ਹੁਣ ਤੌ ਪੰਜ ਸਾਲ ਪਹਿਲਾਂ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚ ਜੋ ਸਰੂਪ ਚੋਰੀ ਹੋਇਆ ਸੀ ਤੇ ਉਸਤੋਂ ਬਾਅਦ 12 ਅਕਤੂਬਰ ਨੂੰ ਨਾਲ ਦੇ ਪਿੰਡ ਬਰਗਾੜੀ ਵਿੱਚ ਉਸੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ 39 ਪੰਨੇ (ਅੰਗ) ਪਿੰਡ ਦੀਆਂ ਗਲੀਆਂ ਵਿੱਚ ਖਿਲਾਰ ਦਿੱਤੇ ਗਏ ਸਨ। ਇਸ ਤੋਂ ਪਹਿਲਾਂ 24 ਤੇ 25 ਸਤੰਬਰ ਦੀ ਰਾਤ ਨੂੰ ਪਿੰਡ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੀ ਕੰਧ ਉੱਤੇ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਇੱਕ ਪੀਰ ਦੀ ਸਮਾਧ ਉੱਤੇ ਹੱਥ ਲਿਖਤ ਇਸ਼ਤਿਹਾਰ ਲਾਏ ਗਏ ਸਨ। ਜਿਸ ਵਿਚ ਸਿੱਖ ਕੌਮ ਨੂੰ ਵੰਗਾਰ ਕੇ ਇਹ ਆਖਿਆ ਗਿਆ ਸੀ ਕਿ ਚੋਰੀ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਾਡੇ ਕੋਲ ਹੈ ਤੇ ਇਸ ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਖਿਲਾਰ ਦਿੱਤਾ ਜਾਵੇਗਾ। ਇਸ ਇਸਤਿਹਾਰ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਜੇ ਸਿੱਖ ਕੌਮ ਵਿੱਚ ਹਿੰਮਤ ਹੈ ਤਾਂ ਸਾਨੂੰ ਰੋਕ ਲਵੇ ਤੇ ਇਹ ਵੰਗਾਰ ਵੀ ਦਿੱਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਚੋਰੀ ਹੋਇਆ ਸਰੂਪ ਵੀ ਬਰਗਾੜੀ ਪਿੰਡ ਵਿੱਚ ਹੀ ਹੈ, ਉਸ ਨੂੰ ਵੀ ਲੱਭ ਲਉ।
ਪੰਜਾਬੀ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ ਨੇ ਆਪਣੀ ਇੱਕ ਨਜ਼ਮ ਵਿੱਚ ਲਿਖਿਆ ਹੈ ਕੇ “ਚੁੱਪ ਰਿਹਾ ਤਾਂ ਹਨੇਰਾ ਜਰੇਗਾ ਕਿਵੇਂ; ਕੁਝ ਕਿਹਾ ਤਾਂ ਸ਼ਮਾਦਾਨ ਕੀ ਕਹਿਣਗੇ।” ਇੱਥੇ ਸ਼ਮਾਦਾਨ ਸਿੱਖ ਕੌਮ ਵੀ ਹੈ ਜੋ ਇਸ ਦਰਦ ਨੂੰ ਸੁਣਦੀ ਹੈ। ਸਿੱਖ ਕੌਮ ਦੀ ਬੇਵਸੀ ਸਮਝਦੀ ਹੈ ਜੋ ਇਸ ਦਰਦ ਨੂੰ ਸੁਣਦੀ ਹੈ। ਸਿੱਖ ਕੌਮ ਦੀ ਬੇਵਸੀ ਸਮਝਦੀ ਹੈ ਕਿ ਇਸ ਬੇਅਦਬੀ ਦੀ ਅੱਜ ਪੰਜ ਸਾਲ ਬਾਅਦ ਵੀ ਕੋਈ ਪੜਤਾਲ ਨਹੀਂ ਹੋਈ। ਇਹ ਪੀੜ ਸਿੱਖ ਮਨਾਂ ਵਿੱਚ ਸਮਾਈ ਹੋਈ ਹੈ ਤੇ ਇਸ ਦੁਖਾਂਤ ਬਾਰੇ ਸਿੱਖ ਨੂੰ ਇਹ ਜੜਾਇਆ ਜਾ ਰਿਹਾ ਹੈ ਕਿ ਤੁਹਾਡੇ ਸਵੈਮਾਨ, ਇਸ਼ਟ ਤੇ ਹੋਂਦ ਨੂੰ ਕਦੀ ਵੀ ਭਾਰਤ ਅੰਦਰ ਵੰਗਾਰਿਆ ਤੇ ਖਿਲਾਰਿਆ ਜਾ ਸਕਦਾ ਹੈ। ਦੂਜੇ ਪਾਸੇ ਸਰਕਾਰਾਂ ਹਨ ਜੋ ਇੰਨੀਆਂ ਬੋਲ਼ੀਆਂ ਹੋ ਚੁੱਕੀਆਂ ਹਨ ਤੇ ਸਿੱਖ ਕੌਮ ਪ੍ਰਤੀ ਲਾਪ੍ਰਵਾਹ, ਤੇ ਅਵੇਸਲੀਆਂ ਹਨ ਕਿ ਸਿੱਖ ਕੌਮ ਦੇ ਜ਼ਜਬਾਤਾਂ ਤੇ ਪੀੜ ਰਾਹੀਂ ਆਪਣੀ ਰਾਜਨੀਤੀ ਨੂੰ ਸੰਵਾਰਨਾ ਚਾਹੁੰਦੀਆਂ ਹਨ। ਇਸੇ ਕਰਕੇ ਤਾਂ ਸਿੱਖ ਕੌਮ ਦੀ ਹੋਂਦ ਨੂੰ ਮਿਟਾਉਣ ਲਈ ਕਦੀ ਆਪਣੀ ਫੌਜੀ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਨੂੰ ਭੰਗ ਕਰਨ ਦੇ ਰੋਸ ਵਜੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾ ਰਹੀ ਸਿੱਖ ਸੰਗਤ ਨੂੰ ਆਪਣੇ ਸੁਰੱਖਿਆ ਕਰਮੀਆਂ ਦੀਆਂ ਰਾਈਫਲਾਂ ਰਾਹੀਂ ਭੁੰਨ ਦਿੱਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸਾਕੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਦੇ ਦੋਸ਼ੀਆਂ ਤੱਕ ਤਾਂ ਕੀ ਅੱਪੜਨਾ ਸੀ ਸਗੋਂ ਸਿੱਖ ਕੌਮ ਤੇ ਹੀ ਸਰਜਰਾਂ ਨੇ ਆਪਣੀ ਅਜਿਹੀ ਸ਼ਕਤੀ ਦਾ ਉਪਯੋਗ ਕੀਤਾ ਕਿ ਉਨਾਂ ਵਿੱਚ ੳੱਠੇ ਰੋਸ ਦੀ ਇਹ ਦਿਸ਼ਾ ਹੋ ਗਈ ਕਿ “ਝੱਖੜ ਸਾਹਵੇਂ ਰੁਲ ਗਈ ਜਿੰਦੜੀ, ਦਿਨ ਦੀਵੀਂ ਪੈ ਰਾਤ ਗਈ।” ਇੰਨਾ ਜਖਮਾਂ ਨੂੰ ਮਨਾ ਵਿੱਚ ਸਮਾਂ ਕਿ ਸਿੱਖ ਕੌਮ ਨੇ ਉਸ ਸਮੇਂ ਹੰਭਲਾ ਮਾਰਿਆ ਤੇ ਲੱਖਾਂ ਦੀ ਗਿਣਤੀ ਵਿੱਚ ਵਹੀਰਾਂ ਘੱਤ ਕੇ ਆਪ ਮੁਹਾਰੇ ਅੰਮ੍ਰਿਤਸਰ ਦੇ ਪਿੰਡ ਚੱਬਾ ਵਿਖੇ ਇੱਕਤਰਤਾ ਕੀਤੀ ਜਿਸਨੂੰ ਕਿਸੇ ਕਿਨਾਰੇ ਲਾਉਣ ਦੀ ਥਾਂ ਸਟੇਜ ਤੇ ਆਪ ਬਣੇ ਪੰਥਕ ਆਗੂ ਆਪ ਮੁਹਾਰੇ ਹੀ ਇਸ ਇਕੱਠ ਵਿੱਚ ਤਖਤਾਂ ਦੇ ਜੱਥੇਦਾਰ ਵੀ ਬਣ ਬੈਠੇ। ਪੰਥ ਨੇ ਹੌਂਸਲਾ ਨਹੀਂ ਹਾਰਿਆ ਤੇ ਇੱਕ ਵਾਰ ਫੇਰ 2018 ਵਿੱਚ ਇੰਨਾ ਆਪੇ ਬਣੇ ਤਖਤਾਂ ਦੇ ਜੱਥੇਦਾਰਾਂ ਦੀ ਮੰਨ ਕੇ ਬਰਗਾੜੀ ਵਿਖੇ ਮੋਰਚਾ ਲਾ ਲਿਆ। ਉਥੇ ਵੀ ਹੁੰਦੇ ਸੰਗਤਾਂ ਦੇ ਲੱਖਾਂ ਦੇ ਇੱਕਠ ਨੂੰ ਇੰਨਾ ਜੱਥੇਦਾਰਾਂ ਨੇ ਕੌਡੀਆਂ ਦੇ ਭਾਅ ਕਰ ਦਿੱਤਾ ਤੇ ਫਿਰ ਤੋਂ ਸਿੱਖ ਕੌਮ ਦਾ ਰੋਸ ਤੇ ਪੀੜ ਰੋਲ ਦਿੱਤੀ ਗਈ। ਇਸ ਵਕਤ ਸੱਤਾਧਾਰੀ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜਿਸਨੇ 2017 ਦੀਆਂ ਚੋਣਾਂ ਸਮੇਂ ਇਸ ਮੁੱਦੇ ਤੇ ਸਿੱਖ ਕੌਮ ਤੋਂ ਵੋਟਾਂ ਮੰਗੀਆਂ ਸਨ ਕਿ ਉਹ ਆਪਣੇ ਰਾਜ ਦੌਰਾਨ ਸਭ ਤੋਂ ਪਹਿਲਾਂ ਇਸ ਸਾਕੇ ਦੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਲਿਆਉਣਗੇ। ਇਸ ਸਰਕਾਰ ਨੇ ਸੱਤਾ ਵਿੱਚ ਆਉਣ ਤੋ ਬਾਅਦ ਭਾਵੇਂ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਹੇਠ ਤਫਤੀਸ਼ ਲਈ ਜਾਂਚ ਕਮਿਸ਼ਨ ਬਣਾਇਆ ਸੀ ਤੇ ਉਸ ਜਾਂਚ ਕਮਿਸ਼ਨ ਨੇ ਤਹਿ ਸਮੇਂ ਵਿੱਚ ਆਪਣੀ ਜਾਂਚ ਮੁਕੰਮਲ ਕਰਕੇ ਸਰਕਾਰ ਨੂੰ ਸੌਂਪ ਦਿੱਤੀ ਸੀ। ਜਿਸ ਵਿੱਚ ਇਸ ਸਾਕੇ ਦੇ ਘਟਨਾ ਕ੍ਰਮ ਬਾਰੇ ਇਸਥਾਰ ਵਿੱਚ ਜਾਂਦਿਆਂ ਹੋਇਆਂ ਇਸ ਜਾਂਚ ਕਮਿਸ਼ਨ ਨੇ ਦੋਸ਼ੀਆਂਦੀ ਨਿਸ਼ਾਨ ਦੇਹੀ ਕਾਫੀ ਹੱਦ ਤੱਕ ਕੀਤੀ ਤੇ ਸਾਕੇ ਸਮੇਂ ਦੀ ਪੰਥਕ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਕਾਰਜ ਪ੍ਰਣਾਲੀ ਤੇ ਵੀ ਇਸ ਸਾਕੇ ਸਬੰਧੀ ਪ੍ਰਸ਼ਨ ਉਠਾਇਆ ਸੀ। ਇਸ ਸਾਕੇ ਸਬੰਧੀ ਹੁਣ ਤੱਕ ਦੋ ਜਾਂਚ ਕਮਿਸ਼ਨ, ਤਿੰਨ ਪੁਲੀਸ ਦੀਆਂ ਵਿਸ਼ੇਸ ਜਾਂਚ ਕਮੇਟੀਆਂ ਤੇ ਸੀ.ਬੀ.ਆਈ ਜਾਂਚ ਏਜੰਸੀ ਨੇ ਆਪਣੀਆਂ ਤਫਤੀਸ਼ਾਂ ਕਰ ਲਈਆਂ ਹਨ। ਉਨਾਂ ਤਫਤੀਸ਼ਾਂ ਦੌਰਾਨ ਮੁੱਖ ਦੋਸ਼ੀਆਂ ਤੱਕ ਪਹੁੰਚਣ ਤੋਂ ਹਰ ਕੋਈ ਅਸਮਰਥ ਹੀ ਰਿਹਾ। ਭਾਂਵੇ ਉਨਾਂ ਨੇ ਵਿਚਾਲੇ ਦੀਆਂ ਕੜੀਆਂ ਲੱਭਣ ਦਾ ਦਾਅਵਾ ਕੀਤਾ ਹੈ ਪਰ ਮੁਕੰਮਲਤਾ ਨਹੀਂ ਮਿਲੀ। ਕੇਂਦਰੀ ਜਾਂਚ ਏਜੰਸੀ ਨੇ ਤਾਂ ਸਿਰਾ ਲਾਉਂਦਿਆਂ ਹੋਇਆਂ ਆਪਣੀ ਜਾਂਚ ਨੂੰ ਪੂਰਨ ਦੱਸਦਿਆਂ ਹੋਇਆਂ ਇਸ ਘਟਨਾਕ੍ਰਮ ਨੂੰ ਠੱਪ ਕਰਨ ਦਾ ਜ਼ਰੀਆ ਅਪਣਾਇਆ। ਉਸਨੇ ਕੋਰਟ ਅੱਗੇ ਅਰਜੀ ਦੇ ਕੇ ਮੁਕੰਮਲਤਾ ਤੇ ਪਹੁੰਚੇ ਬਿਨਾਂ ਇਸ ਨੂੰ ਠੱਪ ਕਰਨ ਦੀ ਅਰਜੀ ਦੇ ਦਿੱਤੀ। ਇਸ ਸਾਕੇ ਦੀ ਰਾਜਨੀਤਕ ਖੇਡ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਸਿੱਖ ਕੌਮ ਅੱਗੇ ਸਵਾਲਾਂ ਦੇ ਘੇਰੇ ਵਿੱਚ ਹੈ ਇਥੋਂ ਤੱਕ ਕੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਸਮੇ ਦੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗੁਰਬਚਨ ਸਿੰਘ ਵੀ ਆਪਣੀ ਨੈਤਿਕ ਤੇ ਧਾਰਮਿਕ ਪ੍ਰੰਫਰਾ ਤੋਂ ਹੱਟ ਕੇ ਰਾਜਨੀਤੀ ਦਾ ਹੀ ਮੋਹਰਾ ਬਣੇ। ਸਿੱਖ ਕੌਮ ਅੱਜ ਵੀ ਇੰਨਾ ਰਾਜਨੀਤੀਆਂ ਦੇ ਦੁਆਲੇ ਗੁਰੂ ਗ੍ਰੰਥ ਸੁਹਿਬ ਜੀ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਨੂੰ ਦਿਲਾਂ ਵਿੱਚ ਹੀ ਸਮਾਉਣ ਲਈ ਮਜਬੂਰ ਹੈ।