ਦੁਨੀਆਂ ਭਰ ਵਿੱਚੋਂ ਸਿੱਖਾਂ ਤੇ ਕਿਤੇ ਨਾ ਕਿਤੇ ਵਧੀਕੀ ਜਾਂ ਅੱਤਿਆਚਾਰ ਹੋਣ ਦੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਵਿਦੇਸ਼ਾਂ ਵਿੱਚ ਜਿੱਥੇ ਸਿੱਖਾਂ ਨੇ ਬਹੁਤ ਵੱਡਾ ਨਾਮਣਾਂ ਖੱਟਿਆ ਹੈ ਉੱਥੇ ਕਈ ਵਾਰ, ਪਹਿਚਾਣ ਦੇ ਸੰਕਟ ਕਾਰਨ ਸਿੱਖਾਂ ਤੇ ਸਰੀਰਕ,ਨਸਲੀ ਜਾਂ ਜ਼ੁਬਾਨੀ ਹਮਲੇ ਹੋਣ ਦੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਪਿਛਲੇ ਦਿਨੀ ਫਿਰ ਸਿੱਖਾਂ ਤੇ ਦੋ ਵੱਡੇ ਹਮਲੇ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇੱਕ ਹਮਲਾ ਹਥਿਆਬੰਦ ਗਰੋਹਾਂ ਨੇ ਕੀਤਾ ਹੈ ਅਤੇ ਇੱਕ ਹਮਲਾ ਵਿਚਾਰਵਾਨ ਗਰੋਹਾਂ ਨੇ ਕੀਤਾ ਹੈੈੈ।
ਅਫਗਾਨਿਸਤਾਨ ਵਿੱਚ ਇੱਕ 400 ਸਾਲ ਪੁਰਾਣੇ ਗੁਰਧਾਮ ਉੱਤੇ ਕੁਝ ਸਿਰਫਿਰੇ ਅਤੇ ਕੱਟੜਪੰਥੀਆਂ ਨੇ ਹਥਿਆਰਾਂ ਨਾਲ ਹਮਲਾ ਕਰਕੇ ਆਪਣੇ ਦਿਲ ਦੀ ਵਿਹੁ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈੈੈ। ਕੁਝ ਹਥਿਆਰਬੰਦ ਸਿਰਫਿਰੇ, ਬਾਰੂਦ ਅਤੇ ਬੰਦੂਕਾਂ ਨਾਲ ਗੁਰੂਘਰ ਵਿੱਚ ਦਾਖਲ ਹੋਏ ਅਤੇ ਉੱਥੇ ਮੌਜੂਦ ਸਿੱਖਾਂ ਤੇ ਹਮਲਾ ਕਰਕੇ ਲਗਭਗ 27 ਸਿੱਖਾਂ ਨੂੰ ਕਤਲ ਕਰ ਦਿੱਤਾ ਜਿਨ੍ਹਾਂ ਵਿੱਚ ਮਾਸੂਮ ਬੱਚੇ ਵੀ ਸ਼ਾਮਲ ਸਨ। ਉਸ ਤੋਂ ਬਾਅਦ ਇਨ੍ਹਾਂ ਕੱਟੜਪੰਥੀਆਂ ਨੇ, ਸ਼ਮਸ਼ਾਨਭੂਮੀ ਜਾ ਰਹੇ ਕਾਫਲੇ ਤੇ ਵੀ ਹਮਲਾ ਕੀਤਾ ਦੱਸਿਆ ਜਾਂਦਾ ਹੈ ਜਿਸ ਵਿੱਚ ਕੁਝ ਸਿੱਖ ਜ਼ਖਮੀ ਹੋ ਗਏ ਹਨ।
ਅਫਗਾਨਿਸਤਾਨ ਵਿੱਚ ਜਿਨ੍ਹਾਂ ਲੋਕਾਂ ਨੇ ਹਮਲਾ ਕੀਤਾ ਹੈ ਉਹ ਅਸਹਿਣਸ਼ੀਲ ਤਾਕਤਾਂ ਹਨ। ਧਰਮ ਦਾ ਨਾਅ ਵਰਤ ਕੇ ਕੁਝ ਲੋਕ ਏਨੇ ਫਿਰਕੂ ਹੋ ਗਏ ਹਨ ਕਿ ਉਹ ਕਿਸੇ ਹੋਰ ਧਰਮ ਨੂੰ, ਜਾਂ ਹੋਰ ਵੱਖਰੀ ਪਹਿਚਾਣ ਨੂੰ ਸਹਿਣ ਹੀ ਨਹੀ ਕਰ ਸਕਦੇ। ਜਿਨ੍ਹਾਂ ਨੂੰ ਸਿਰਫ ਆਪਣਾਂ ਧਰਮ, ਅਤੇ ਅਕੀਦਾ ਹੀ ਸਰਵਸ਼੍ਰੇਸ਼ਟ ਨਜ਼ਰ ਆਉਂਦਾ ਹੈ, ਜਿਹੜੇ ਇਹ ਸਹਿਣ ਨਹੀ ਕਰ ਸਕਦੇ ਕਿ ਉਨ੍ਹਾਂ ਤੋਂ ਵੱਖਰੀ ਬੋਲੀ, ਧਰਮ ਜਾਂ ਵਿਚਾਰਾਂ ਵਾਲੇ ਲੋਕ ਵੀ ਇਸ ਧਰਤੀ ਤੇ ਰਹਿ ਰਹੇ ਹਨ, ਉਨ੍ਹਾਂ ਨੇ ਅਫਗਾਨਿਸਤਾਨ ਵਿੱਚ ਸਿੱਖਾਂ ਦੇ ਗੁਰਧਾਮ ਤੇ ਹਮਲਾ ਕੀਤਾ ਹੈੈ।
ਦੂਜਾ ਹਮਲਾ ਸਿੱਖਾਂ ਤੇ ਭਾਰਤ ਵਿੱਚ ਹੋਇਆ ਹੈ, ਜੋ ਅਫਗਾਨਿਸਤਾਨ ਵਾਲੇ ਹਮਲੇ ਦੇ ਨਾਲ ਹੀ ਜੁੜਿਆ ਹੋਇਆ ਹੈੈ। ਇਸ ਹਮਲੇ ਦੇ ਸੂਤਰਧਾਰ ਕੁਝ ਹਿੰਦੂ ਲੀਡਰ ਹਨ। ਅਫਗਾਨਿਸਤਾਨ ਵਿੱਚ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਨੇ ਸ਼ੋਸ਼ਲ ਮੀਡੀਆ ਤੇ ਸਿੱਖਾਂ ਖਿਲਾਫ ਜ਼ਹਿਰੀਲੀਆਂ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਸਿੱਧੇ ਸ਼ਬਦਾਂ ਵਿੱਚ ਆਖਿਆ, ਕਿ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਮੁਸਲਮਾਨਾਂ ਦੇ ਧਰਨੇ ਨੂੰ ਲੰਗਰ ਛਕਾਉਣ ਦਾ ਸੁਆਦ ਹੁਣ ਸਿੱਖਾਂ ਨੂੰ ਮਿਲ ਗਿਆ ਹੈੈੈ। ਜਾਂ ਹੋਰ ਤਿੱਖੇ ਸ਼ਬਦਾਂ ਵਿੱਚ ਉਨ੍ਹਾਂ ਆਖਿਆ,‘ਲੈ ਲਿਆ ਮੁਸਲਮਾਨਾਂ ਨੂੰ ਲੰਗਰ ਛਕਾਉਣ ਦਾ ਸੁਆਦ’?
ਜਿੰਨੀ ਜਹਿਰ ਅਫਗਾਨਿਸਸਤਾਨ ਵਿੱਚ ਸਿੱਖਾਂ ਤੇ ਹਥਿਆਰਬੰਦ ਹਮਲਾ ਕਰਨ ਵਾਲੇ ਕੱਟੜਪੰਥੀਆਂ ਦੇ ਮਨਾਂ ਵਿੱਚ ਭਰੀ ਪਈ ਸੀ ਓਨੀ ਹੀ ਜ਼ਹਿਰ ਉਨ੍ਹਾਂ ਹਿੰਦੂ ਲੀਡਰਾਂ ਦੇ ਮਨਾਂ ਵਿੱਚ ਭਰੀ ਪਈ ਹੈ ਜੋ ਸਿੱਖਾਂ ਨੂੰ ਇਹ ਅਹਿਸਾਸ ਕਰਵਾਉਣਾਂ ਚਾਹੁੰਦੇ ਹਨ ਕਿ, ਅਸੀਂ ਤੁਹਾਡੇ ਭਰਾ ਹਾਂ।
ਅਫਗਾਨਿਸਤਾਨ ਵਾਲੇ ਸੱਜਣ ਕਿਸੇ ਹੋਰ ਧਰਮ, ਨਸਲ, ਕੌਮ ਜਾਂ ਭਾਸ਼ਾਈ ਸਮੂਹ ਨੂੰ ਬਰਦਾਸ਼ਤ ਨਹੀ ਕਰ ਸਕਦੇ। ਉਹ ਸੋਚਦੇ ਹਨ ਕਿ ਅਫਗਾਨਿਸਤਾਨ ਉਨ੍ਹਾਂ ਦੀ ਮਲਕੀਅਤ ਹੈੈੈ। ਸਿਰਫ ਉਨ੍ਹਾਂ ਦੇ ਧਰਮ ਵਾਲਿਆਂ ਨੂੰ ਹੀ ਅਫਗਾਨਿਸਤਾਨ ਵਿੱਚ ਰਹਿਣ ਦੀ ਇਜਾਜਤ ਹੈੈ।
ਬਿਲਕੁਲ ਉਸੇ ਤਰ੍ਹਾਂ ਦਿੱਲੀ ਦੇ ਉਹ ਲੀਡਰ ਸੋਚਦੇ ਅਤੇ ਸਮਝਦੇ ਹਨ। ਜੋ ਸਿੱਖਾਂ ਨੂੰ ਤਾਅਨੇ ਮਾਰ ਰਹੇ ਹਨ ਕਿ,ਲੈ ਲਿਆ ਲੰਗਰ ਛਕਾਉਣ ਦਾ ਸੁਆਦ?
ਦਿੱਲੀ ਅਤੇ ਅਫਗਾਨਿਸਤਾਨ ਵਾਲੇ ਸੱਜਣ ਇੱਕੋ ਸੋਚ ਦੇ ਮਾਲਕ ਹਨ। ਨਾ ਅਫਗਾਨਿਸਤਾਨ ਵਾਲੇ ਕਿਸੇ ਹੋਰ ਧਰਮ, ਕੌਮ ਜਾਂ ਭਾਸ਼ਾਈ ਸਮੂਹ ਨੂੰ ਜੀਣ ਦੇਣਾਂ ਚਾਹੁੰਦੇ ਹਨ ਅਤੇ ਨਾ ਹੀ ਦਿੱਲੀ ਵਾਲੇ। ਦੋਵੇਂ ਸਮਝਦੇ ਹਨ ਕਿ ਸਿਰਫ ਉਨ੍ਹਾਂ ਦੀ ਕੌਮ ਹੀ ਉਨਾਂ ਦੇ ਖਿੱਤੇ ਵਿੱਚ ਰਹਿ ਸਕਦੀ ਹੈੈੈ। ਨਾ ਅਫਗਾਨਿਸਤਾਨ ਵਾਲੇ ਕਿਸੇ ਹੋਰ ਪਹਿਚਾਣ ਨੂੰ ਸਹਿਣ ਕਰਦੇ ਹਨ ਅਤੇ ਨਾ ਹੀ ਦਿੱਲੀ ਵਾਲੇ।
ਜੋ ਅੱਜ ਅਫਗਾਨਿਸਤਾਨ ਵਾਲੇ ਕਰ ਰਹੇ ਹਨ ਉਹ ਹੀ ਦਿੱਲੀ ਵਾਲਿਆਂ ਨੇ 1984 ਵਿੱਚ ਕੀਤਾ ਸੀ ਅਤੇ ਅੱਗੇ ਵੀ ਕਰਨ ਜਾ ਰਹੇ ਹਨ।
ਦਿੱਲੀ ਵਾਲੇ ਹਾਲੇ ਵਕਤ ਦੇਖ ਰਹੇ ਹਨ ਇਸੇ ਲਈ ਵਿਚਾਰਾਂ ਨਾਲ ਹਮਲਾ ਕਰ ਰਹੇ ਹਨ। ਪਰ ਕੁਝ ਸਮੇਂ ਬਾਅਦ ਉਹ ਵੀ ਅਫਗਾਨਿਸਤਾਨ ਵਾਲੇ ਸੱਜਣਾਂ ਵਾਂਗ ਹਮਲਾਵਰ ਬਣਕੇ ਆਉਣਗੇ।
ਪਰ ਸਿੱਖਾਂ ਨੇ ਭਾਈ ਘਨੱਈਆ ਜੀ ਵਾਲੀ ਰਵਾਇਤ ਨਹੀ ਖਤਮ ਕਰਨੀ।
ਨਾ 1984 ਦੇ ਕਤਲੇਆਮ ਤੋਂ ਬਾਅਦ ਸਿੱਖਾਂ ਦੇ ਕਿਸੇ ਗੁਰਦੁਆਰਾ ਸਾਹਿਬ ਨੇ ਹਿੰਦੂਆਂ ਨੂੰ ਲੰਗਰ ਛਕਾਉਣ ਤੋਂ ਮਨ੍ਹਾਂ ਕੀਤਾ ਹੈ ਅਤੇ ਨਾ ਹੀ ਅਫਗਾਨਿਸਤਾਨ ਵਾਲੇ ਹਮਲੇ ਤੋਂ ਬਾਅਦ ਸਿੱਖ ਮੁਸਲਮਾਨਾਂ ਨੂੰ ਲੰਗਰ ਛਕਾਉਣ ਤੋਂ ਪਿੱਛੇ ਹਟਣਗੇ।
ਗੁਰੂ ਸਾਹਿਬ ਦੇ ਧਰਮ ਨੂੰ ਸਿਰਫ ਸਿੱਖਾਂ ਦੇ ਘਰ ਜਨਮ ਲੈ ਕੇ ਹੀ ਸਮਝਿਆ ਜਾ ਸਕਦਾ ਹੈੈ। ਫਿਰਕੂਪੁਣੇ ਦੀਆਂ ਐਨਕਾਂ ਨਾਲ ਸਿੱਖ ਧਰਮ ਦੀਆਂ ਰਵਾਇਤਾਂ ਨੂੰ ਸਮਝਿਆ ਨਹੀ ਜਾ ਸਕਦਾ।