ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨਿੱਜੀ ਜਾਗੀਰਾਂ ਵਾਂਗ ਚਲਾਈਆਂ ਜਾਂਦੀਆਂ ਹਨ ਜਿਨ੍ਹਾਂ ਦੀਆਂ ਡੋਰਾਂ ਇਕ ਜਾਂ ਦੋ ਲੋਕਾਂ ਦੇ ਹੱਥ ਵਿਚ ਹੀ ਹਨ।ਇਹ ਜਮਹੂਰੀ ਪ੍ਰਬੰਧ ਹੋਣ ਦੀ ਬਜਾਇ ਨਿਰੰਕੁਸ਼ ਸ਼ਾਸਨ ਜਿਆਦਾ ਲੱਗਦਾ ਹੈ।ਅਜਿਹੀ ਸਮੱਸਿਆ ਸਿਰਫ ਰਵਾਇਤੀ ਰਾਜਨੀਤਿਕ ਘਰਾਣਿਆਂ ਵਿਚ ਹੀ ਨਹੀਂ, ਬਲਕਿ ਇਹਨਾਂ ਤੋਂ ਅਸੰਤੁਸ਼ਟੀ ‘ਚੋਂ ਪੈਦਾ ਹੋਈ ਆਮ ਆਦਮੀ ਪਾਰਟੀ ਵਿਚ ਵੀ ਅਤੇ ਭਾਰਤੀ ਜਨਤਾ ਪਾਰਟੀ ਵਿਚ ਵੀ ਨਿਰੰਕੁਸ਼ਤਾ ਦੇ ਲੱਛਣ ਦੇਖੇ ਜਾ ਸਕਦੇ ਹਨ।ਰਾਜਨੀਤਿਕ ਪਾਰਟੀਆਂ ਵਿਚ ਅੰਦਰੂਨੀ ਜਮਹੂਰੀਅਤ ਪੂਰੀ ਤਰਾਂ ਗਾਇਬ ਹੈ ਭਾਵੇਂ ਕਿ ਚੋਣਾਂ ਸਮੇਂ ਉਨ੍ਹਾਂ ਨੂੰ ਲੋਕਾਂ ਦੇ ਸਮਰਥਨ ਦੀ ਲੋੜ ਪੈਂਦੀ ਹੈ।ਕੋਈ ਵੀ ਜਮਹੂਰੀਅਤ ਇਸ ਤਰਾਂ ਦੀ ਨਿਰੰਕੁਸ਼ਤਾ ਕਰਕੇ ਨਿਰੋਗ ਨਹੀਂ ਮੰਨੀ ਜਾ ਸਕਦੀ।ਭਾਰਤੀ ਜਮਹੂਰੀਅਤ ਵਿਚ ਇਹ ਬੀਮਾਰੀ ਇਸੇ ਕਰਕੇ ਪੈਦਾ ਹੋਈ ਹੈ ਕਿਉਂਕਿ ਭਾਰਤੀ ਲੋਕਤੰਤਰ ਵਿਚ ਰਾਜਨੀਤਿਕ ਪਾਰਟੀਆਂ ਦੀ ਕਾਰਜ ਵਿਧੀ ਨੂੰ ਲੈ ਕੇ ਕੋਈ ਨਿਯਮ ਨਿਰਧਾਰਿਤ ਨਹੀਂ ਕੀਤੇ ਗਏ ਹਨ।ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਅਜ਼ਾਦ ਅਤੇ ਨਿਰਪੱਖ ਚੋਣਾਂ ਚਾਹੁੰਦੀਆਂ ਹਨ, ਪਰ ਆਪਣੀਆਂ ਪਾਰਟੀਆਂ ਦੇ ਅੰਦਰੂਨੀ ਢਾਂਚੇ ਨੂੰ ਬਣਾਉਂਦੇ ਸਮੇਂ ਉਹ ਇਹਨਾਂ ਹੀ ਸਿਧਾਂਤਾਂ ਨੂੰ ਭੁੱਲ ਜਾਂਦੀਆਂ ਹਨ।ਆਮ ਆਦਮੀ ਪਾਰਟੀ ਇਸ ਸੰਬੰਧ ਵਿਚ ਕੋਈ ਵੱਖਰੀ ਨਹੀਂ ਹੈ ਜਿਸ ਵਿਚ ਇਸ ਦੀ ਸ਼ੁਰੂਆਤ ਤੋਂ ਹੀ ਅੰਦਰੂਨੀ ਜਮਹੂਰੀਅਤ ਦੀ ਘਾਟ ਰਹੀ ਹੈ।ਇਹ ਇਕ ਪ੍ਰਮੁੱਖ ਕਾਰਣ ਹੈ ਕਿ ਭਾਰਤ ਵਿਚ ਕੋਈ ਦੂਰ-ਅੰਦੇਸ਼ੀ ਲੀਡਰਸ਼ਿਪ ਨਹੀਂ ਹੈ ਬਲਕਿ ਸਿਰਫ ਪਾਰਟੀ ਕਾਰਜਕਰਤਾ ਅਤੇ ਚਾਪਲੂਸ ਹੀ ਪੈਦਾ ਹੋਈ ਹਨ।
ਜਿੱਥੋਂ ਤੱਕ ਅੰਦਰੂਨੀ ਜਮਹੂਰੀਅਤ ਦਾ ਸੁਆਲ ਹੈ, ਆਮ ਆਦਮੀ ਪਾਰਟੀ ਵਿਚ ਕੋਈ ਜਮਹੂਰੀਅਤ ਨਹੀਂ ਹੈ।ਇਹ ਅਰਵਿੰਦ ਕੇਜ਼ਰੀਵਾਲ ਅਤੇ ਉਸ ਦੇ ਨੇੜਲੇ ਸਹਿਯੋਗੀਆਂ ਦੀ ਮਰਜ਼ੀ ਨਾਲ ਚੱਲਦੀ ਹੈ।ਕੇਜਰੀਵਾਲ ਨਿਯੁਕਤੀਆਂ ਕਰਨ ਸਮੇਂ ਜਾਤ ਅਧਾਰਿਤ ਸਮੀਕਰਨਾਂ ਨੂੰ ਪਹਿਲ ਦਿੰਦਾ ਰਿਹਾ ਹੈ ਜੋ ਕਿ ਉਸ ਦੀਆਂ ਸਾਰੀਆਂ ਹੀ ਨਿਯੁਕਤੀਆਂ ਵਿਚ ਦੇਖਿਆ ਜਾ ਸਕਦਾ ਹੈ।ਉਸ ਦੀ ਪਾਰਟੀ ਵਿਚ ਘੱਟ-ਗਿਣਤੀਆਂ ਅਤੇ ਛੋਟੀਆਂ ਜਾਤਾਂ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ।ਆਮ ਆਦਮੀ ਪਾਰਟੀ ਵਿਚ ਟਿਕਟਾਂ ਦੀ ਵੰਡ ਕਦੇ ਵੀ ਨਿਰਪੱਖ ਨਹੀਂ ਰਹੀ ਹੈ।ਪਹਿਲਾਂ ਮਨੀਸ਼ ਸਿਸੋਦੀਆਂ ਉਮੀਦਵਾਰ ਤੋਂ ਸੰਤੁਸ਼ਟ ਹੋਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਵੀ ਉਮੀਦਵਾਰ ਉਸ ਨੂੰ ਖੁਸ਼ ਕਰ ਸਕੇ, ਉਸ ਤੋਂ ਬਾਅਦ ਕੇਜਰੀਵਾਲ।ਅਗਰ ਉਹ ਦੋਹੇਂ ਹੀ ਖੁਸ਼ ਹਨ ਤਾਂ ਹੀ ਉਮੀਦਵਾਰ ਨੂੰ ਟਿਕਟ ਮਿਲਦੀ ਹੈ।ਆਮ ਆਦਮੀ ਪਾਰਟੀ ਵਿਚ ਹੋਰ ਵੀ ਬਹੁਤ ਸਾਰੀਆਂ ਕਮੀਆਂ ਹਨ।ਪਾਰਟੀ ਵਿਚ ਸੱਤਾ ਚਲਾਉਣ ਦੀ ਦੂਰ-ਅੰਦੇਸ਼ੀ ਦੀ ਘਾਟ ਹੈ ਅਤੇ ਭ੍ਰਿਸ਼ਟਾਚਾਰ ਸਿਖਰਾਂ ’ਤੇ ਹੈ।ਆਦਿਵਾਸੀਆਂ, ਦਲਿਤਾਂ, ਔਰਤਾਂ ਅਤੇ ਧਾਰਮਿਕ ਘੱਟ-ਗਿਣਤੀਆਂ ਕਦੇ ਵੀ ਪਾਰਟੀ ਦੇ ਏਜੰਡੇ ਦਾ ਹਿੱਸਾ ਨਹੀਂ ਰਹੇ।ਅੰਦਰੂਨੀ ਜਮਹੂਰੀਅਤ ਦੀ ਘਾਟ, ਲ਼ੀਡਰਸ਼ਿਪ ਦਾ ਢੰਗ, ਵਿਚਾਰਧਾਰਾ ਦੀ ਘਾਟ ਵੱਡੇ ਮਸਲਿਆਂ ਵੱਲ ਇਸ਼ਾਰਾ ਕਰਦੇ ਹਨ।ਨਿਊਰੋਪੈਥੀ ਦੀ ਤਰਾਂ ਹੀ ਲੱਛਣਾਂ ਦੇ ਕਾਰਣਾਂ ਨੂੰ ਲੱਭਣ ਦੀ ਬਜਾਇ ਮਹਿਜ ਲੱਛਣਾਂ ’ਤੇ ਹੀ ਕੰਮ ਕਰੀ ਜਾਣਾ ਇਲਾਜ ਵਿਚ ਸਹਾਈ ਨਹੀਂ ਹੁੰਦਾ ਹੈ।ਰਾਜਨੀਤੀ ਵਿਚ ਵਿਕਲਪ ਪ੍ਰਯੋਗਾਂ ਰਾਹੀ ਹੀ ਪੈਦਾ ਹੁੰਦੇ ਹਨ।ਭਾਰਤੀ ਦੀ ਅਜ਼ਾਦੀ ਤੋਂ ਹੀ ਲੋਕਾਂ ਨੇ ਗੈਰ-ਪਾਰਟੀ ਪ੍ਰੀਕਿਰਆਵਾਂ ਦੇਖੀਆਂ ਹਨ, ਜੇਪੀ ਅੰਦੋਲਨ ਤੋਂ ਸਬਕ ਸਿੱਖੇ ਹਨ ਅਤੇ ਆਮ ਆਦਮੀ ਪਾਰਟੀ ਦੀ ਸ਼ੁੁਰੂਆਤ ਨਾਲ ਵੀ ਅਜਿਹਾ ਹੀ ਹੈ।ਅਜਿਹੇ ਸਬਕ ਹੀ ਭਵਿੱਖੀ ਕੋਸ਼ਿਸ਼ਾਂ ਵਿਚ ਮਦਦਗਾਰ ਹੁੰਦੇ ਹਨ।
ਕੁਝ ਹੀ ਦਿਨਾਂ ਵਿਚ ਹੋਣ ਵਾਲੀਆਂ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਕਿਸ ਤਰਾਂ ਦੀ ਰਹੇਗੀ, ਉਸ ਨੂੰ ਸਮਝਣ ਲਈ ਆਮ ਆਦਮੀ ਪਾਰਟੀ ਦੇ ਸੂਬੇ ਦੇ ਲੋਕਾਂ ਨਾਲ ਸੰਬੰਧਾਂ ਨੂੰ ਜਾਣਨਾ ਜਰੂਰੀ ਹੈ ਜੋ ਕਿ ੨੦੧੪ ਦੀਆਂ ਲੋਕ ਸਭਾ ਚੋਣਾਂ ਵਿਚ ਭਰ ਉਮੀਦ ਤੋਂ ੨੦੧੭ ਦੀਆਂ ਚੋਣਾਂ ਵਿਚ ਨਿਰਾਸ਼ਾ ਵੱਲ ਹੀ ਵਧੇ ਹਨ।ਅਕਤੂਬਰ ੨੦੧੭ ਦੀ ਗੁਰਦਾਸਪੁਰ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਹਾਰ, ਦਸੰਬਰ ੨੦੧੭ ਵਿਚ ਨਾਗਰਿਕ ਚੋਣਾਂ ਅਤੇ ਮਈ ੨੦੧੮ ਵਿਚ ਸ਼ਾਹਕੋਟ ਵਿਧਾਨ ਸਭਾ ਦੀ ਜਿਮਨੀ ਚੋਣ ਵਿਚ ਪਾਰਟੀ ਦੀ ਹਾਰ ਇਹ ਦਿਖਾਉਂਦੀ ਹੈ ਕਿ ਪਾਰਟੀ ਲਈ ਦੂਹਰਾ ਧੱਕਾ ਸਨ: ਇਕ, ਲੋਕਾਂ ਦੀਆਂ ਉਮੀਦਾਂ ਢਹਿ-ਢੇਰੀ ਹੋਈਆਂ ਅਤੇ ਦੂਜਾ, ਪਾਰਟੀ ਨੂੰ ਲੱਗਦਾ ਸੀ ਕਿ ਉਹ ਵਿਕਲਪਿਕ ਰਾਜਨੀਤੀ ਪੇਸ਼ ਕਰ ਸਕਦੀ ਹੈ।੨੦੧੭ ਵਿਚ ਆਮ ਆਦਮੀ ਪਾਰਟੀ ਦੇ ਨਾਅਰੇ, “ਕੇਜਰੀਵਾਲ, ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ” ਤੋਂ ਹੀ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਤੋਂ ਅੱਕੇ ਲੋਕਾਂ ਨੂੰ ਸਾਵਧਾਨ ਜਾਣਾ ਚਾਹੀਦਾ ਸੀ। ਆਮ ਆਦਮੀ ਪਾਰਟੀ ਨੇ ਨਵੀਂ ਤਰਾਂ ਦੀ ਰਾਜਨੀਤੀ, ਲੋਕਨੀਤੀ, ਦਾ ਵਾਅਦਾ ਕੀਤਾ।ਉਨ੍ਹਾਂ ਨੇ ਇਹ ਵਚਨ ਲਿਆ ਕਿ ਪਾਰਟੀ ਰਾਜਨੀਤੀ ਕਰਨ ਦੀ ਬਜਾਇ ਰਾਜਨੀਤੀ ਵਿਚ ਬਦਲਾਅ ਲੈ ਕੇ ਆਵੇਗੀ।ਪੰਜਾਬ ਦੇ ਲੋਕਾਂ ਨੇ ਸੋਚਿਆ ਕਿ ਇਹ ਪਾਰਟੀ ਦੂਜੀਆਂ ਤੋਂ ਵੱਖਰੀ ਹੈ।ਪਰ ਆਮ ਆਦਮੀ ਪਾਰਟੀ ਦੇ ਭਾਗੀਦਾਰੀ ਜਮਹੂਰੀਅਤ, ਜਵਾਬਦੇਹੀ ਅਤੇ ਆਰਥਿਕ ਪਾਰਦਰਸ਼ਤਾ ਦੇ ਵਾਅਦਿਆਂ ਨਾਲ ਬੰਨੇ ਪੰਜਾਬ ਦੇ ਲੋਕਾਂ ਨੂੰ “ਸਵਰਾਜ” ਕਦੇ ਨਹੀਂ ਮਿਲਿਆ।ਕਥਨੀ ਅਤੇ ਕਰਨੀ ਵਿਚਕਾਰ ਪਾੜਾ ਦਿਨ-ਬ-ਦਿਨ ਵੱਡਾ ਹੁੰਦਾ ਗਿਆ।ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਬਹੁਤ ਸੁਪਨੇ ਦਿਖਾਏ।ਪਰ ਆਪਣੇ ਹੰਕਾਰ ਅਤੇ ਅਗਿਆਨਤਾ ਕਰਕੇ ਉਨ੍ਹਾਂ ਨੇ ਹੌਲੀ ਹੌਲ਼ੀ ਲੋਕਾਂ ਨੂੰ ਆਪਣਾ ਅਸਲੀ ਚਿਹਰਾ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਜਿਸ ਵਿਚ ਇਕ ਆਦਮੀ ਦੀ ਪ੍ਰਧਾਨਤਾ ਅਤੇ ਹਿੰਦੂਤਵ ਦਾ “ਲੁਕਵਾਂ” ਏਜੰਡਾ ਛਿਪਿਆ ਹੋਇਆ ਹੈ।
ਆਮ ਆਦਮੀ ਪਾਰਟੀ ਨੇ ਜਦੋਂ ਪੰਜਾਬ ਦੀ ਰਾਜਨੀਤੀ ਵਿਚ ਪ੍ਰਵੇਸ਼ ਕੀਤਾ ਸੀ ਤਾਂ ਇਸ ਦਾ ਮੁੱਖ ਕੇਂਦਰ ਰਾਜਨੀਤਿਕ ਪ੍ਰਵਚਨ (ਡਿਸਕੋਰਸ) ਵਿਚ ਤਬਦੀਲੀ ਲਿਆ ਕੇ ਵਿਕਲਪਿਕ ਰਾਜਨੀਤੀ ਪੇਸ਼ ਕਰਨਾ ਸੀ।ਇਸ ਤਰਾਂ ਦੇ ਨਾਅਰਿਆਂ ਨੇ ਇਕ ਦਮ ਪਾਰਟੀ ਨੂੰ ਲੋਕਾਂ ਨਾਲ ਜੋੜਿਆ ਅਤੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਰੰਗ ਵਿਚ ਰੰਗੇ ਗਏ।ਇਹ ਸਿਰਫ ਅੰਨਾ ਹਜਾਰੇ ਜਾਂ ਅਰਵਿੰਦ ਕੇਜਰੀਵਾਲ ਨਾਲ ਸੰਬੰਧਿਤ ਨਹੀਂ ਸੀ, ਬਲਕਿ ਇਸ ਵਿਚ ਰਵਾਇਤੀ ਪਾਰਟੀਆਂ ਵਿਚ ਮੌਜੂਦ ਚਾਪਪਲੂਸੀ, ਭ੍ਰਿਸ਼ਟਾਚਾਰ ਅਤੇ ਵਿਚਾਰਧਾਰਾਹੀਣ ਰਾਜਨੀਤੀ ਨੂੰ ਖਤਮ ਕਰਨ ਦੀ ਉਮੀਦ ਸ਼ਾਮਿਲ ਸੀ।ਪਰ ਇਹ ਮਹਿਜ਼ ਇਕ ਬੁਲਬੁਲਾ ਹੀ ਨਿਕਲਿਆ।ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਦਿੱਲੀ ਹੀ ਨਿਯੰਤ੍ਰਤ ਕਰਦੀ ਹੈ ਅਤੇ ਕਿਸੇ ਵੀ ਤਰਾਂ ਦੇ ਵਿਚਾਰ ਦੀ ਅਜ਼ਾਦੀ ਨੂੰ ਸਹੀ ਨਹੀਂ ਮੰਨਿਆ ਜਾਂਦਾ ਸਗੋਂ ਪਾਰਟੀ ਦੇ ਕਾਰਜਕਰਤਾਵਾਂ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ।ਭਾਵੇਂ ਪਾਰਟੀ ਦੇ ਢਾਂਚੇ ਨੂੰ ਚਲਾਉਣ ਲਈ ਸਥਾਨਿਕ ਵਲੰਟੀਅਰਾਂ ਨੂੰ ਹੀ ਚੁਣਿਆ ਜਾਂਦਾ ਹੈ, ਪਰ ਅਸਲੀਅਤ ਇਹ ਹੈ ਕਿ ਬਾਹਰੋਂ ਆਏ ਸਮੀਖਿਅਕ – ਜਿਨ੍ਹਾਂ ਨੂੰ ਦਿੱਲੀ ਹਾਈ ਕਮਾਂਡ ਦੁਆਰਾ ਪੰਜਾਬ ਯੂਨਿਟ ਦੀ ਸਲਾਹ ਤੋਂ ਬਗੈਰ ਹੀ ਚੁਣਿਆ ਜਾਂਦਾ ਹੈ – ਲੁਕ-ਛਿਪ ਕੇ ਸਥਾਨਿਕ ਢਾਂਚਿਆਂ ਦਾ ਪ੍ਰਬੰਧ ਚਲਾਉਂਦੇ ਹਨ ਜਿਸ ਵਿਚ ਜ਼ੋਨ, ਸੈਕਟਰ, ਅਸੈਂਬਲੀਆਂ ਅਤੇ ਖੇਤਰ ਸ਼ਾਮਿਲ ਹੁੰਦੇ ਹਨ।ਇਸ ਤਰਾਂ ਦੇ ਮਕਾਇਵਲੀ ਪ੍ਰਬੰਧ ਦਾ ਉਦੇਸ਼ ਸਥਾਨਕ ਲੀਡਰਸ਼ਿਪ ਦੇ ਵਿਕਾਸ ਅਤੇ ਸਥਿਰਤਾ ਨੂੰ ਖੁੰਡੇ ਕਰਨਾ ਅਤੇ ਉਨ੍ਹਾਂ ਦੀ ਦਿੱਲੀ ਟੀਮ ਉੱਪਰ ਨਿਰਭਰਤਾ ਨੂੰ ਨਿਭਾਉਣਾ ਹੁੰਦਾ ਹੈ।ਆਮ ਆਦਮੀ ਪਾਰਟੀ ਦੇ ਸ਼ਾਨਦਾਰ ਪ੍ਰਵਚਨ ਅਤੇ ਅਮਲ ਵਿਚ ਵਿਭਾਜਨ ਦਾ ਰੂਪ ਬਹੁਤ ਹੀ ਭੈੜਾ ਅਤੇ ਅਪ੍ਰਵਰਤਨਸ਼ੀਲ ਹੈ।
ਆਮ ਆਦਮੀ ਪਾਰਟੀ ਨਾਲ ਦੋ ਤਰਾਂ ਦੇ ਵਿਅਕਤੀ ਜੁੜੇ ਹੋਏ ਹਨ। ਇਕ ਉੁਹ ਜੋ ਸਮਾਜ ਦੀ ਭਲਾਈ ਲਈ ਗੰਭੀਰਤਾ ਨਾਲ ਵਚਨਬੱਧ ਹਨ ਅਤੇ ਮੰਨਦੇ ਹਨ ਕਿ ਆਪ ਉਨ੍ਹਾਂ ਦੀਆਂ ਇਛਾਵਾਂ ਨੂੰ ਅਮਲ ਵਿਚ ਲੈ ਕੇ ਆਉਣ ਦਾ ਮਾਧਿਅਮ ਹੋ ਸਕਦੀ ਹੈ।ਦੂਜੀ ਤਰਾਂ ਦੇ ਵਿਅਕਤੀ ਉਸ ਬਹੁਗਿਣਤੀ ਵਿਚੋਂ ਆਉਂਦੇ ਹਨ ਜਿਨ੍ਹਾਂ ਨੇ ਆਪਣੇ ਨਿੱਜਾਂ ਹਿੱਤਾਂ ਦੀ ਪੂਰਤੀ ਲਈ ਹੀ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ ਸੀ।ਉਨ੍ਹਾਂ ਨੇ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਟਿਕਟਾਂ ਹਾਸਿਲ ਕਰਨ ਲਈ ਇਕ ਦੂਜੇ ਨਾਲ ਮੁਕਾਬਲਾ ਕੀਤਾ ਅਤੇ ਕਥਿਤ ਤੌਰ ਤੇ ਕਈਆਂ ਨੇ ਦਿੱਲੀ ਟੀਮ ਨੂੰ ਧਨ ਦੀ ਪੇਸ਼ਕਸ਼ ਵੀ ਕੀਤੀ।੨੦੧੭ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਬਾਹਰ ਆਈਆਂ ਕਿ ਦਿੱਲੀ ਯੂਨਿਟ ਨੇ ਨਾ ਸਿਰਫ ਵੱਡੀ ਗਿਣਤੀ ਵਿਚ ਪੈਸਾ ਕਮਾਇਆ, ਬਲਕਿ ਉਨ੍ਹਾਂ ਨੇ ਪੰਜਾਬੀ ਸਮਾਜ ਦੇ ਸਮਾਜਿਕ-ਸੱਭਿਆਚਾਰਕ ਤਾਣੇ-ਬਾਣੇ ਨੂੰ ਵੀ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕੀਤੀ।੨੦੨੨ ਦਾ ਪਰਿਦ੍ਰਿਸ਼ ਕੋਈ ਜਿਆਦਾ ਵੱਖਰਾ ਨਹੀਂ ਹੈ।ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦਾ ਘਮੰਡੀ ਰਵੱਈਆ, ਟਿਕਟਾਂ ਵੰਡਣ ਵਿਚ ਅਪਣਾਇਆ ਗਏ ਢੰਗ ਤਰੀਕੇ ਇਹ ਸਾਬਿਤ ਕਰਦੇ ਹਨ ਕਿ ਇਹ ਦੂਜੀਆਂ ਪਾਰਟੀਆਂ ਤੋਂ ਵੱਖਰੀ ਨਹੀਂ ਹੈ।ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਟਿਕਟਾਂ ਵੰਡਣ ਦਾ ਢੰਗ ਉਨ੍ਹਾਂ ਦੀ ਭਾਗੀਦਾਰੀ ਜਮਹੂਰੀਅਤ ਦੇ ਵਿਚਾਰ ਦੇ ਵਿਰੁੱਧ ਜਾਂਦਾ ਹੈ।ਬਹੁਤ ਸਾਰੇ ਵਚਨਬੱਧ ਕਾਰਜਕਰਤਾ ਇਹ ਮਹਿਸੂਸ ਕਰਨਗੇ ਕਿ ਉਹ ਮ੍ਰਿਗਤ੍ਰਿਸ਼ਨਾ ਦਾ ਹੀ ਪਿੱਛਾ ਕਰ ਰਹੇ ਸਨ।ਦਿੱਲੀ ਟੀਮ ਦੁਆਰਾ ਦਿਖਾਈ ਜਾ ਰਹੀ ਤਸਵੀਰ ਤੋਂ ਅਸਲੀਅਤ ਕੋਹਾਂ ਦੂਰ ਹੈ।
ਆਮ ਆਦਮੀ ਪਾਰਟੀ, ਜਿਸ ਉੱਪਰ ਬਾਹਰੀ ਹੋਣ ਦਾ ਦੋਸ਼ ਲਗਾਇਆ ਜਾਂਦਾ ਹੈ, ਨੇ ਗੈਰ-ਪੰਜਾਬੀ ਹੋਣ ਦੀ ਕਮੀ ਨੂੰ ਹੀ ਆਪਣਾ ਗੁਣ ਬਣਾ ਲਿਆ ਹੈ।ਆਮ ਆਦਮੀ ਪਾਰਟੀ ਨੇ ਦੂਜੀ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਦਮ ਰੱਖਿਆ ਹੈ, ਪਰ ਉਨ੍ਹਾਂ ਕੋਲ ਕੋਈ ਪੰਜਾਬੀ ਬੋਲਦਾ ਨੇਤਾ ਨਹੀਂ ਹੈ; ਨਾ ਹੀ ਪਗੜੀਧਾਰੀ ਲੀਡਰ ਹੈ ਅਤੇ ਨਾ ਹੀ ਉਨ੍ਹਾਂ ਨੇ ਪੰਜਾਬ ਦੇ ਰਵਾਇਤੀ ਮੁੱਦਿਆਂ, ਖੇਤਰ ਅਤੇ ਪਾਣੀਆਂ ਦੇ ਮੁੱਦੇ, ਉੱਪਰ ਕੋਈ ਗੱਲ ਕੀਤੀ ਹੈ।ਇਸ ਦੇ ਉਲਟ, ਆਮ ਆਦਮੀ ਪਾਰਟੀ ਆਪਣੇ ਆਪ ਨੂੰ “ਬਾਹਰੀ ਮਸੀਹਾ” ਦੇ ਰੂਪ ਵਿਚ ਪੇਸ਼ ਕਰ ਰਹੀ ਹੈ।ਆਮ ਆਦਮੀ ਪਾਰਟੀ ਦੁਆਰਾ ਜਾਰੀ ਕੀਤੀ ਗਈ ਤਿੰਨ ਮਿੰਟ ਦੀ ਚੋਣ ਵੀਡਿਓ ਵਿਚ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਦੇਖਿਆ ਜਾ ਸਕਦਾ ਹੈ, ਜਿਸ ਨੇ ਅੱਧੀਆਂ ਬਾਹਾਂ ਦੀ ਕਮੀਜ਼, ਪਾਰਟੀ ਦੀ ਟੋਪੀ ਅਤੇ ਕਈ ਵਾਰ ਮਫਲਰ ਪਹਿਨਿਆ ਹੁੰਦਾ ਹੈ, ਪਰ ਉਹ ਪੱਗ ਵਿਚ ਕਦੇ ਨਜ਼ਰ ਨਹੀਂ ਆਉਂਦਾ।ਕੁਝ ਕੁ ਸਕਿੰਟਾਂ ਲਈ ਹੀ ਪਾਰਟੀ ਪ੍ਰਧਾਨ ਭਗਵੰਤ ਮਾਨ ਨੂੰ ਵੀਡਿਓ ਵਿਚ ਦੇਖਿਆ ਜਾ ਸਕਦਾ ਹੈ, ਨਹੀਂ ਤਾਂ ਇਹ ਸਾਰੀ ਵੀਡਿਓ ਕੇਜਰੀਵਾਲ ਬਾਰੇ ਹੀ ਗੱਲ ਕਰਦੀ ਹੈ।ਪੰਜਾਬ ਦੇ ਕਿਸੇ ਵੀ ਹੋਰ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਇਸ ਵਿਚ ਜਗ੍ਹਾ ਨਹੀਂ ਦਿੱਤੀ ਗਈ ਕਿਉਂ ਕਿ ਪਾਰਟੀ ਨੇ ਬਹੁਤ ਪਹਿਲਾਂ ਹੀ ਇਸ ਗੱਲ ਦਾ ਅਹਿਸਾਸ ਕਰ ਲਿਆ ਸੀ ਕਿ ਉਹ ਦਿੱਲੀ ਮਾਡਲ ਦੇ ਸਹਾਰੇ ਪੰਜਾਬ ਵਿਚ ਚੱਲ ਸਕਦੀ ਹੈ। ਵੱਡੀ ਗਿਣਤੀ ਵਿਚ ਪੰਜਾਬ ਦੇ ਦਲਿਤ, ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ, ਇਸ ਗੱਲ ਦੀ ਉਮੀਦ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਹੀ ਉਨ੍ਹਾਂ ਦੇ ਬੱਚਿਆਂ ਦਾ ਭਲਾ ਕਰ ਸਕਦੀ ਹੈ।ਪਾਰਟੀ ਦੇ ਰਾਜਨੀਤਿਕ ਮੈਨੇਜਰਾਂ ਨੇ ਇਹ ਗੱਲ ਸਮਝ ਲਈ ਹੈ ਕਿ ਉਨ੍ਹਾਂ ਨੇ ਦਿੱਲੀ ਵਿਚ ਜੋ ਕੁਝ ਵੀ ਕੀਤਾ ਹੈ, ਅਗਰ ਉਸ ਦਾ ਥੌੜਾ ਹਿੱਸਾ ਵੀ ਉਹ ਪੰਜਾਬ ਵਿਚ ਲੈ ਕੇ ਆਉਂਦੀ ਹੈ ਤਾਂ ਪੰਜਾਬ ਉਨ੍ਹਾਂ ਨੂੰ ਮੌਕਾ ਦੇ ਸਕਦਾ ਹੈ।ਇਸ ਸਮੇਂ ਉਨ੍ਹਾਂ ਦਾ ਪ੍ਰਮੁੱਖ ਕੇਂਦਰ ਦਿੱਲੀ ਸਰਕਾਰ ਅਤੇ ਕੇਜਰੀਵਾਲ ਦੀ ਸਖ਼ਸ਼ੀਅਤ ਹੀ ਹੈ।“ਇਕ ਮੌਕਾ ਕੇਜਰੀਵਾਲ ਨੂੰ, ਇਕ ਮੌਕਾ ਆਪ ਨੂੰ” ਹੀ ੨੦੨੨ ਦੀਆਂ ਚੋਣਾਂ ਲਈ ਉਨ੍ਹਾਂ ਦਾ ਨਾਅਰਾ ਹੈ।ਇਸ ਲਈ ਆਮ ਆਦਮੀ ਪਾਰਟੀ ਦੁਆਰਾ ਮੱੁਖ ਮੰਤਰੀ ਦੇ ਚਿਹਰੇ ਨੂੰ ਪੇਸ਼ ਕਰਨਾ ਮਹਿਜ਼ ਉਪਚਾਰਿਕਤਾ ਹੀ ਹੈ।ਅਗਰ ਪਾਰਟੀ ਦਿੱਲੀ ਤੋਂ ਬਾਹਰ ਪੰਜਾਬ ਵਿਚ ਆਪਣੇ ਪੈਰ ਜਮਾਉਣ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਇਸ ਦੀ ਵਾਗਡੋਰ ਕੇਜਰੀਵਾਲ ਦੇ ਹੱਥਾਂ ਵਿਚ ਹੀ ਹੋਵੇਗੀ।
ਇਸ ਸਮੇਂ ਕੇਜਰੀਵਾਲ ਦਾ ਬਿਰਤਾਂਤ ਸਿੱਖ ਧਰਮ ਬਾਰੇ ਜਾਂ ਬੇਅਦਬੀ ਮੁੱਦਿਆਂ ਬਾਰੇ ਨਹੀਂ ਹੈ ਕਿਉਂਕਿ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਇਹ ਬਾਰੂਦ ਦਾ ਢੇਰ ਹੈ ਜਿਸ ਨਾਲ ਉਹ ਨਜਿੱਠ ਨਹੀਂ ਸਕਣਗੇ।ਉਨ੍ਹਾਂ ਨੇ ਪੰਜਾਬ ਆ ਕੇ ਇਹ ਵੀ ਸਬਕ ਸਿੱਖਿਆ ਹੈ ਕਿ ਸਾਰੇ ਸਿੱਖ ਸਿਰਫ ਭੰਗੜਾ ਹੀ ਨਹੀਂ ਪਾਉਂਦੇ।ਪੰਜਾਬ ਵਿਚ ਹਿੰਦੂਆਂ ਦੀ ੪੦ ਪ੍ਰਤੀਸ਼ਤ ਅਬਾਦੀ ਹੈ ਅਤੇ ਵੱਡੀ ਗਿਣਤੀ ਦਲਿਤ ਅਬਾਦੀ ਦੀ ਹੈ ਜਿਨ੍ਹਾਂ ਦੀਆਂ ਆਪਣੀਆਂ ਇਛਾਵਾਂ ਅਤੇ ਸਰੋਕਾਰ ਹਨ।ਆਮ ਆਦਮੀ ਪਾਰਟੀ ਪੰਜਾਬ ਨੂੰ ਦਿੱਲੀ ਦਾ ਰਾਸਤਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਪੰਜਾਬ ਵਿਚ ਪਾਰਟੀ ਦਾ ਪ੍ਰਚਾਰ ਪੰਜਾਬ ਦੇ ਨੇਤਾਵਾਂ ਜਿਵੇਂ ਮਾਨ ਜਾਂ ਹਰਪਾਲ ਚੀਮਾ ਦੁਆਰਾ ਨਹੀਂ ਚਲਾਇਆ ਜਾ ਰਿਹਾ ਬਲਕਿ ਦਿੱਲੀ ਦੇ ਨੇਤਾ ਜਿਵੇਂ ਕੇਜਰੀਵਾਲ, ਰਾਘਵ ਚੱਡਾ ਅਤੇ ਸੌਰਭ ਭਾਰਦਾਵਜ ਹੀ ਇਸ ਵਿਚ ਮੋਹਰੀ ਹਨ।ਪੰਜਾਬ ਦੀ ਲੀਡਰਸ਼ਿਪ ਦੀ ਕੋਈ ਜਿਆਦਾ ਹੌਂਦ ਨਹੀਂ ਹੈ।ਪੰਜਾਬ ਫੇਰੀ ਉੱਪਰ ਲਗਾਤਾਰ ਆਉਣ ਵਾਲਿਆਂ ਵਿਚ ਕੇਜਰੀਵਾਲ, ਮਨੀਸ਼ ਸਿਸੋਦੀਆਂ ਅਤੇ ਸਤੇਂਦਰ ਜੈਨ ਸ਼ਾਮਿਲ ਹਨ ਜੋ ਕਿ ਪ੍ਰਮੱੁਖ ਰੂਪ ਵਿਚ ਦਿੱਲ਼ੀ ਸਰਕਾਰ ਦੁਆਰਾ ਸਿੱਖਿਆ ਅਤੇ ਸਿਹਤ ਖੇਤਰ ਵਿਚ ਆਪਣੀਆਂ ਉਪਲਬਧੀਆਂ ਨੂੰ ਹੀ ਜਤਾ ਰਹੇ ਹਨ।ਦਿੱਲੀ ਦੇ ਨੇਤਾਵਾਂ ਨੂੰ ਅੱਗੇ ਰੱਖਣ ਦਾ ਇਕ ਪ੍ਰਮੱੁਖ ਕਾਰਣ ਇਹ ਹੈ ਕਿ ਪੰਜ ਸਾਲ ਵਿਰੋਧੀ ਧਿਰ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੇ ਸਥਾਨਕ ਲੀਡਰਸ਼ਿਪ ਨੂੰ ਹੁਲਾਰਾ ਨਹੀਂ ਦਿੱਤਾ ਹੈ।ਵਿਰੋਧੀ ਧਿਰ ਉਨ੍ਹਾਂ ਦੇ ਨੇਤਾਵਾਂ ਦੁਆਰਾ ਪੰਜਾਬੀ ਨਾ ਬੋਲ ਸਕਣ ਅਤੇ ਗੈਰ-ਪੰਜਾਬੀ ਹੋਣ ਨੂੰ ਪ੍ਰਮੱੁਖ ਰੂਪ ਵਿਚ ਸਾਹਮਣੇ ਰੱਖਦੀ ਹੈ।ਪੰਜਾਬ ਦੀ ਰਾਜਨੀਤੀ ਵਿਚ ਇਸ ਵਾਰ ‘ਮੰਡਲ’ ਵਾਲੇ ਸਮੀਕਰਨ ਪੈਦਾ ਹੋ ਰਹੇ ਹਨ ਅਤੇ ਸਿਰਫ ਹਿੰਦੂਆਂ ਵੋਟਾਂ ਉੱਪਰ ਟੇਕ ਨੂੰ ਛੱਡ ਦਿੱਤਾ ਗਿਆ ਹੈ।
ਪਿਛਲ਼ੇ ਦੋ ਤਿੰਨ ਸਾਲਾਂ ਵਿਚ ਕੇਜਰੀਵਾਲ ਹਿੰਦੂਤਵ ਦੀ ਰਾਜਨੀਤੀ ਹੀ ਕਰ ਰਿਹਾ ਹੈ। ਇਸ ਨੂੰ ‘ਨਰਮ ਹਿੰਦੂਤਵ’ ਦੀ ਸੰਘਿਆ ਦੇਣਾ ਮੂਰਖਤਾ ਨਹੀਂ ਤਾਂ ਭੋਲਾਪਣ ਹੈ। ਦਿੱਲੀ ਦਾ ਮੁੱਖ ਮੰਤਰੀ ਸਾਰੇ ਦਿੱਲੀ ਵਾਲਿਆਂ ਤੋਂ ਪੂਜਾ ਵਿਚ ਸ਼ਾਮਿਲ ਹੋਣ ਦੀ ਤਵੱਕੋ ਕਰਦਾ ਹੈ।ਉਹ ਨਹੀਂ ਜਾਣਦਾ ਕਿ ਸਾਰੇ ਦਿੱਲੀ ਵਾਲੇ ਹਿੰਦੂ ਨਹੀਂ ਹਨ।ਉਹ ਉਨ੍ਹਾਂ ਨੂੰ ਦੀਵਾਲੀ ਮਨਾਉਣ ਲਈ ਸੱਦਾ ਤਾਂ ਦੇ ਸਕਦਾ ਸੀ, ਪਰ ਉਨ੍ਹਾਂ ਨੂੰ ਪੂਜਾ ਕਰਨ ਲਈ ਕਹਿਣਾ ਸਿਰਫ ਜੀਭ ਦਾ ਫਿਸਲਣਾ ਨਹੀਂ ਹੈ। ਇਹ ਹਿੰਦੂ ਧਾਰਮਿਕ ਰੀਤੀ-ਰਿਵਾਜਾਂ ਨੂੰ ਭਾਰਤੀ ਰਹਿਣ-ਸਹਿਣ ਵਜੋਂ ਪੇਸ਼ ਕਰਨ ਦੀ ਚੇਤੰਨ ਕੋਸ਼ਿਸ਼ ਹੈ।ਦੂਜੇ ਧਰਮ ਨਾਲ ਸੰਬੰਧਿਤ ਲੋਕਾਂ ਨੂੰ ਆਪਣੀ ਭਾਰਤੀਅਤਾ ਸਾਬਿਤ ਕਰਨ ਲਈ ਉਨ੍ਹਾਂ ਦੇ ਤੌਰ-ਤਰੀਕਿਆਂ ਨੂੰ ਅਪਣਾਉਣਾ ਪਵੇਗਾ।ਇਸ ਤਰਾਂ ਆਮ ਆਦਮੀ ਪਾਰਟੀ ਉਸ ਤਰਾਂ ਦੇ ਸੋਚ ਨੂੰ ਆਮ ਬਣਾ ਰਹੀ ਹੈ ਜਿਸ ਵਿਚ ਹਿੰਦੂਤਵ ਹੀ ਰਹਿਣ ਦਾ ਤਰੀਕਾ ਹੈ।
ਆਮ ਆਦਮੀ ਪਾਰਟੀ ਦਾ ਜਨਮ ਇਕ ਵੱਖਰੀ ਤਰਾਂ ਦੀ ਰਾਜਨੀਤੀ ਪੇਸ਼ ਕਰਨ ਦੀ ਕੋਸ਼ਿਸ਼ ਵਿਚੋਂ ਹੋਇਆ ਸੀ।ਆਪਣੇ ਹੱਥਾਂ ਵਿਚ ਝਾੜੂ ਫੜੀ ਅਤੇ ਸਿਰਾਂ ਉੱਪਰ ਟੋਪੀਆਂ ਲੈ, ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਰਾਸ਼ਟਰੀ ਰਾਜਨੀਤੀ ਦੀ ਸਫਾਈ ਕਰਨ ਦਾ ਪ੍ਰਣ ਲਿਆ।ਉਨ੍ਹਾਂ ਦੇ ਅੰਦੋਲਨ ਨੇ ਜਲਦੀ ਹੀ ਤੇਜੀ ਫੜ੍ਹ ਲਈ ਅਤੇ ਇਸ ਨੇ ਨੌਜਵਾਨਾਂ ਨੂੰ ਵੀ ਆਪਣੇ ਵੱਲ ਖਿੱਚਿਆ।ਪਾਰਟੀ ਦਾ ਉਭਾਰ ਬਹੁਤ ਤੇਜੀ ਨਾਲ ਹੋਇਆ, ਪਹਿਲਾਂ ਉਨ੍ਹਾਂ ਨੇ ਦਿੱਲੀ ਵਿਚ ਸਰਕਾਰ ਬਣਾਈ ਅਤੇ ਲੋਕ ਸਭਾ ਚੋਣਾਂ ਵਿਚ ਚੰਗਾ ਅਗਾਜ਼ ਕੀਤਾ।ਪਰ ਜਲਦੀ ਹੀ ਪਾਰਟੀ ਅੰਦਰੂਨੀ ਕਲੇਸ਼ ਦਾ ਸ਼ਿਕਾਰ ਹੋ ਗਈ।ਲਾਲ-ਫੀਤਾਸ਼ਾਹੀ ਅਤੇ ਅੰਦਰੂਨੀ ਜਮਹੂਰੀਅਤ ਦੀ ਘਾਟ ਸਾਹਮਣੇ ਆ ਗਈਆਂ ਅਤੇ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਜਾਂ ਤਾਂ ਪਾਰਟੀ ਨੂੰ ਛੱਡ ਦਿੱਤਾ ਜਾਂ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ।ਸਵਰਾਜ ਲੈ ਕੇ ਆਉਣ ਦਾ ਵਿਚਾਰ, ਲੋਕਪਾਲ ਲਾਗੂ ਕਰਵਾਉਣਾ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਵਾਅਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਬਣਾਈ ਸੀ।ਭਾਵੇਂ ਉਹ ਸਿੱਖਿਆ, ਸਿਹਤ, ਬਿਜਲੀ, ਪਾਣੀ, ਲੋਕਪਾਲ ਜਾਂ ਅੰਦਰੂਨੀ ਜਮਹੂਰੀਅਤ ਦੀ ਗੱਲ ਹੋਵੇ, ਪਾਰਟੀ ਬੁਰੀ ਤਰਾਂ ਫੇਲ ਹੋਈ ਹੈ।ਸਿੱਖਿਆ ਦੇ ਖੇਤਰ, ਜਿੱਥੇ ਉਹ ਸਫਲਤਾ ਦਾ ਦਾਅਵਾ ਕਰਦੇ ਹਨ, ਵਿਚ ਉਨ੍ਹਾਂ ਨੇ ਇਸ਼ਤਹਾਰਬਾਜ਼ੀ ਦੁਆਰਾ ਅੰਕੜੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।ਆਪਣੇ ਆਦਰਸ਼ਵਾਦ ਤੋਂ ਪਾਰਟੀ ਬੁਰੀ ਤਰਾਂ ਡਿੱਗ ਗਈ ਹੈ, ਬਦਲਾਅ ਲੈ ਕੇ ਆਉਣ ਦੀ ਉਮੀਦ ਵੀ ਨਿਰਾਸ਼ਾ ਵਿਚ ਤਬਦੀਲ ਹੋ ਗਈ ਹੈ।ਕੇਜਰੀਵਾਲ ਅਤੇ ਉਸ ਦੇ ਸਾਥੀਆਂ ਲਈ ਮੁੱਖ ਮੁੱਦਾ ਸੱਤਾ ਵਿਚ ਰਹਿਣਾ ਹੈ।ਪਹਿਲਾਂ ਉਨ੍ਹਾਂ ਦਾ ਸਰੋਕਾਰ ਤਬਦੀਲੀ ਲੈ ਕੇ ਆਉਣਾ ਅਤੇ ਅਰਥਪੂਣ ਰਾਜਨੀਤੀ ਦੇ ਰਾਹ-ਦਸੇਰੇ ਬਣਨ ਦਾ ਸੀ।ਉਨ੍ਹਾਂ ਨੇ ਪਹਿਲਾਂ ਬਿਹਤਰੀਨ ਨੈਤਿਕ ਕਦਰਾਂ-ਕੀਮਤਾਂ ਦਾ ਪਾਲਣ ਕੀਤਾ ਜੋ ਕਿ ਬਿਲਕੁਲ ਬਦਲ ਚੁੱਕੀਆਂ ਹਨ।ਆਮ ਆਦਮੀ ਪਾਰਟੀ ਨੇ ਭਾਰਤੀ ਜਮਹੂਰੀਅਤ ਵਿਚ ਆਪਣਾ ਯੋਗਦਾਨ ਪਾਇਆ, ਪਰ ਹੁਣ ਇਹ ਜਮਹੂਰੀਅਤ ਦੇ ਵਿਚਾਰ ਉੱਪਰ ਹੀ ਖਰੀ ਨਹੀਂ ਉਤਰਦੀ ਹੈ।ਉਨ੍ਹਾਂ ਦਾ ਵਿਚਾਰ ਸੀ ਕਿ ਸੜੇ ਹੋਏ ਰਾਜਨੀਤਿਕ ਪ੍ਰਬੰਧ ਨੂੂੰ ਆਮ ਲੋਕਾਂ ਦੁਆਰਾ ਚੁਣੌਤੀ ਦਿੱਤੀ ਜਾ ਸਕਦੀ ਹੈ।ਇਹ ਵੀ ਉਨ੍ਹਾਂ ਦਾ ਵਿਚਾਰ ਸੀ ਕਿ ਹਰ ਪਾਰਟੀ ਰਾਜਨੀਤਿਕ ਪਾਰਦਰਸ਼ਤਾ ਨਾਲ ਕੰਮ ਕਰ ਸਕਦੀ ਹੈ।ਪਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੇ ਇਸ ਉਮੀਦ ਦਾ ਕਤਲ ਕਰ ਦਿੱਤਾ, ਉਨ੍ਹਾਂ ਲੋਕਾਂ ਦੀ ਉਮੀਦ ਜੋ ਪਹਿਲੀ ਵਾਰ ਬਾਹਰ ਨਿਕਲੇ ਸਨ। ਉਨ੍ਹਾਂ ਵਿਚੋਂ ਕੁਝ ਨਿਰਾਸ਼ ਹੋ ਕੇ ਵਾਪਸ ਮੁੜ ਗਏ।ਇਸ ਲਈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।ਪਾਰਟੀ ਦੀ ਯਾਤਰਾ ਰਾਮ ਰਹੀਮ ਡਰਾਮੇ ਦੀ ਉਪਮਾ ਦੇ ਨੇੜੇ ਢੁਕਦੀ ਹੈ, “ਅਗਰ ਤੁਸੀ ਬਾਹਰ ਤੋਂ ਦੇਖਦੇ ਹੋ ਤਾਂ ਤੁਹਾਨੂੰ ਸਵਾਮੀਜੀ ਦਾ ਪ੍ਰਵਚਨ ਸੁਣਾਈ ਦਿੰਦਾ ਹੈ, ਪਰ ਅਗਰ ਤੁਸੀ ਅੰਦਰ (ਗੁਫਾ) ਜਾਂਦੇ ਹੋ ਤਾਂ ਤੁਸੀ ਕੈਅ ਕਰਦੇ ਬਾਹਰ ਆਉਂਦੇ ਹੋ।”