ਕੌਮਾਂਤਰੀ ਪੱਧਰ ਤੇ ਵੱਡੀਆਂ ਚੁਣੌਤੀਆਂ ਨਾਲ ਜੂਝ ਰਹੀ ਸਿੱਖ ਕੌਮ ਲਈ ਪਿਛਲਾ ਹਫਤਾ ਇੱਕ ਰਮਣੀਕ ਜਿਹੀ ਹਵਾ ਦੇ ਬੁੱਲੇ ਵਰਗਾ ਆਇਆ ਹੈ। ਪਿਛਲੇ ਹਫਤੇ ਸਿੱਖ ਸੰਘਰਸ਼ ਦੇ ਦੋ ਨਾਇਕਾਂ ਦੀ ਪੈਰੋਲ ਤੇ ਰਿਹਾਈ ਹੋਈ ਹੈ। ਭਾਈ ਗੁਰਦੀਪ ਸਿੰਘ ਖੈੜਾ ਅਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਕੁਝ ਦਿਨਾਂ ਲਈ ਪੈਰੋਲ ਤੇ ਰਿਹਾ ਹੋ ਕੇ ਆਪਣੇ ਘਰ ਵਾਪਸ ਆਏ ਹਨ। ਸਿੱਖ ਕੌਮ ਨੇ ਇਨ੍ਹਾਂ ਦੋਹਾਂ ਸ਼ੰਘਰਸ਼ੀਲ ਸੱਜਣਾਂ ਦੀ ਥੋੜ੍ਹ-ਚਿਰੀ ਰਿਹਾਈ ਤੇ ਖੁਸ਼ੀ ਸਾਂਝੀ ਕੀਤੀ ਹੈ।
ਆਮ ਤੌਰ ਤੇ ਹੁੰਦਾ ਹੈ ਕਿ ਲੰਮੇ ਕੌਮੀ ਸੰਘਰਸ਼ਾਂ ਵਿੱਚ ਲੋਕ ਸ਼ਹਾਦਤਾਂ ਵੀ ਦੇਂਦੇ ਹਨ, ਲੰਬੀਆਂ ਜੇਲ਼੍ਹਾਂ ਵੀ ਕੱਟਦੇ ਹਨ, ਜਬਰ ਵੀ ਸਹਿੰਦੇ ਹਨ ਅਤੇ ਫਿਰ ਰਿਹਾ ਹੋਕੇ ਅਗਲੇ ਪੜਾਅ ਵੱਲ ਤੁਰ ਪੈਂਦੇ ਹਨ, ਪਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਿੱਖ ਲਹਿਰ ਨਾਲ ਸਬੰਧਤ ਅਜਿਹਾ ਸ਼ਖਸ਼ ਹੋ ਨਿਬੜਿਆ ਹੈ ਜਿਸਨੂੰ ਸਿੱਖ ਕੌਮ ਨੇ ਬੇਹੱਦ ਪਿਆਰ ਦਿੱਤਾ ਹੈ। ਆਪਣੀ ਗ੍ਰਿਫਤਾਰੀ ਤੋਂ ਲੈ ਕੇ ਉਹ ਫਾਂਸੀ ਦੀ ਸਜ਼ਾ, ਉਸ ਸਜ਼ਾ ਵਿਰੁੱਧ ਚੱਲੇ ਸੰਘਰਸ਼ ਅਤੇ ਫਿਰ ਫਾਂਸੀ ਮੁਆਫੀ ਤੋਂ ਲੈਕੇ ਰਿਹਾਈ ਦੀ ਉਮੀਦ ਲਈ ਸੰਘਰਸ਼ ਤੱਕ ਦਵਿੰਦਰਪਾਲ ਸਿੰਘ ਭੁੱਲਰ ਨੂੰ ਕੌਮ ਨੇ ਆਪਣਾਂ ਸਮਝ ਕੇ ਨਾ ਸਿਰਫ ਪਿਆਰ ਦਿੱਤਾ ਬਲਕਿ ਉਸ ਨਾਲ ਆਪਣੀ ਇੱਕਮਿੱਕਤਾ ਵੀ ਸਾਂਝੀ ਕੀਤੀ। ਉਨ੍ਹਾਂ ਨੂੰ ਸਿੱਖ ਕੌਮ ਦੇ ਹਰ ਰਾਜਸੀ ਰੰਗ ਦੇ ਲੋਕਾਂ ਨੇ ਪਿਆਰ ਦਿੱਤਾ।
ਬੇਸ਼ੱਕ ਭਾਈ ਗੁਰਦੀਪ ਸਿੰਘ ਖੈੜਾ ਵੀ ਗੁਰੂ ਦੇ ਪ੍ਰੇਮ ਵਿੱਚ ਬਹੁਤ ਹੀ ਸਾਦਗੀ ਅਤੇ ਸਿਦਕਦਿਲੀ ਨਾਲ ਆਪਣੀ ਕੈਦ ਕੱਟ ਰਹੇ ਸਨ ਪਰ ਉਨ੍ਹਾਂ ਦਾ ਨਾਅ ਸਾਹਮਣੇ ਆ ਜਾਣ ਤੋਂ ਬਾਅਦ ਉਹ ਵੀ ਸਿੱਖ ਕੌਮ ਦੀ ਸਰਗਰਮੀ ਦਾ ਕੇਂਦਰ ਬਣ ਗਏ।
ਭਾਈ ਗੁਰਦੀਪ ਸਿੰਘ ਖੈੜਾ ਅਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਇਹ ਕੌਮੀ ਪਿਆਰ ਉਨ੍ਹਾਂ ਵੱਲੋਂ ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ ਨਿਭਾਉਣ ਦੇ ਜਜਬੇ ਕਾਰਨ ਮਿਲਿਆ।
ਕੋਈ ਏਨੇ ਸਬਰ ਨਾਲ,ਏਨੇ ਸਿਦਕ ਨਾਲ ਏਨੀ ਲੰਬੀ ਜੇਲ਼੍ਹ ਵੀ ਕੱਟ ਸਕਦਾ ਹੈ, ਇਹ ਸਿਦਕ ਹੀ ਕੌਮੀ ਜਜਬੇ ਦਾ ਪ੍ਰਤੀਕ ਬਣਿਆ। ਸਿੱਖ ਅਰਦਾਸ ਦੀ ਰੁਹਾਨੀਅਤ ਇਸ ਜਜਬੇ ਨਾਲ ਪੈਰ ਪੈਰ ਤੇ ਤੁਰਦੀ ਰਹੀ।ਜੁਲਮ ਦੀਆਂ ਹਨੇਰੀਆਂ ਨੇ ਵੀ ਇਸ ਜਜਬੇ ਨੂੰ ਖਤਮ ਨਹੀ ਹੋਣ ਦਿੱਤਾ।
ਸਿੱਖੀ ਸਿਦਕ ਮਹਿਜ਼ ਕੋਈ ਆਮ ਸ਼ਬਦਾਂ ਵਰਗੇ ਸ਼ਬਦ ਜਾਂ ਚਲੰਤ ਫਲਸਫੇ ਨਹੀ ਹਨ। ਜਿਨ੍ਹਾਂ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ, ਇਨ੍ਹਾਂ ਸ਼ਬਦਾਂ ਦਾ ਪੂਰਾ ਅਰਥ ਤਾਂ ਉਹ ਹੀ ਸਮਝ ਸਕਦਾ ਹੈ, ਜਿਸਦੀ ਪ੍ਰਤੀਤੀ ਦੇ ਸਰਬ ਕਪਾਟ, ਅਰਦਾਸ ਦੀਆਂ ਡੂੰਘਾਣਾਂ ਵਿੱਚ ਉਤਰਕੇ, ਸਿੱਖ ਯਾਦ ਨੂੰ ਆਪਣੇ ਵਿੱਚ ਸਮਾ ਲੈਣ। ਅਰਦਾਸ ਦੀਆਂ ਇਨ੍ਹਾਂ ਰੁਹਾਨੀ ਡੂਘਾਣਾਂ ਵਿੱਚ ਉਤਰਕੇ ਹੀ ਖਾਲਸਾ ਪੰਥ, ਹਿੰਸਕ ਬੇਕਿਰਕੀ ਦੇ ਸਮੇਂ ਦੌਰਾਨ ਵੀ ਸਹਿਜ ਦਾ ਵਿਗਾਸ ਕਰਦਾ ਹੈ। ਇਸੇ ਲਈ ਸਿੱਖ ਚਰਿੱਤਰ ਆਪਣੀ ਰੁਹਾਨੀ ਜਿੱਤ ਦੇ ਪਰਚਮ ਬੇਕਿਰਕ ਦੁਸ਼ਮਣਾਂ ਦੀ ਮਾਨਸਿਕਤਾ ਤੇ ਵੀ ਗੱਡ ਦੇਂਦਾ ਹੈ। ਅਰਦਾਸ ਦੀ ਪਾਵਨਤਾ ਹੀ ਲਹੂ-ਲੁਹਾਣ ਚਰਖੜੀਆਂ ਅਤੇ ਮੁਸੀਬਤਾਂ ਦੀ ਸਰਸਾ ਅੰਦਰ ਖਾਲਸੇ ਨੂੰ ‘ਗੁਰੂ ਦੇ ਪੁੱਤਰ’ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਇਸ ਹਾਲਤ ਵਿੱਚ ਖਾਲਸਾ ਸ਼ਮਸ਼ੀਰਾਂ ਦੇ ਵਜਦ ਅੰਦਰ, ਲਹੂ ਦੀਆਂ ਪੈੜਾਂ ਉਤੇ ਤੁਰਦਾ ਹੋਇਆ ਵੀ ਗੁਰੂ ਵੱਲੋਂ ਬਖਸ਼ੀ ਆਬਿ-ਹਯਾਤ ਪੀਣ ਲਈ ਵਧਦਾ ਰਹਿੰਦਾ ਹੈ।
ਗੁਰੂ ਸਾਹਿਬ ਨੇ ਆਪਣੀ ਵਿਚਾਰਧਾਰਾ ਅਤੇ ਆਪਣੇ ਜੀਵਨ ਅਮਲ ਰਾਹੀਂ ਸਿੱਖਾਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ, ਖਾਲਸਾ ਉਨ੍ਹਾਂ ਰਾਜਸੀ ਪ੍ਰਸਥਿਤੀਆਂ ਨੂੰ ਲਿਆਉਣ ਲਈ ਹਮੇਸ਼ਾ ਹੀ ਜੱਦੋ-ਜਹਿਦ ਕਰੇਗਾ, ਜਿਹੜੀਆਂ ਉਸਦੇ ਧਰਮ ਦੇ ਆਤਮਕ ਸਰੂਪ ਨੂੰ ਸੁਤੰਤਰ ਸੁਅੱਛ ਤੇ ਤਾਜ਼ਾ ਰੱਖ ਸਕਣ। ਜੇ ਜਮਹੂਰੀਅਤ ਖਾਲਸੇ ਧਰਮ ਦੇ ਆਤਮਕ ਸਰੂਪ ਨੂੰ ਬਾਂਝ ਕਰਦੀ ਹੈ ਤਾਂ ਖਾਲਸਾ ਉਸਨੂੰ ਤੋੜ ਦੇਵੇਗਾ।
ਸਿੱਖ ਫਲਸਫੇ ਦੇ ਇਸ ਪਵਿੱਤਰ ਸੰਦੇਸ਼ ਦੇ ਡੂੰਘੇ ਅਰਥਾਂ ਨੂੰ ਸਮਝ ਕੇ ਹੀ ਕਿਸੇ ਇੰਜਨੀਅਰਿੰਗ ਕਾਲਜ ਵਿੱਚ ਵਿਦਿਆ ਦਾ ਦਾਨ ਦੇ ਰਹੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੇ ਸੰਘਰਸ਼ਮਈ ਜੀਵਨ ਨੂੰ ਸਮਝਿਆ ਜਾ ਸਕਦਾ ਹੈ। ਜੇ ਜਮਹੂਰੀਅਤ ਖਾਲਸੇ ਦੇ ਧਾਰਮਕ ਅਤੇ ਆਤਮਕ ਸਰੂਪ ਨੂੰ ਖਤਮ ਕਰਨ ਵੱਲ ਵਧਦੀ ਹੈ ਤਾਂ ਖਾਲਸਾ ਉਸ ਜਮਹੂਰੀਅਤ ਤੋਂ ਖਹਿੜਾ ਛੁਡਾਉਣ ਲਈ ਜੀਵਨ ਭਰ ਜੱਦੋ-ਜਹਿਦ ਕਰੇਗਾ।
ੁਉਨ੍ਹਾਂ ਦੇ ਨਾਲ ਰਹੇ ਵੀਰ ਦੱਸਦੇ ਹਨ ਕਿ ਆਪ ਬਹੁਤ ਸ਼ਾਂਤ ਸੁਭਾਅ ਦੇ ਮਾਲਕ ਸਨ ਅਤੇ ਕੌਮੀ ਜਜਬਾ ਆਪ ਵਿੱਚ ਰੁਹਾਨੀਅਤ ਵਾਂਗ ਭਰਿਆ ਹੋਇਆ ਸੀ। ਸ਼ਾਇਦ ਇਸੇ ਸਹਿਜ ਕਰਕੇ ਹੀ ਆਪ ਲੰਬੀਆਂ ਕਾਲ ਕੋਠੜੀਆਂ ਅਤੇ ਫਾਂਸੀ ਦੀਆਂ ਸਜ਼ਾਵਾਂ ਨੂੰ ਵੀ ਖਿੜੇ ਮੱਥੇ ਪਰਵਾਨ ਕਰਨ ਦਾ ਜੇਰਾ ਕਰਦੇ ਸਨ। ਜਦੋਂ ੨੦੦੨ ਵਿੱਚ ਭਾਈ ਦਵਿੰਦਰਪਾਲ ਸਿੰਘ ਦੀ ਫਾਂਸੀ ਦੀ ਸਜ਼ਾ ਵਿਰੁੱਧ ਪਾਈ ਰਿਵਿਊ ਪਟੀਸ਼ਨ ਰੱਦ ਹੋ ਗਈ ਤਾਂ ਆਪ ਨੇ ਖਾਲਸਾ ਪੰਥ ਦੀ ਖਾਤਰ ਫਾਂਸੀ ਤੇ ਚੜ੍ਹਨ ਦਾ ਇਰਾਦਾ ਪ੍ਰਗਟਾ ਦਿੱਤਾ ਸੀ। ਆਪ ਅਗਲੀ ਪਟੀਸ਼ਨ ਲਈ ਵਕੀਲ ਦੇ ਕਾਗਜ਼ਾਂ ਤੇ ਦਸਤਖਤ ਨਹੀ ਸੀ ਕਰ ਰਹੇ। ਆਪ ਨੇ ਸ਼ਪਸ਼ਟ ਕਹਿ ਦਿੱਤਾ ਸੀ ਕਿ ਉਹ ਫਾਂਸੀ ਚੜ੍ਹਨ ਲਈ ਤਿਆਰ ਹਨ। ਪਰ ਆਪਦੇ ਬਹੁਤ ਹੀ ਨਿੱਘੇ ਮਿੱਤਰਾਂ ਨੇ ਆਪ ਨੂੰ ਆਪਣੀ ਲੰਬੀ ਦੋਸਤੀ ਦਾ ਵਾਸਤਾ ਪਾ ਕੇ ਮਨਾ ਲਿਆ। ਕਿਉਂਕਿ ਦੋਸਤ ਆਪਣਾਂ ਹੋਰ ਸੰਗੀ ਅਤੇ ਪੰਥ ਦੇ ਵੱਡੇ ਦਿਮਾਗ ਨੂੰ ਗਵਾਉਣਾਂ ਨਹੀ ਸੀ ਚਾਹੁੰਦੇ ਅਤੇ ਭਾਈ ਭੁੱਲਰ ਇਹ ਜਾਣਦੇ ਸਨ ਕਿ ਉਨ੍ਹਾਂ ਦੇ ਬਹੁਤ ਦੀ ਪਿਆਰੇ ਦੋਸਤ ਭਾਈ ਨਵਨੀਤ ਸਿੰਘ ਨੇ ਆਪ ਨੂੰ ਬਚਾਉਣ ਲਈ ਆਪਣੇ ਜੀਵਨ ਦੀ ਬਲੀ ਦੇ ਦਿੱਤੀ ਸੀ।
ਸ਼ਾਇਦ ਇਹ ਰੁਹਾਨੀ ਦੋਸਤੀਆਂ ਸਨ ਜੋ ਸਾਰੇ ਬੰਧਨ ਤੋੜ ਕੇ ਇੱਕ ਦੂਜੇ ਲਈ ਆਪਣੀ ਜਾਨ ਦੇ ਰਹੀਆਂ ਸਨ। ਇਹ ਖਾਲਸਾ ਹੋਣ ਦਾ ਮਾਣ ਸੀ ਜੋ ਹਰ ਹਿਰਦੇ ਵਿੱਚ ਪਸਰਿਆ ਹੋਇਆ ਸੀ ਅਤੇ ਜਿਸ ਲਈ ਦੁਨਿਆਵੀ ਗਿਣਤੀਆਂ ਮਿਣਤੀਆਂ ਕੋਈ ਮਾਅਨੇ ਨਹੀ ਸੀ ਰੱਖਦੀਆਂ। ਇਹ ਰੂਹਾਂ ਸਿੱਖੀ ਸਿਦਕ ਦੇ ਸਹਾਰੇ ਹੀ ਜੀਅ ਰਹੀਆਂ ਸਨ। ਅਤੇ ਇਸ ਸਿੱਖੀ ਸਿਦਕ ਨੂੰ ਬਚਾ ਕੇ ਰੱਖਣਾਂ ਹੀ ਇਨ੍ਹਾਂ ਦਾ ਪਹਿਲਾ ਕਰਮ ਸੀ।
ਭਾਈ ਦਵਿੰਦਰਪਾਲ ਸਿੰਘ ਦੇ ਨਾਲ ਨਾਲ ਭਅਈ ਗੁਰਦੀਪ ਸਿੰਘ ਖੈੜਾ ਦੀ ਅਡਿੱਗ ਅਤੇ ਸਬਰ ਸੰਤੋਖ ਵਾਲੀ ਜੇਲ਼੍ਹ ਜਿੰਦਗੀ ਨੂੰ ਖਾਲਸੇ ਦੇ ਵਜਦ ਦਾ ਪਵਿੱਤਰ ਸਰੂਪ ਹੀ ਸਮਝਣਾਂ ਚਾਹੀਦਾ ਹੈ। ਉਹ ਇੱਕ ਤਰ੍ਹਾਂ ਨਾਲ ਕਾਲੇ ਪਾਣੀ ਦੀ ਸਜ਼ਾ ਕੱਟਦੇ ਰਹੇ ਹਨ। ਪਰ ਇਸਦੇ ਬਾਵਜੂਦ ਵੀ ਉਨ੍ਹਾਂ ਆਪਣੇ ਗੁਰੂ ਨਾਲ ਆਪਣੇ ਪਿਆਰ ਅਤੇ ਆਪਣੇ ਸਿਦਕ ਨੂੰ ਮੱਠਾ ਨਹੀ ਪੈਣ ਦਿੱਤਾ।
ਆਮ ਤੌਰ ਤੇ ਹੁੰਦਾ ਹੈ ਕਿ ਲੰਬੀਆਂ ਜੇਲ਼੍ਹਾਂ ਵੱਡੇ ਵੱਡਿਆਂ ਨੂੰ ਮਿੱਟੀ ਕਰ ਦੇਂਦੀਆਂ ਹਨ ਪਰ ਭਾਈ ਗੁਰਦੀਪ ਸਿੰਘ ਨੇ ਜਿਸ ਮਾਣ ਨਾਲ ਜੇਲ਼੍ਹ ਕੱਟੀ ਹੈ ਉਹ ਆਪਣੇ ਆਪ ਵਿੱਚ ਇਤਿਹਾਸ ਦਾ ਹਿੱਸਾ ਹੈ। ਕਿਸੇ ਬੇਗਾਨੇ ਹਿੱਸੇ ਵਿੱਚ ਦਸਤਾਰ ਅਤੇ ਕੇਸਾਂ ਦਾ ਸਤਿਕਾਰ ਏਨੇ ਲੰਬੇ ਸਮੇਂ ਤੱਕ ਕਾਇਮ ਰੱਖਣਾਂ ਇਹ ਉਨ੍ਹਾਂ ਲੋਕਾਂ ਦੇ ਹੀ ਹਿੱਸੇ ਆਇਆ ਹੈ ਜਿਨ੍ਹਾਂ ਨੇ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਉਣ ਦੇ ਵਿਚਾਰ ਨੂੰ ਡੂਘਾਈ ਤੱਕ ਜਾਣ ਲਿਆ ਸੀ।