ਰੱਬ ਗਣਿਤ ਹੈ – ਇਹ ਕੁਝ ਕੁ ਧਰਮ ਆਦੇਸ਼ਾਂ ਅਤੇ ਉਨ੍ਹਾਂ ਦੀਆਂ ਕਦੇ ਨਾ ਖਤਮ ਹੋਣ ਵਾਲੀਆਂ ਤਰਤੀਬਾਂ ਅਤੇ ਸੰਗਮਾਂ ਦਾ ਸਮੀਕਰਨ ਹੈ।ਰਾਜਨੀਤੀ ਗਿਣਤੀਆਂ ਦਾ ਬਜ਼ਾਰ ਹੈ।ਵੱਖ-ਵੱਖ ਲੇਖਾਂ-ਜੋਖਿਆਂ ਨੂੰ ਸਮੀਕਰਨ ਮਿਲਾ ਕੇ ਦੇਖ ਲਓ, ਤੁਹਾਨੂੰ ਵੱਖ-ਵੱਖ ਨਤੀਜੇ ਮਿਲਣਗੇ।ਪਰ ਇਸ ਦਾ ਅੰਤਿਮ ਉਦੇਸ਼ ਇਕ ਹੀ ਹੈ – ਸੱਤਾ।ਉਹ ਕੀ ਚੰਗਾ ਵਪਾਰੀ ਹੋਇਆ ਜੋ ਆਪਣੀਆਂ ਚੀਜਾਂ ਨੂੰ ਬਜ਼ਾਰ ਵਿਚ ਵੇਚ ਹੀ ਨਾ ਸਕੇ?੧੯੮੯ ਵਿਚ ਪਾਲਮਪੁਰ ਵਿਚ ਭਾਰਤੀ ਜਨਤਾ ਪਾਰਟੀ ਨੇ ਹਿੰਦੂਤਵ ਨੂੰ “ਸੱਭਿਆਚਾਰਕ ਰਾਸ਼ਟਰਵਾਦ” ਅਤੇ “ਭਾਰਤੀ ਰਾਸ਼ਟਰ” ਦੀ ਭਾਵਨਾ ਲਈ ਅਧਿਕਾਰਕ ਵਿਚਾਰਧਾਰਾ ਦੇ ਰੂਪ ਵਿਚ ਅਪਣਾਇਆ।ਉਸ ਸਮੇਂ ਸੱਤਾਧਾਰੀ ਵਾਜਪਾਈ-ਅਡਵਾਨੀ ਦੀ ਟੀਮ ਇਸ ਵਿਚਾਰਧਾਰਾ ਨੂੰ ਧਾਰਮਿਕ ਰੰਗਤ ਦੇਣ ਦੇ ਵਿਰੁੱਧ ਸੀ।ਮੋਹਨ ਭਾਗਵਤ ਇਸ ਨੂੰ “ਭਾਰਤ ਦੀ ਪਛਾਣ” ਮੰਨ ਕੇ ਸੰਤੁਸ਼ਟ ਸੀ।ਮੌਜੂਦਾ ਸਮੇਂ ਵਿਚ ਭਾਰਤੀ ਜਨਤਾ ਪਾਰਟੀ ਦੁਆਰਾ ਅਪਣਾਈ ਰਣਨੀਤੀ ਦੂਜੀਆਂ ਪਾਰਟੀਆਂ ਨੂੰ ਰਾਜਨੀਤਿਕ ਹਿੰਦੂਤਵ ਦਾ ਅਨੁਸਰਣ ਕਰਨ ਲਈ ਮਜਬੂਰ ਕਰ ਰਹੀ ਹੈ।ਵਿਰੋਧੀ ਧਿਰ ਸਚਮੁੱਚ ਹੀ ਨਵੀਂ ਪਛਾਣ ਦੀ ਭਾਲ ਵਿਚ ਹੈ।ਕਿਸੇ ਦੀ ਨਕਲ ਕਰਨਾ – ਜੋ ਕਿ ਖੁਸ਼ਾਮਦ ਦਾ ਸਭ ਤੋਂ ਵਧੀਆ ਰੂਪ ਹੈ – ਕਈ ਵਾਰ ਖੁਸ਼ਾਮਦੀ ਨੂੰ ਢਹਿ ਢੇਰੀ ਕਰ ਦਿੰਦਾ ਹੈ।ਜਦੋਂ ਕਿਸੇ ਵਿਚਾਰ ਦਾ ਸਮਾਂ ਆ ਜਾਂਦਾ ਹੈ ਅਤੇ ਇਹ ਸਫਲ ਹੋ ਜਾਂਦਾ ਹੈ ਤਾਂ ਇਸ ਦੀਆਂ ਕਈ ਸਾਰੀਆਂ ਨਕਲਾਂ ਵੀ ਬਜ਼ਾਰ ਵਿਚ ਆ ਜਾਂਦੀਆਂ ਹਨ।ਕਿਉਂ ਜੋ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਹਿੰਦੂਤਵ ਦੀ ਫਸਲ ਕੱਟਣ ਲਈ ਤਿਆਰ ਹਨ ਤਾਂ ਆਉਣ ਵਾਲੇ ਦਹਾਕੇ ਵਿਚ ਅਸੀਂ ਇਹ ਉਮੀਦ ਕਰ ਸਕਦੇ ਹਾਂ ਕਿ ਸਾਰਾ ਰਾਜਨੀਤਿਕ ਢਾਂਚਾ ਹੀ ਭਗਵੇਂ ਰੰਗ ਵਿਚ ਰੰਗਿਆ ਜਾਵੇਗਾ ਅਤੇ ਇਸ ਦੀ ਤੀਬਰਤਾ ਹੋਰ ਜਿਆਦਾ ਵਧ ਜਾਵੇਗੀ।
ਆਮ ਆਦਮੀ ਪਾਰਟੀ ਦਿੱਲੀ ਤੋਂ ਬਾਹਰ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਹੈ।ਹਿੰਦੂ ਵੋਟਰਾਂ ਨੂੰ ਲੁਭਾਉਣ ਦੀ ਖਾਤਰ ਪਾਰਟੀ, ਜਿਸ ਦੀ ਸੱਤਾ ਦਿੱਲੀ ਅਤੇ ਪੰਜਾਬ ਵਿਚ ਹੈ, ਹਿੰਦੂ ਸ਼ਬਦਬਾਨਾਂ ਦਾ ਹੀ ਸਹਾਰਾ ਲੈ ਰਹੀ ਹੈ ਅਤੇ ਹਿੰਦੂਆਂ ਨੂੰ ਮੁਫਤ ਧਾਰਮਿਕ ਯਾਤਰਾਵਾਂ ਕਰਾ ਰਹੀ ਹੈ।ਇਸ ਦਾ “ਨਰਮ ਹਿੰਦੂਤਵ” ਦਾ ਪ੍ਰਵਚਨ ਹਿੰਦੂ ਵੋਟਾਂ ਖਿੱਚਣ ਉੱਪਰ ਹੀ ਕੇਂਦਰਿਤ ਹੈ।ਦਿੱਲੀ ਦੀਆਂ ਅਸੈਂਬਲੀ ਚੋਣਾਂ ਸਮੇਂ ੨੦੨੦ ਵਿਚ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟੀਵੀ ਚੈਨਲਾਂ ਨੂੰ ਦੱਸਿਆ ਸੀ ਕਿ ਉਹ ਕੱਟੜ ਹਨੂੰਮਾਨ ਭਗਤ ਹੈ ਅਤੇ ਹਨੁਮਾਨ ਚਾਲੀਸਾ ਦਾ ਪਾਠ ਕੀਤਾ ਸੀ।ਕੇਜਰੀਵਾਲ ਦੁਆਰਾ ਹਿੰਦੂ ਪ੍ਰਵਚਨ ਦਾ ਪ੍ਰਗਟਾਵਾ ਕਰਨਾ ਅਤੇ ਜੈ ਹਨੁਮਾਨ ਦੇ ਨਾਅਰੇ ਲਗਾੳੇਣਾ ਸਿਰਫ ਬੀਜੇਪੀ ਦੇ “ਜੈ ਸ਼੍ਰੀ ਰਾਮ” ਨਾਅਰੇ ਨੂੰ ਟੱਕਰ ਦੇਣ ਲਈ ਹੀ ਨਹੀਂ ਹੈ ਬਲਕਿ ਕੇਜਰੀਵਾਲ ਅਤੇ ਆਪ ਪ੍ਰਤੀ ਹਿੰਦੂ ਵੋਟਰਾਂ ਨੂੰ ਆਕਰਸ਼ਿਤ ਕਰਨਾ ਹੈ।ਕੇਜਰੀਵਾਲ ਸਫਲ ਅਤੇ ਪਰਖੀ ਹੋਈ ਹਿੰਦੂ ਰਣਨੀਤੀ ਦੀ ਵਰਤੋਂ ਕਰ ਰਿਹਾ ਹੈ।ਆਪ “ਨਰਮ ਹਿੰਦੂਤਵ” ਦੀ ਰਣਨੀਤੀ ਨੂੰ ਅਪਣਾ ਰਹੀ ਹੈ ਜੋ ਕਿ ਬੇਜੀਪੀ ਦੀ “ਦੇਸ਼ਭਗਤੀ” ਦੀ ਰਣਨੀਤੀ ਉੱਪਰ ਵੀ ਅਧਾਰਿਤ ਹੈ।ਆਪ ਦੇ ਕਾਰਕੁੰਨਾਂ ਨੇ ਵੱਖ-ਵੱਖ ਥਾਵਾਂ ’ਤੇ ਤਿਰੰਗਾ ਯਾਤਰਾਵਾਂ ਕੱਢੀਆਂ ਜੋ ਕਿ ਬੀਜੇਪੀ ਦੇ ਦੇਸ਼ਭਗਤੀ ਦੇ ਵਿਚਾਰ ਨਾਲ ਨੇੜਤਾ ਦਰਸਾਉਂਦਾ ਹੈ।ਕੇਜਰੀਵਾਲ ਬੀਜੇਪੀ ਦੇ ਹਿੰਦੂ ਪ੍ਰਧਾਨਤਾ ਅਤੇ ਦੇਸ਼ ਭਗਤੀ ਦੇ ਵਿਚਾਰ ਨੂੰ ਹੀ ਵਰਤ ਰਿਹਾ ਹੈ।
ਰਾਸ਼ਟਰੀ ਸ਼ਕਤੀ ਬਣਨ ਦੀ ਕੋਸ਼ਿਸ਼ ਅਤੇ ਹਿੰਦੂ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਵਿਚ ਆਪ ਨੇ ਸੱਤਾਧਾਰੀ ਬੀਜੇਪੀ ਦੀ “ਦੂਜੇ ਸਮੂਹਾਂ ਨੂੰ ਬਾਹਰ ਕੱਢਣ” ਦੀ ਰਣਨੀਤੀ ਵੀ ਅਪਣਾ ਲਈ ਹੈ।ਹਾਲ ਹੀ ਆਮ ਆਦਮੀ ਪਾਰਟੀ ਅਤੇ ਇਸ ਰਾਜਨੀਤਿਕ ਲੀਡਰਸ਼ਿਪ ਨੇ ਦਿੱਲੀ ਵਿਚ ਹੋਈ ਸੰਪ੍ਰਦਾਇਕ ਹਿੰਸਾ ਲਈ ਰੋਹਿੰਗਿਆ ਮੁਸਲਮਾਨਾਂ ਨੂੰ ਜ਼ਿੰਮੇਵਾਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।ਪਰ ਇਹ ਸਭ ਕੁਝ ਹੈਰਾਨ ਕਰ ਦੇਣ ਵਾਲਾ ਨਹੀਂ ਹੈ।ਆਮ ਆਦਮੀ ਪਾਰਟੀ, ਜਿਸ ਦਾ ਉਦੈ ਸਿਵਲ ਸਮਾਜ ਦੇ ਅੰਦੋਲਨ ਵਿਚੋਂ ਹੋਇਆ ਸੀ, ਉਸ ਨੇ ਆਪਣਾ ਪਾਲਾ ਬਦਲ ਕਿਆ ਹੈ।ਇਕ ਖੇਤਰੀ ਪਾਰਟੀ, ਆਪ, ਹੁਣ ਬੀਜੇਪੀ ਦਾ ਖਾਕਾ ਉਧਾਰਾ ਲੈ ਰਹੀ ਹੈ।ਇਹ ਰਾਸ਼ਟਰਵਾਦੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ ਜੋ ਕਿ ਨਾ ਸਿਰਫ “ਘੱਟ ਗਿਣਤੀਆਂ” ਵਿਚ ਬੇਗਾਨਗੀ ਦੀ ਭਾਵਨਾ ਪੈਦਾ ਕਰਦਾ ਹੈ, ਪਰ ਇਸ ਦੀ ਰਾਜਨੀਤੀ ਹੁਣੇ ਹੀ ਉਨ੍ਹਾਂ ਨੂੰ ਵਿਸਾਰ ਰਹੀ ਹੈ।ਆਮ ਆਦਮੀ ਪਾਰਟੀ ਗੁਜਰਾਤ ਵਿਚ ਜਿੱਤ ਪ੍ਰਾਪਤ ਕਰਨਾ ਲੋਚਦੀ ਹੈ।ਇਸ ਰਾਜ ਵਿਚ ਉਨ੍ਹਾਂ ਦੀ ਹੌਂਦ ਕੁਝ ਜਿਆਦਾ ਨਹੀਂ ਹੈ।ਪਰ ਇਹ ਉੱਥੇ ਪੈਰ ਜਮਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ।ਗੁਜਰਾਤ ਵਿਚ ਕੀਤੀ “ਪਰਿਵਰਤਨ” ਯਾਤਰਾ ਦਾ ਉਦੇਸ਼ ਵੀ ਰਵਾਇਤੀ ਹਿੰਦੂ ਵੋਟ ਨੂੰ ਆਪਣੇ ਪੱਖ ਵਿਚ ਭੁਗਤਾਉਣਾ ਹੈ।ਇਸ ਲਈ ਉੱਥੇ ਵੀ ਇਹ ਇਕ ਮੌਕੇ ਦੀ ਮੰਗ ਕਰ ਰਹੀ ਹੈ।ਹਾਲਾਂਕਿ ਇਸ ਦੀ ਨੇੜਤਾ ਬੀਜੇਪੀ ਦੀ ਹਿੰਦੂਵਾਦੀ ਵਿਚਾਰਧਾਰਾ ਨਾਲ ਹੈ, ਪਰ ਇਹ ਸਿਹਤ ਅਤੇ ਸਿੱਖਿਆ ਨੂੰ ਕੇਂਦਰ ਬਣਾ ਕੇ ਸਮਾਜਵਾਦੀ ਹੋਣ ਦਾ ਨਕਾਬ ਵੀ ਚੜ੍ਹਾਈ ਰੱਖਣਾ ਚਾਹੁੰਦੀ ਹੈ।
ਆਮ ਆਦਮੀ ਪਾਰਟੀ ਸਾਰੇ ਹੀ ਸੂਬਿਆਂ ਵਿਚ ਹਿੰਦੂ ਨੇਤਾਵਾਂ ਨੂੰ ਇਕ ਛੱਤਰੀ ਹੇਠ ਇਕੱਠਾ ਕਰ ਰਹੀ ਹੈ।੨੦੧੭ ਵਿਚ ਆਪ ਨੂੰ ਪੰਜਾਬ ਵਿਚ ਪੰਜਾਬ ਬ੍ਰਾਹਮਣ ਮਹਾਂਸਭਾ ਦੀ ਮਦਦ ਮਿਲੀ ਜਿਸ ਨੇ ਬ੍ਰਾਹਮਣਾਂ ਦੀਆਂ ਵੋਟਾਂ ਨੂੰ ਆਪ ਦੇ ਪੱਖ ਵਿਚ ਭੁਗਤਾਇਆ।੨੦੨੨ ਦੀਆਂ ਚੋਣਾਂ ਵਿਚ ਇਸ ਦਾ ਪ੍ਰਭਾਵ ਹਿੰਦੂਆਂ ਦੇ ਸਾਰੇ ਤਬਕਿਆਂ ਉੱਪਰ ਦੇਖਿਆ ਜਾ ਸਕਦਾ ਸੀ।ਜਿਸ ਨੇ ਸਿੱਖਾਂ ਦੀਆਂ ਵੋਟਾਂ ਨਾਲ ਮਿਲ ਕੇ ਪਾਰਟੀ ਨੂੰ ਸੂਬੇ ਵਿਚ ਜਿੱਤ ਦੁਆਈ।ਪਾਰਟੀ ਵਿਚ ਇਹ ਬਦਲਾਅ ਉਸ ਸਮੇਂ ਆ ਰਿਹਾ ਹੈ ਜਦੋਂ ਹਿਮਾਚਲ ਪ੍ਰਦੇਸ਼ ਵਿਚ ਬਹੁਤ ਸਾਰੇ ਬੀਜੇਪੀ ਨੇਤਾ ਆਪ ਵਿਚ ਸ਼ਾਮਿਲ ਹੋ ਗਏ ਹਨ।ਆਮ ਆਦਮੀ ਪਾਰਟੀ ਦਾ ਹਿੰਦੂਤਵ ਵੱਲ ਇਸ ਤਰਾਂ ਦਾ ਝੁਕਾਅ ਭਾਰਤੀ ਰਾਜਨੀਤੀ ਲਈ ਕੋਈ ਸ਼ੁੱਭ ਸੰਕੇਤ ਨਹੀਂ ਹੈ।ਇਹ ਭਾਰਤੀ ਲੋਕਤੰਤਰ ਦੇ ਕਮਜ਼ੋਰ ਹੋਣ ਨੂੰ ਦਿਖਾਉਂਦਾ ਹੈ।ਆਮ ਆਦਮੀ ਪਾਰਟੀ ਦਾ ਵਿਕਾਸ ਏਜੰਡਾ ਬੀਜੇਪੀ ਵਾਂਗ ਹੀ ਹਿੰਦੂਵਾਦੀ ਵਿਚਾਰਧਾਰਾ ਵਿਚ ਤਬਦੀਲ ਹੋਣ ਲੱਗਿਆ ਹੈ।ਕੁਝ ਕੁ ਲੋਕਾਂ ਦਾ ਆਰਥਿਕ ਵਿਕਾਸ ਵੱਡੀ ਗਿਣਤੀ ਵਿਚ ਘੱਟ ਗਿਣਤੀਆਂ ਅਤੇ ਹਾਸ਼ੀਆਗ੍ਰਸਤ ਸਮੂਹਾਂ ਦੀ ਕੀਮਤ ਉੱਪਰ ਆਉਂਦਾ ਹੈ।ਆਪਣੀ ਰਾਜਨੀਤਿਕ ਮੰਸ਼ਾ ਨੂੰ ਪੂਰਾ ਕਰਨ ਲਈ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਲੈਣ ਲਈ ਆਪ ਦੇ ਨੇਤਾ ਲਗਾਤਾਰ ਮੰਦਰਾਂ ਵਿਚ ਜਾਂਦੇ ਹਨ। ਆਪ ਵਿਚ ਇਸ ਤਰਾਂ ਦਾ ਬਦਲਾਅ ਧਰਮ ਨਿਰਪੱਖ ਭਾਰਤ ਦਰਪੇਸ਼ ਉਸ ਖਤਰੇ ਨੂੰ ਦਿਖਾਉਂਦਾ ਹੈ ਜਿੱਥੇ ਧਰਮ ਅਤੇ ਸੱਤਾ ਦਾ ਪਾੜਾ ਲਗਾਤਾਰ ਘਟ ਰਿਹਾ ਹੈ।ਇਹ ਵੱਖ-ਵੱਖ ਵਿਚਾਰਾਂ ਲਈ ਮੌਜੂਦ ਜ਼ਮੀਨ ਦੇ ਸੌੜੇ ਹੋਣ ਨੂੰ ਵੀ ਦਿਖਾਉਂਦਾ ਹੈ।ਅਸਲ ਵਿਚ ਇਕ ਹੀ ਤਰਾਂ ਦੇ ਸੰਸਾਰ ਦੀ ਵਿਚਾਰਧਾਰਕ ਸਹਿਮਤੀ ਹੀ ਹੁਣ ਆਮ ਬਣ ਰਹੀ ਹੈ ਅਤੇ ਵੱਖਰੇ ਵਿਚਾਰਾਂ ਵਾਲੀਆਂ ਰਾਜਨੀਤਿਕ ਪਾਰਟੀਆਂ ਅਤੇ ਰਾਜਨੇਤਾ ਵੀ ਹਿੰਦੂਵਾਦੀ ਬਿਰਤਾਂਤ ਦੇ ਲਾਲਚ ਵਿਚ ਫਸ ਰਹੇ ਹਨ।