ਗੁਲਾਮੀ ਦਾ ਦਰਦ ਸੱਚਮੁੱਚ ਬਹੁਤ ਅਕਹਿ ਹੁੰਦਾ ਹੈ। ਅਣਕਿਹਾ, ਅਣਸੁਣਿਆ। ਇਹ ਜਿੰਦਗੀ ਦਾ ਅਜਿਹਾ ਮੰਜਰ ਹੁੰਦਾ ਹੈ ਜਦੋਂ ਕੋਈ ਵੀ ਆਪਣਾਂ ਨਜ਼ਰ ਨਹੀ ਆਉਂਦਾ ਸਿਰਫ ਆਪਣੇ ਗੁਲਾਮ ਸਾਥੀਆਂ ਅਤੇ ਹਮਸਫਰਾਂ ਤੋਂ। ਗੁਲਾਮੀ ਦੇ ਦਰਦ ਨੂੰ ਸ਼ਾਇਦ ਪਰੀਭਾਸ਼ਿਤ ਨਹੀ ਕੀਤਾ ਜਾ ਸਕਦਾ ਅਤੇ ਨਾ ਹੀ ਇਸਨੂੰ ਕੈਲ਼ਕੂਲ਼ੇਟਰ ਨਾਲ਼ ਸਾਬਤ ਕੀਤਾ ਜਾ ਸਕਦਾ ਹੈ। ਇਹ ਅਸਲ ਵਿੱਚ ਭਾਵਨਾਤਮਕ ਦਰਦ ਹੁੰਦਾ ਹੈ ਜੋ ਗੁਲਾਮ ਕੌਮਾਂ ਸਾਲਾਂ, ਦਹਾਕਿਆਂ ਅਤੇ ਸਦੀਆਂ ਤੱਕ ਵੀ ਆਪਣੀ ਮਾਨਸਿਕਤਾ ਤੇ ਢੋਂਦੀਆਂ ਹਨ ਅਤੇ ਫਿਰ ਆਖਰ ਵਿੱਚ ਅਜ਼ਾਦ ਹੋਣ ਦਾ ਸੁਪਨਾ ਮਨ ਹੀ ਮਨ ਬੁਣਦੀਆਂ ਰਹਿੰਦੀਆਂ ਹਨ।
ਤਿੱਬਤੀ ਲ਼ੋਕ ਇਸ ਮਾਨਸਿਕ ਗੁਲਾਮੀ ਦੇ ਦਰਦ ਨੂੰ ਦਹਾਕਿਆਂ ਤੋਂ ਹੰਢਾ ਰਹੇ ਹਨ। ਉਹ ਵਾਰ ਵਾਰ ਕੋਸ਼ਿਸ਼ ਕਰਦੇ ਹਨ ਆਪਣੇ ਇਸ ਦਰਦ ਨੂੰ ਘਟਾਉਣ ਦੀ ਪਰ ਤਾਕਤਵਰ ਚੀਨੀ ਸਟੇਟ ਦੇ ਸਾਹਮਣੇ ਉਨ੍ਹਾਂ ਦੀ ਚਲ਼ਦੀ ਨਹੀ ਹੈ। ਤਿੱਬਤੀਆਂ ਦੇ ਰੁਹਾਨੀ ਆਗੂ ਦਲ਼ਾਈਲ਼ਾਮਾ ਸੰਸਾਰ ਪੱਧਰ ਤੇ ਆਪਣੀ ਕੌਮ ਦੀ ਗੁਲ਼ਾਮੀ ਨੂੰ ਖਤਮ ਕਰਵਾਉਣ ਲ਼ਈ ਯਤਨ ਕਰ ਰਹੇ ਹਨ ਪਰ ਵੱਡੀ ਹਮਾਇਤ ਦੇ ਬਾਵਜੂਦ ਉਹ ਆਪਣੇ ਯਤਨਾਂ ਵਿੱਚ ਕਾਮਯਾਬ ਨਹੀ ਹੋ ਰਹੇ।
ਦੂਜੇ ਪਾਸੇ ਚੀਨ ਹੈ ਜੋ ਸਰੀਰਕ ਗੁਲਾਮੀ ਦੇ ਨਾਲ ਨਾਲ ਹੁਣ ਤਿੱਬਤੀਆਂ ਨੂੰ ਮਾਨਸਿਕ ਗੁਲਾਮੀ ਦੇ ਚੱਕਰਵਿਹੁ ਵਿੱਚ ਘਸੀਟਣ ਦੇ ਆਪਣੇ ਯਤਨਾਂ ਵਿੱਚ ਤੇਜੀ ਲਿਆ ਰਿਹਾ ਹੈ। ਚੀਨ ਦੇ ਨਵੇਂ ਰਾਸ਼ਟਰਪਤੀ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਤਿੱਬਤੀਆਂ ਖਿਲਾਫ ਉਸ ਮੁਲਕ ਦੀ ਭਾਵਨਾਤਮਿਕ ਜੰਗ ਵਿੱਚ ਨਾ ਸਿਰਫ ਤੇਜੀ ਆਈ ਹੈ ਬਲਕਿ ਚੀਨ ਨੇ ਇਸ ਜੰਗ ਵਿੱਚ ਵਰਤੇ ਜਾਣ ਵਾਲੇ ਆਪਣੇ ਹਥਿਆਰਾਂ ਦੇ ਨਹੁੰ ਵੀ ਤਿੱਖੇ ਕਰ ਲਏ ਹਨ।
ਕੌਮਾਂਤਰੀ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਅਨੁਸਾਰ ਚੀਨ ਨੇ ਤਿੱਬਤੀਆਂ ਦੀ ਸੱਭਿਆਚਾਰਕ ਨਸਲ਼ਕੁਸ਼ੀ ਦੇ ਪ੍ਰਾਜੈਕਟ ਤੇ ਤੇਜੀ ਨਾਲ਼ ਕੰਮ ਕਰਨਾ ਅਰੰਭ ਕਰ ਦਿੱਤਾ ਹੈ। ਸਰਕਾਰ ਨੇ ਇਸ ਕੰਮ ਲਈ ਆਪਣੇ ੫ ਹਜ਼ਾਰ ਅਧਿਕਾਰੀਆਂ ਨੂੰ ਤਿੱਬਤ ਵਿੱਚ ਭੇਜਿਆ ਹੈ ਤਾਂ ਕਿ ਉਥੋਂ ਦੇ ਹਰ ਨਾਗਰਿਕ ਤੇ ਨਜ਼ਰ ਰੱਖੀ ਜਾ ਸਕੇ, ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਲਾਲ ਰੰਗ ਦੀ ਰਾਜਸੀ ਸੋਝੀ ਨਾਲ ਲੈਸ ਕੀਤਾ ਸਕੇ। ਕੁਝ ਸਮਾਂ ਪਹਿਲਾਂ ਅਧਿਕਾਰੀਆਂ ਦੀ ਇਸ ਟੀਮ ਨੇ ਤਿੱਬਤ ਦੇ ਇੱਕ ਇਲਾਕੇ ਲਹਾਸਾ ਵਿੱਚ ਉਤਾਰਾ ਕੀਤਾ ਅਤੇ ੧੦ ਸਾਲ ਤੋਂ ਜਿਆਦਾ ਦੀ ਉਮਰ ਵਾਲੇ ਹਰ ਬੱਚੇ ਨੂੰ ਸੁਆਲ ਕੀਤਾ ਕਿ ਕੀ ਉਹ ਦਲਾਈਲਾਮਾ ਬਾਰੇ ਜਾਣਦਾ ਹੈ? ਜੇ ਜਵਾਬ ਹਾਂ ਵਿੱਚ ਆਉਂਦਾ ਤਾਂ ਸੀ ਤਾਂ ਸੈਂਕੜੇ ਸੁਆਲਾਂ ਦੀ ਝੜੀ ਲੱਗ ਜਾਂਦੀ।
ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਜਥੇਬੰਦੀ ਹਿਊਮਨ ਰਾਈਟਸ ਵਾਚ ਵੱਲੋਂ ਕੁਝ ਸਮਾਂ ਪਹਿਲਾਂ ਸੱਭਾਆਚਾਰਕ ਨਸਲਕੁਸ਼ੀ ਬਾਰੇ ਜਾਰੀ ਕੀਤੀ ਗਈ ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬੋਧੀਆਂ ਦੇ ਰੁਹਾਨੀ ਅਸਥਾਨ ਤਾਕਸਤੀ ਇਲਾਕੇ ਵਿੱਚ ਰਹਿਣ ਵਾਲੇ ੨੩੦੦੦ ਲੋਕ ਇਸ ਵੇਲੇ ਬਹੁਤ ਹੀ ਸਾਹਘੁਟਵੀਂ ਇਲੈਕਟਰਾਨਿਕ ਅਤੇ ਵਿਚਾਰਧਾਰਕ ਨਿਗਰਾਨੀ ਹੇਠ ਜੀਵਨ ਬਸਰ ਕਰ ਰਹੇ ਹਨ।
ਇਸ ਮੁਹਿੰਮ ਵਿੱਚ ਸਿਰਫ ਸਰਕਾਰੀ ਅਧਿਕਾਰੀ ਹੀ ਸ਼ਾਮਲ ਨਹੀ ਹਨ ਬਲ਼ਕਿ ਕਮਿਊਨਿਸਟ ਪਾਰਟੀ ਦਾ ਕੇਡਰ ਵੀ ਸਰਕਾਰ ਦੀ ਸਹਾਇਤਾ ਕਰ ਰਿਹਾ ਹੈ। ਅਧਿਕਾਰੀ ਸਵੇਰੇ ਹੀ ਸਕੂਲ਼ਾਂ ਵਿੱਚ ਆ ਪਹੁੰਚਦੇ ਹਨ, ਉਹ ਬੱਚਿਆਂ ਨਾਲ ਖੇਡਦੇ ਹਨ, ਉਨ੍ਹਾਂ ਦੇ ਵਿਚਾਰ ਜਾਣਦੇ ਹਨ ਅਤੇ ਇਹ ਨੋਟ ਕਰਦੇ ਹਨ ਕਿ ਕੌਣ ਉਨ੍ਹਾਂ ਨੂੰ ਸਭ ਤੋਂ ਜਿਆਦਾ ਪ੍ਰਭਾਵਿਤ ਕਰਦਾ ਹੈ। ਇਲਕੇ ਵਿੱਚ ਰਹਿਣ ਵਾਲੇ ਹਰ ਨਾਗਰਿਕ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਹਰ ਬਸ਼ਿੰਦੇ ਦੀ ਨਿੱਜੀ ਫਾਈਲ ਬਣਾਈ ਜਾ ਰਹੀ ਹੈ। ਉਸਦੇ ਰਾਜਸੀ ਵਿਚਾਰਾਂ ਅਨੁਸਾਰ ਹਰ ਇੱਕ ਨੂੰ ਅੱਤ ਦਾ ਖਤਰਨਾਕ, ਘੱਟ ਖਤਰਨਾਕ ਅਤੇ ਆਮ ਜੀਵਨ ਬਸਰ ਕਰਨ ਵਾਲਾ ਵਰਗੀਆਂ ਤਿੰਨ ਵੰਨਗੀਆਂ ਵਿੱਚ ਵੰਡਿਆ ਜਾ ਰਿਹਾ ਹੈ। ਦਲਾਈਲਾਮਾ ਦੇ ਪੱਕੇ ਸ਼ਰਧਾਲ਼ੂ ਸਮਝੇ ਜਾਂਦੇ ਅੱਤ ਦੇ ਖਤਰਨਾਕ ਤਿੱਬਤੀਆਂ ਨੂੰ ੪੫ ਦਿਨਾਂ ਤੱਕ ਗ੍ਰਿਫਤਾਰ ਰੱਖ ਕੇ ਉਨ੍ਹਾਂ ਦੀ ਮਾਓਵਾਦੀ ਢੰਗ ਨਾਲ਼ re-education ਕੀਤੀ ਜਾਂਦੀ ਹੈ। ਕੁਝ ਸਮਾਂ ਪਹਿਲਾਂ ਚੀਨ ਦੇ ਸਰਕਾਰੀ ਮੀਡੀਆ ਨੇ ਇਹ ਖਬਰ ਦਿੱਤੀ ਸੀ ਕਿ ਤਿਬਤ ਦੇ ਹਰ ਟੈਲੀਫੋਨ ਅਤੇ ਇੰਟਰਨੈਟ ਵਰਤਣ ਵਾਲੇ ਨਾਗਰਿਕ ਦਾ ਉਸਦੇ ਪਰਿਵਾਰਕ ਮੈਂਬਰਾਂ ਸਮੇਤ ਡਾਟਾ ਇਕੱਠਾ ਕਰ ਲਿਆ ਗਿਆ ਹੈ।
ਪਿਛਲੇ ਸਾਲ ਤਿੱਬਤ ਦੇ ੫੫੪੧ ਪਿੰਡਾਂ ਦੇ ਧਾਰਮਿਕ ਆਗੂਆਂ ਨੂੰ ਇਕੱਠਾ ਕਰਕੇ ਉਨ੍ਹਾਂ ਦੇ ਜਰੂਰੀ ਦੇਸ਼ਭਗਤੀ ਸਿੱਖ਼ਿਆ ਸ਼ੈਸ਼ਨ ਲਗਾਏ ਗਏ ਅਤੇ ਉਨ੍ਹਾਂ ਨੂੰ ਦਲਾਈਲਾਮਾ ਦਾ ਸਾਥ ਛੱਡਣ ਲਈ ਤਿਆਰ ਕੀਤਾ ਗਿਆ। ਇਲਾਕੇ ਵਿੱਚ ਚੇਅਰਮੈਨ ਮਾਓ ਦੇ ੯੦੦੦੦ ਪੋਸਟਰ ਅਤੇ ਝੰਡੇ ਲਗਾ ਦਿੱਤੇ ਗਏ ਹਨ ਅਤੇ ਸਕੂਲਾਂ ਵਿੱਚ ਲਾਲ ਗੀਤ ਗਾਉਣ ਦੇ ਆਦੇਸ਼ ਦੇ ਦਿੱਤੇ ਗਏ ਹਨ।
ਚੀਨੀ ਸਰਕਾਰ ਦੀ ਇਸ ਮੁਹਿੰਮ ਦਾ ਨਿਸ਼ਾਨਾ ਲਗਭਗ ੨੭੦੦੦ ਨੌਜਵਾਨਾਂ ਦੇ ਮਨਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਭਰਨ ਅਤੇ ਧਰਮ ਨੂੰ ਤਿਲਾਂਜਲੀ ਦੇਕੇ ਚੀਨੀ ਮੁੱਖਧਾਰਾ ਵਿੱਚ ਲਿਆਉਣ ਦਾ ਹੈ। ਜਿਹੜੇ ਨੌਜਵਾਨ ਹੁਣ ਤੱਕ ਮੁੱਖਧਾਰਾ ਵਿੱਚ ਆ ਗਏ ਹਨ ਉਨ੍ਹਾਂ ਨੂੰ ਕਮਿਉਨਿਟੀ ਪੁਲ਼ਸ ਵਿੱਚ ਭਰਤੀ ਕਰਕੇ ਦੇਸ਼ ਭਗਤੀ ਦੀ ਸਿੱਖਿਆ ਦਾ ਪਸਾਰਾ ਕਰਨ ਦੀ ਡਿਊਟੀ ਸੌਂਪੀ ਜਾਂਦੀ ਹੈ।
ਨਿਰਸੰਦੇਹ ਚੀਨੀ ਸਰਕਾਰ ਤਿਬਤੀਆਂ ਦੀ ਸੋਚ ਅਤੇ ਰਹਿਣ ਸਹਿਣ ਦੇ ਢੰਗ ਨੂੰ ਬਦਲ਼ਣ ਦੀ ਵੱਡੀ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਦੇ ਨਾਇਕ ਬਦਲੇ ਜਾ ਰਹੇ ਹਨ, ਉਨ੍ਹ ਦੇ ਪ੍ਰੇਰਨਾ ਸਰੋਤ ਬਦਲੇ ਜਾ ਰਹੇ ਹਨ, ਉਨ੍ਹਾਂ ਦੇ ਗੀਤ ਬਦਲੇ ਜਾ ਰਹੇ ਹਨ ਉਨ੍ਹਾਂ ਦੀਆਂ ਧਾਰਮਿਕ ਰਹੁਰੀਤਾਂ ਮੁੜ ਪਰਿਭਾਸ਼ਿਤ ਕੀਤੀਆਂ ਜਾ ਰਹੀਆਂ ਹਨ।
ਗੁਲਾਮੀ ਦੇ ਦਾਬੇ ਹੇਠ ਜੀਵਨ ਬਸਰ ਕਰਨ ਵਾਲੀਆਂ ਕੌਮਾਂ ਦਾ ਅਧਿਐਨ ਕਰਨ ਵਾਲੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਰਾਜਸੀ ਵਿਗਿਆਨ ਦੇ ਪ੍ਰੋਫਸਰ, ਜੇਮਸ ਸੀ ਸਕਾਟ ਨੇ ਆਪਣੀ ਸੰਸਾਰ ਪ੍ਰਸਿੱਧ ਕਿਤਾਬ ‘Domination and the Arts of Resistance’ ਵਿੱਚ ਇਹ ਸਿੱਟਾ ਕੱਢਿਆ ਹੈ ਕਿ ਮਾਨਸਿਕ ਤੌਰ ਤੇ ਤਾਕਤਵਰ ਕੌਮਾਂ ਸਰਕਾਰਾਂ ਦੀਆਂ ਅਜਿਹੀਆਂ ਵੱਡੀਆਂ ਮੁਹਿੰਮਾਂ ਨੂੰ ਅਸਫਲ ਕਰ ਦੇਂਦੀਆਂ ਹਨ ਅਤੇ ਆਪਣੇ ਦਿਲ ਦਾ ਸੱਚ ਦਹਾਕਿਆਂ ਤੱਕ ਕਿਸੇ ਨੂੰ ਪਤਾ ਨਹੀ ਲੱਗਣ ਦੇਂਦੀਆਂ।
ਚੀਨੀ ਸਰਕਾਰ ਦੀ ਇਹ ਸੱਭਿਆਚਾਰਕ ਨਸਲਕੁਸ਼ੀ ਦੀ ਮੁਹਿੰਮ ਵੀ ਚੁਣੌਤੀ ਰਹਿਤ ਨਹੀ ਚੱਲ ਰਹੀ। ਇਸ ਸਾਲ ੧੧ ਜੂਨ ਨੂੰ ਹੀ ਇੱਕ ੩੦ ਸਾਲਾਂ ਦੀ ਤਿੱਬਤੀ ਨੰਨ ਵਾਂਗਚੈਨ ਡੋਲਮਾ ਨੇ ਸਰਕਾਰ ਦੀ ਘੱਟਗਿਣਤੀਆਂ ਦੇ ਧਾਰਮਿਕ ਅਤੇ ਸੱਭਿਆਚਾਰਕ ਵਿਸ਼ਵਾਸ਼ਾਂ ਦੇ ਖਿਲਾਫ ਮੁਹਿੰਮ ਵਿਰੁੱਧ ਆਪਣੇ ਆਪ ਨੂੰ ਅੱਗ ਲਾ ਛਕੇ ਸਾੜ ਲਿਆ। ਉਹ ਇਸ ਤਰ੍ਹਾਂ ਕਰਨ ਵਾਲੀ ੧੨੦-ਵੀਂ ਤਿੱਬਤੀ ਨਾਗਰਿਕ ਸੀ। ਵੱਡੇ ਯਤਨਾਂ ਦੇ ਬਾਵਜੂਦ ਵੀ ਚੀਨੀ ਸਰਕਾਰ ਹਾਲੇ ਦਿਲਾਂ ਤੇ ਦਿਮਾਗਾਂ ਦੀ ਜੰਗ ਜਿੱਤਣ ਵਿੱਚ ਕਾਮਯਾਬ ਨਹੀ ਹੋ ਸਕੀ।