ਸ਼੍ਰੋਮਣੀ ਅਕਾਲੀ ਦਲ ਨਵੰਬਰ ਵਿੱਚ ਆਪਣੇ 100 ਵਰ੍ਹੇ ਪੂਰੇ ਕਰਨ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਲਈ 1920 ਦੇ ਮੋਰਚੇ ਨੂੰ ਛੱਡ ਕੇ ਸਭ ਤੋਂ ਵਧੇਰੇ ਮਹੱਤਵਪੂਰਨ ਸਮਾਂ 1984 ਦੇ ਹਮਲੇ ਦਾ ਸੀ। ਇਸ ਵਕਤ ਭਾਰਤੀ ਫੌਜ ਨੇ ਦਰਬਾਰ ਸਾਹਿਬ ਸਮੂਹ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਵੱਲੋ ਚਲਾਏ ਜਾ ਰਹੇ ਸੰਘਰਸ਼ ਨੂੰ ਦਬਾਉਣ ਲਈ ਹਮਲਾ ਕੀਤਾ ਸੀ। ਉਸ ਵਕਤ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਉਸ ਸਮੇ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੋਂਗੋਵਾਲ ਕੋਲ ਸੀ। ਪ੍ਰਧਾਨ ਸੰਤ ਲੋਂਗੋਵਾਲ ਅਤੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਾ 1982 ਤੋਂ ਚਲਾਏ ਜਾ ਰਹੇ ਧਰਮ ਯੁੱਧ ਮੋਰਚੇ ਦੇ ਸਹਾਇਕ ਸੰਚਾਲਕ ਸੀ। ਇਹ ਧਰਮ ਯੁੱਧ ਮੋਰਚਾ ਮੁੱਖ ਰੂਪ ਵਿੱਚ ਸਿੱਖ ਕੌਮ ਦੀਆਂ ਮੰਗਾਂ ਤੇ ਅਧਾਰਤ ਸੀ। ਜਿਸ ਵਿੱਚ ਪੰਜਾਬ ਦੇ ਹਿੱਤ ਵੀ ਮੌਜੂਦ ਸਨ। ਧਰਮ ਯੁੱਧ ਮੋਰਚੇ ਦੌਰਾਨ ਮੁੱਖ ਰੂਪ ਵਿੱਚ ਸਿੱਖ ਕੌਮ ਦੀ ਜੋ ਮੁੱਖ ਮੰਗ ਸੀ ਉਹ ਇਹ ਸੀ ਕਿ ਸਿੱਖ ਕੌਮ ਦੀ ਸੰਵਿਧਾਨਕ ਤੌਰ ਵੱਖਰੀ ਕੌਮ ਵਜੋਂ ਪਛਾਣ ਰੱਖੀ ਜਾਵੇ। ਪੰਜਾਬ ਨੂੰ ਖੁਦਮੁਖਤਿਆਰੀ ਦੀ ਮੰਗ, ਪੰਜਾਬ ਦੇ ਦਰਿਆਈ ਪਾਣੀਆਂ ਤੇ ਪੰਜਾਬ ਦਾ ਹੱਕ ਮੁੱਖ ਸਨ। ਇਸ ਸੰਘਰਸ਼ ਲਈ ਸੰਤ ਹਰਚੰਦ ਸਿੰਘ ਦੇ ਉਦੇਸ਼ ਮੁਤਾਬਕ ਇੰਨਾਂ ਮੰਗਾਂ ਨੂੰ ਅੰਤਰਰਾਸ਼ਟਰੀ ਪ੍ਰੈਸ ਅੱਗੇ ਲੈਜਾਣ ਲਈ ਉਸ ਵਕਤ ਦਿੱਲੀ ਵਿਖੇ ਹੋ ਰਹੀਆਂ ਏਸ਼ੀਅਨ ਖੇਡਾਂ ਦੇ ਸਾਹਮਣੇ ਪ੍ਰਦਰਸ਼ਨ ਕਰਨਾ ਸੀ। ਉਥੇ ਸਿੱਖ ਕੌਮ ਨੂੰ ਜਾਣ ਲਈ ਹਰਿਆਣਾ ਸੂਬੇ ਵਿਚੋਂ ਲੰਘਦਿਆਂ ਹਰਿਆਣਾ ਸਰਕਾਰ ਵੱਲੋਂ ਬੇਹੱਦ ਜ਼ਲੀਲ ਕੀਤਾ ਗਿਆ ਤੇ ਕੁੱਟਮਾਰ ਕੀਤੀ ਗਈ। ਧਰਮ ਯੁੱਧ ਮੋਰਚੇ ਦੌਰਾਨ ਅਕਾਲੀ ਦਲ ਆਪਣੀ ਨੀਤੀ ਅਨੁਸਾਰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਪਿਛਾਂਹ ਰੱਖ ਕੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਨਾਲ ਵਾਰਤਾਲਾਪ ਵੀ ਕਰਦਾ ਰਿਹਾ। 1947 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਜੋ ਵੀ ਅੰਦੋਲਨ ਸ਼ੁਰੂ ਕੀਤਾ ਸੀ ਉਸ ਨੂੰ ਹਮੇਸ਼ਾ ਹੀ ਆਪਣੀ ਅੰਦਰੂਨੀ ਭਾਵਨਾ ਅਨੁਸਾਰ ਅੱਧ-ਵਿਚਕਾਰ ਹੀ ਸਮੇਟ ਦਿੱਤਾ ਜਾਂਦਾ ਰਿਹਾ। ਇਸੇ ਨੀਤੀ ਨੂੰ ਜਾਰੀ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਵੀ ਉਨਾਂ ਕਦਮਾਂ ਤੇ ਚੱਲਦਿਆ ਧਰਮ ਯੁੱਧ ਮੋਰਚੇ ਤੋਂ ਨਿਕਲਣ ਦਾ ਰਾਹ ਤਲਾਸ਼ਣਾ ਸ਼ੁਰੂ ਕੀਤਾ। ਦੂਜੇ ਪਾਸੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਉਦੇਸ਼ ਅਨੁਸਾਰ ਭਾਰਤ ਦੇ ਸੰਵਿਧਾਨ ਦੀਆਂ ਕਾਪੀਆਂ ਨੂੰ ਸਾੜਿਆ ਗਿਆ, ਰੇਲਾਂ ਰੋਕੀਆਂ ਗਈਆਂ, ਭਾਰਤੀ ਸੰਵਿਧਾਨ ਤੇ ਸਰਕਾਰ ਪ੍ਰਤੀ ਨਾ ਫੁਰਮਾਨੀ ਦਾ ਮੁਜ਼ਾਹਰਾ ਕਰਦਿਆਂ ਆਪਣਾ ਮਾਲੀਆਂ ਸਰਕਾਰ ਨੂੰ ਨਾ ਦੇਣ ਦੀ ਬਜਾਇ ਅਕਾਲ ਤਖਤ ਸਾਹਿਬ ਤੇ ਜਮਾਂ ਕਰਾਉਣ ਦਾ ਆਦੇਸ਼ ਦਿੱਤਾ। ਧਰਮ ਯੁੱਧ ਮੋਰਚੇ ਦੌਰਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਆਪਣੀ ਸ਼ਕਸ਼ੀਅਤ ਦੇ ਬਲ ਤੇ ਸਿੱਖ ਕੌਮ ਤੇ ਨੌਜਵਾਨਾਂ ਦੇ ਨਾਇਕ ਵਜੋਂ ਉੱਭਰੇ। ਜਿੰਨਾਂ ਨੇ ਆਪਣੀਆਂ ਤਕਰੀਰਾਂ ਰਾਹੀ ਇਤਿਹਾਸ ਤੇ ਗੁਰਬਾਣੀ ਦਾ ਆਸਰਾ ਲੈ ਕੇ ਸਿੱਖ ਕੌਮ ਨੂੰ ਵਾਰ ਵਾਰ ਸੁਨੇਹਾ ਦਿੱਤਾ ਕਿ ਇਸ ਵਾਰੀ ਇਸ ਮੋਰਚੇ ਨੂੰ ਮੁਕਾਮ ਤੇ ਲੈ ਕੇ ਜਾਣਿਆ ਜਾਵੇਗਾ। ਉਨਾਂ ਦੀ ਇਸ ਸੋਚ ਨੂੰ ਸੰਤ ਰਾਮ ਉਦਾਸੀ ਦੀਆਂ ਇਹ ਸਤਰਾਂ ਬਾਖੂਬੀ ਬਿਆਨ ਕਰਦੀਆਂ ਹਨ:
“ਮੀਆਂ ਮੀਰ ਜੀ ਰੱਖੋਂ ਹਰਿਮੰਦਰ ਦੀ ਨੀਂਹ,
ਵਿੱਥਿਆ ਸਿੱਖੀ ਦੀ ਜੁਗਾਂ ਤੱਕ ਹਰੀ ਹੋਵੇ,
ਬਣੇ ਠਾਹਰ ਜੁਝਾਰੂ ਯੋਧਿਆਂ ਦੀ,
ਲੋੜ੍ਹ ਪਵੇ ਚਮਕੌਰ ਦੀ ਗੜ੍ਹੀ ਹੋਵੇ॥“
ਪੰਜਾਬ ਤੇ ਸਿੱਖ ਕੌਮ ਨੂੰ ਉਸਦੇ ਬਣਦੇ ਹੱਕ ਤੇ ਖੁਦਮੁਖਤਿਆਰੀ ਦੇ ਮਿਲ ਜਾਣ ਤੱਕ ਸਿੱਖ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਹੀ ਸ਼ਖਸ਼ੀਅਤ ਸਦਕਾ ਲੱਖਾਂ ਦੀ ਤਾਦਾਦ ਵਿੱਚ ਲੋਕਾਂ ਨੇ ਇਸ ਧਰਮ ਯੁੱਧ ਮੋਰਚੇ ਵਿੱਚ ਵਧ ਚੜ ਕੇ ਹਿੱਸਾ ਪਾਇਆ। ਇਸ ਨਾਲ ਧਰਮ ਯੁੱਧ ਮੋਰਚੇ ਦਾ ਰੁੱਖ ਤਬਦੀਲ ਹੋਣ ਲੱਗਾ। ਸਿੱਖ ਕੌਮ ਤੇ ਹਿੰਦ ਦੇ ਵਿਚਕਾਰ ਟਕਰਾਅ ਦਾ ਰੂਪ ਧਾਰਨ ਕਰ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਕਦਾਚਿਤ ਵੀ ਇਹ ਨਹੀਂ ਚਾਹੁੰਦੀ ਸੀ। ਉਸਦੀ ਅਗਵਾਈ ਹੇਠਲੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀ ਸ਼ਖਸ਼ੀਅਤ ਤੋਂ ਭੈਭੀਤ ਹੋ ਚੁੱਕੀ ਸੀ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਭਾਰਤ ਸਰਕਾਰ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਨੂੰ ਕਿਸੇ ਤਰਾਂ ਵੀ ਖਤਮ ਕਰ ਦਿੱਤਾ ਜਾਵੇ। ਜਿਸਦਾ ਨਤੀਜਾ ਜੂਨ 1984 ਵਿੱਚ ਭਾਰਤੀ ਫੌਜ ਦਾ ਦਰਬਾਰ ਸਾਹਿਬ ਸਮੂਹ ਤੇ ਹਮਲੇ ਦੇ ਰੂਪ ਵਿੱਚ ਸਾਹਮਣੇ ਆਇਆ। ਸੰਤ ਜਰਨੈਲ ਸਿੰਘ ਭਿੰਡਰਾਵਾਲਾ ਤਾਂ ਸਿੱਖ ਪ੍ਰੰਪਰਾਵਾਂ ਅਨੁਸਾਰ ਸ਼ਹੀਦੀ ਝਾਮ ਪੀ ਗਏ ਪਰ ਇਸ ਹਮਲੇ ਦੌਰਾਨ ਹੋਰ ਵੀ ਹਜ਼ਾਰਾ ਸਿੱਖ ਸ਼ਰਧਾਲੂ ਭਾਰਤੀ ਫੌਜ ਦੇ ਹਮਲੇ ਦਾ ਸ਼ਿਕਾਰ ਹੋਏ। ਸੰਤ ਹਰਚੰਦ ਸਿੰਘ ਲੋਂਗੋਵਾਲ ਤੇ ਉਨਾਂ ਦੀ ਸਮੂਹ ਲੀਡਰਸ਼ਿਪ ਜੋ ਦਾਅਵਾ ਕਰਦੀ ਸੀ ਕਿ ਸਾਡੀਆਂ ਲਾਸ਼ਾਂ ਤੋਂ ਭਾਰਤੀ ਫੌਜ ਲੰਘ ਕੇ ਜਾਵੇਗੀ, ਨੇ ਭਾਰਤੀ ਫੌਜ ਅੱਗੇ ਆਤਮ ਸਮਰਪਣ ਕਰ ਦਿੱਤਾ ਤੇ ਭਾਰਤੀ ਸਰਕਾਰ ਦੀ ਹਿਰਾਸਤ ਵਿੱਚ ਚਲੇ ਗਏ। ਕੁਝ ਮਹੀਨਿਆਂ ਦੀ ਅਰਾਮਦਾਇਕ ਹਿਰਾਸਤ ਤੋਂ ਬਾਅਦ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਸਿੱਖ ਭਾਵਨਾਵਾਂ ਦੇ ਉਲਟ ਭਾਰਤ ਦੇ ਸਮੇਂ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਨਾਲ ਸਮਝੋਤਾ ਕਰ ਲਿਆ। ਜਿਸ ਨੂੰ ਸਿੱਖ ਕੌਮ ਤੇ ਭਾਰਤ ਸਰਕਾਰ ਦਰਮਿਆਨ ਹੋਇਆ ਸਮਝੌਤਾ ਦਰਸਾਇਆ ਗਿਆ। ਇਸ ਨਾਲ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਆਪਣੀ ਲਾਲਸਾ ਅਨੁਸਾਰ ਪੰਜਾਬ ਅੰਦਰ ਸਰਕਾਰ ਬਣਾ ਲਈ ਪਰ ਇਸਤੋਂ ਪਹਿਲਾਂ ਹੀ ਰਜੀਵ ਗਾਂਧੀ ਵੱਲੋਂ ਸਮਝੌਤੇ ਕਰਕੇ ਸੰਤ ਲੋਂਗੋਵਾਲ ਨੂੰ ਬੁਲਟ ਪਰੂਫ ਬਸਤਰ ਜੋ ਭੇਟ ਕੀਤਾ ਹੋਇਆ ਸੀ ਦੇ ਬਾਵਜੂਦ ਸਿੱਖ ਭਾਵਨਾਵਾਂ ਦੁਆਰਾ ਕਤਲ ਕਰ ਦਿੱਤਾ ਗਿਆ। ਸਿੱਖ ਕੌਮ ਲਈ ਸੰਤ ਲੋਂਗੋਵਾਲ ਹਮੇਸ਼ਾ ਧਿਆਨ ਸਿੰਘ ਤੇ ਲਾਲ ਸਿੰਘ ਡੌਗਰੇ ਦੀ ਕਤਾਰ ਵਿੱਚ ਜਾਣਿਆ ਜਾਵਿਗਾ। ਭਾਵੇਂ ਸਰਕਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਉਨਾਂ ਨੂੰ ਲੱਖ ਸ਼ਹੀਦ ਮੰਨਣ। ਭਾਰਤ ਸਰਕਾਰ ਨੇ ਉਨਾਂ ਦੇ ਨਾਮ ਤੇ ਡਾਕ ਟਿਕਟ ਵੀ ਜਾਰੀ ਕੀਤੀ ਹੈ।
ਸੰਤ ਲੋਂਗੋਵਾਲ ਵਰਗੇ ਸਿੱਖ ਹਮੇਸ਼ਾ ਹੀ ਸਿੱਖ ਇਤਿਹਾਸ ਅੰਦਰ ਚੰਦੂ ਵਾਂਗ ਜਾਣੇ ਜਾਂਦੇ ਰਹਿਣਗੇ। ਤਾਂ ਹੀ ਤਾਂ ਅੱਜ ਵੀ ਸਰਕਾਰਾਂ ਉਨਾਂ ਨੂੰ ਰਾਸ਼ਟਰੀ ਸ਼ਹੀਦ ਮੰਨਦੀਆਂ ਹਨ। ਰਜੀਵ ਲੋਂਗੋਵਾਲ ਸਮਝੌਤੇ ਤੋਂ ਪਹਿਲਾਂ ਉਸ ਸਮੇਂ ਦੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਲੀਡਰਾਂ ਨਾਲ ਵੀ ਭਾਰਤ ਸਰਕਾਰ ਨੇ ਕਈ ਵਾਰਤਾਵਾਂ ਕੀਤੀਆਂ। ਪਰ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਲੀਡਰਸ਼ਿਪ ਬਹੁਪੱਖੀ ਅਤੇ ਦੂਰਅੰਦੇਸ਼ੀ ਤੋਂ ਪਰੇ ਹੱਟ ਕੇ ਨਿਰਣਾ ਲੈਣ ਵਿੱਚ ਅਸਮਰਥ ਰਹੀ। ਇਸੇ ਤਰਾਂ ਉਸ ਸਮੇ ਪੰਜਾਬ ਅੰਦਰ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਯੂਨਾਈਟਡ ਅਕਾਲੀ ਦਲ ਹੋਂਦ ਵਿੱਚ ਆ ਚੁੱਕਿਆ ਸੀ ਉਨਾਂ ਨੇ ਵੀ ਬਹੁਪੱਖੀ ਤੇ ਦੂਰਅੰਦੇਸ਼ੀ ਤੋਂ ਕੰਮ ਨਾ ਲੱਦਿਆ ਲੋਂਗੋਵਾਲ ਸਮਝੌਤੇ ਨੂੰ ਸਿਆਸੀ ਵਿਰੋਧ ਨਾਂ ਦੇਣ ਕਾਰਨ ਸਿੱਖ ਨੌਜਵਾਨੀ ਨੂੰ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਦੇ ਰਾਹ ਤੌਰ ਦਿੱਤਾ।