ਅੱਜ ਤੋਂ ੩੨ ਸਾਲ ਪਹਿਲਾਂ ਉਸ ਸਮੇਂ ਦੀ ਭਾਰਤ ਸਰਕਾਰ ਜਿਸਦੀ ਅਗਵਾਈ ਸ੍ਰੀਮਤੀ ਇੰਦਰਾ ਗਾਂਧੀ ਕਰ ਰਹੇ ਸਨ, ਦੀ ਸੋਚੀ ਸਮਝੀ ਸਾਜਿਸ਼ ਅਧੀਨ ਸਿੱਖ ਕੌਮ ਦੇ ਪਾਵਨ ਪਵਿਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਮੂਹ ਉਪਰ ਭਾਰਤੀ ਫੌਜ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ਪਿਛੇ ਭਾਵੇਂ ਅੱਜ ਤੱਕ ਕੋਈ ਪ੍ਰਮਾਇਤ ਵਿਸਥਾਰ ਸਹਿਤ ਕਾਰਨ ਸਾਹਮਣੇ ਨਹੀਂ ਆਏ ਹਨ ਪਰ ਇਹ ਘਟਨਾ ਕ੍ਰਮ ਸਿੱਧ ਕਰਦਾ ਹੈ ਕਿ ਇਸ ਹਮਲੇ ਪਿਛੇ ਭਾਰਤੀ ਹੁਕਮਰਾਨ ਵੀ ਅਜਾਦੀ ਤੋਂ ਬਾਅਦ ਦੀ ਸਿੱਖਾਂ ਪ੍ਰਤੀ ਮੰਦਭਾਗੀ ਸੋਚ ਦਾ ਪ੍ਰਗਟਾਵਾ ਸੀ। ਇਸ ਸੋਚ ਅਧੀਨ ਅਜਾਦੀ ਤੋਂ ਬਾਅਦ ਵੱਖ-ਵੱਖ ਰੂਪਾਂ ਵਿੱਚ ਭਾਰਤੀ ਹੁਕਮਰਾਨਾਂ ਨੇ ਸਿੱਖ ਕੌਮ ਅੰਦਰ ਸਦਾ ਹੀ ਵਖਰੇਵੇਂ ਵਾਲੀ ਸੋਚ ਰਾਹੀਂ ਉਲਝਾਈ ਰੱਖਿਆ ਹੈ ਤਾਂ ਜੋ ਸਿੱਖ ਕੌਮ ਇੰਨਾ ਭੰਬਲ ਭੂਸਿਆਂ ਤੇ ਵੱਖਰੇਵਿਆਂ ਤੋਂ ਪਰੇ ਹੱਟ ਕੇ ਆਪਣੇ ਕੌਮੀ ਭਵਿੱਖ ਨੂੰ ਕਿਸੇ ਚੰਗੀ ਸੋਚ ਅਧੀਨ ਸੁਰੱਖਿਅਤ ਅਤੇ ਲਾਮਬੰਦ ਨਾ ਕਰ ਸਕੇ।

ਇੰਨਾ ਵਖਰੇਵਿਆਂ ਦੇ ਕਾਰਨਾਂ ਕਰਕੇ ਹੀ ੧੯੮੨ ਵਿੱਚ ਸਿੱਖ ਕੌਮ ਨੂੰ ਇੰਨਾ ਵਖਰੇਵਿਆਂ ਦੇ ਖਿਲਾਫ ਡਟਣ ਲਈ ਸਾਂਤਮਈ ਉਪਰਾਲੇ ਰਾਹੀਂ ਧਰਮ ਯੁੱਧ ਮੋਰਚਾ ਅਰੰਭਣਾ ਪਿਆ ਸੀ ਜਿਸਦੀ ਅਗਵਾਈ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਤੇ ਸੰਤ ਹਰਚੰਦ ਸਿੰਘ ਲੋਗੋਂਵਾਲ ਕੋਲ ਸੀ। ਇਹ ਸਾਂਤਮਈ ਮੋਰਚਾ ਭਾਰਤੀ ਸਰਕਾਰ ਨੇ ਸਿੱਖ ਕੌਮ ਪ੍ਰਤੀ ਸਮੇਂ ਨਾਲ ਜਬਰ-ਜੁਲਮ ਦਾ ਸ਼ਿਕਾਰ ਬਣੇ ਜਿਸ ਕਰਕੇ ਸਿੱਖ ਕੌਮ ਨੂੰ ਆਪਣੇ ਮਾਣਮੱਤੇ ਇਤਿਹਾਸ ਕਰਕੇ ਇਸ ਸਾਂਤਮਈ ਮੋਰਚੇ ਦੇ ਨਾਲ ਨਾਲ ਸੰਤਾਂ ਦੀ ਅਗਵਾਈ ਦੇ ਅਧੀਨ ਹਥਿਆਰਬੰਦ ਘੋਲ ਵੀ ਲੜਨਾ ਪਿਆ। ਇਸ ਸੰਘਰਸ਼ ਨੂੰ ਸਮੇਂ ਨਾਲ ਸਿੱਖ ਕੌਮ ਨੇ ਕਾਫੀ ਹੱਦ ਤੱਕ ਆਪਣਾ ਲਿਆ ਸੀ ਤੇ ਆਪਣੇ ਮਾਣ ਮੱਤੇ ਇਤਿਹਾਸ ਵਾਂਗ ਬੇਅੰਤ ਸ਼ਹੀਦੀਆਂ ਤੇ ਜਬਰ ਜੁਲਮ ਦਾ ਸਬਰ ਨਾਲ ਸਾਹਮਣਾ ਵੀ ਕੀਤਾ ਸੀ।

ਭਾਰਤੀ ਸਰਕਾਰੀ ਜੁਲਮ ਦੇ ਚਲਦਿਆਂ ਵੀ ਜਦੋਂ ਸਿੱਖ ਕੌਮ ਨੇ ਆਪਣੇ ਗੋਡੇ ਨਹੀਂ ਟੇਕੇ ਤਾਂ ਭਾਰਤੀ ਹੁਕਮਰਾਨ ਨੇ ਸਿੱਖ ਕੌਮ ਨੂੰ ਔਰੰਗਜ਼ੇਬੀ ਸੋਚ ਅਧੀਨ ਸਦਾ ਲਈ ਮਿਟਾਉਣ ਦਾ ਮਨਸੂਬਾ ਬਣਾਇਆ। ਇਸੇ ਮਨਸੂਬੇ ਅਧੀਨ ਜੂਨ ੧੯੮੪ ਨੂੰ ਭਾਰਤੀ ਫੌਜ ਨੇ ਸਿੱਖ ਕੌਮ ਦੇ ਧਾਰਮਿਕ ਅਸਥਾਨਾਂ ਤੇ ਯੋਜਨਾਬੰਦ ਤਰੀਕੇ ਨਾਲ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੁੰ ਢਹਿ ਢੇਰੀ ਕੀਤਾ ਤੇ ਸਿੱਖ ਕੌਮ ਦੇ ਅਨਮੋਲ ਸਾਹਿਤ ਜੋ ਦਰਬਾਰ ਸਾਹਿਬ ਦੀ ਲਾਇਬਰੇਰੀ ਵਿੱਚ ਸੁਰਖਿਅਤ ਸੀ ਨੂੰ ਲੁੱਟ ਲਿਆ ਤੇ ਲਾਇਬਰੇਰੀ ਨੂੰ ਅੱਗ ਲਾ ਦਿੱਤੀ। ਭਾਰਤੀ ਹੁਕਮਰਾਨ ਦੇ ਇਸ ਫੌਜੀ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਆਪਣੇ ਗੁਰਧਾਮਾਂ ਦੀ ਰਖਿਆ ਕਰਦੇ ਹੋਏ ਹਜ਼ਾਰਾਂ ਸਿੰਘ ਸਿੰਘਣੀਆਂ ਨਾਲ ਸ਼ਹੀਦ ਹੋ ਗਏ। ਭਾਰਤੀ ਹੁਕਮਰਾਨਾਂ ਦੀ ਜੋ ਜੂਨ ਚੁਰਾਸੀ ਵੇਲੇ ਦੀ ਜੋ ਸਿੱਖ ਕੌਮ ਵਿਰੋਧੀ ਨੀਤੀ ਸੀ ਉਹ ਕਾਫੀ ਹੱਦ ਤੱਕ ਅੱਜ ਤੱਕ ਵੀ ਬਰਕਰਾਰ ਹੈ। ਇਸੇ ਨੀਤੀ ਅਧੀਨ ਪਹਿਲੇ ਵਾਰ ਅਧੀਨ ਅਕਾਲ ਤਖਤ ਸਾਹਿਬ ਤਾਂ ਢਹਿ ਢੇਰੀ ਹੋਇਆ ਹੀ ਪਰ ਇਸਦੇ ਨਾਲ ਨਾਲ ਹੀ ਅਕਾਲ ਤਖਤ ਸਾਹਿਬ ਦੀ ਅਹਿਮ ਜਥੇਦਾਰ ਦੀ ਭੂਮਿਕਾ ਤੇ ਸਤਿਕਾਰ ਨੂੰ ਆਪਣੇ ਅਧੀਨ ਕਰਦਿਆਂ ਕਮਜ਼ੋਰ ਕਰਨਾ ਅਰੰਭਿਆ ਗਿਆ ਜਿਸਦਾ ਕਿ ਅੱਜ ੩੨ ਸਾਲ ਬਾਅਦ ਸਿੱਖ ਕੌਮ ਭਲੀਭਾਂਤ ਪ੍ਰਭਾਵ ਦੇਖ ਰਹੀ ਹੈ। ਕਿਉਂਕਿ ਅੱਜ ਭਾਵੇਂ ਅਕਾਲ ਤਖਤ ਸਾਹਿਬ ਦੇ ਦੋ-ਦੋ ਜਥੇਦਾਰ ਸਾਹਿਬਾਨ ਹਨ ਤੇ ਇੰਨਾ ਵਿਚੋਂ ਇੱਕ ਜਥੇਦਾਰ ਸਾਹਿਬ ਨੂੰ ਤਾਂ ਸਰਕਾਰੀ ਜਥੇਦਾਰ ਵਾਂਗ ਜਾਣਿਆ ਜਾਂਦਾ ਹੈ ਤੇ ਦੂਸਰੇ ਜਥੇਦਾਰ ਸਾਹਿਬ ਜਿਨਾਂ ਨੂੰ ਕਿ ਕੁਝ ਸਿੱਖ ਜੱਥੇਬੰਦੀਆਂ ਵੱਲੋਂ ਆਪਣੀ ਨਿੱਜੀ ਸੋਚ ਅਧੀਨ ਸਿੱਖ ਕੌਮ ਦੇ ਵਲੂੰਧਰੇ ਹੋਇਆ ਹਿਰਦਿਆਂ ਨਾਲ ਲੱਖਾਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਇੱਕਠ ਦੌਰਾਨ ਚੁਣ ਲਿਆ ਗਿਆ।

ਇੰਨਾ ੩੨ ਸਾਲਾਂ ਵਿੱਚ ਕੌਮ ਜੱਥੇਦਾਰੀਆਂ ਦੇ ਵਖਰੇਵੇਂ ਤੇ ਉਨਾਂ ਦੇ ਮਾਣ ਸਤਿਕਾਰ ਵਿੱਚ ਆਈ ਗਿਰਾਵਟ ਸਦਕਾ ਆਪਣੇ ਗੁਰੂਆਂ ਦੇ ਅਹਿਮ ਗੁਰਪੁਰਬ ਵੀ ਵੰਡੀ ਦੇ ਰਾਹ ਪਾ ਚੁੱਕੀ ਹੈ ਤੇ ਸਿੱਖ ਕੌਮ ਪੂਰੀ ਤਰਾਂ ਭਰਾ-ਮਾਰੂ ਜੰਗ ਦੇ ਦਰ ਤੇ ਖੜੀ ਹੈ ਜਿਸ ਦੀ ਤਾਜਾ ਮਿਸਾਲ ਸਿੱਖ ਕੌਮ ਦੇ ਦੋ ਅਹਿਮ ਸਿੱਖ ਪ੍ਰਚਾਰਕਾਂ ਵਿਚਕਾਰ ਛਿੜੀ ਖੂਨੀ ਜੰਗ ਹੈ ਜਿਸ ਵਿੱਚ ਇੱਕ ਗਰੀਬ ਸਿੱਖ ਪ੍ਰਚਾਰਕ ਭਾਈ ਭੁਪਿੰਦਰ ਸਿੰਘ ਜੀ ਬਲੀ ਦੇ ਚੁੱਕੇ ਹਨ।

ਇੰਨਾ ੩੨ ਸਾਲਾਂ ਵਿੱਚ ਸਿੱਖ ਕੌਮ ਅੱਜ ਇਸ ਸਾਕੇ ਦੇ ਦਿਨ ਪਿਛਲੇ ਸਾਲ ਤੱਕ ਅਰਦਾਸ ਦਿਵਸ ਮਨਾਉਂਦਿਆਂ ਹੋਇਆਂ ਕੌਮ ਨੂੰ ਲਾਮਬੰਦ ਕਰਨ ਦੀ ਥਾਂ ਹਸਤੀਆਂ ਦੇ ਆਪਸੀ ਪ੍ਰਭਾਵ ਅਧੀਨ ਇਸ ਸਮਾਗਮ ਦੇ ਸ਼ਰਧਾਂਜਲੀ ਪ੍ਰੋਗਰਾਮ ਵੇਲੇ ਭਰਾ ਮਾਰੂ ਜੰਗ ਅਧੀਨ ਇੱਕ ਦੂਜੇ ਦੀਆਂ ਦਸਤਾਰਾਂ ਉਛਾਲ ਕੇ ਹੀ ਮਨਾਉਂਦੀ ਹੈ। ਕੀ ਇਸ ਵੱਡੇ ਸਾਕੇ ਨੂੰ ਯਾਦ ਕਰਦਿਆਂ ਅੱਜ ਦੀਆਂ ਪ੍ਰਸਥਿਤੀਆਂ ਅਨੁਸਾਰ ਸਿੱਖਾਂ ਦੇ ਅਹਿਮ ਲੀਡਰ ਸਿੱਖ ਕੌਮ ਦੇ ਕੌਮੀ ਭਵਿੱਖ ਨੂੰ ਸੁਰਖਿਅਤ ਤੇ ਯੋਜਨਾਬੱਧ ਤਰੀਕੇ ਅਧੀਨ ਸੋਚ-ਸਮਝ ਰੱਖ ਕੇ ਆਪਸੀ ਵਖਰੇਵਿਆਂ ਤੋਂ ਹਟ ਕੇ ਸਿੱਖ ਕੌਮ ਨੂੰ ਲਾਮਬੰਦ ਕਰ ਸਕਣਗੇ? ਤਾਂ ਜੋ ੧੯੮੪ ਵੇਲੇ ਦੀ ਭਾਰਤੀ ਹੁਕਮਰਾਨ ਦੀ ਸਿੱਖ ਕੌਮ ਪ੍ਰਤੀ ਵਖਰੇਵਿਆਂ ਭਰੀ ਨੀਤੀ ਦਾ ਠੋਸ ਜਵਾਬ ਲੱਭ ਸਕਣ ਤਾਂ ਜੋ ਸਿੱਖ ਕੌਮ ਤੋਂ ਖੋਹਿਆ ਗਿਆ ਪੁਰਾਤਨ ਇਤਿਹਾਸਕ ਸਾਹਿਤ ਲੱਭਿਆ ਜਾ ਸਕੇ ਜਾਂ ਵਾਪਸ ਲਿਆ ਜਾ ਸਕੇ ਤੇ ਉਸਨੂੰ ਪੂਰੇ ਮਾਣ ਸਤਿਕਾਰ ਨਾਲ ਦਰਬਾਰ ਸਾਹਿਬ ਦੀ ਲਾਇਬਰੇਰੀ ਵਿੱਚ ਰਖਿਆ ਜਾ ਸਕੇ।