ਹਰ ਇੱਕ ਸਾਲ ਦੀ ਤਰਾਂ ਇਸ ਵਾਰ ਵੀ ਭਾਰਤੀ ਕਿਸਾਨੀ ਨੂੰ ਵੱਡੇ ਪੱਧਰ ਤੇ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪਿਆ ਹੈ। ਰਿਪੋਟਾਂ ਅਨੁਸਾਰ ਦੇਸ਼ ਦਾ ਕੁੱਲ ੧੪ ਸੌਂ ੧੦ ਲੱਖ ਹੈਕਟੇਅਰ ਵਾਹੀ ਯੋਗ ਰਕਬੇ ਵਿੱਚੋਂ ੧੮੧ ਲੱਖ ਹੈਕਟੇਅਰ ਰਕਬੇ ਵਿੱਚੋਂ ਫਸਲਾਂ ਤਬਾਹ ਹੋ ਚੁੱਕੀਆਂ ਹਨ। ਇਸ ਕੁੱਲ ਰਕਬੇ ਦਾ ੬੧ ਫੀਸਦੀ ਹਿੱਸਾ ਸਿੰਚਾਈ ਸਾਧਨਾਂ ਤੋਂ ਵਾਂਝਾ ਹੈ।
ਪਿਛਲੇ ਦਸ ਪੰਦਰਾਂ ਸਾਲਾਂ ਵਿੱਚ ਪੰਜਾਬ ਰਾਜ ਦੀ ਹੀ ਗੱਲ ਕਰ ਲਈਏ ਤਾਂ ਸਿੰਚਾਈ ਦੇ ਸਾਧਨਾਂ ਨੂੰ ਸੰਜੀਦਗੀ ਨਾਲ ਵਿਚਾਰਨ ਦੀ ਬਜਾਇ ਵੱਡੇ ਪੱਧਰ ਤੇ ਵੋਟ ਰਾਜਨੀਤੀ ਦੀ ਲਾਲਸਾ ਕਾਰਨ ਵੱਡੇ ਪੱਧਰ ਤੇ ਟਿਊਬਲ ਲਾਉਣ ਲਈ ਸਿੰਚਾਈ ਦੇ ਮੁੱਦੇ ਨੂੰ ਤਰਤੀਬ ਦੇਣ ਦੀ ਬਜਾਇ ਬਿਜਲੀ ਕੁਨੈਕਸ਼ਨ ਦੇ ਕੇ ਮੋਟਰਾਂ ਦੇ ਵਾਧੂ ਖਰਚ ਵਿੱਚ ਕਿਸਾਨੀ ਨੂੰ ਉਲਝਾਇਆ ਹੈ। ਇਸ ਸਾਲ ਜਦੋਂ ਕਸ਼ਮੀਰ ਵਿੱਚ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਕੁਦਰਤੀ ਆਫਤ ਨੇ ਕਸ਼ਮੀਰੀ ਲੋਕਾਂ ਨੂੰ ਤਹਿਸ਼-ਨਹਿਸ਼ ਕਰ ਦਿੱਤਾ ਸੀ ਤਾਂ ਇਸੇ ਭਾਰਤ ਸਰਕਾਰ ਨੇ ਹਜਾਰਾਂ ਕਰੋੜਾਂ ਦੀਆਂ ਗਰਾਂਟਾਂ ਤੁਰੰਤ ਲਾਗੂ ਕਰਨ ਦੇ ਆਦੇਸ਼ ਦੇ ਦਿੱਤੇ ਸਨ। ਇਸ ਤੋਂ ਇਲਾਵਾਂ ਸਿੱਖ ਧਰਮ ਨਾਲ ਜੁੜੀਆਂ ਸਿਰਮੌਰ ਸੰਸਥਾਵਾਂ ਐਸ.ਜੀ.ਪੀ.ਸੀ, ਡੀ.ਜੀ.ਪੀ.ਸੀ. ਅਤੇ ਪੱਛਮੀ ਮੁਲਕਾਂ ਵਿੱਚ ਬਣੀਆਂ ਸਿੱਖਾਂ ਦੀ ਸਹਾਇਤਾ ਲਈ ਜੱਥੇਬੰਦੀਆਂ ਖਾਲਸਾ ਏਡ ਅਤੇ ਯੂਨਾਈਟਡ ਸਿੱਖਸ ਵਰਗੀਆਂ ਪ੍ਰਮੁੱਖ ਸੰਸਥਾਵਾਂ ਨੇ ਖੁੱਲੇ ਦਿਲ ਨਾਲ ਕਸ਼ਮੀਰ ਵਾਦੀ ਦੇ ਲੋਕਾਂ ਦੀ ਮਾਲੀ ਅਤੇ ਹੋਰ ਲੋੜੀਂਦੀਆਂ ਵਸਤੂਆਂ ਰਾਹੀਂ ਖੁੱਲ ਕੇ ਸਹਾਇਤਾ ਕੀਤੀ ਸੀ। ਪਰ ਅੱਜ ਜਦੋਂ ਪੰਜਾਬ ਦਾ ਕਿਸਾਨ ਜਿਸ ਨੇ ਭਾਰਤ ਅਤੇ ਸਿੱਖਾਂ ਦੇ ਹਰ ਸੰਘਰਸ਼ ਵਿੱਚ ਆਪਣਾ ਤਨ, ਮਨ, ਧਨ ਖੁੱਲ ਕੇ ਵਾਰਿਆ ਹੈ ਉਸੇ ਪੰਜਾਬ ਦੇ ਕਿਸਾਨ ਦੀ ਪੰਜਾਹ ਹਜ਼ਾਰ ਹੈਕਟੇਅਰ ਤੋਂ ਵੱਧ ਫਸਲ ਪੂਰੀ ਤਰਾਂ ਬਰਬਾਦ ਹੋ ਚੁੱਕੀ ਹੈ ਪਰ ਉਸ ਨੂੰ ਸਾਂਭਣ ਲਈ ਜਾਂ ਸਹਾਇਤਾ ਕਰਨ ਲਈ ਨਾਂ ਤਾਂ ਅਜੇ ਤੱਕ ਕੋਈ ਸਰਕਾਰ ਬਹੁੜੀ ਹੈ ਤੇ ਨਾ ਹੀ ਇਹ ਸਿੱਖਾਂ ਦੀਆਂ ਸਿਰਮੌਰ ਸ਼ੰਸਥਾਵਾਂ ਨੇ ਪੰਜਾਬ ਦੀ ਕਿਸਾਨੀ ਦਾ ਹੱਥ ਫੜਨ ਵੱਲ ਮੁੱਖ ਮੋੜਿਆ ਹੈ।
ਭਾਰਤ ਦੀ ਰਾਸ਼ਟਰਵਾਦੀ ਸੋਚ ਦਾ ਸਵੈਮਾਨ ਅਤੇ ਸ਼ਰਮਿੰਦਗੀ ਦਾ ਪ੍ਰਗਟਾਵਾ ਭਾਰਤ ਦੀ ਕ੍ਰਿਕਟ ਟੀਮ ਦੀ ਵਰਲਡ ਕੱਪ ਵਿੱਚ ਹੋਈ ਜਿੱਤ ਅਤੇ ਹਾਰ ਨਾਲ ਤਾਂ ਬੁਰੀ ਤਰਾਂ ਜੁੜਿਆ ਹੋਇਆ ਹੈ ਪਰ ਜਿਸ ਭਾਰਤ ਵਿੱਚ ੭੦ ਫੀਸਦੀ ਲੋਕ ਅੱਜ ਵੀ ਕਿਸਾਨੀ ਦੇ ਕਿੱਤੇ ਨਾਲ ਜੁੜੇ ਹੋਏ ਹਨ ਉਨਾਂ ਦੀਆਂ ਹੋ ਰਹੀਆਂ ਲੱਖਾਂ ਦੀ ਤਾਦਾਦ ਵਿੱਚ ਪਿਛਲੇ ਕੁਝ ਸਾਲਾਂ ਤੋਂ ਖੁਦਕਸ਼ੀਆਂ ਅਤੇ ਕੁਦਰਤੀ ਆਫਤਾਂ ਨਾਲ ਨਾਸ ਹੋ ਰਹੀਆਂ ਫਸਲਾਂ ਬਾਰੇ ਕਦੇ ਇਸ ਤਰਾਂ ਦੀ ਰਾਸ਼ਟਰਵਾਦੀ ਸੋਚ ਦਾ ਪ੍ਰਤੀਕ ਸਾਹਮਣੇ ਨਹੀਂ ਆਇਆ ਹੈ। ਜਦਕਿ ਜੇ ਪੰਜਾਬ ਦੀ ਹੀ ਗੱਲ ਕਰ ਲਈਏ ਤਾਂ ਇਥੋਂ ਦੇ ਭਾਰਤ ਦੇ ਕੁੱਲ ਵਾਹੀਯੋਗ ਰਕਬੇ ਵਿੱਚੋਂ ਭਾਵੇਂ ਦੋ ਫੀਸਦੀ ਰਕਬਾ ਹੀ ਹਿੱਸੇ ਆਉਂਦਾ ਹੈ ਤਾਂ ਵੀ ਇਸ ਨੇ ਇਸੇ ਭਾਰਤ ਨੂੰ ਜੋ ਕੁਝ ਦਹਾਕੇ ਪਹਿਲਾਂ ਹੱਥ ਅੱਡ ਕੇ ਦੁਨੀਆਂ ਤੋਂ ਆਪਣੀ ਜਨ-ਸ਼ਕਤੀ ਦਾ ਢਿੱਡ ਭਰਨ ਲਈ ਮੰਗਦਾ ਸੀ ਉਸ ਨੂੰ ਥੋੜੇ ਸਮੇਂ ਵਿੱਚ ਹੀ ਆਪਣੀ ਸਖਤ ਮਿਹਨਤ ਰਾਹੀਂ ਮਹਿੰਗਾਈ ਦਰ ਤੋਂ ਵੀ ਘੱਟ ਕੀਮਤ ਤੇ ਵੇਚ ਭੰਡਾਰ ਭਰ ਦਿੱਤੇ ਹਨ। ਭਾਵੇਂ ਆਪ ਅੱਜ ਪੰਜਾਬ ਦਾ ਦੋ ਤਿਹਾਈ ਕਿਸਾਨ ਬੁਰੀ ਤਰਾਂ ਕਰਜੇ ਦੀ ਮਾਰ ਝੱਲ ਰਿਹਾ ਹੈ। ਮਸ਼ੀਨਰੀ ਤੋਂ ਲੈ ਕੇ ਹਰ ਖੇਤਰ ਵਿੱਚ ਬੀਮਾ ਯੋਜਨਾਵਾਂ ਦਾ ਜੋਰਦਾਰ ਦਖਲ ਹੈ ਅਤੇ ਅਕਸਰ ਇਹ ਦੇਖਣ ਵਿੱਚ ਆਇਆ ਹੈ ਕਿ ਜਦੋਂ ਵੱਡੇ-ਵੱਡੇ ਉਦਯੋਗ ਪਤੀਆਂ ਦੀਆਂ ਕੰਪਨੀਆਂ ਉਦਾਹਰਨ ਦੇ ਤੌਰ ਤੇ ਕਿੰਗ ਫਿਸ਼ਰ ਕੰਪਨੀ ਅਤੇ ਸਹਾਰਾ ਕੰਪਨੀ ਵਰਗੇ ਵੱਡੇ ਘਰਾਨਿਆਂ ਨੂੰ ਆਰਥਿਕ ਮੰਦਹਾਲੀ ਕਾਰਨ ਵੱਡੇ ਕਰਜ਼ਿਆਂ ਦੀ ਵਸੂਲੀ ਦਾ ਸਵਾਲ ਆਇਆ ਤਾਂ ਸਰਕਾਰ ਹਿੱਕ ਤਾਣ ਕੇ ਉਹਨਾਂ ਦੀ ਸਹਾਇਤਾ ਲਈ ਅੱਗੇ ਆਈ। ਪਰ ਅੱਜ ਜਦੋਂ ਕਿਸਾਨ ਨੂੰ ਕੁਦਰਤੀ ਆਫਤ ਤੇ ਇਸਦੀ ਮਾਰ ਕਰਕੇ ਕਰਜਿਆ ਦੀ ਅਦਾਇਗੀ ਦਾ ਸਵਾਲ ਆਇਆ ਤਾ ਸਵਾਇ ਵਾਅਦਿਆਂ ਅਤੇ ਪ੍ਰਤੀ ਏਕੜ ਸੌ ਸੌ ਰੁਪਏ ਦੇ ਚੈਕਾਂ ਰਾਹੀ ਵਿਰਾਉਣ ਤੇ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
੨੦੧੩ ਵਿੱਚ ੧੮ ਭਾਰਤੀ ਰਾਜਾਂ ਵਿੱਚ ਤਰੱਕੀ ਯਾਫਤਾ ਕਿਸਾਨੀ ਨਾਲ ਜੁੜੇ ਖਿੱਤਿਆਂ ਵਿੱਚ ਇੱਕ ਸਰਵੇਖਣ ਭਾਰਤੀ ਸਰਕਾਰ ਵੱਲੋਂ ਕਰਵਾਇਆ ਗਿਆ ਸੀ ਜਿਸ ਦੇ ਅੰਕੜੇ ਇਹ ਦਰਸਾਉਦੇ ਹਨ ਕਿ ਭਾਰਤ ਦੀ ਅਜਾਦੀ ਤੋਂ ਬਾਅਦ ਤਿੰਨ ਕਰੋੜ ਤੋਂ ਉਪਰ ਕਿਸਾਨ ਖੇਤੀ ਛੱਡ ਚੁੱਕਿਆ ਹੈ ਜਾਂ ਉਸ ਕੋਲ ਸਮਰੱਥਾ ਹੀ ਨਹੀਂ ਕਿ ਉਹ ਆਪਣੇ ਖੇਤਾਂ ਵੱਲ ਮੂੰਹ ਕਰ ਸਕੇ। ਇਸੇ ਸਰਵੇਖਣ ਦੌਰਾਨ ਇਹ ਸਾਹਮਣੇ ਆਇਆ ਹੈ ਕਿ ੬੨% ਕਿਸਾਨ ਇਹ ਚਾਹੁੰਦਾ ਹੈ ਕਿ ਉਹ ਖੇਤੀ ਤੋਂ ਇੰਨਾ ਨਾਰਸ਼ ਹੋ ਗਿਆ ਹੈ ਕਿ ਜੇ ਉਸ ਨੂੰ ਕਿਸੇ ਹੋਰ ਕੰਮ ਦਾ ਵਸੀਲਾ ਬਣੇ ਤਾਂ ਉਹ ਖੇਤੀ ਛੱਡਣ ਨੂੰ ਤਿਆਰ ਹੈ। ਇਸੇ ਤਰਾਂ ੩੭% ਕਿਸਾਨ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਇਸ ਪਿਤਾ-ਪੁਰਖੀ ਖੇਤੀ ਦੇ ਕਿੱਤੇ ਨਾਲ ਕਦੇ ਵੀ ਨਾ ਜੁੜਨ। ਭਾਵੇਂ ਭਾਰਤ ਅੰਦਰ ਵੋਟ ਰਾਜੀਨੀਤੀ ਕਰਕੇ ਕਿਸਾਨਾ ਲਈ ਅਤੇ ਖੇਤੀ ਦੀ ਦੇਖ-ਰੇਖ ਲਈ ਬੇਅੰਤ ਸਕੀਮਾਂ ਅਤੇ ਸਹਾਇਤਾਵਾਂ ਦਾ ਐਲਾਨ ਤਾਂ ਹੋਇਆ ਹੈ ਪਰ ਇਸਦਾ ਅੱਜ ਤੱਕ ਲਾਭ ੧੦ ਫੀਸਦੀ ਖੇਤੀ ਨਾਲ ਜੁੜੇ ਕਿਸਾਨਾਂ ਤੱਕ ਹੀ ਉੱਪੜ ਸਕਿਆ ਹੈ। ਇਸੇ ਤਰਾਂ ਪਿਛਲੀ ਭਾਰਤੀ ਸਰਕਾਰ ਵੱਲੋਂ ੫੭ ਹਜ਼ਾਰ ਕਰੋੜ ਤੋਂ ਉੱਪਰ ਕਿਸਾਨੀ ਦਾ ਕਰਜਾ ਮਾਫ ਕਰਨ ਦਾ ਐਲਾਨ ਹੋਇਆ ਸੀ ਪਰ ਇਸਦਾ ਵੀ ਲਾਭ ਦਸ ਫੀਸਦੀ ਕਿਸਾਨਾਂ ਤੱਕ ਹੀ ਅੱਪੜ ਸਕਿਆ ਹੈ। ਇੰਨਾਂ ਦਸ ਫੀਸਦੀ ਲੋਕਾਂ ਵਿੱਚੋਂ ਬਹੁਤਾ ਲਾਭ ੨੧ ਫੀਸਦੀ ਵੱਡੇ ਕਿਸਾਨਾਂ ਨੂੰ ਹੋਇਆ ਹੈ ਅਤੇ ੬ ਫੀਸਦੀ ਇਸਦਾ ਲਾਭ ਛੋਟੇ ਕਿਸਾਨਾਂ ਤੱਕ ਪਹੁੰਚਿਆ ਹੈ। ਇਹ ਦੁਰਦਸ਼ ਦਰਸਾਉਂਦੀ ਹੈ ਕਿ ਕਿਸਾਨਾਂ ਅੱਗੇ ਅੱਜ ਭਾਵੇਂ ਭੂਮੀ ਗ੍ਰਹਿਣ ਬਿੱਲ ਜੋ ਕਿ ਹੁਣੇ ਹੁਣੇ ਮੌਜੂਦਾ ਭਾਰਤੀ ਸਰਕਾਰ ਨੇ ਲਾਗੂ ਕੀਤਾ ਹੈ, ਦਾ ਸਹਿਮ ਤਾਂ ਜਰੂਰ ਹੈ ਪਰ ਉਨਾਂ ਦੀ ਬੇਵੱਸੀ ਤੇ ਲਾਚਾਰੀ ਇਸ ਫਿਕਰ ਵਿੱਚ ਸਮਾਈ ਹੋਈ ਹੈ ਕਿ ਕੁਦਰਤੀ ਆਫਤਾਂ ਕਰਕੇ ਉਨਾਂ ਦੀਆਂ ਰੁਲ ਰਹੀਆਂ ਫਸਲਾਂ ਨੂੰ – ਕੀ ਸਰਕਾਰ ਸੰਜੀਦਗੀ ਨਾਲ ਸੰਭਾਲਣ ਤੇ ਮੁੱਲ ਦੇਣ ਲਈ ਤਿਆਰ ਹੈ ਜਾਂ ਨਹੀਂ। ਕੁਦਰਤੀ ਆਫਤਾਂ ਨਾਲ ਢਾਹੇ-ਕਹਿਰ ਨਾਲ ਝੰਬੇ ਕਿਸਾਨ ਮੁੜ ਪੈਰੀ ਹੋ ਸਕਣਗੇ ਜਾਂ ਨਹੀਂ ਇਹ ਸਰਕਾਰਾਂ ਦੀ ਸੂਝ-ਬੂਝ ਅਤੇ ਸਾਰਥਿਕ ਨੀਤੀ ਤੇ ਨਿਰਭਰ ਕਰਗੇ ਨਾ ਕਿ ਸਿਰਫ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਵੱਲੋਂ ਕੀਤੀ ‘ਮਨ ਦੀ ਬਾਤ’ ਦੇ ਪ੍ਰਸਾਰਨ ਤੱਕ ਹੀ ਸੀਮਿਤ ਰਹਿ ਜਾਵੇਗਾ।
ਇਕ ਸੁਆਲ ਪੰਜਾਬ ਰਾਜ ਬਾਰੇ ਤੇ ਸਿੱਖ ਸੰਸਥਾਵਾਂ ਤੇ ਵੀ ਆਉਂਦਾ ਹੈ ਕਿ ਉਹ ਕਸ਼ਮੀਰ ਵਿਚ ਤਾਂ ਹੜ ਮਾਰੇ ਲੋਕਾਂ ਲਈ ਖੜ ਸਕਦੇ ਹਨ ਪਰ ਆਪਣੇ ਪੰਜਾਬੀ ਸਿੱਖ ਕਿਸ਼ਾਨਾਂ ਲਈ ਜਿਹਨਾਂ ਆਪਣਾ ਤਨ, ਮਨ, ਧਨ ਪੰਥ ਦੇ ਨਾਅ ਤੇ ਕੁਰਬਾਨ ਕੀਤਾ ਉਹਨਾਂ ਲਈ ਨਹੀਂ ਭਾਵੇਂ ਇਹਨਾਂ ਸੰਸਥਾਵਾਂ ਨੂੰ ਲੰਗਰ ਲਈ ਅਨਾਜ ਇਹੀ ਸਿਖ ਕਿਸਾਨੀ ਦਿੰਦੀ ਹੈ।