ਇਸ ਮਹੀਨੇ ੬ ਜੁਲਾਈ ਨੂੰ ਦਰਬਾਰ ਸਾਹਿਬ ਸਮੂਹ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਹੋਰ ਸ਼ਹੀਦੀ ਯਾਦਗਾਰ ਗੈਲਰੀ ਬਣਾਉਣ ਦੀ ਕਾਰਸੇਵਾ, ਦਮਦਮੀ ਟਕਸਾਲ ਦੇ ਇੱਕ ਧੜੇ ਦੇ ਮੁੱਖੀ ਬਾਬਾ ਹਰਨਾਮ ਸਿੰਘ ਨੂੰ ਸੌਪੀ ਗਈ ਹੈ। ਇਹ ਸ਼ਹੀਦੀ ਗੈਲਰੀ ਪਹਿਲਾਂ ਤੋਂ ਉਸਾਰੀ ਗਈ ਜੂਨ ੮੪ ਫੌਜੀ ਹਮਲੇ ਨਾਲ ਸਬੰਧਤ ਸ਼ਹੀਦੀ ਯਾਦਗਾਰ ਦੇ ਹੇਠਾਂ ਜ਼ਮੀਨਦੋਜ਼ ਉਸਾਰੀ ਜਾਵੇਗੀ। ਇਸਦੀ ਕਾਰਸੇਵਾ ਬਾਬਾ ਹਰਨਾਮ ਸਿੰਘ ਦੀ ਅਗਵਾਈ ਹੇਠ ਪੂਰੇ ਜੋਰ-ਸ਼ੋਰ ਤੇ ਚੱਲ ਰਹੀ ਹੈ।
ਇਸ ਸ਼ਹੀਦੀ ਗੈਲਰੀ ਬਾਰੇ ਸੂਝਵਾਨ ਸਿੱਖ ਬੁਧੀਜੀਵੀਆਂ ਤੇ ਕੁਝ ਐਸ.ਜੀ.ਪੀ.ਸੀ, ਮੈਂਬਰਾਂ ਨੇ ਵੀ ਪ੍ਰਸ਼ਨਚਿੰਨਤਾ ਜਿਤਾਈ ਹੈ ਤੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਇਕੋ ਸਮੂਹ ਹਵਿੱਚ ਦੋ ਯਾਦਗਰੀ ਗੈਲਰੀਆਂ ਕਿਵੇਂ ਹੋ ਸਕਦੀਆਂ ਹਨ ਕਿਉਂਕਿ ਦਰਬਾਰ ਸਾਹਿਬ ਸਮੂਹ ਵਿੱਚ ੧੯੫੮ ਤੋਂ ਕੇਂਦਰੀ ਸਿੱਖ ਅਜਾਇਬ ਘਰ ਪਹਿਲਾਂ ਹੀ ਉਸਾਰਿਆਂ ਜਾ ਚੁੱਕਾ ਹੈ ਜਿਸ ਵਿੱਚ ਗੁਰੂ ਸਾਹਿਬਾਨ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦੀਆਂ ਸਹਾਦਤਾਂ ਸਿੰਘ, ਸਿੰਘਣੀਆਂ ਦੀਆਂ ਅਥੱਕ ਘਾਲਣਾਵਾਂ ਨੂੰ ਦਰਸਾਉਂਦੀਆਂ ਤਸਵੀਰਾਂ ਇਤਿਹਾਸ ਨੂੰ ਬਾਖੂਬੀ ਬਿਆਨ ਕਰਦੀਆਂ ਹਨ।
ਇਸੇ ਤਰਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਦੇ ਸਮੇਂ ਤੇ ਸਿੱਖ ਰਾਜ ਨਾਲ ਸਬੰਧਤ ਬੇਸ਼ਮਾਰ ਕੀਮਤੀ ਨਿਸ਼ਾਨੀਆਂ ਨਾਲ ਜੁੜਿਆਂ ਹੋਇਆ ਇਤਿਹਾਸ ਤੇ ਇਸੇ ਤਰਾਂ ਸਿੱਖ ਰਾਜ ਤੋਂ ਬਾਅਦ ਭਾਰਤ ਦੀ ਅਜ਼ਾਦੀ ਨਾਲ ਜੁੜਿਆ ਸਿੱਖਾਂ ਦਾ ਯੋਗਦਾਨ, ਗੁਰਦੁਆਰਿਆਂ ਨੂੰ ਮਸੰਦਾਂ ਤੋਂ ਅਜਾਦ ਕਰਵਾਉਣ ਦਾ ਇਤਿਹਾਸ ਵੀ ਇਸੇ ਕੇਂਦਰੀ ਅਜਾਇਬ ਘਰ ਵਿੱਚ ਸਸ਼ੋਬਿਤ ਹੈ। ਇਸੇ ਤਰਾਂ ਭਾਰਤ ਦੀ ਅਜਾਦੀ ਨਾਲ ਜੁੜੇ ਹੋਰ ਪਹਿਲੂ ਜੋ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦੇ ਹਨ ਉਹ ਵੀ ਇਸੇ ਕੇਂਦਰੀ ਅਜਾਇਬ ਘਰ ਵਿੱਚ ਤਸਵੀਰਾਂ ਰਾਹੀਂ ਸਸ਼ੋਬਿਤ ਕੀਤਾ ਗਿਆ ਹੈ। ਇਸੇ ਤਰਾਂ ਭਾਰਤ ਦੀ ਅਜ਼ਾਦੀ ਤੋਂ ਬਾਅਦ ਸਿੱਖਾਂ ਵੱਲੋਂ ਪੰਜਾਬ ਸੂਬੇ ਤੇ ਪੰਜਾਬ ਨਾਲ ਜੁੜੇ ਹੋਰ ਮੁੱਦਿਆਂ ਬਾਰੇ ਲੜੇ ਗਏ ਸੰਘਰਸ਼ ਨਾਲ ਜੁੜੀਆਂ ਯਾਦਗਾਰਾਂ ਵੀ ਇਸੇ ਕੇਂਦਰੀ ਅਜਾਇਬ ਘਰ ਵਿੱਚ ਮੌਜੂਦ ਹਨ। ਇਥੋਂ ਤੱਕ ਕਿ ੧੯੭੮ ਦਾ ਅਮ੍ਰਿਤਸਰ ਵਿੱਚ ਵਿਸਾਖੀ ਸਮੇਂ ਹੋਇਆਂ ਨਿਰੰਕਾਰੀਆਂ ਵੱਲੋਂ ਸਿੱਖਾਂ ਦੇ ਖੂਨੀ ਸਾਕੇ ਦੀਆਂ ਤਸਵੀਰਾਂ ਮਾਣ ਸਹਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਨ। ਇਸੇ ਤਰਾਂ ਜੂਨ ੧੯੮੪ ਦੇ ਫੌਜੀ ਹਮਲੇ ਦੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਇਸ ਸਿੱਖ ਅਜਾਇਬ ਘਰ ਵਿੱਚ ਮੌਜੂਦ ਹਨ। ਫੌਜੀ ਸਾਕੇ ਦੇ ਪ੍ਰਮੁੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਦੀਆਂ ਤਸਵੀਰਾਂ ਵੀ ਇਸ ਕੇਂਦਰ ਘਰ ਦੇ ਇਤਿਹਾਸ ਦੀ ਸ਼ਾਨ ਹਨ। ਫੌਜੀ ਸਾਕੇ ਤੋਂ ਬਾਅਦ ਉਸਦਾ ਬਦਲਾ ਲੈਣ ਵਾਲੇ ਸੂਰਬੀਰ ਸਿੰਘ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਅਤੇ ਇਸੇ ਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇ ਸਿੰਘ ਦੀਆਂ ਤਸਵੀਰਾਂ ਇਸ ਅਜਾਇਬ ਘਰ ਵਿੱਚ ਹਨ।
ਇਹ ਜਰੂਰ ਹੈ ਕਿ ਕੇਂਦਰੀ ਸਿੱਖ ਅਜਾਇਬ ਘਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਬਾਰ ਬਾਰ ਵਾਅਦੇ ਕਰਨ ਦੇ ਬਾਵਜੂਦ ਆਧੁਨਿਕ ਲੀਹਾਂ ਤੇ ਨਹੀਂ ਲਿਆਂਦਾ ਗਿਆ। ਨਾ ਹੀ ਫੌਜੀ ਸਾਕੇ ਦੌਰਾਨ ਪੰਜਾਬ ਵਿੱਚ ੩੨ ਹੋਰ ਗੁਰਦੁਆਰਾ ਸਾਹਿਬਾਨ ਤੇ ਫੌਜ ਵੱਲੋਂ ਕੀਤੀ ਕਾਰਵਾਈ ਬਾਰੇ ਕੋਈ ਇਤਿਹਾਸਕ ਪੰਨਾ ਇਸ ਕੇਂਦਰੀ ਅਜਾਇਬ ਘਰ ਵਿੱਚ ਮੌਜੂਦ ਹੈ ਤੇ ਨਾ ਹੀ ਉਨਾਂ ਗੁਰਦੁਆਰਾ ਸਾਹਿਬਾਨਾ ਵਿੱਚ ਉਸ ਜੂਨ ੮੪ ਦੇ ਇਤਿਹਾਸ ਨੂੰ ਸੰਭਾਲਣ ਦੀ ਕੋਸ਼ਿਸ ਕੀਤੀ ਗਈ ਹੈ। ਹੁਣ ਜੋ ਦਮਦਮੀ ਟਕਸਾਲ ਬਾਬਾ ਹਰਨਾਮ ਸਿੰਘ ਵਾਲੀ ਅਤੇ ਸ਼੍ਰੋਮਣੀ ਕਮੇਟੀ ਦਾ ਜੋ ਦਾਅਵਾ ਹੈ ਕਿ ਅਸੀਂ ਫੌਜੀ ਸਾਕੇ ਨਾਲ ਸਬੰਧਤ ਸਮੂਹ ਸਿੰਘਾਂ ਸਿੰਘਣੀਆਂ ਦਾ ਸ਼ਹੀਦੀ ਨਾਲ ਜੁੜਿਆ ਇਤਿਹਾਸ ਸ਼ਹੀਦੀ ਗੈਲਰੀ ਵਿੱਚ ਸਾਂਭਣ ਜਾ ਰਹੇ ਹਾਂ, ਇਹ ਸਿਰਫ ਕੇਂਦਰੀ ਸਿੱਖ ਅਜਾਇਬ ਘਰ ਦੀ ਮਹੱਤਤਾ ਨੂੰ ਵੰਡਣਾ ਹੈ। ਕਿਉਂਕਿ ਇਸਤੋਂ ਪਹਿਲਾਂ ਵੀ ਉਸਾਰੀ ਗਈ ਇਸ ਸ਼ਹੀਦੀ ਯਾਦਗਾਰ ਬਾਰੇ ਵੀ ਕਈ ਕਿੰਤੂ ਪ੍ਰੰਤੂ ਉਠੇ ਸਨ ਪਰ ਉਨਾਂ ਨੂੰ ਸਿਆਸੀ ਕਾਰਨਾਂ ਕਰਕੇ ਤੇ ਜਾਤੀ ਰਾਜ਼ਸੀ ਲਾਹੇ ਲੈਣ ਕਰਕੇ ਅਣਗੌਲਿਆਂ ਕਰ ਦਿੱਤਾ ਗਿਆ ਸੀ। ਜਿਵੇਂ ਕਿ ਹੁਣ ਉਸਾਰੀ ਗਈ ਦੂਸਰੀ ਯਾਦਗਾਰ ਬਾਰੇ ਕਿਸੇ ਵੀ ਸੂਝਵਾਨ ਦੇ ਵਿਚਾਰ ਨੂੰ ਵਿਚਾਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਸਿੱਖ ਇਤਿਹਾਸ ਜੂਨ ੮੪ ਦੇ ਸਾਕੇ ਨਾਲ ਹੀ ਖਤਮ ਹੋਣ ਵਾਲਾ ਨਹੀਂ ਹੈ। ਇਹ ਸਮੇਂ ਦੇ ਨਾਲ ਆਪਣੀ ਕਰਵਟ ਬਦਲਦਾ ਰਹੇਗਾ ਤੇ ਚੱਲਦਾ ਰਹੇਗਾ। ਜਿਸ ਨੂੰ ਸਮੇਂ ਸਿਰ ਸੰਭਾਲਣ ਦੀ ਲੋੜ ਹੈ। ਕਿਉਂਕਿ ਅਜੇ ਸਿੱਖ ਕੌਮ ਅੱਜ ਵੀ ਆਪਣੇ ਆਪ ਨੂੰ ਪ੍ਰਭੂਸੱਤ ਤੇ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਤੇ ਨਾ ਹੀ ਇਸ ਤਰਾਂ ਦਾ ਕੋਈ ਅਹਿਸਾਸ ਵਧਾਉਣ ਵਿੱਚ ਭਾਰਤ ਦਾ ਮੌਜੂਦਾ ਵਾਤਾਵਰਣ ਸਹਾਈ ਹੋ ਰਿਹਾ ਹੈ।