਫੌਜੀਆਂ ਵਾਂਗ ਲੜਨ ਦੀ ਸਿਖਲਾਈ ਦਿੱਤੀ ਜੋ ਕਿ ਜਿਆਦਾਤਰ ਅਮਰੀਕੀ ਸਮੀਕਰਨਾਂ ਅਤੇ ਯੁੱਧ ਸਲਾਹਕਾਰਾਂ ਉੱਪਰ ਨਿਰਭਰ ਸੀ।ਉਨ੍ਹਾਂ ਨੇ ਕੇਂਦਰੀ ਸਰਕਾਰ ਨੂੰ ਬਣਾਈ ਰੱਖਣ ਲਈ ਬਿਲੀਅਨ ਡਾਲਰ ਖਰਚੇ, ਭ੍ਰਿਸ਼ਟਾਚਾਰ ਨੂੰ ਬੜਾਵਾ ਦਿੱਤਾ ਅਤੇ ਸਰਕਾਰਾਂ ਦੀ ਵੈਧਤਾ ਨੂੰ ਨਸ਼ਟ ਕਰ ਦਿੱਤਾ।
ਇਹ ਗੱਲ ਧਿਆਨਯੋਗ ਹੈ ਕਿ ਤਾਲਿਬਾਨ ਹਮੇਸ਼ਾ ਹੀ ਸਥਾਨਿਕ ਭਾਈਚਾਰਿਆਂ ਵਿਚ ਸ਼ਾਮਿਲ ਹੋ ਕੇ ਜਾਂ ਪਾਕਿਸਤਾਨ ਵਿਚ ਦਾਖ਼ਲ ਹੋ ਕੇ ਇਸ ਲੜਾਈ ਦੀ ਚਾਲ ਨੂੰ ਨਿਯੰਤ੍ਰਿਤ ਕਰ ਸਕਦਾ ਸੀ।ਅਫਗਾਨਿਸਤਾਨ ਵਿਚ ਅਮਰੀਕਾ ਦੀ ਮੌਜੂਦਗੀ ਪਾਿਕਸਤਾਨ ਦੇ ਸਪਲਾਈ ਰੂਟਾਂ ਉੱਪਰ ਹੀ ਨਿਰਭਰ ਕਰਦੀ ਸੀ। ਇਸ ਕਰਕੇ ਅਮਰੀਕਾ ਪਾਕਿਸਤਾਨ ਨੂੰ ਤਾਲਿਬਾਨ ਦੀ ਸਹਾਇਤਾ ਨਾ ਕਰਨ ਲਈ ਮਜਬੂਰ ਨਾ ਕਰ ਸਕਿਆ।ਇਸ ਤਰਾਂ ਦੀਆ ਸਥਿਤੀਆਂ ਵਿਚ ਜਿੱਤ ਦੀ ਰਣਨੀਤੀ ਬਣਾਉਣਾ ਲਗਭਗ ਨਾ-ਮੁਮਕਿਨ ਸੀ।ਪਰ ਫਿਰ ਵੀ ਨਾ ਜਿੱਤਿਆ ਜਾ ਸਕਣ ਵਾਲਾ ਇਹ ਯੁੱਧ ਚਲਦਾ ਰਿਹਾ ਕਿਉਂਕਿ ਅਮਰੀਕਾ ਵਿਚ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਨੀਤੀ ਘਾੜੇ ਅਤੇ ਉੱਚ ਫੌਜੀ ਅਧਿਕਾਰੀ ਜਨਤਾ ਨੂੰ ਸੱਚ ਨਾ ਦੱਸ ਸਕੇ ਅਤੇ ਮੀਡੀਆ ਨੇ ਉਨ੍ਹਾਂ ਦੇ ਦਾਅਵਿਆਂ ਨੂੰ ਕਦੇ ਵੀ ਪ੍ਰਸ਼ਨਾਂ ਦੇ ਘੇਰੇ ਵਿਚ ਨਹੀਂ ਲਿਆਂਦਾ।ਇਸ ਲੰਮੇ ਦੁਖਾਂਤ ਦੌਰਾਨ ਅਮਰੀਕੀ ਵਿਦੇਸ਼ ਨੀਤੀ ਬੁਰੀ ਤਰਾਂ ਅਸਫਲ ਹੋਈ ਜਿਸ ਦਾ ਖਮਿਆਜਾ ਅਮਰੀਕੀ ਫੌਜੀਆਂ ਅਤੇ ਅਫਗਾਨ ਲੋਕਾਂ ਨੂੰ ਭਰਨਾ ਪਿਆ।ਇਸ ਦੇ ਬਾਵਜੂਦ ਵੀ ਇਸ ਬੁਰੀ ਅਸਫਲਤਾ ਲਈ ਜ਼ਿੰਮੇਵਾਰ ਲੋਕਾਂ ਦੀ ਅਜੇ ਵੀ ਜਵਾਬਦੇਹੀ ਨਿਸ਼ਚਿਤ ਨਹੀਂ ਕੀਤੀ ਗਈ।ਅਸਲ ਵਿਚ ਇਸ ਹਾਰ ਦੇ ਨਿਰਮਾਤਾ ਹੀ ਫਾਇਦੇ ਵਿਚ ਰਹੇ ਹਨ।
ਅਫਗਾਨਿਸਤਾਨ ਵਿਚ ਅਮਰੀਕਾ ਦੀ ਅਸਫਲਤਾ ਪ੍ਰਮੁੱਖ ਰੂਪ ਵਿਚ ਰਾਜਨੀਤਿਕ ਹੈ।ਇਸ ਲਈ ਕਦੇ ਵੀ ਕੋਈ ਰਣਨੀਤੀ ਨਹੀਂ ਬਣਾਈ ਗਈ ਸਗੋਂ ਕੁਝ ਕੁ ਨੀਤੀਗਤ ਚਾਲਾਂ ਚੱਲੀਆਂ ਗਈਆਂ।ਲਖ਼ਤਰ ਬ੍ਰਾਹਿਮੀ, ਜਿਸ ਨੇ ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਨੀਤੀ ਦੀ ਅਗਵਾਈ ਕੀਤੀ, ਨੇ ਲੰਮੇ ਸਮੇਂ ਤੋਂ ਇਸ ਸਿਧਾਂਤ ਉੱਪਰ ਜ਼ੋਰ ਦਿੱਤਾ ਕਿ ਅਮਰੀਕਾ ਅਤੇ ਇਸ ਦੇ ਸਹਿਯੋਗੀ ਅਫਗਾਨਿਸਤਾਨ ਵਿਚ ਕੰਮ ਕਰਨ, ਪਰ ਇਸ ਦੀ ਮਾਲਿਕੀ ਅਤੇ ਅਗਵਾਈ ਅਫਗਾਨੀਆਂ ਦੇ ਹੱਥ ਹੋਣੀ ਚਾਹੀਦੀ ਹੈ।ਇਸ ਮੁਲ਼ਕ ਵਿਚ ਵਿਦੇਸ਼ੀ ਤਾਕਤਾਂ ਦੇ ਦਖ਼ਲ ਦੇ ਕਾਲੇ ਇਤਿਹਾਸ ਨੂ ਦੇਖਦੇ ਹੋਏ ਉਸ ਨੇ ਇਹ ਸਲਾਹ ਦਿੱਤੀ ਕਿ ਅਮਰੀਕਾ ਅਤੇ ਇਸ ਦੇ ਸਹਿਯੋਗੀ ਸਾਵਧਾਨੀ ਨਾਲ ਚੱਲਣ ਅਤੇ ਅਫਗਾਨ ਪ੍ਰਭੂਸੱਤਾ ਦਾ ਸਤਿਕਾਰ ਕਰਨ।ਅਮਰੀਕਾ ਅਤੇ ਇਸ ਦੇ ਸਹਿਯੋਗੀਆਂ ਨੇ ਅਫਗਾਨੀ ਅਭਿਲਾਸ਼ਾਵਾਂ ਦੀ ਪੂਰਤੀ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦਾ ਸਾਰਾ ਅਭਿਆਨ ਇਸ ਉਦੇਸ਼ ਉੱਪਰ ਅਧਾਰਿਤ ਸੀ ਕਿ ਉਨ੍ਹਾਂ ਨੇ ਅਤਿਵਾਦ-ਵਿਰੋਧੀ ਏਜੰਡੇ ਉੱਪਰ ਧਿਆਨ ਦੇਣਾ ਹੈ।ਇਸ ਤੋ ਇਲਾਵਾ ਉਨ੍ਹਾਂ ਨੇ ਸੰਸਥਾਵਾਂ ਸਥਾਪਿਤ ਕਰਨ, ਲੋਕਤੰਤਰ ਨੂੰ ਬੜਾਵਾ ਦੇਣ, ਮਨੱੁਖੀ ਅਧਿਕਾਰਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੁਝ ਨਹੀਂ ਕੀਤਾ।
ਤਾਲਿਬਾਨਾਂ ਵਿਰੁੱਧ ਜੰਗ ਵਿਚ ਵੀ ਅਫਗਾਨ ਲੋਕਾਂ ਦੀ ਭਾਗੀਦਾਰੀ ਉਸ ਤਰਾਂ ਨਹੀਂ ਸੀ ਜਿਵੇਂ ਹੋਣੀ ਚਾਹੀਦੀ।ਅਮਰੀਕਾ ਅਤੇ ਇਸ ਦੇ ਸਹਿਯੋਗੀਆਂ ਨੇ ਹੀ ਇਸ ਦਾ ਵਿਸਥਾਰ ਅਤੇ ਪ੍ਰਚਾਰ ਕੀਤਾ।ਅਫਗਾਨ ਨੇਤਾ ਇਸ ਵਿਚ ਸ਼ਾਮਿਲ ਹੋਣ ਪ੍ਰਤੀ ਵਿਮੁੱਖ ਸਨ।ਸ਼ੁਰੂ ਤੋਂ ਹੀ ਅਫਗਾਨਿਸਤਾਨ ਨੂੰ ਰਾਸ਼ਟਰਪਤੀ ਬੁਸ਼ ਦੇ ਆਸ਼ਾਵਾਦ ਕਰਕੇ ਨੁਕਸਾਨ ਉਠਾਉਣਾ ਪਿਆ ਅਤੇ ਰਾਸ਼ਟਰਪਤੀ ਬਾਈਡਨ ਦੇ ਨਿਰਾਸ਼ਾਵਾਦ ਨੇ ਇਸ ਨੂੰ ਬਰਬਾਦ ਕਰ ਦਿੱਤਾ।ਅਮਰੀਕੀ ਰਾਸ਼ਟਰਪਤੀਆਂ ਸਾਹਮਣੇ ਇਹ ਸੁਆਲ ਹੈ ਕਿ ਅਮਰੀਕਾ ਪਿਛਲੇ ਦੋ ਦਹਾਕਿਆਂ ਵਿਚ ਆਪਣੀ ਵਿਦੇਸ਼ ਨੀਤੀ ਤਹਿਤ ਲਏ ਸਾਰੇ ਫੈਸਲਿਆਂ ਅਤੇ ਆਪਣੇ ਹਿੱਤਾਂ ਨੂੰ ਬਦਲ ਅਤੇ ਤਬਾਹ ਕਿਵੇਂ ਕਰ ਸਕਦਾ ਹੈ?ਇਹ ਕਿਵੇਂ ਆਪਣੇ ਰੋਲ ਵਿਚ ਅਤਿ-ਵਿਸ਼ਵਾਸ ਵਾਲੀ ਸਥਿਤੀ ਤੋਂ ਨਿਰਾਸ਼ਾ ਅਤੇ ਲਾਚਾਰੀ ਵੱਲ ਵਧ ਸਕਦਾ ਹੈ, ਪਰ ਇਸ ਸਮੇਂ ਦੌਰਾਨ ਹੀ ਇਸ ਨੇ ਆਪਣੇ ਬਿਰਤਾਂਤ ਅਤੇ ਅਫਗਾਨ ਹਕੀਕਤ ਵਿਚ ਫਰਕ ਬਰਕਰਾਰ ਰੱਖਿਆ। ਅਮਰੀਕਾ ਸਬਰ ਅਤੇ ਸੰਜਮ ਦਿਖਾਉਣ ਵਿਚ ਅਸਮਰੱਥ ਕਿਉਂ ਹੈ? ਇਹ ਕਿਹੜੇ ਕਾਰਨਾਂ ਕਰਕੇ ਹੋਇਆ ਹੈ? ਅਫਗਾਨ ਨੇਤਾਵਾਂ ਨੇ ਵੀ ਗੋਡੇ ਟੇਕ ਦਿੱਤੇ ਅਤੇ ਆਪਣੇ ਦੇਸ਼ ਤੋਂ ਦੌੜ ਗਏ ਹਨ?ਅਫਗਾਨ ਫੌਜ ਵੀ ਆਪਣੇ ਵਿਰੋਧੀਆਂ ਨੂੰ ਮੁਕਾਬਲਾ ਨਹੀਂ ਦੇ ਸਕੀ।ਜਿਵੇਂ ਹੀ ਅਮਰੀਕਾ ਦਾ ਸਭ ਤੋਂ ਵੱਡਾ ਯੁੱਧ ਆਪਣੇ ਅੰਤ ’ਤੇ ਪਹੁੰਚ ਰਿਹਾ ਹੈ, ਇਸ ਦੇ ਉਦੇਸ਼ਾਂ, ਦਿਸ਼ਾਵਾਂ ਅਤੇ ਸਫਲਤਾ ਨੂੰ ਲੈ ਕੇ ਕਾਫੀ ਪ੍ਰਸ਼ਨ ਉੱਠ ਰਹੇ ਹਨ।
੯/੧੧ ਦੇ ਹਮਲੇ ਤੋਂ ਬਾਅਦ ਅਮਰੀਕੀ ਬਹੁਤ ਖੁਸ਼ੀ-ਖੁਸ਼ੀ ਅਫਗਾਨਿਸਤਾਨ ਵਿਚ ਹਮਲਾ ਕਰਨ ਗਏ।ਰਾਸ਼ਟਰਪਤੀ ਬੁਸ਼ ਨੇ ਅਤਿਅੰਤ ਆਸ਼ਾਵਾਦ ਦਿਖਾਇਆ ਕਿ ਲੋਕਤੰਤਰ ਦਾ ਵਿਕਾਸ ਹੋਵੇਗਾ।ਅਮਰੀਕਾ ਦੇ ਸਾਮਰਾਜੀ ਹੰਕਾਰ ਨੇ ਹੀ ਅਮਰੀਕੀਆਂ ਨੂੰ ਯਕੀਨ ਦੁਆਇਆ ਕਿ ਉਹ ਧਨ ਅਤੇ ਹਥਿਆਰਾਂ ਨਾਲ ਦੁਨੀਆਂ ਨੂੰ ਬਦਲ ਸਕਦੇ ਹਨ।ਅਸਲ ਵਿਚ ਡਰ ਨੇ ਅਮਰੀਕਾ ਦੇ ਅਫਗਾਨਿਸਤਾਨ ਦੀ ਧਰਤੀ ਉੱਪਰ ਦਮ ਪੁਆਏ, ਪਰ ਇਸ ਦਖ਼ਲ ਦੇ ਨਤੀਜਿਆਂ ਨੂੰ ਲੈ ਕੇ ਕੋਈ ਆਸ਼ਾਵਾਦ ਨਹੀਂ ਸੀ।ਪ੍ਰਮੱੁਖ ਪੱਤਰਕਾਰ ਬੌਬ ਵੁੱਡਵਾਰਡ ਨੇ ਬੁਸ਼ ਪ੍ਰਸ਼ਾਸ਼ਨ ਦੀ ੯/੧੧ ਤੋਂ ਬਾਅਦ ਪ੍ਰਤੀਕਿਰਿਆ ਉੱਪਰ ਟਿੱਪਣੀ ਕੀਤੀ ਸੀ ਕਿ ਇਸ ਨੂੰ ਸਾਮਰਾਜੀ ਹੰਕਾਰ ਦੇ ਰੂਪ ਵਿਚ ਨਹੀਂ ਬਲਕਿ ਇਸ ਨੂੰ ਡਰ, ਵਿਆਕੁਲਤਾ ਅਤੇ ਅਪਰਾਧ ਬੋਧ ਦੇ ਰੂਪ ਵਿਚ ਸਮਝਿਆ ਜਾਣਾ ਚਾਹੀਦਾ ਹੈ।ਅਮਰੀਕੀਆਂ ਨੇ ਲੰਮੇ ਸਮੇਂ ਤੱਕ ਇਸ ਨੂੰ ਯਾਦ ਰੱਖਿਆ ਕਿ ੧੯੧੫ ਵਿਚ ਲੁਸੇਟੇਨਿਆ ਦੇ ਡੁੱਬਣ ਸਮੇਂ ਉਨ੍ਹਾਂ ਦੀ ਕੀ ਸਥਿਤੀ ਸੀ।ਜਰਮਨ ਪਣਡੁੱਬੀ ਰਾਹੀ ਬ੍ਰਿਟਿਸ਼ ਯਾਤਰੀ ਜਹਾਜ ਲੁਸੇਟੇਨਿਆ ਨੂੰ ਡੁਬੋ ਦਿੱਤਾ ਗਿਆ ਜਿਸ ਵਿਚ ੨੦੦੦ ਦੇ ਕਰੀਬ ਆਦਮੀ, ਔਰਤਾਂ ਅਤੇ ਬੱਚਿਆਂ ਨੇ ਆਪਣੀਆਂ ਜਾਨਾਂ ਗੁਆਈਆਂ।ਇਸ ਨੇ ਅਮਰੀਕਾ ਦਾ ਸੰਸਾਰ ਪ੍ਰਤੀ ਨਜ਼ਰੀਆ ਅਤੇ ਉਨ੍ਹਾਂ ਦੇ ਰੋਲ ਨੂੰ ਤਬਦੀਲ ਕਰ ਦਿੱਤਾ ਜੋ ਕਿ ਅੰਤ ਪਹਿਲੇ ਵਿਸ਼ਵ ਯੁੱਧ ਵਿਚ ਉਸ ਦੇ ਪ੍ਰਵੇਸ਼ ਦਾ ਕਾਰਣ ਬਣਿਆ।ਪਰ ਨਾ ਹੀ ਤਾਂ ਜਰਮਨੀ ਪ੍ਰਤੀ ਉਨ੍ਹਾਂ ਦਾ ਗੁੱਸਾ ਅਤੇ ਨਾ ਹੀ ਵਿਦੇਸ਼ ਨੀਤੀ ਵਿਚ ਬਦਲਾਅ ਜਿਆਦਾ ਲੰਮੇ ਸਮੇਂ ਤੱਕ ਚੱਲ ਸਕਿਆ।ਦਸ ਸਾਲਾਂ ਬਾਅਦ ਅਮਰੀਕਾ ਨੂੰ ਲੁਸੇਟੇਨਿਆ ਅਜੇ ਵੀ ਯਾਦ ਸੀ, ਪਰ ਉਨ੍ਹਾਂ ਨੂੰ ਇਹ ਯਾਦ ਨਹੀਂ ਸੀ ਕਿ ਉਨ੍ਹਾਂ ਨੇ ਯੁੱਧ ਵਿਚ ਪ੍ਰਵੇਸ਼ ਕਿਉਂ ਕੀਤਾ ਸੀ।ਅਸਲ ਵਿਚ ਉਨ੍ਹਾਂ ਨੇ ਇਸ ਪ੍ਰਤੀ ਆਪਣਾ ਪਛਤਾਵਾ ਜ਼ਾਹਿਰ ਕੀਤਾ।ਸਤੰਬਰ ੧੧, ੨੦੦੧ ਦੇ ਹਮਲਿਆਂ ਤੋਂ ਬਾਅਦ ਵੀ ਅਮਰੀਕਾ ਨੇ ਪਿਛਲ਼ੇ ਦੋ ਦਹਾਕਿਆਂ ਵਿਚ ਉਸੇ ਤਰਾਂ ਦਾ ਹੀ ਅਨੁਭਵ ਪ੍ਰਾਪਤ ਕੀਤਾ ਹੈ।ਜਿਸ ਡਰ ਅਤੇ ਮਾਹੌਲ਼ ਕਰਕੇ ਉਨ੍ਹਾਂ ਨੇ ਯੁੱਧ ਦੀ ਸ਼ੁਰੂਆਤ ਕੀਤੀ ਸੀ, ਉਹ ਸਭ ਧੁੰਦਲੇ ਪੈ ਚੁੱਕੇ ਹਨ।ਜੋ ਬਚਿਆ ਹੈ ਉਹ ਉਨ੍ਹਾਂ ਦੇ ਉਸ ਫੈਸਲੇ ਦਾ ਹੀ ਨਤੀਜਾ ਹੈ।ਅਤਿਅੰਤ ਜਾਨੀ ਅਤੇ ਮਾਲੀ ਨੁਕਸਾਨ ਕਰਵਾਉਣ ਤੋਂ ਬਾਅਦ ਜੋ ਨਤੀਜਾ ਨਿਕਲਿਆ ਹੈ, ਉਹ ਇਹੀ ਸੁਆਲ ਉਠਾਉਂਦਾ ਹੈ ਕਿ ਕੀ ਅਜਿਹਾ ਕਰਨਾ ਜਰੂਰੀ ਸੀ?
ਅਫਗਾਨਿਸਤਾਨ ਵਿਚ ਜਿੱਤ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਬਹੁਤ ਹੀ ਧੁੰਦਲੀਆਂ ਸਨ ਅਤੇ ਉੱਥੋਂ ਬਾਹਰ ਨਿਕਲਣਾ ਬਹੁਤ ਹੀ ਗੁੰਝਲਦਾਰ ਕੰਮ।ਇਸ ਤਰਾਂ ਦਾ ਯੁੱਧ ਉਨ੍ਹਾਂ ਦੇ ਲਈ ਦਲਦਲ ਨਾ ਬਣਦਾ, ਇਸ ਲਈ ਜਰੂਰੀ ਸੀ ਕਿ ਵਿਆਪਕ ਅਤੇ ਅਗਾਂਹਵਧੂ ਰਣਨੀਤੀ ਬਣਾਈ ਜਾਂਦੀ।ਪਰ ਬਦਕਿਸਮਤੀ ਨਾਲ ਵਾਸ਼ਿੰਗਟਨ ਨੇ ਇਸ ਪ੍ਰਤੀ ਹਮੇਸ਼ਾ ਹੀ ਸੌੜਾ ਨਜ਼ਰੀਆ ਅਪਣਾਇਆ ਅਤੇ ਉਨ੍ਹਾਂ ਸੰਭਾਵਨਾਵਾਂ ਨੂੰ ਖਾਰਿਜ ਕਰ ਦਿੱਤਾ ਜਿਨ੍ਹਾਂ ਰਾਹੀ ਇਸ ਨੂੰ ਘੱਟ ਖਰਚੀਲਾ ਬਣਾਇਆ ਜਾ ਸਕਦਾ ਸੀ ਅਤੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ।ਅਫਗਾਨਿਸਤਾਨ ਵਿਚ ਅਮਰੀਕਾ ਦੇ ਸਾਬਕਾ ਰਾਜਦੂਤ ਰੌਨ ਨਿਊਮੈਨ ਨੇ ਵਾਸ਼ਿੰਗਟਨ ਪੋਸਟ ਨਾਲ ਹੋਈ ਵਾਰਤਾ ਵਿਚ ਕਿਹਾ ਕਿ ਅਗਰ ਟਰੰਪ ਨੇ ਦੁਨੀਆਂ ਦੇ ਵਿਸ਼ਵਾਸ ਨੂੰ ਖੋਰਾ ਲਗਾਇਆ ਤਾਂ ਬਾਈਡਨ ਦੁਆਰਾ ਅਫਗਾਨਿਸਤਾਨ ਨੂੰ ਅਰਾਜਕ ਮਾਹੌਲ਼ ਵਿਚ ਛੱਡ ਕੇ ਉੱਥੋਂ ਆਪਣੀਆਂ ਫੌਜਾਂ ਨੂੰ ਬਾਹਰ ਕੱਢਣ ਨੂੰ ਦੂਜੇ ਅਧਿਆਇ ਦੇ ਰੂਪ ਵਿਚ ਹੀ ਲਿਆ ਜਾਵੇਗਾ ਜਿਸ ਵਿਚ ਅਮਰੀਕਾ ਪ੍ਰਤੀ ਵਿਸ਼ਵ ਦਾ ਨਜ਼ਰੀਆ ਤਬਦੀਲ ਹੋਵੇਗਾ।ਅਮਰੀਕੀਆਂ ਨੇ ਤਾਲਿਬਾਨ ਨਾਲ ਵਾਰਤਾ ਕਰਕੇ ਉਨ੍ਹਾਂ ਨੂੰ ਬਰਾਬਰ ਮਹਿਸੂਸ ਕਰਵਾਇਆ ਅਤੇ ਅਫਗਾਨ ਸਰਕਾਰ ਦੀ ਵੈਧਤਾ ਖੋਹ ਲਈ ਜਿਸ ਦਾ ਉਨ੍ਹਾਂ ਨੇ ਅਸਲ ਵਿਚ ਸਾਥ ਦੇਣ ਦਾ ਵਾਅਦਾ ਕੀਤਾ ਸੀ।ਅਫਗਾਨਿਸਤਾਨ ਵਿਚੋਂ ਅਮਰੀਕੀ ਫੌਜ ਨੂੰ ਹਟਾਉਣ ਅਤੇ ਉਸ ਤੋਂ ਬਾਅਦ ਤਾਲਿਬਾਨ ਦੇ ਕਬਜ਼ੇ ਨੇ ਅਫਗਾਨ ਲੋਕਾਂ ਜਿਨ੍ਹਾਂ ਨੇ ਅਮਰੀਕੀ ਫੌਜ ਨਾਲ ਕੰਮ ਕੀਤਾ, ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ, ਦੁਭਾਸ਼ੀਆਂ ਨੂੰ ਤਾਲਿਬਾਨ ਦੇ ਰਹਿਮੋ-ਕਰਮ ’ਤੇ ਛੱਡ ਦਿੱਤਾ ਹੈ।
ਕੁਝ ਸਮਾਂ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਅਮਰੀਕੀਆਂ ਨੂੰ ਯਕੀਨ ਦੁਆਇਆ ਸੀ ਕਿ ਜਦੋਂ ਅਮਰੀਕੀ ਫੌਜ ਕਾਬੁਲ ਨੂੰ ਛੱਡ ਦੇਵਗੀ ਤਾਂ ਇਹ ੧੯੭੫ ਵਿਚ ਸਾਇਗੋਨ ਦੀ ਤਰਾਂ ਅਮਰੀਕਾ ਲਈ ਅਪਮਾਨਜਨਕ ਨਹੀਂ ਹੋਵੇਗਾ।ਅਸਲ ਵਿਚ ਕਾਬੁਲ ਵਿਚ ਉਨ੍ਹਾਂ ਦੀ ਸਥਿਤੀ ਉਸ ਤੋਂ ਵੀ ਬੁਰੀ ਹੈ।ਅਮਰੀਕਾ ਦੇ ਫੌਜੀ ਪ੍ਰਬੰਧਾਂ ਵਿਚ ਇਹ ਰੂਪਕ ਦੁਹਰਾਇਆ ਜਾਂਦਾ ਹੈ ਕਿ ਜਦੋਂ ਅਮਰੀਕੀ ਫੌਜਾਂ ਬਹੁਤ ਜਲਦੀ ਕੱਢ ਲਈਆਂ ਜਾਂਦੀਆਂ ਹਨ ਤਾਂ ਪਿੱਛੇ ਰਹਿ ਗਏ ਲੋਕਾਂ ਲਈ ਇਸ ਦੇ ਨਤੀਜੇ ਬਹੁਤ ਭਿਆਨਕ ਨਿਕਲਦੇ ਹਨ।ਅਮਰੀਕੀ ਗ੍ਰਹਿ ਯੁੱਧ ਦੌਰਾਨ ਜਦੋਂ ਅਮਰੀਕੀ ਫੌਜਾਂ ਦੱਖਣ ਵਿਚ ਜਿਆਦਾ ਸਮੇਂ ਤੱਕ ਨਹੀਂ ਰੁਕੀਆਂ ਤਾਂ ਦੱਖਣ ਦੀ ਮੁੜ-ਉਸਾਰੀ ਦਾ ਕੰਮ ਵਿਚਾਲੇ ਹੀ ਰਹਿ ਗਿਆ ਅਤੇ ਅਜ਼ਾਦ ਹੋਏ ਗੁਲਾਮਾਂ ਦੇ ਰਾਜਨੀਤਿਕ ਅਧਿਕਾਰਾਂ ਦਾ ਬੁਰੀ ਤਰਾਂ ਹਨਨ ਕੀਤਾ ਗਿਆ।ਕਿਉਂਕਿ ਇੰਡੋ-ਚਾਈਨਾ ਵਿਚੋਂ ਵੀ ਅਮਰੀਕਾ ਨੇ ਆਪਣੀਆਂ ਫੌਜਾਂ ੧੯੭੩ ਵਿਚ ਕੱਢ ਲਈਆਂ ਤਾਂ ਵੀਅਤਨਾਮ ਅਤੇ ਕੰਬੋਡੀਆ ਸਾਮਵਾਦੀਆਂ ਦੀ ਜਿੱਤ ਕਰਕੇ ਲਾਚਾਰ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਨੂੰ ਤਾਨਾਸ਼ਾਹੀ ਦਾ ਬੁਰਾ ਦੌਰ ਦੇਖਣਾ ਪਿਆ।੨੦੦੧ ਵਿਚ ਰਾਸ਼ਟਰਪਤੀ ਓਬਾਮਾ ਨੇ ਇਰਾਕ ਵਿਚੋਂ ਆਪਣੀਆਂ ਫੌਜਾਂ ਕੱਢਣ ਦਾ ਨਿਰਣਾ ਲਿਆ ਤਾਂ ਇਸਲਾਮਿਕ ਰਾਜ ਨੇ ਦੇਸ਼ ਦੇ ਵੱਡੇ ਹਿੱਸੇ ਉੱਪਰ ਆਪਣਾ ਕਬਜ਼ਾ ਕਰ ਲਿਆ ਅਤੇ ਇਸ ਨੂੰ ਖੁਨ-ਖਰਾਬੇ ਨਾਲ ਭਰ ਦਿੱਤਾ।ਇਸ ਦੇ ਮੁਕਾਬਲੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕੀ ਫੌਜਾਂ ਨੇ ਜਪਾਨ, ਇਟਲੀ ਅਤੇ ਜਰਮਨੀ ਵਿਚ ਆਪਣਾ ਡੇਰਾ ਜਮਾਈ ਰੱਖਿਆ ਜਿਸ ਦੇ ਫਲਸਰੂਪ ਇਹਨਾਂ ਤਿੰਨਾਂ ਨੇ ਹੀ ਸ਼ਾਂਤੀ, ਵਿਕਾਸ ਅਤੇ ਸਥਿਰ ਲੋਕਤੰਤਰ ਦਾ ਆਨੰਦ ਮਾਣਿਆ।
ਅਫਗਾਨਿਸਤਾਨ ਨੂੰ ਰਾਸ਼ਟਰਪਤੀ ਬਾਈਡਨ ਦੀ ਹਾਰ ਵਜੋਂ ਦੇਖਿਆ ਜਾਵੇਗਾ।ਬਾਈਡਨ ਨੇ ਸੁਰੱਖਿਆ ਕਵਚ ਨੂੰ ਤੋੜਦੇ ਹੋਏ ਅਯੋਗਤਾ ਅਤੇ ਲਚੀਣੇਪਣ ਦੀ ਕਮੀ ਦਾ ਸਬੂਤ ਦਿੱਤਾ ਹੈ।ਇਸ ਨੇ ਰਾਸ਼ਟਰਪਤੀ ਬਾਈਡਨ ਦੀ ਅਸੰਵੇਦਨਸ਼ੀਲ ਪੱਖ ਨੂੰ ਜ਼ਾਹਿਰ ਕੀਤਾ ਹੈ ਜੋ ਕਿ ਅਸਲ ਵਿਚ ਆਪਣੀ ਸੰਵੇਦਨਾ ਲਈ ਜਾਣਿਆ ਜਾਂਦਾ ਹੈ।ਬ੍ਰਿਟੇਨ ਦੇ ਸੁਰੱਖਿਆ ਸਕੱਤਰ ਬੈਨ ਵਾਲੈਸ ਨੇ ਕਿਹਾ ਹੈ ਕਿ ਅਮਰੀਕਾ ਦਾ ਅਫਗਾਨਿਸਤਾਨ ਵਿਚੋਂ ਫੌਜਾਂ ਕੱਢਣ ਦਾ ਫੈਸਲਾ ਇਕ ਗਲਤੀ ਹੈ ਜਿਸ ਨੇ ਤਾਲਿਬਾਨ ਨੂੰ ਅਤਿਅੰਤ ਸ਼ਕਤੀ ਸੌਂਪ ਦਿੱਤੀ ਹੈ।ਵਾਲੈਸ ਨੇ ਅੱਗੇ ਕਿਹਾ ਕਿ ੨੦੨੦ ਵਚ ਹੋਇਆ ਦੋਹਾ ਸਮਝੌਤਾ ਬਹੁਤ ਹੀ ਬੇਕਾਰ ਸੀ।ਇਹ ਅਮਰੀਕਾ ਦੀ ਫੌਜੀ ਸ਼ਕਤੀ ਅਤੇ ਉਸ ਦੀ ਪ੍ਰਭੂਸੱਤਾ ਦੀ ਵੀ ਕਹਾਣੀ ਦੱਸਦਾ ਹੈ ਕਿ ਇਹ ਨਾ ਮਹਿਜ਼ ਵੀਹ ਵਰ੍ਹਿਆਂ ਤੱਕ ਚੱਲੇ ਯੁੱਧ ਵਿਚ ਹਾਰ ਗਿਆ ਹੈ, ਬਲਕਿ ਇਸ ਦੀ ਫੌਜ ਹਵਾਈ ਅੱਡੇ ਤੋਂ ਨਾਗਰਿਕਾਂ ਨੂੰ ਵੀ ਸੁਨਿਸ਼ਚਿਤ ਢੰਗ ਨਾਲ ਨਾ ਲਿਜਾ ਸਕੀ ਜੋ ਕਿ ਹੁਣ ਲਗਾਤਾਰ ਹਮਲਿਆਂ ਦਾ ਸ਼ਿਕਾਰ ਹੈ।ਜਿਸ ਦੇਸ਼ ਨੂੰ ਇਕ ਸਮੇਂ ਅਸਿਸਤਾਵਾਦੀ ਖਤਰੇ ਵਜੋਂ ਦੇਖਿਆ ਜਾਂਦਾ ਸੀ, ਉਹ ਹੁਣ ੯/੧੧ ਦੀ ਵੀਹਵੀਂ ਵਰੇ੍ਹਗੰਡ ਮੌਕੇ ਬਹੁਤ ਅਸਾਨੀ ਨਾਲ ਜਿਹਾਦੀਆਂ ਲਈ ਛੱਡ ਦਿੱਤਾ ਗਿਆ ਹੈ।
ਅਫਗਾਨ ਯੁੱਧ ਦੇ ਦੌਰਾਨ ਅਮਰੀਕੀ ਨੇਤਾਵਾਂ ਨੇ ਦੇਸ਼, ਇਸ ਦੇ ਸਮਾਜ ਅਤੇ ਇਤਿਹਾਸ ਨੂੰ ਲੈ ਕੇ ਕੋਈ ਜਿਗਿਆਸਾ ਨਹੀਂ ਦਿਖਾਈ ਅਤੇ ਇਸ ਤੋਂ ਵੱਧ ਉਨ੍ਹਾਂ ਨੇ ਆਪਣੀਆਂ ਨੀਤੀਆਂ ਦੇ ਪ੍ਰਭਾਵ ਬਾਰੇ ਕੋਈ ਪ੍ਰਵਾਹ ਨਹੀਂ ਕੀਤੀ।੧੯੮੯ ਵਿਚ ਇਕ ਦਹਾਕੇ ਤੋਂ ਬਾਅਦ ਆਪਣਾ ਸਾਮਰਾਜ ਢਹਿ-ਢੇਰੀ ਹੋ ਜਾਣ ਪਿੱਛੋਂ ਸੋਵੀਅਤ ਫੌਜ ਨੇ ਅਫਗਾਨਿਸਤਾਨ ਛੱਡ ਦਿੱਤਾ। ਉਨ੍ਹਾਂ ਦੇ ਅਫਗਾਨੀ ਸਾਥੀ ਤਿੰਨ ਸਾਲਾਂ ਤੱਕ ਕੰਮ ਕਰਦੇ ਰਹੇ।ਸੋਵੀਅਤ ਬਹੁਤ ਹੀ ਜਿਆਦਾ ਬਦਨਾਮ ਸਨ, ਪਰ ਅਮਰੀਕੀ ਫੌਜ ਤੋਂ ਘੱਟ ਫੌਜ ਹੋਣ ਅਤੇ ਅਮਰੀਕੀ ਹਥਿਆਰਾਂ ਨਾਲ ਲੈੱਸ ਦੁਸ਼ਮਣਾਂ ਦੀ ਮੌਜੂਦਗੀ ਦੇ ਬਾਵਜੂਦ ਵੀ ਉਨ੍ਹਾਂ ਨੂੰ ਉੱਥੋਂ ਨਹੀਂ ਕੱਢਿਆ ਗਿਆ।ਇਹ ਇਕ ਆਮ ਧਾਰਨਾ ਹੈ ਕਿ ਅਮਰੀਕੀ ਹਵਾਈ ਹਮਲਿਆਂ ਵਿਚ ਨਾਗਰਿਕਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ੨੦੧੬ ਤੋਂ ੨੦੨੦ ਦੇ ਵਿਚਕਾਰ ੪੦ ਪ੍ਰਤੀਸ਼ਤ ਜਾਨੀ ਨੁਕਸਾਨ ਅਮਰੀਕੀ ਅਤੇ ਅਫਗਾਨ ਸਰਕਾਰ ਦੁਆਰਾ ਕੀਤੇ ਹਵਾਈ ਹਮਲਿਆਂ ਕਰਕੇ ਹੋਇਆ ਹੈ ਜਿਸ ਵਿਚ ਲਗਭਗ ੧੬੦੦ ਬੱਚਿਆਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ।੨੦੧੯ ਦੇ ਮੱਧ ਵਿਚ ਇਸ ਨੁਕਸਾਨ ਦੀ ਗਿਣਤੀ ਤਾਲਿਬਾਨ ਅਤੇ ਇਸਲਾਮਿਕ ਰਾਜ ਦੁਆਰਾ ਕੀਤੇ ਹਮਲਿਆਂ ਤੋਂ ਵੀ ਵਧ ਗਈ ਸੀ।
ਅਫਗਾਨ ਯੁੱਧ ਦੇ ਦੌਰਾਨ ਯੁੱਧ ਅਪਰਾਧਾਂ ਦੀ ਵੀ ਗੱਲ ਹੁੰਦੀ ਰਹੀ ਹੈ।ਇੱਥੋਂ ਤੱਕ ਕਿ ਅੰਤਰਰਾਸ਼ਟਰੀ ਯੁੱਧ ਅਪਰਾਧ ਟ੍ਰਿਬਿਊਨਲ ਇਸ ਦੀ ਜਾਂਚ ਕਰਨਾ ਚਾਹੁੰਦਾ ਸੀ ਪਰ ਅਮਰੀਕੀ ਸਰਕਾਰ ਨੇ ਇਸ ਨੂੰ ਰੋਕ ਦਿੱਤਾ।ਅਮਰੀਕਾ ਅਤੇ ਪੱਛਮ ਦੀ ਰਾਜਨੀਤਿਕ ਲੀਡਰਸ਼ਿਪ ਕੋਲ ਲੰਮਾ ਯੁੱਧ ਚਲਾਉਣ ਦੀ ਨੀਤੀ ਅਤੇ ਸਬਰ ਦੀ ਘਾਟ ਰਹੀ ਹੈ। ਉਹ ਵੀ ਸਥਾਨਕ ਯੁੱਧ-ਨੇਤਾਵਾਂ (ਵਾਰ ਲਾਰਡ) ਦੀ ਤਰਾਂ ਹੀ ਪਰ ਉਨ੍ਹਾਂ ਤੋਂ ਜਿਆਦਾ ਸ਼ਕਤੀਸ਼ਾਲੀ ਯੁੱਧ-ਨੇਤਾ ਬਣ ਗਏ।ਪਿਛਲੇ ਵੀਹ ਸਾਲ ਅੰਤਰਰਾਸ਼ਟਰੀ, ਖੇਤਰੀ ਅਤੇ ਅੰਦਰੂਨੀ ਰੂਪ ਵਿਚ ਰਾਜਨੀਤਿਕ ਅਸਫਲਤਾ ਵਾਲੇ ਰਹੇ ਹਨ।ਅਫਗਾਨਿਸਤਾਨ ਵਿਚੋਂ ਅਮਰੀਕੀ ਫੌਜ ਦੇ ਨਿਕਲਣ ਦੇ ਨਾਲ-ਨਾਲ ਹੀ ਹਾਰ ਦਾ ਬਿਰਤਾਂਤ ਵੀ ਚੱਲਦਾ ਰਿਹਾ ਹੈ ਜੋ ਕਿ ਅਮਰੀਕੀ ਸੱਤਾ ਲਈ ਬਹੁਤ ਹਾਨੀਕਾਰਕ ਸੀ।ਪਿਛਲੇ ਵੀਹ ਵਰ੍ਹਿਆਂ ਦੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਇਸ ਵਿਚ ਅਫਗਾਨਿਸਤਾਨ ਦੇ ਆਮ ਲੋਕਾਂ ਨੇ ਬਹੁਤ ਨੁਕਸਾਨ ਉਠਾਇਆ ਅਤੇ ਬਹੁਤ ਹੀ ਵੱਡੇ ਪੱਧਰ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ।ਇਸ ਸਾਰੇ ਸਮੇਂ ਦੌਰਾਨ ਅਮਰੀਕੀ ਨੀਤੀ ਕੁਝ ਮਿੱਥਾਂ ਸਹਾਰੇ ਚੱਲਦੀ ਰਹੀ।ਇਹਨਾਂ ਵਿਚੋਂ ਇਕ ਇਹ ਸੀ ਕਿ ਅਫਗਾਨ ਯੁੱਧ ਨੇਤਾ ਅਤੇ ਮਿਲੀਸ਼ੀਆ ਜਿਨ੍ਹਾਂ ਨੂੰ ਅਮਰੀਕਾ ਨੇ ਆਪਣੇ ਸਹਿਯੋਗੀਆਂ ਦੇ ਰੂਪ ਵਿਚ ਚੁਣਿਆ ਸੀ, ਉਹ ਤਾਲਿਬਾਨ ਨੂੰ ਹਰਾ ਕੇ ਸੁਰੱਖਿਆ ਅਤੇ ਸਥਿਰਤਾ ਲਿਆ ਸਕਦੇ ਸਨ।ਪਰ ਇਸ ਦੇ ਉਲਟ ਵਾਪਰਿਆ।ਉਨ੍ਹਾਂ ਦੁਆਰਾ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੇ ਅਰਾਜਕਤਾ ਨੂੰ ਜਨਮ ਦਿੱਤਾ ਅਤੇ ਇਸ ਨੇ ਲੋਕਾਂ ਵਿਚ ਉਨ੍ਹਾਂ ਪ੍ਰਤੀ ਗੁੱਸਾ ਅਤੇ ਅਸੰਤੁਸ਼ਟੀ ਵੀ ਪੈਦਾ ਕੀਤੀ। ਇਸੇ ਨੇ ਹੀ ਤਾਲਿਬਾਨ ਨੂੰ ਦੁਬਾਰਾ ਮਜਬੂਤ ਹੋਣ ਦਾ ਮੌਕਾ ਦਿੱਤਾ।ਅਤਿਵਾਦ ਖਿਲਾਫ ਯੁੱਧ ਦੀਆਂ ਗੱਲਾਂ ਤਾਂ ਫਿੱਕੀਆਂ ਪਈਆ, ਪਰ ਅਫਗਾਨਿਸਤਾਨ ਵਿਚ ਯੁੱਧ ਫਿਰ ਵੀ ਚੱਲਦਾ ਰਿਹਾ।ਅਫਗਾਨਿਸਤਾਨ ਵਿਚੋਂ ਅਮਰੀਕੀ ਫੌਜ ਦੇ ਜਾਣ ਤੋਂ ਬਾਅਦ ਉਨ੍ਹਾਂ ਦੁਆਰਾ ਪ੍ਰਸ਼ਾਸਨਿਕ ਵਿਵਸਥਾ ਸਥਾਪਿਤ ਕਰਨ ਦੀ ਅਸਫਲਤਾ ਦਾ ਸੁਆਲ ਮੁੜ ਕੇਂਦਰ ਵਿਚ ਆ ਗਿਆ ਹੈ।ਅਮਰੀਕਾ ਦਾ ਵਿਦੇਸ਼ੀ ਧਰਤੀ ਉੱਪਰ ਦਖ਼ਲ ਬਹੁਤ ਹੀ ਥੌੜੇ ਸਮੇਂ ਦੀ ਨੀਤੀ ਅਪਣਾਉਣ ਵਾਲਾ ਰਿਹਾ ਹੈ ਅਤੇ ਉਸ ਵਿਚ ਯੱੁਧ ਤੋਂ ਬਾਅਦ ਪੁਨਰ-ਉਸਾਰੀ ਦੀ ਯੋਜਨਾ ਕਦੇ ਸ਼ਾਮਿਲ ਨਹੀਂ ਹੁੰਦੀ।ਵੀਅਤਨਾਮ ਯੁੱਧ ਤੋਂ ਲੈ ਕੇ ਹੁਣ ਤੱਕ ਇਹ ਹੀ ਹੁੰਦਾ ਆ ਰਿਹਾ ਹੈ।