ਸਿੱਖਾਂ ਦੀ ਸਿਰਮੌਰ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਆਇਆ ੯੪ ਸਾਲ ਦਾ ਸਮਾਂ ਲੰਘ ਚੁੱਕਿਆ ਹੈ। ਇਸਦਾ ਮੁੱਖ ਆਦੇਸ਼, ਜਦੋਂ ਇਹ ਹੋਂਦ ਵਿੱਚ ਆਈ ਹੈ ਗੁਰੂ ਘਰਾਂ ਦੀ ਸੇਵਾ ਸੰਭਾਲ ਅਤੇ ਸਿੱਖ ਕੌਮ ਨੂੰ ਰਾਜਨੀਤਿਕ ਲੀਹਾਂ ਤੇ ਖੜਾ ਕਰਨਾ ਸੀ। ਇਹਨਾਂ ੯੪ ਸਾਲਾਂ ਵਿੱਚ ਇਸ ਸਿਰਮੌਰ ਸੰਸਥਾ ਦਾ ਰੁਤਬਾ ਅਤੇ ਪਛਾਣ ਇਸ ਕਦਰ ਬਦਲ ਗਈ ਹੈ ਕਿ ਜਿਸ ਸੰਸਥਾ ਨੇ ਰਾਜਨੀਤਿਕ ਪਛਾਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਸਿਆਸੀ ਜਮਾਤ ਵਜੋਂ ਬਣਾਇਆ ਸੀ ਤੇ ਉਹ ਇਸ ਦੇ ਅਧੀਨ ਅਤੇ ਦਿਸ਼ਾਂ ਨਿਰਦੇਸ਼ਾਂ ਹੇਠਾਂ ਵਿਚਰਨ ਲਈ ਵਚਨਬੱਧ ਸੀ। ਅੱਜ ਇਹ ਸਥਿਤੀ ਬਦਲ ਕੇ ਇਸਦੇ ਬਿਲਕੁੱਲ ਵਿਪਰੀਤ ਹੋ ਚੁੱਕੀ ਹੈ ਅਤੇ ਇਹ ਸਿਰਮੋਰ ਸੰਸਥਾ ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਸਿਮਟ ਕੇ ਉਸਦੇ ਅਧੀਨ ਹੋ ਚੁੱਕੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਇਸਦਾ ਸਰਪ੍ਰਸਤ ਬਣ ਗਿਆ ਹੈ।
ਇਸ ਸੰਸਥਾ ਨੂੰ ਹੋਂਦ ਵਿੱਚ ਲਿਆਉਣ ਲਈ ਸਿੱਖ ਕੌਮ ਨੇ ੪੦੦ ਤੋਂ ਉਪਰ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਸਨ। ਤੀਹ ਹਜ਼ਾਰ ਤੋਂ ਉੱਪਰ ਸਿੱਖਾਂ ਨੇ ਇਸ ਮੋਰਚੇ ਵਿੱਚ ਸ਼ਾਮਲ ਹੋ ਕੇ ਗ੍ਰਿਫਤਾਰੀਆਂ ਦਿੱਤੀਆਂ ਅਤੇ ਹਜ਼ਾਰਾਂ ਦੀ ਤਾਦਾਦ ਵਿੱਚ ਅੰਗਰੇਜ਼ ਸਰਕਾਰ ਦੇ ਮੁਕੱਦਮਿਆਂ ਦਾ ਸਾਹਮਣਾ ਕਰਦੇ ਹੋਏ ਲੰਮੀਆਂ ਕੈਦਾਂ ਕੱਟੀਆਂ। ਇੱਕ ਤਰਾਂ ਨਾਲ ਸ਼੍ਰੋਮਣੀ ਕਮੇਟੀ ਬਣਾਉਣ ਦਾ ਸ਼ੰਘਰਸ਼ ਉਸ ਸਮੇਂ ਚੱਲ ਰਹੇ ਭਾਰਤ ਦੇ ਅਜ਼ਾਦੀ ਦੇ ਸੰਘਰਸ਼ ਵਿੱਚ ਸਿੱਖ ਕੌਮ ਵੱਲੋਂ ਆਪਣੀ ਕੌਮ ਦੀ ਸ਼ਾਮੂਲੀਤਅਤ ਦਾ ਆਗਾਜ਼ ਸੀ। ਤਾਂ ਹੀ ਤਾਂ ਜੈਤੋ ਵਿਖੇ ਸਿੱਖ ਕੌਮ ਨੇ ਜਦੋਂ ਆਪਣਾ ਗੁਰਦੁਆਰਾ ਅਜ਼ਾਦ ਕਰਵਾਉਣ ਦਾ ਮੋਰਚਾ ਫਤਹਿ ਕੀਤਾ ਤਾਂ ਮਹਾਤਮਾ ਗਾਂਧੀ ਨੇ ਇਸ ਨੂੰ ਅਜ਼ਾਦੀ ਦੇ ਸੰਘਰਸ਼ ਦੀ ਪਹਿਲੀ ਜਿੱਤ ਕਰਾਰ ਦਿੱਤਾ ਸੀ।
੧੮੯੦ ਤੋਂ ਬਾਅਦ ਸਿੱਖਾਂ ਦੇ ਵਿੱਚ ਜੋ ਸੁਧਾਰ ਲਹਿਰ ਚੱਲੀ ਸੀ ਉਸ ਅਧੀਨ ਇਹ ਤਹਿ ਕੀਤਾ ਗਿਆ ਸੀ ਕਿ ਸਿੱਖ ਕੌਮ ਨੂੰ ਰਾਜਨੀਤਿਕ ਅਤੇ ਧਾਰਮਿਕ ਪੱਖੋ ਮਜ਼ਬੂਤ ਕਰਨ ਤੇ ਲਾਮਬੰਦ ਕਰਨ ਲਈ ਸਭ ਤੋਂ ਪਹਿਲਾਂ ਸਿੱਖਾਂ ਦੀ ਸਿੱਖਿਆ ਦੀ ਪ੍ਰਣਾਲੀ ਨੂੰ ਖੜੇ ਕਰਨ ਲਈ ਇਸ ਅਧੀਨ ਹੀ ਖਾਲਸਾ ਕਾਲਜ ਅੰਮ੍ਰਿਤਸਰ ਦੀ ਨੀਂਹ ਰੱਖੀ ਗਈ ਸੀ ਅਤੇ ਹੋਰ ਸਿੱਖ ਵਿਦਿਅਕ ਅਦਾਰਿਆਂ ਦਾ ਜਾਲ ਬੁਣਿਆ ਗਿਆ ਸੀ। ਇਸਦੀ ਹੋਂਦ ਵਿੱਚੋਂ ਜੋ ਸਿੱਖ ਸੋਚ ਉਜ਼ਾਗਰ ਹੋਈ ਸੀ ਉਸਦੇ ਸਿੱਟੇ ਵਜੋਂ ਹੀ ਸਿੱਖ ਕੌਮ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਲੈ ਕੇ ਉਸਨੂੰ ਵਿਉਂਤ ਬੱਧ ਪ੍ਰਬੰਧ ਹੇਠ ਸ਼੍ਰੋਮਣੀ ਕਮੇਟੀ ਨੂੰ ਸਥਾਪਤ ਕਰਕੇ ਲਿਆ ਸਕੀ ਸੀ। ਇਹ ਸੰਘਰਸ਼ ਪੂਰੀ ਤਰ੍ਹਾਂ ਸਾਂਤਮਈ ਸੰਘਰਸ਼ ਵਜੋਂ ਚਲਾਇਆ ਗਿਆ ਸੀ। ਇਸੇ ਕਰਕੇ ਹੀ ਇਸ ਸ਼੍ਰੋਮਣੀ ਕਮੇਟੀ ਦੀ ਹੋਂਦ ਬਾਰੇ ਸੰਘਰਸ਼ ਨੂੰ ਅੰਗਰੇਜ਼ ਸਰਕਾਰ ਨੂੰ ਇਹ ਮੰਨਣਾ ਪਿਆ ਸੀ ਕਿ ਇਹ ਸੰਘਰਸ਼ ਭਾਰਤ ਅੰਦਰ ਚੱਲ ਰਿਹਾ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਚੱਲ ਰਹੇ ਸ਼ੰਘਰਸ਼ ਨਾਲੋ ਕਿਤੇ ਵੱਧ ਅਸਰਦਾਇਕ ਅਤੇ ਨਿਰਣਾਇਕ ਸੀ। ਇਸ ਸੰਘਰਸ਼ ਦੀ ਹੋਂਦ ਪਿੱਛੇ ਉਸ ਸਮੇਂ ਦੇ ਸਿੱਖਿਅਕ ਅਤੇ ਸੂਝਵਾਨ ਸਿੱਖਾਂ ਦੀ ਦੂਰ ਅੰਦੇਸ਼ੀ ਸੋਚ ਤੇ ਸਰਬੱਤ ਖਾਲਸਾ ਦੀ ਰਹਿਨੁਮਾਈ ਦਾ ਵੱਡਾ ਸਹਿਯੋਗ ਸੀ। ਇਹਨਾਂ ਮਜਬੂਤ ਲੀਹਾਂ ਤੋਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਵਿੱਚ ਉਸ ਸਮੇਂ ਦੀ ਸਿੱਖਾਂ ਦੀ ਜ਼ਮਹੂਰੀਅਤ ਦਾ ਪ੍ਰਤੀਕ ਸੀ। ਜਿਸਦਾ ਮੁਢਲਾ ਫਰਜ਼ ਸਿੱਖਾਂ ਦੀ ਵੱਖਰੀ ਪਛਾਣ ਅਤੇ ਅਜ਼ਾਦ ਹਸਤੀ ਦਾ ਚਿੰਨ ਸੀ। ਇਸ ਅਦਾਰੇ ਦੇ ਕਰਕੇ ਹੀ ਸਿੱਖ ਕੌਮ ੧੯੪੫ ਵਿੱਚ ਇੱਕ ਸਾਂਝੀ ਰਹਿਤ ਮਰਿਯਾਦਾ ਬਣਾਉਣ ਵਿੱਚ ਕਾਮਯਾਬ ਹੋਈ ਸੀ। ਇਸੇ ਸੰਸਥਾ ਨੇ ਆਪਣੇ ਇੱਕ ਇਜਲਾਸ ਵਿੱਚ ਸਿੱਖ ਰਾਜ ਦੇ ਸੰਕਲਪ ਨੂੰ ਵੀ ਆਪਣਾ ਨਿਸ਼ਾਨਾ ਮਿਥਿਆ ਸੀ।
ਸਿੱਖ ਕੌਮ ਦੀ ਸੋਚ ਹਮੇਸਾਂ ਆਪਣੇ ਧਰਮ ਪ੍ਰਤੀ ਹੀ ਕੇਂਦਰਤ ਰਹੀ ਹੈ ਜਿਸ ਕਰਕੇ ਸ਼੍ਰੋਮਣੀ ਕਮੇਟੀ ਦੇ ਦੂਸਰੇ ਵੱਡੇ ਆਦੇਸ਼ ਰਾਜਨੀਤਿਕ ਚਿੰਤਨ ਦੇ ਪੱਖ ਤੋਂ ਕਾਫੀ ਹੱਦ ਤੱਕ ਲੀਹ ਤੋਂ ਲਹਿ ਚੁੱਕੇ ਹਨ। ਇਹੀ ਕਾਰਨ ਹੈ ਕਿ ੧੯੪੭ ਤੋਂ ਬਾਅਦ ਐਸ.ਜੀ.ਪੀ.ਸੀ ਹੌਲੀ-ਹੌਲੀ ਭਾਰਤ ਦੀ ਅਜਾਦੀ ਤੋਂ ਬਾਅਦ ਆਪਣੀ ਮਜਬੂਤ ਅਦੇਸ਼ ਅਤੇ ਘੇਰੇ ਤੋਂ ਸਿਮਟ ਗਈ ਹੈ। ਅੱਜ ਇਹੀ ਸੰਸਥਾ ਜਿਸਦਾ ਅਧਾਰ ਕਦੇ ਸਮੁੱਚੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਉਸਾਰੇ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਪ੍ਰਬੰਧ ਦੀ ਸਮੁੱਚੀ ਜ਼ਿਮੇਵਾਰੀ ਸੀ ਉਹ ਬਦਲਵੀਆਂ ਪ੍ਰਸਥਿਤੀਆਂ ਕਾਰਨ ਸਿਮਟ ਕੇ ਕੇਵਲ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਤੱੱਕ ਰਹਿਗਈ ਹੈ। ਬਾਕੀ ਸੂਬਿਆਂ ਦੇ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਜਿੰਮਾਂ ਅੱਡ ਪ੍ਰਾਤਾਂ ਦੇ ਅਧਾਰਿਤ ਗੁਰਦੁਆਰ ਕਮੇਟੀਆਂ ਕੋਲ ਚਲਾ ਗਿਆ ਹੈ ਅਤੇ ਸਿੱਖ ਰਹਿਤ ਮਰਿਬਾਦਾ ਵੀ ਕਾਫੀ ਹੱਦ ਤੱਕ ਵਿਵਾਦਾਂ ਵਿੱਚ ਉਲਝੀ ਹੋਈ ਹੈ। ਜਿਸ ਕਰਕੇ ਅੱਡ-ਅੱਡ ਸੂਬਿਆਂ ਵਿੱਚ ਬਣੀਆਂ ਗੁਰਦੁਆਰਾਂ ਕਮੇਟੀਆਂ ਜਿਵੇਂ ਕਿ ਨਾਂਦੇੜ ਸਾਹਿਬ ਅਤੇ ਪਟਨਾ ਸਾਹਿਬ ਦੀਆਂ ਆਪੋ ਆਪਣੀਆਂ ਰਹਿਤ ਮਰਿਯਾਦਾਵਾਂ ਹਨ। ਜੋ ੧੯੪੫ ਦੀ ਸਾਂਝੀ ਸਿੱਖ ਰਹਿਤ ਮਰਿਯਾਦਾ ਨਾਲ ਮੇਲ ਨਹੀਂ ਖਾਂਦੀਆਂ। ਜਿਸ ਸ਼੍ਰੋਮਣੀ ਕਮੇਟੀ ਦੀ ਹੋਂਦ ਵਿੱਚ ਖਾਲਸਾ ਕਾਲਜ ਵਰਗੇ ਸਿੱਖ ਵਿਦਿਅਕ ਅਦਾਰਿਆਂ ਨੇ ਅਹਿਮ ਰੋਲ ਉਸ ਵਕਤ ਅਦਾ ਕੀਤਾ ਸੀ ਅਤੇ ਗਿਣਤੀ ਦੇ ਹੀ ਉਸ ਵਕਤ ਹੋਰ ਸਿੱਖ ਅਦਾਰਿਆਂ ਨੇ ਸਿੱਖ ਕੌਮ ਨੂੰ ਸੂਝਵਾਨ ਅਤੇ ਸਿੱਖਿਅਕ ਸਿੱਖ ਲੀਡਰਾਂ ਦੀ ਕਤਾਰ ਸਮਰਪਿਤ ਕੀਤੀ ਸੀ। ਜਿਸ ਕਰਕੇ ਹੀ ਸਿੱਖ ਕੌਮ ਆਪਣੀ ਪ੍ਰਭਾਵਸ਼ਾਲੀ ਸ਼੍ਰੋਮਣੀ ਕਮੇਟੀ ਕੋਲ ਆਪਣੀ ਨਿੱਜੀ ਯੂਨੀਵਰਸਿਟੀ ਹੈ ਅਤੇ ਬੇਸ਼ਮਾਰ ਉੱਚ ਕੋਟੀ ਦੇ ਮਿਆਰੀ ਮੈਡੀਕਲ ਕਾਲਜ, ਇੰਜਨੀਅਰਿੰਗ ਕਾਲਜ ਅਤੇ ਅਣਗਿਣਤ ਸਕੂਲ ਤੇ ਵਿਦਿਅਕ ਅਦਾਰੇ ਹਨ। ਪਰ ਅੱਜ ਸਿੱਖਾਂ ਦੀ ਸੋਚ ਨੂੰ ਉਜਾਗਰ ਕਰਨ ਲਈ ਇਹ ਸਿੱਖਿਅਕ ਅਦਾਰੇ ਆਪਣਾ ਬਣਦਾ ਰੋਲ ਅਦਾ ਕਰਨ ਤੋਂ ਨਾਕਾਮਯਾਬ ਸਿੱਧ ਹੋਏ ਹਨ। ਤਾਂ ਹੀ ਤਾਂ ਸਿੱਖਾਂ ਦੀ ਰਾਜਨੀਤਿਕ ਸੋਚ ਪ੍ਰਣਾਲੀ ਸਿਮਟ ਕੇ ਇੱਕ ਥਾਂ ਦੇ ਆਲੇ-ਦੁਆਲੇ ਕੇਂਦਰਿਤ ਹੋ ਚੁੱਕੀ ਹੈ। ਉਸੇ ਪ੍ਰਣਾਲੀ ਅਧੀਨ ਸਿੱਖ ਕੌਮ ਦੀ ਇਹ ਸਿਰਮੌਰ ਕਮੇਟੀ ਪੂਰੀ ਤਰ੍ਹਾਂ ਅਧੀਨ ਹੋ ਚੁੱਕੀ ਹੈ ਤੇ ਇਸ ਵੱਲੋਂ ਸੇਵਾ ਲਈ ਥਾਪੇ ਗਏ ਸਿੱਖ ਕੌਮ ਦੇ ਜਥੇਦਾਰ ਸਾਹਿਬਾਨ ਵੀ ਵਿਵਾਦਾਂ ਦੇ ਘੇਰੇ ਵਿੱਚ ਹਨ। ਇਸੇ ਕਰਕੇ ਤਾਂ ਸ਼੍ਰੋਮਣੀ ਕਮੇਟੀ ਕੋਲ ਅੱਜ ਅੰਤਾਂ ਦਾ ਸਰਮਾਇਆ ਹੋਣ ਬਾਵਜੂਦ ਸਿੱਖ ਕੌਮ ਦੇ ਵਫਾਦਾਰ ਸਿਪਾਹੀ ਕਿਰਸਾਨ ਖੁਦਕਸ਼ੀਆਂ ਦੇ ਰਾਹ ਪਏ ਹੋਏ ਹਨ। ਸਿੱਖ ਕੌਮ ਦੀ ਨੌਜਵਾਨ ਪੀੜੀ ੮੦% ਤੋਂ ਜ਼ਿਆਦਾ ਸਿੱਖੀ ਤੋਂ ਮੁਨਕਰ ਹੋ ਚੁੱਕੀ ਹੈ। ਇਹੀ ਕਾਰਨ ਹੈ ਕਿ ਅੱਜ ਸਿੱਖ ਕੌਮ ਦਾ ਧੁਰਾ ਅੰਮ੍ਰਿਤਸਰ ਸਾਹਿਬ ਨਸ਼ਿਆਂ ਅਤੇ ਹੋਰ ਅਲਾਮਤਾਂ ਦੇ ਕੇਂਦਰ ਵਜੋਂ ਸੁਰਖੀਆਂ ਦਾ ਸ਼ਿੰਗਾਰ ਬਣਿਆ ਹੋਇਆ ਹੈ। ਇਸ ਸਿਰਮੌਰ ਸ਼੍ਰੋਮਣੀ ਕਮੇਟੀ ਦੀ ਕਾਰਜ਼ਗਾਰੀ ਪ੍ਰਤੀ ਪਾਰਦਰਸ਼ਤਾ ਤੇ ਵੱਡਾ ਸਵਾਲੀਆਂ ਚਿੰਨ ਹੈ। ਇਸ ਕਮੇਟੀ ਦੇ ਜੋ ਮੈਂਬਰ ਸਾਹਿਬਾਨ ਸਿੱਖਾਂ ਵੱਲੋਂ ਚੁਣ ਕੇ ਆਉਂਦੇ ਹਨ ਉਨਾਂ ਪ੍ਰਤੀ ਅਕਸਰ ਹੀ ਇਹ ਸੁਣਨ ਨੂੰ ਮਿਲਦਾ ਹੈ ਕਿ ਉਹ ਸਿੱਖ ਫਲਸਫਾ, ਸਿੱਖ ਰਾਜਨੀਤੀ ਅਤੇ ਧਾਰਮਿਕ ਪੱਖ ਤੋਂ ਕਾਫੀ ਹੱਦ ਤੱੱਕ ਕੋਰੇ ਹਨ। ਇਹ ਸ਼੍ਰੋਮਣੀ ਕਮੇਟੀ ਜਿਸਨੇ ਕਦੀ ਆਪਣੀ ਹੋਂਦ ਵੇਲੇ ਸਿੱਖ ਕੌਮ ਦੇ ਖਿੱਲਰੇ ਹੋਏ ਵਜ਼ੂਦ ਨੂੰ ਇੱਕ ਲੜੀ ਵਿੱਚ ਪਰੋ ਕੇ ਸਿੱਖ ਕੌਮ ਨੂੰ ਮੁੜ ਤੋਂ ਅਜ਼ਾਦ ਹਸਤੀ ਦੀ ਲੀਹ ਤੇ ਪਾਇਆ ਸੀ ਤੇ ਸਿੱਖ ਸਟੇਟ ਦਾ ਸੰਕਲਪ ਆਪਣਾ ਨਿਸ਼ਾਨਾ ਮਿਥਿਆ ਸੀ, ਦੀ ਕਾਰਜ਼ਸ਼ਾਲੀ ਇਸ ਹੱਦ ਤੱਕ ਕਮਜ਼ੋਰ ਹੋ ਚੁੱਕੀ ਹੈ ਕਿ ਪੰਜਾਬ ਵਿੱਚ ਹਰ ਇੱਕ ਚੰਦ ਕਿਲੋਮੀਟਰ ਦੇ ਫਾਸਲੇ ਮਗਰ ਸਿੱਖ ਡੇਰਿਆਂ ਦਾ ਜਾਲ ਬੁਣਿਆ ਜਾ ਚੁੱਕਾ ਹੈ। ਜਿੰਨਾ ਦਾ ਮੁੱਖ ਮਕਸਦ ਇੱਕ ਵਾਰ ਦੁਬਾਰਾ ਸਿੱਖ ਕੌਮ ਵੱਲੋ ਨਕਾਰੇ ਗੁਰੂ ਡੰਮ ਅਤੇ ਚੇਲਾਵਾਦ ਨੂੰ ਪਸਾਰਨਾ ਹੈ। ਅੱਜ ਸਮੇਂ ਦੀ ਮੰਗ ਹੈ ਕਿ ਇਸ ਸਿਰਮੌਰ ਸ਼੍ਰੋਮਣੀ ਕਮੇਟੀ ਜਿਸਦੀ ਮੌਜੂਦਾ ਚੋਣ ਪ੍ਰਣਾਲੀ ਵੇਲੇ ਇਹ ਅਕਸਰ ਦੋਸ਼ ਲੱਗਦੇ ਹਨ ਕਿ ਇਸ ਕਮੇਟੀ ਦੀ ਮੈਂਬਰੀ ਲੈਣੇ ਖਾਤਰ ਹਰ ਇੱਕ ਉਸ ਵਿਵਸਥਾ ਦਾ ਸਹਾਰਾ ਲਿਆ ਜਾ ਰਿਹਾ ਹੈ ਜਿਸ ਦੇ ਖਿਲਾਫ ਸਿੱਖ ਕੌਮ ਦਾ ਫਲਸਫਾ ਮੇਲ ਨਹੀਂ ਖਾਂਦਾ।