ਭਾਰਤ ਜੋੜੋ ਯਾਤਰਾ ਭਾਰਤੀ ਰਾਸ਼ਟਰੀ ਕਾਂਗਰਸ ਦੁਆਰਾ ਸ਼ੁਰੂ ਕੀਤਾ ਗਿਆ ਜਨ ਅੰਦੋਲਨ ਹੈ।ਕਾਂਗਰਸ ਦਾ ਰਾਹੁਲ ਗਾਂਧੀ ਆਪਣੀ ਪਾਰਟੀ ਦੇ ਕੇਡਰ ਅਤੇ ਆਮ ਲੋਕਾਂ ਨਾਲ ਕੰਨਿਆ ਕੁਮਾਰੀ ਤੋਂ ਚੱਲ ਕੇ ਜੰਮੂ ਕਸ਼ਮੀਰ ਤੱਕ ਪੈਦਲ ਯਾਤਰਾ ਕਰਕੇ ਇਸ ਯਾਤਰਾ ਦੀ ਅਗਵਾਈ ਕਰ ਰਿਹਾ ਹੈ।ਇਸ ਰਾਹੀ ੧੫੦ ਦਿਨਾਂ ਵਿਚ ਉਨ੍ਹਾਂ ਨੇ ੩,੫੭੦ ਕਿਲੋਮੀਟਰ ਯਾਤਰਾ ਤੈਅ ਕਰਨੀ ਹੈ।ਇਸ ਯਾਤਰਾ ਦਾ ਮੱੁਖ ਮੰਤਵ ਦੇਸ਼ ਨੂੰ ਭਾਰਤੀ ਜਨਤਾ ਪਾਰਟੀ ਦੀ ਕਥਿਤ “ਵੰਡਪਾਊ ਰਾਜਨੀਤੀ” ਵਿਰੁੱਧ ਜੋੜਨਾ ਹੈ।੭ ਸਤੰਬਰ ੨੦੨੨ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਅਤੇ ਰਾਹੁਲ ਗਾਂਧੀ ਦੁਆਰਾ ਸ਼ੁਰੂ ਕੀਤੀ ਗਈ ਇਸ ਯਾਤਰਾ ਦਾ ਮੁੱਖ ਮੰਤਵ ਡਰ, ਕੱਟੜਤਾ ਅਤੇ ਪੱਖਪਾਤ ਦੀ ਰਾਜਨੀਤੀ, ਆਰਥਿਕ ਸੰਕਟ, ਵਧਦੀ ਬੇਰੋਜ਼ਗਾਰੀ ਅਤੇ ਨਾਬਰਾਬਰੀ ਦੇ ਵਿਰੁੱਧ ਲੜਨਾ ਹੈ।ਭਾਰਤ ਜੋੜੋ ਯਾਤਰਾ ਦੌਰਾਨ ਹੀ ਕਾਂਗਰਸ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਚੁਣਨ ਲਈ ਵੋਟਾਂ ਵੀ ਪਈਆਂ।ਪਾਰਟੀ ਨੇ ਚਾਰ ਸਾਲਾਂ ਵਿਚ ਪਹਿਲੀ ਵਾਰ ਹਿਮਾਚਲ ਵਿਚ ਆਪਣੇ ਦਮ ਉੱਪਰ ਯਾਤਰਾ ਦੌਰਾਨ ਹੀ ਸਰਕਾਰ ਬਣਾਈ ਹੈ।
ਕੋਈ ਵੀ ਰਾਜਨੀਤਿਕ ਅੰਦੋਲਨ ਸਰਕਾਰ ਦੀਆਂ ਨੀਤੀਆਂ ਜਾਂ ਸਮਾਜਿਕ ਕਦਰਾਂ-ਕੀਮਤਾਂ ਨੂੰ ਬਦਲਣ ਲਈ ਚਲਾਈ ਗਈ ਇਕ ਸਮੂਹਿਕ ਕੋਸ਼ਿਸ਼ ਹੁੰਦੀ ਹੈ।ਰਾਜਨੀਤਿਕ ਅੰਦੋਲਨ ਅਕਸਰ ਹੀ ਖੜੌਤ ਦੇ ਵਿਰੋਧ ਵਿਚ ਹੁੰਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਖਾਸ ਵਿਚਾਰਧਾਰਾ ਨਾਲ ਵੀ ਜੋੜ ਲਿਆ ਜਾਂਦਾ ਹੈ।ਰਾਜਨੀਤਿਕ ਅੰਦੋਲਨ ਇਸ ਸੰਦਰਭ ਵਿਚ ਰਾਜਨੀਤਿਕ ਪਾਰਟੀਆਂ ਨਾਲ ਵੀ ਜੁੜੇ ਹੁੰਦੇ ਹਨ ਕਿਉਂ ਕਿ ਉਹ ਦੋਹੇਂ ਹੀ ਸਰਕਾਰ ਉੱਪਰ ਪ੍ਰਭਾਵ ਪਾਉਣਾ ਚਾਹੁੰਦੇ ਹਨ ਅਤੇ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਉਦੈ ਇਹਨਾਂ ਰਾਜਨੀਤਿਕ ਅੰਦੋਲਨਾਂ ਵਿਚੋਂ ਹੀ ਹੋਇਆ ਹੈ।ਜਦੋਂ ਕਿ ਰਾਜਨੀਤਿਕ ਪਾਰਟੀਆਂ ਬਹੁਤ ਸਾਰੇ ਮੁੱਦਿਆਂ ਨਾਲ ਸਰੋਕਾਰ ਰੱਖਦੀਆਂ ਹਨ, ਰਾਜਨੀਤਿਕ ਅੰਦੋਲਨਾਂ ਦਾ ਪ੍ਰਮੱੁਖ ਮੰਤਵ ਇਕ ਮੁੱਦਾ ਅਧਾਰਿਤ ਵੀ ਹੁੰਦਾ ਹੈ।ਕਾਂਗਰਸ ਦੀ ਇਸ ਯਾਤਰਾ ਦਾ ਮੁੱਖ ਮੰਤਵ ਲੋਕਾਂ ਨੂੰ ਡਰ, ਭੈਅ ਦੀ ਰਾਜਨੀਤੀ ਵਿਰੁੱਧ ਸਾਵਧਾਨ ਕਰਨਾ ਹੈ।ਇਸ ਤੋਂ ਇਲਾਵਾ ਭਾਰਤੀ ਰਾਜਨੀਤੀ ਦਾ ਕਾਰਪੋਰਟਕਰਨ, ਨੌਜਵਾਨਾਂ ਵਿਚ ਭਾਰੀ ਬੇਰੋਜ਼ਗਾਰੀ, ਡਿੱਗਦਾ ਆਰਥਿਕ ਪੱਧਰ ਅਤੇ ਉਤਪਾਦਨ ਦੇ ਖੇਤਰ ਵਿਚ ਖੜੌਤ ਵਿਰੁੱਧ ਅਵਾਜ਼ ਉਠਾਉਣਾ ਵੀ ਇਸ ਦਾ ਮੰਤਵ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਯਾਤਰਾ ਹੁਣ ਤੱਕ ਸਫਲ ਰਹੀ ਹੈ ਕਿਉਂ ਕਿ “ਭਾਰਤੀ ਜਨਤਾ ਪਾਰਟੀ ਦੇ ਲੋਕ ਡਰ ਅਤੇ ਨਫਰਤ ਦੀ ਰਾਜਨੀਤੀ ਫੈਲਾ ਰਹੇ ਸਨ।ਇਹ ਦੇਸ਼ ਸੰਪ੍ਰਦਾਇਕ ਏਕਤਾ, ਸਦਭਵਾਨਾ ਅਤੇ ਹਰ ਇਕ ਲਈ ਇੱਜਤ ਦੀ ਤਰਜਮਾਨੀ ਕਰਦਾ ਹੈ।ਰਾਹੁਲ ਗਾਂਧੀ ਨੂੰ ਪੰਜਾਬ ਵਿਚੋਂ ਹਰਿਆਣਾ ਤੋਂ ਜਿਆਦਾ ਚੰਗਾ ਹੁੰਗਾਰਾ ਮਿਲਣ ਦੀ ਉਮੀਦ ਹੈ।ਉਸ ਨੇ ਬੁੱਧਵਾਰ ਨੂੰ ਫਤਿਹਗੜ੍ਹ ਸਾਹਿਬ ਤੋਂ ਪੰਜਾਬ ਵਿਚ ਆਪਣੀ ਯਾਤਰਾ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਸੀ।ਇਸ ਯਾਤਰਾ ਰਾਹੀ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਪੰਜਾਬ ਦੀ ਕਿਸਾਨੀ ਨਾਲ ਤੰਦ ਜੋੜਨ ਦੀ ਕੋਸ਼ਿਸ਼ ਕਰੇਗਾ।ਉਸ ਨੇ ਕਿਹਾ ਕਿ ਇਹ ਯਾਤਰਾ ਉਸ ਲਈ ਬਹੁਤ ਹੀ ਸਿੱਖਣ ਵਾਲਾ ਅਨੁਭਵ ਰਹੀ ਹੈ ਕਿਉਂ ਕਿ ਉਸ ਨੇ ਲੋਕਾਂ ਨਾਲ ਸਿੱਧਾ ਸੰਬੰਧ ਸਥਾਪਿਤ ਕੀਤਾ ਅਤੇ ਉਸ ਨੂੰ ਸਮਾਜ ਦੇ ਵੱਖ ਵੱਖ ਤਬਕਿਆਂ, ਕਿਸਾਨਾਂ, ਮਜਦੂਰਾਂ, ਦੁਕਾਨਦਾਰਾਂ, ਵਪਾਰੀਆਂ ਅਤੇ ਔਰਤਾਂ ਤੋਂ ਭਰਵਾਂ ਹੁੰਗਾਰਾ ਮਿਲਿਆ।ਉਸ ਦੀ ਯਾਤਰਾ ਦਾ ਮੰਤਵ ਜਿਅਦਾ ਬੋਲਣਾ ਨਹੀਂ ਬਲਕਿ ਸੁਣਨਾ ਹੈ।ਉਸ ਦਾ ਕਹਿਣਾ ਹੈ ਕਿ ਉਸ ਦੀ ਪਾਰਟੀ ਨਫਰਤ, ਹਿੰਸਾ, ਬੇਰੋਜ਼ਗਾਰੀ, ਮਹਿੰਗਾਈ ਵਿਰੁੱਧ ਲੜਨਾ ਚਾਹੁੰਦੀ ਹੈ।
ਰਾਹੁਲ ਗਾਂਧੀ ਦੇ ਬੁਲਾਰੇ ਨੇ ਕਿਹਾ ਕਿ “ਇਹ ਯਾਤਰਾ ਦਾ ਹੀ ਅਸਰ ਹੈ ਕਿ ਰਾਸ਼ਟਰੀ ਸਵੈ ਸੇਵਕ ਸੰਘ ਦੇ ਪ੍ਰਧਾਨ ਮੋਹਨ ਭਾਗਵਤ ਨੇ ਮੁਸਲਿਮ ਬੁੱਧੀਜੀਵੀਆਂ ਨਾਲ ਮੁਲਾਕਾਤ ਕੀਤੀ ਹੈ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਗਰੀਬੀ, ਬੇਰੋਜ਼ਗਾਰੀ ਅਤੇ ਆਰਥਿਕ ਨਾਬਰਾਬਰੀ ਵਿਰੁਧ ਬਿਆਨ ਦਿੱਤਾ ਹੈ।ਬਾਬਾ ਰਾਮਦੇਵ ਨੇ ਵੀ ਰਾਹੁਲ ਗਾਂਧੀ ਦੀ ਤਾਰੀਫ ਕੀਤੀ ਅਤੇ ਜੇਪੀ ਨੱਡਾ ਨੇ ਵੀ ਇਕ ਦਰਗਾਹ ਉੱਪਰ ਮੱਥਾ ਟੇਕਿਆ।ਇਹ ਇਸ ਯਾਤਰਾ ਦਾ ਹੀ ਪ੍ਰਭਾਵ ਹੈ।” ਹਰਿਆਣਾ ਵਿਚੋਂ ਯਾਤਰਾ ਨਿਕਲਣ ਦੌਰਾਨ “ਇਕ ਰੈਂਕ ਇਕ ਪੈਂਨਸ਼ਨ” ਦਾ ਮੁੱਦਾ ਸਾਬਕਾ ਸਰਵਿਸ ਅਧਿਕਾਰੀਆਂ ਵਲੋਂ ਉਠਾਇਆ ਗਿਆ ਤਾਂ ਰਾਜਨਾਥ ਸਿੰਘ ਨੇ ਇਹ ਘੋਸ਼ਣਾ ਕੀਤੀ ਕਿ ਉਨ੍ਹਾਂ ਦੇ ਪਿਛਲ਼ੇ ਬਕਾਏ ਪੂਰੇ ਕਰ ਦਿੱਤੇ ਜਾਣਗੇ।ਆਪਣੀ ਯਾਤਰਾ ਦੌਰਾਨ ਗਾਂਧੀ ਨੇ ਆਮ ਆਦਮੀ ਪਾਰਟੀ ਉੱਪਰ ਕੋਈ ਟਿੱਪਣੀ ਨਹੀਂ ਕੀਤੀ ਹੈ।ਉਸ ਦਾ ਪੂਰਾ ਧਿਆਨ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਨਫਰਤ ਦੀ ਰਾਜਨੀਤੀ ਉੱਪਰ ਹੀ ਕੇਂਦਰਿਤ ਹੈ।
ਪੰਜਾਬ ਵਿਚ ਆਪਣੀ ਯਾਤਰਾ ਦੌਰਾਨ ਵੀ ਉਸ ਨੇ ਪੰਜਾਬ ਅਧਾਰਿਤ ਕਿਸੇ ਵੀ ਮੁੱਦੇ ਨੂੰ ਨਹੀਂ ਛੂਹਿਆ ਹੈ।ਉਸ ਦਾ ਮੰਨਣਾ ਹੈ ਕਿ ਇਹ ਯਾਤਰਾ ਰਾਜਨੀਤੀ ਲਈ ਬਦਲਾਅ ਦਾ ਪਲ ਹੈ।ਇਹ ਕਾਂਗਰਸ ਪਾਰਟੀ ਲਈ ਸੰਜੀਵਨੀ ਹੈ।ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ ੩੦ ਜਨਵਰੀ ੨੦੨੩ ਨੂੰ ਕਸ਼ਮੀਰ ਵਿਚ ਰਾਹੁਲ ਗਾਂਧੀ ਦੇ ਝੰਡਾ ਲਹਿਰਾਉਣ ਨਾਲ ਖਤਮ ਹੋਵੇਗੀ।ਪੰਜਾਬ ਵਿਚ ਯਾਤਰਾ ਦੇ ਆਉਣ ਤੇ ਅੱਸੀਵਿਆਂ ਵਿਚ ਪੰਜਾਬ ਦੁਆਰਾ ਹੰਢਾਇਆ ਜਖਮ, ਆਪਰੇਸ਼ਨ ਬਲਿਊ ਸਟਾਰ, ਅਤੇ ੧੯੮੪ ਵਿਚ ਕਾਂਗਰਸ ਦੀ ਭਾਗੀਦਾਰੀ ਦੀਆਂ ਦਰਦਨਾਕ ਯਾਦਾਂ ਫਿਰ ਤੋਂ ਤਾਜਾ ਹੋ ਗਈਆਂ ਹਨ।ਬੀਤੇ ਉੱਪਰ ਆਪਣਾ ਧਿਆਨ ਨਾ ਕੇਂਦਰਿਤ ਕਰਕੇ ਗਾਂਧੀ ਨੇ ਇਹਨਾਂ ਦਰਦਨਾਕ ਯਾਦਾਂ ਉੱਪਰ ਚੁੱਪੀ ਹੀ ਧਾਰੀ ਰੱਖੀ ।ਉਸ ਦਾ ਮਕਸਦ ਹੈ ਕਿ ਨੇਤਾ ਆਪਣੀ ਕਲੇਸ਼ ਅਤੇ ਫੁੱਟ ਨੂੰ ਛੱਡ ਕੇ ਪਾਰਟੀ ਨੂੰ ਮਜਬੂਤ ਕਰਨ ਵਿਚ ਆਪਣਾ ਸਹਿਯੋਗ ਦੇਣ।ਮਾਰਚ ੨੦੨੨ ਦੀਆਂ ਚੋਣਾਂ ਤੋਂ ਬਾਅਦ ਸੂਬੇ ਵਿਚ ਪਾਰਟੀ ਪੂਰੀ ਤਰਾਂ ਪ੍ਰਭਾਵਹੀਣ, ਬੁਰੀ ਤਰਾਂ ਨਾਲ ਵੰਡ ਦੀ ਸ਼ਿਕਾਰ ਹੈ।
ਇਸ ਯਾਤਰਾ ਨੇ ਰਾਹੁਲ ਗਾਂਧੀ ਦੀ ਸਖਸ਼ੀਅਤ ਨੂੰ ਉਭਾਰਨ ਵਿਚ ਵੀ ਆਪਣਾ ਹਿੱਸਾ ਪਾਇਆ ਹੈ।ਉਸ ਵਿਚ ਲੋਕਾਂ ਨਾਲ ਜ਼ਮੀਨੀ ਪੱਧਰ ‘ਤੇ ਜੁੜਨ ਦੀ ਪ੍ਰਵਿਰਤੀ ਹੈ ਜਿਸ ਨੇ ਉਸ ਦੀ ਛਵੀ ਨੂੰ ਵੀ ਬਦਲਿਆ ਹੈ।ਕਾਂਗਰਸ ਦੀਆਂ ਢਾਂਚਾਗਤ ਕਮਜ਼ੋਰੀਆਂ ਨੂੰ ਅੱਖੋਂ-ਪਰੋਖੇ ਕਰਦੇ ਹੋਏ ਮੋਦੀ ਦੀ ਰਾਜਨੀਤੀ ਨੇ ਲੋਕਾਂ ਨੂੰ ਯਕੀਨ ਦੁਆ ਦਿੱਤਾ ਕਿ ਰਾਜਨੀਤੀ ਸਿਰਫ ਇਕ ਸਖਸ਼ੀਅਤ ਦਾ ਜਲਵਾ ਹੈ, ਪਰ ਇਹ ਜਲਵਾ ਸੰਘ ਪਰਿਵਾਰ ਦੀ ਮਸ਼ੀਨੀਰੀ ਤੋਂ ਬਿਨਾਂ ਬਰਕਰਾਰ ਨਹੀਂ ਰਹਿ ਸਕਦਾ।ਕਾਂਗਰਸ ਅਜੇ ਤਾਂ ਇਸ ਦੇ ਨੇੜੇ ਤੇੜੇ ਵੀ ਨਹੀਂ ਹੈ।ਦੇਸ਼ ਭਰ ਵਿਚ ਕੀਤੀ ਭਾਰਤ ਜੋੜੋ ਯਾਤਰਾ ਨੇ ਰਾਹੁਲ ਗਾਂਧੀ ਦੀ ਛਵੀ ਨੂੰ ਜਰੂਰ ਸੁਧਾਰਿਆ ਹੈ, ਪਰ ਅਸਲ ਸੁਆਲ ਇਹੀ ਹੈ ਕਿ ਕੀ ਇਹ ਚੋਣਾਂ ਵਿਚ ਜਿੱਤ ਦੇ ਰੂਪ ਵਿਚ ਤਬਦੀਲ ਹੋ ਪਾਵੇਗਾ ਜਾਂ ਨਹੀਂ?ਹਾਲ ਹੀ ਵਿਚ ਗੁਜਰਾਤ ਅਤੇ ਹਿਮਾਚਲ ਦੀ ਚੋਣਾਂ ਵਿਚ ਇਸ ਯਾਤਰਾ ਦਾ ਜਿਆਦਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ ਅਤੇ ਇਸ ਦੀ ਮਹੱਤਵਪੂਰਨ ਚੁਣਾਵੀ ਪ੍ਰੀਖਿਆ ਮਾਰਚ-ਅਪ੍ਰੈਲ ਵਿਚ ਕਰਨਾਟਕ ਦੀਆਂ ਚੋਣਾਂ ਵਿਚ ਦੇਖਣ ਨੂੰ ਮਿਲੇਗੀ।ਹਾਲਾਂਕਿ ਹੁਣ ਤੱਕ ਯਾਤਰਾ ਨੂੰ ਚੰਗਾ ਹੁੰਗਾਰਾ ਮਿਲਿਆ ਹੈ।ਹਰਿਆਣਾ ਵਿਚ ਇਕ ਪੱਤਰਕਾਰ ਦੁਆਰਾ ਇਹ ਪੁੱਛੇ ਜਾਣ ਕਿ ਇਸ ਯਾਤਰਾ ਨੇ ਗਾਂਧੀ ਦੀ ਛਵੀ ਨੂੰ ਕਿਸ ਤਰਾਂ ਸੁਧਾਰਿਆ ਹੈ ਤਾਂ ਉਸ ਨੇ ਜੁਆਬ ਦਿੱਤਾ, “ਰਾਹੁਲ ਗਾਂਧੀ ਤੁਹਾਡੇ ਦਿਮਾਗ ਦੇ ਅੰਦਰ ਹੈ।ਮੈਂ ਉਸ ਨੂੰ ਮਾਰ ਦਿੱਤਾ ਹੈ।ਉਹ ਹੁਣ ਉੱਥੇ ਨਹੀਂ ਹੈ।ਉਹ ਜਾ ਚੁੱਕਿਆ ਹੈ।” ਇਸ ਰਾਹੀ ਉਹ ਆਪਣੇ ਵਿਰੋਧੀਆਂ ਉੱਪਰ ਤਨਜ਼ ਕਸ ਰਿਹਾ ਸੀ।ਪਰ ਇਸ ਦਾ ਵੱਡਾ ਮਕਸਦ ਅਸਲ ਵਿਚ ਲੋਕਾਂ ਦੁਆਰਾ ਗ੍ਰਹਿਣ ਕੀਤੀ ਉਸ ਦੀ ਛਵੀ ਨੂੰ ਬਦਲਣਾ ਹੈ।