ਇਸ ਵਕਤ ਦੁਨੀਆ ਦੇ ਸਮੂਹਿਕ ਵਿਕਾਸਸ਼ੀਲ, ਪਛੜੇ ਤੇ ਵਿਕਿਸਤ ਦੇਸਾਂ ਵਿੱਚ ਇੱਕ ਹੀ ਚਰਚਾ ਹੈ, ਉਹ ਹੈ ਕਰੋਨਾ ਵਾਇਰਸ ਦੀ। ਕਰੋਨਾ ਵਾਇਰਸ ਜਿਸਨੇ ਪਹਿਲਾਂ ਚੀਨ ਵਿੱਚ ਪੈਰ ਪਸਾਰੇ ਸਨ ਤੇ ਉਥੋਂ ਤੁਰਦਾ ਹੋਇਆ ਸਮੂਹ ਦੁਨੀਆਂ ਦੇ ਦੇਸਾਂ ਵਿੱਚ ਫੈਲ ਗਿਆ। ਅੱਜ ਵੀਹ ਲੱਖ ਤੋਂ ਉੱਪਰ ਲੋਕਾਂ ਵਿੱਚ ਇਹ ਪੈਰ ਪਸਾਰ ਚੁੱਕਿਆ ਹੈ, ਤੇ ਲੱਖ ਤੋਂ ਵੱਧ ਲੋਕ ਇਸਦੀ ਮਾਰ ਨਾ ਝੱਲਦਿਆਂ ਹੋਇਆਂ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਇਸਦੀ ਸਭ ਤੋਂ ਵੱਡੀ ਮਾਰ ਵਿਕਾਸਸ਼ੀਲ ਤੇ ਵਿਕਸਤ ਦੇਸਾਂ ਵਿੱਚ ਪਈ ਹੈ। ਸਭ ਤੋਂ ਵਧੇਰੇ ਮੌਤ ਦੀ ਗਿਣਤੀ ਵੀ ਵਿਕਸਤ ਦੇਸਾਂ ਵਿੱਚ ਹੈ। ਭਾਰਤ ਵਿੱਚ ਭਾਵੇਂ ਇਹ ਬਿਮਾਰੀ ਅਜੇ ਸੀਮਿਤ ਲੋਕਾਂ ਤੱਕ ਹੀ ਭਾਰਤ ਦੀ ਅਬਾਦੀ ਅਨੁਸਾਰ ਪਸਰੀ ਹੈ ਅਤੇ ਮੌਤਾਂ ਦੀ ਗਿਣਤੀ ਵੀ ਸੀਮਿਤ ਹੈ। ਭਾਰਤ ਇੱਕ ਪਛੜਿਆ ਤੇ ਵਿਕਾਸਸ਼ੀਲ ਰਸਤੇ ਤੁਰਿਆ ਹੋਇਆ ਦੇਸ਼ ਹੈ ਅਤੇ ਸਭ ਤੋਂ ਸਖਤ ਕਦਮ ਦੁਨੀਆਂ ਵਿੱਚ ਭਾਰਤ ਨੇ ਹੀ ਚੁੱਕੇ ਹਨ। ਜਿਸ ਕਰਕੇ ਭਾਰਤ ਵਿੱਚ ਇਸ ਬਿਮਾਰੀ ਦੀ ਰਫਤਾਰ ਪੂਰੀ ਤਰਾਂ ਥੰਮ ਗਈ ਹੈ। ਕਰੋਨਾ ਵਾਇਰਸ ਸਹਿਮ ਨੂੰ ਪੂਰੀ ਤਰਾਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੂਬਿਆਂ ਦੇ ਮੁੱਖ ਸੰਚਾਲਕਾਂ ਵੱਲੋਂ ਮੀਡੀਆਂ ਰਾਹੀ ਪ੍ਰਚਾਰਿਆ ਜਾ ਰਿਹਾ ਹੈ। ਇੱਥੋਂ ਤੱਕ ਕੇ ਆਪਣੀ ਸਰਕਾਰ ਵੱਲੋਂ ਬਿਨਾਂ ਕਿਸੇ ਯੋਜਨਾ ਤੇ ਵਿਚਾਰ ਤੋਂ ਚੁੱਕਿਆ ਲਾਕਡਾਊਨ ਦੇ ਕਦਮ ਨੂੰ ਸਹੀ ਅਰਥ ਦੇਣ ਲਈ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਗੈਰ ਕੋਈ ਹੋਰ ਰਾਹ ਨਹੀਂ ਸੀ ਤੇ ਅਜਿਹੇ ਅੰਕੜੇ ਦੱਸੇ ਜਾ ਰਹੇ ਹਨ ਜਿਨਾਂ ਦਾ ਕੋਈ ਅਧਾਰ ਹੀ ਨਹੀਂ ਹੈ। ਉਦਾਹਰਣ ਦੇ ਤੌਰ ਤੇ ਦੇਸ਼ਦੇ ਪ੍ਰਧਾਨ ਮੰਤਰੀ ਨੇ ਇਹ ਦਾਅਵਾ ਕੀਤਾ ਹੈ ਕਿ ਜੇ ਪੂਰਨ ਤੌਰ ਤੇ ਭਾਰਤ ਨੂੰ ਬੰਦ ਨਾ ਕੀਤਾ ਜਾਂਦਾ ਤਾਂ ਹੁਣ ਤੱਕ ਇਹ ਬਿਮਾਰੀ ਅੱਠ ਲੱਖ ਲੋਕਾਂ ਤੱਕ ਪਹੁੰਚ ਜਾਣੀ ਸੀ। ਪ੍ਰਧਾਨ ਮੰਤਰੀ ਨੇ ਆਪਣਾ ਇਹ ਦਾਅਵਾ ਇੰਡੀਅਨ ਕੌਂਸਲ ਆਫ ਮੈਡੀਕਲ ਰੀਸਰਚ ਦੇ ਅਧਾਰ ਤੇ ਦੇਣ ਦਾ ਕੀਤਾ ਹੈ। ਜਦ ਕਿ ਭਾਰਤ ਦੀ ਇਸ ਉੱਚ ਕੋਟੀ ਦੀ ਸੰਸਥਾ ਨੇ ਇਸ ਤਰਾਂ ਦੇ ਅਧਾਰ ਤੋਂ ਸਾਫ ਇਨਕਾਰ ਕੀਤਾ ਹੈ ਤੇ ਉਨਾਂ ਵੱਲੋਂ ਬਿਆਨ ਰਾਹੀਂ ਇਹ ਕਿਹਾ ਗਿਆ ਹੈ ਕਿ ਸਾਡੀ ਸੰਸਥਾ ਵੱਲੋਂ ਅਜਿਹਾ ਕੋਈ ਅਧਿਐਨ ਕੀਤਾ ਹੀ ਨਹੀਂ ਗਿਆ ਹੈ। ਇਸੇ ਤਰਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਰਫਿਊ ਹੋਰ ਵਧਾਉਣ ਵੇਲੇ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਇਹ ਬਿਮਾਰੀ ਅਗਸਤ ਤੱਕ ੮੭ ਫੀਸਦੀ ਲੋਕਾਂ ਤੱਕ ਪਹੁੰਚ ਜਾਵੇਗੀ। ਉਨਾਂ ਦਾ ਇਹ ਦਾਅਵਾ ਪੰਜਾਬ ਦੀ ਉੱਚ ਕੋਟੀ ਦੀ ਸਿਹਤ ਸੰਸਥਾ ਪੰਜਾਬ ਦੀ ਪੀ.ਜੀ.ਆਈ. ਦੇ ਅਧਾਰ ਤੇ ਕੀਤਾ ਕਿਹਾ ਗਿਆ ਸੀ। ਇਸ ਬਿਆਨ ਤੋਂ ਬਾਅਦ ਪੀ.ਜੀ.ਆਈ. ਨੇ ਇੱਕ ਬਿਆਨ ਜਾਰੀ ਕਰਕੇ ਇਸ ਸਾਰੇ ਦਾਅਵੇ ਤੇ ਅੰਕੜਿਆਂ ਬਾਰੇ ਆਪਣੇ ਆਪ ਨੂੰ ਅਲਹਿਦਾ ਕੀਤਾ ਹੈ।
ਅੱਜ ਪੰਜਾਬ ਤੇ ਭਾਰਤ ਅੰਦਰ ਇੰਨਾਂ ਦਾਅਵਿਆਂ ਰਾਹੀਂ ਉੱਚ ਅਹੁਦਿਆਂ ਤੇ ਬੈਠੇ ਰਾਜਨੀਤਿਕ ਲੀਡਰਾਂ ਨੂੰ ਆਪਣੇ ਲੋਕਾਂ ਨੂੰ ਸਹਿਮਣ ਤੇ ਡਰਾੳਾਣ ਦੀ ਲੋੜ ਤੋਂ ਗੁਰੇਜ ਕਰਨਾ ਚਾਹੀਦਾ ਹੈ। ਉਨਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਲੋਕਾਂ ਨੂੰ ਇਸ ਵੇਲੇ ਸਭ ਤੋਂ ਮਹੱਤਵਪੂਰਨ ਚੀਜ਼ ਇਹ ਦੱਸਣਾ ਹੈ ਕਿ ਉਹ ਇਕੱਲੇ ਨਹੀਂ ਹਨ। ਪੰਜਾਬ ਤੇ ਭਾਰਤ ਅੰਦਰ ਸੀਮਿਤ ਜਾਂ ਨਾਹ ਦੇ ਬਗਬ ਸਿਹਤ ਸੇਵਾਵਾਂ ਹੋਣ ਕਾਰਨ ਸਰਕਾਰ ਹਰ ਯਤਨ ਨਾਲ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰੇਗੀ। ਦੇਸ਼ ਤੇ ਸੂਬਿਆਂ ਅੰਦਰ ਸਮੂਹਿਕ ਕਾਰੋਬਾਰ ਰੱਪ ਹੋ ਕਿ ਰਹਿ ਗਿਆ ਹੈ। ਅਰਥ-ਵਿਵਸਥਾ ਪੂਰੀ ਤਰਾਂ ਲੜਖੜਾ ਗਈ ਹੈ। ਚਾਲੀ ਕਰੋੜ ਤੋਂ ਉੱਪਰ ਮਜ਼ਦੂਰ ਅਤੇ ਹੋਰ ਕਾਮੇ ਬੇਰੁਜ਼ਗਾਰ ਹੋ ਗਏ ਹਨ। ਲੱਖਾਂ ਦੀ ਤਾਦਾਦ ਵਿੱਚ ਮਜਦੂਰ ਤੇ ਕਾਮੇ ਵਡੇ ਸ਼ਹਿਰਾਂ ਵਿੱਚ ਕੰਮ ਨਾ ਹੋਣ ਕਾਰਨ ਆਪਣੇ ਪਿੰਡਾਂ ਨੂੰ ਪੈਦਲ ਚੱਲ ਕੇ ਜਾਣ ਨੂੰ ਮਜਬੂਰ ਹੋ ਗਏ ਹਨ। ਇਹ ਇਸ ਤਰਾਂ ਦੀ ਤਸਵੀਰ ਹੈ ਜਿਵੇਂ ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲੇ ੧੯੪੭ ਵਿੱਚ ਲੋਕਾਂ ਦੀ ਹਿਜ਼ਰਤ ਹੋਈ ਸੀ ਪਰ ਇਸ ਸਮੇਂ ਦੀ ਹਿਜ਼ਰਤ ਵਿੱਚ ਕੋਈ ਹਿੰਸਾ ਨਹੀਂ ਹੈ। ਅੱਜ ਸਵਾਲ ਸਰਕਾਰ ਅੱਗੇ ਇਹ ਹੈ ਕਿ ਲੋਕਾਂ ਨੂੰ ਭੁੱਖਮਰੀ ਦੀ ਬਿਮਾਰੀ ਤੋਂ ਕਿਵੇਂ ਸਾਂਭਣਾਂ ਹੈ ਤੇ ਕੀ ਲੋਕਾਂ ਨੂੰ ਪੂਰੀ ਤਰਾਂ ਬੰਦ ਕਰ ਦੇਣਾ ਹੀ ਕਰੋਨਾ ਵਾਇਰਸ ਦਾ ਹੱਲ ਹੈ।