ਭਾਰਤੀ ਰਾਜਨੀਤੀ ਦਿਨੋ ਦਿਨ ਜਹਿਰੀਲੀ ਅਤੇ ਹੋਰ ਜਹਿਰੀਲੀ ਹੁੰਦੀ ਜਾ ਰਹੀ ਹੈੈ। ਪਹਿਲੇ ਦਿਨ ਤੋਂ ਹੀ ਭਾਰਤੀ ਰਾਜਨੀਤੀ ਦਾ ਇਹ ਚਲਣ ਰਿਹਾ ਹੈੈ। ਬਿਲਕੁਲ ਹੀ ਵੱਖਰੀ ਕਿਸਮ ਦੇ ਜਗੀਰੂ ਸੱਭਿਆਚਾਰ ਵਿੱਚ ਰਹਿੰਦੇ, ਵਸਦੇ,ਪਲਦੇ ਲੋਕਾਂ ਉੱਤੇ ਕਥਿਤ ਜਮਹੂਰੀਅਤ ਦਾ ਜੋ ਵਿਦੇਸ਼ੀ ਮਾਡਲ ਥੋਪ ਦਿੱਤਾ ਗਿਆ ਉਸਨੇ ਭਾਰਤ ਸਣੇ ਕਈ ਮੁਲਕਾਂ ਵਿੱਚ ਅਜਿਹੀਆਂ ਹੀ ਉਲਝਣਾਂ ਅਤੇ ਬਿਮਾਰੀਆਂ ਪੈਦਾ ਕਰ ਦਿੱਤੀਆਂ ਹਨ।
ਰਾਜਨੀਤੀ ਇਸ ਵੇਲੇ ਭਾਰਤ ਵਿੱਚ ਧੰਦਾ ਬਣ ਗਈ ਹੋਈ ਹੈੈ। ਇਹ ਲੱਠਮਾਰਾਂ ਦੀ ਰਖੇਲ ਬਣਕੇ ਰਹਿ ਗਈ ਹੈੈ। ਜਮਹੂਰੀ ਢਾਂਚੇ ਨੂੰ ਉਹ ਲੋਕ ਚਲਾ ਰਹੇ ਹਨ ਜਿਨ੍ਹਾਂ ਦਾ ਅਸਲ ਜਮਹੂਰੀਅਤ ਨਾਲ ਕੁਝ ਵੀ ਸਾਂਝਾ ਨਹੀ ਹੈੈ। ਭਾਰਤ ਦੇ ਸਮੁੱਚੇ ਚੁਣੇ ਹੋਏ ਨੁਮਾਇੰਦਿਆਂ ਦੇ ਜੀਵਨ ਦੀਆਂ ਕਦਰਾਂ-ਕੀਮਤਾਂ ਹਾਲੇ ਵੀ ਜਗੀਰੂ ਮਾਨਸਿਕਤਾ ਦੀ ਮਾਰ ਹੇਠ ਆਈਆਂ ਹੋਈਆਂ ਹਨ। ਇਸੇ ਲਈ ਸਮੁੱਚਾ ਢਾਂਚਾ ਹੀ ਅਜਿਹੇ ਲੋਕਾਂ, ਵਿਚਾਰਾਂ ਅਤੇ ਵਲਵਲਿਆਂ ਨਾਲ ਗ੍ਰਹਿਿਣਆ ਗਿਆ ਹੈ ਜੋ ਜਮਹੂਰੀਅਤ ਦੀ ਅਸਲ ਭਾਵਨਾਂ ਨੂੰ ਤਬਾਹ ਕਰ ਰਿਹਾ ਹੈੈ।
ਇਸ ਵੇਲੇ ਜਦੋਂ ਦੇਸ਼ ਕਨੂੰਨ ਬਣਾਉਣ ਵਾਲੇ ਨੁਮਾਇੰਦੇ ਚੁਣਨ ਦੀ ਕਵਾਇਦ ਕਰ ਰਿਹਾ ਹੈ ਤਾਂ ਚਾਰੇ ਪਾਸੇ ਆਪਾ ਧਾਪੀ ਫੈਲੀ ਨਜ਼ਰ ਆਉਂਦੀ ਹੈੈ। ਕਿੰਨੀ ਖਰਚੀਲੀ ਚੋਣ ਮੁਹਿੰਮ, ਕਿੰਨਾ ਗੁੱਸਾ ਅੰਦਰ ਲਈ ਫਿਰਦੇ ਰਾਜਨੀਤੀਵਾਨ ਅਤੇ ਉਨ੍ਹਾਂ ਦੇ ਸਮਰਥਕ, ਕਿੰਨੀ ਉੱਚੀ, ਗਰਜਵੀਂ ਅਤੇ ਖਰ੍ਹਵੀਂ ਬੋਲੀ ਬੋਲਦੇ ਹੋਏ ਰਾਜਨੀਤੀਵਾਨ, ਕਿਵੇਂ ਡਾਂਗੋ-ਡਾਂਗੀ ਹੋ ਰਹੇ ਸਮਰਥਕ। ਕੀ ਇਹ ਰਾਜਨੀਤੀ ਹੈੈ? ਇਹ ਕਿਹੋ ਜਿਹਾ ਮਾਡਲ ਹੈ ਰਾਜਨੀਤੀ ਦਾ?
ਦੇਸ਼ ਦਾ ਪ੍ਰਧਾਨ ਮੰਤਰੀ ਪਿਛਲੇ 6 ਮਹੀਨਿਆਂ ਤੋਂ ਮਾਰ ਦੋ, ਕਾਟ ਦੋ, ਤਬਾਹ ਕਰਦੋ ਵਾਲੀ ਬੋਲੀ ਬੋਲ ਰਿਹਾ ਹੈੈ। ਉਸ ਦੇ ਭਾਸ਼ਣ ਅਤੇ ਉਸਦੀ ਬੋਲੀ ਵਿੱਚੋਂ ਕੁਝ ਵੀ ਅਜਿਹਾ ਨਹੀ ਝਲਕ ਰਿਹਾ ਜੋ ਉਸਦੇ ਇੱਕ ਪੇਸ਼ੇਵਾਰ ਸਿਆਸਤਦਾਨ ਹੋਣ ਦੀ ਝਲਕ ਪਾਉਂਦਾ ਹੋਵੇ। ਉਹ ਆਪਣੇ ਸਿਆਸੀ ਵਿਰੋਧੀਆਂ ਬਾਰੇ ਇਸ ਤਰ੍ਹਾਂ ਬਿਆਨ ਜਾਰੀ ਕਰ ਰਿਹਾ ਹੈ ਜਿਵੇਂ ਉਨ੍ਹਾਂ ਨੂੰ ਸ਼ਬਦਾਂ ਰਾਹੀਂ ਕਤਲ ਕਰ ਰਿਹਾ ਹੋਵੇ। ਨਰਿੰਦਰ ਮੋਦੀ ਦੇ ਕਿਸੇ ਭਾਸ਼ਣ ਵਿੱਚ ਵੀ ਇਨਸਾਨੀਅਤ ਦਾ ਦਰਦ ਜਾਂ ਦੇਸ਼ ਦੇ ਗਰੀਬ ਲੋਕਾਂ ਲਈ ਪਿਆਰ ਉਮਾਹ ਨਜ਼ਰ ਨਹੀ ਆਇਆ।
ਇਸੇ ਤਰ੍ਹਾਂ ਦਾ ਦਸਤੂਰ ਮੋਦੀ ਦੇ ਲੈਫਟੀਨੈਂਟ, ਅਮਿਤ ਸ਼ਾਹ, ਯੋਗੀ ਅਦਿਆਤਾਨਾਥ ਅਤੇ ਹੋਰ ਲੀਡਰਾਂ ਦਾ ਹੈੈ। ਇਸ ਜਹਿਰੀਲੀ ਤਾਨ ਤੋਂ ਜੇ ਕੋਈ ਥੋੜਾ ਬਹੁਤ ਬਚਿਆ ਹੈ ਤਾਂ ਉ੍ਹ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੈੈ। ਉਸਨੇ ਸਿਆਸਤ ਦੀ ਸ਼ਾਇਸਤਗੀ ਨੂੰ ਕੁਝ ਬਚਾ ਕੇ ਰੱਖਣ ਦਾ ਯਤਨ ਕੀਤਾ ਹੈੈ।
ਇਸੇ ਤਰ੍ਹਾਂ ਦੇ ਭਾਸ਼ਣ ਕਾਂਗਰਸੀ ਖੇਮੇ ਵੱਲੋਂ ਆ ਰਹੇ ਹਨ। ਰਾਹੁਲ ਗਾਂਧੀ ਨੂੰ ਕਿਉਂਕਿ ਹਿੰਦੀ ਦੀ ਉਹ ਮੁਹਾਰਤ ਹਾਸਲ ਨਹੀ ਹੈ ਜੋ ਮੋਦੀ ਅਤੇ ਉਸਦੇ ਲਫਟੈਨਾ ਨੂੰ ਹੈ ਇਸ ਲਈ ਉਸ ਤੋਂ ਚਾਹੁੰਦੇ ਹੋਏ ਵੀ ਏਨਾ ਜਹਿਰੀਲਾ ਨਹੀ ਹੋਇਆ ਜਾ ਰਿਹਾ। ਉਸਦੀ ਭੈਣ ਪ੍ਰੀਅੰਕਾ ਨੇ ਸਿਆਸਤ ਵਿੱਚ ਵਿਚਾਰਾਂ ਦੇ ਵਖਰੇਵੇਂ ਨੂੰ ਕੁਝ ਕਾਇਮ ਰੱਖਣ ਦਾ ਯਤਨ ਕੀਤਾ ਹੈੈ। ਪਿਛਲੇ ਦਿਨੀ ਉੱਤਰ ਪ੍ਰਦੇਸ਼ ਵਿੱਚ ਇੱਕ ਰੋਡ ਸ਼ੋਅ ਦੌਰਾਨ ਜਦੋਂ ਭਾਜਪਾ ਸਮਰਥਕਾਂ ਨੇ ਉਸਦੇ ਸਾਹਮਣੇ ਆਕੇ , ਮੋਦੀ ਦੇ ਹੱਕ ਵਿੱਚ ਨਾਅਰੇ ਮਾਰੇ ਤਾਂ ਉਹ ਆਪਣੀ ਗੱਡੀ ਵਿੱਚੋਂ ਉਤਰ ਕੇ ਉਨ੍ਹਾਂ ਭਾਜਪਾ ਸਮਰਥਕਾਂ ਕੋਲ ਚਲੇ ਗਈ, ਅਤੇ ਉਨ੍ਹਾਂ ਨੂੰ ਮੋਦੀ ਦੇ ਹੱਕ ਵਿੱਚ ਨਾਅਰੇ ਮਾਰਨ ਤੇ ਮੁਬਾਰਕਬਾਦ ਦੇਂਦਿਆਂ ਪ੍ਰੀਅੰਕਾ ਨੇ ਆਖਿਆ ਕਿ ਆਪਾਂ ਦੋਵੇਂ ਆਪਣੀ ਆਪਣੀ ਥਾਂ ਠੀਕ ਹਾਂ। ਉਸ ਕਿਹਾ, ਤੁਸੀਂ ਆਪਣੇ ਲੀਡਰ ਦੇ ਹੱਕ ਵਿਚ ਨਾਅਰੇ ਮਾਰ ਸਕਦੇ ਹੋ। ਇਹ ਸੁਣ ਕੇ ਭਾਜਪਾ ਸਮਰਥਕ ਹੈਰਾਨ ਰਹਿ ਗਏ।
ਮਾਇਆਵਤੀ, ਮਮਤਾ ਬੈਨਰਜੀ,ਨਵਜੋਤ ਸਿੰਘ ਸਿੱਧੂ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਨਾਲ ਪੰਜਾਬ ਕਾਂਗਰਸ ਦੇ ਪਹਿਲੇ ਅਤੇ ਦੂਜੇ ਨੰਬਰ ਦੇ ਲੀਡਰਾਂ ਦਾ ਵੀ ਇਹ ਹੀ ਹਾਲ ਹੈੈ। ਕੈਪਟਨ ਅਮਰਿੰਦਰ ਸਿੰਘ ਜਿੱਥੇ ਤੁੰਨ ਦੇਣ ਦੇ, ਬੇਅੰਤ ਸਿੰਘ ਵਾਲੇ ਲਲਕਾਰੇ ਮਾਰ ਰਿਹਾ ਹੈ ਉੱਥੇ ਮੰਡੀ ਕਲਾਂ ਵਿੱਚ ਸੁਖਬੀਰ ਸਿੰਘ ਬਾਦਲ ਆਪਣੇ ਵਿਰੋਧੀਆਂ ਨੂੰ ਸਾਰੀ ਉਮਰ ਜੇਲ੍ਹ ਵਿੱਚੋਂ ਨਾ ਨਿਕਲਣ ਦੇਣ ਦੀਆਂ ਚੇਤਾਵਨੀਆਂ ਦੇ ਰਿਹਾ ਹੈੈ।
19 ਤਰੀਕ ਨੂੰ ਆਖਰੀ ਗੇੜ ਦੀਆਂ ਵੋਟਾਂ ਪੈ ਜਾਣੀਆਂ ਹਨ। 23 ਨੂੰ ਨਤੀਜੇ ਆ ਜਾਣੇ ਹਨ, ਫਿਰ ਨਵੀਂ ਸਰਕਾਰ ਲਈ ਜੋੜ ਤੋੜ ਸ਼ੁਰੂ ਹੋ ਜਾਵੇਗਾ। ਕਰੋੜਾਂ ਰੁਪਏ ਦਾ ਲੈਣ ਦੇਣ ਬੰਦੇ ਖਰੀਦਣ ਲਈ ਮਈ ਦੇ ਆਖਰੀ ਹਫਤੇ ਵਿਚ ਹੋਵੇਗਾ।
ਪਰ ਕੀ ਇਹ ਹੀ ਰਾਜਨੀਤੀ ਹੈੈ? ਕੀ ਸਿਰਫ ਜਿੱਤਣਾਂ ਹੀ ਜਮਹੂਰੀਅਤ ਹੈੈ? ਕੀ ਏਨੇ ਨੀਵੇਂ ਗਿਰਕੇ ਵਿਰੋਧੀਆਂ ਨੂੰ ਸ਼ਬਦਾਂ ਨਾਲ ਕਤਲ ਕਰਨਾ ਹੀ ਰਾਜਨੀਤੀ ਹੈੈ?
ਕੀ ਇਸ ਦੇਸ਼ ਵਿੱਚ ਕੋਈ ਅਜਿਹਾ ਬਚਿਆ ਰਹਿ ਗਿਆ ਹੈ, ਜੋ ਸਮਾਜ ਅਤੇ ਰਾਜਨੀਤੀ ਨੂੰ ਕੋਈ ਉਸਾਰੂ ਅਤੇ ਸੱਭਿਅਕ ਰੁਖ ਦੇਣ ਦਾ ਦਰਦ ਲਈ ਬੈਠਾ ਹੈੈ? ਕੀ ਸਿਆਣੇ ਲੋਕ ਭਾਰਤੀ ਰਾਜਨੀਤੀ ਵਿੱਚੋਂ ਬਾਹਰ ਧੱਕ ਦਿੱਤੇ ਜਾਣਗੇ?
ਅਜਿਹੇ ਬਹੁਤ ਸਾਰੇ ਸੁਆਲ ਹਨ ਜੋ ਇਸ ਜਹਿਰੀਲੀ ਰਾਜਨੀਤੀ ਦੇ ਧੂਮ-ਧੜੱਕੇ ਹੇਠ ਦਬੇ ਪਏ ਹਨ, ਜੋ ਦਹਾਕਿਆਂ ਤੋਂ ਜਵਾਬ ਮੰਗ ਰਹੇ ਹਨ।