ਇੱਕ ਮੋਇਆ ਪੁੱਤ ਪੰਜਾਬ ਦਾ ਕੁਲ ਦੁਨੀਆਂ ਰੋਈ
ਥੋੜੇ ਜਿਹੇ ਸਮੇਂ ਵਿੱਚ ਹੀ ਸਿੱਖ ਜਵਾਨੀ ਦੇ ਮਨਾ ਵਿੱਚ ਵਿਚਾਰਾਂ ਦਾ ਤੂਫਾਨ ਲਿਆਉਣ ਵਾਲਾ ਨੌਜਵਾਨ ਸੰਦੀਪ ਸਿੰਘ ਸਿੱਧੂ ਸਾਡੇ ਤੋਂ ਵਿਦਾ ਹੋ ਗਿਆ ਹੈ। ਜਜਬਿਆਂ ਦਾ ਵਗਦਾ ਦਰਿਆ ਅਤੇ ਲਿਆਕਤ ਦੀ ਜਿਉਂਦੀ ਜਾਗਦੀ ਮੂਰਤ, ਦੀਪ ਸਿੱਧੂ ਸਾਡੇ ਵਿਚਕਾਰ ਬਹੁਤ ਥੋੜੇ ਸਮੇਂ ਲਈ ਰਿਹਾ ਪਰ ਜਿੰਨਾ ਚਿਰ ਵੀ ਰਿਹਾ ਉਸਨੇ ਸਿੱਖ ਜਵਾਨੀ ਦੇ ਮਨਾ ਵਿੱਚ ਇੱਕ ਨਿਵੇਕਲੀ ਅਲਖ ਜਗਾ ਦਿੱਤੀ। ਸਿੱਖ ਇਤਿਹਾਸ, ਗੁਰਬਾਣੀ ਅਤੇ ਸਿੱਖ ਜੀਵਨ ਜਾਂਚ ਦੇ ਚੌਖਟੇ ਵਿੱਚ ਰੱਖਕੇ 21ਵੀਂ ਸਦੀ ਦੀ ਰਾਜਨੀਤੀ,ਆਰਥਕ ਨੀਤੀ ਅਤੇ ਲੋਕ ਸੰਘਰਸ਼ਾਂ ਨੂੰ ਕਿਵੇਂ ਪਰਿਭਾਸ਼ਤ ਕੀਤਾ ਜਾਣਾਂ ਚਾਹੀਦਾ ਹੈ ਅਤੇ ਕਿਵੇਂ ਚਲਾਇਆ ਜਾਣਾਂ ਚਾਹੀਦਾ ਹੈ, ਦੀਪ ਸਿੱਧੂ ਨੇ ਇਹ ਪਿਛਲੇ ਦੋ ਕੁ ਸਾਲਾਂ ਵਿੱਚ ਹੀ ਸਿੱਖ ਨੌਜਵਾਨੀ ਦੀ ਮਾਨਸਿਕਤਾ ਵਿੱਚ ਉਤਾਰ ਦਿੱਤਾ। ਭਾਰਤੀ ਸਟੇਟ ਦਾ ਸਿੱਖਾਂ ਨਾਲ ਕੀ ਰਿਸ਼ਤਾ ਹੈ ਅਤੇ ਸਿੱਖਾਂ ਦਾ ਭਾਰਤੀ ਸਟੇਟ ਨਾਲ ਕੀ ਰਿਸ਼ਤਾ ਹੈ, ਇਸ ਰਿਸ਼ਤੇ ਨੂੰ ਸਿੱਖ ਕਿਸ ਜ਼ਾਂਵੀਏ ਤੋਂ ਦੇਖਣ ਅਤੇ ਉਸ ਜ਼ਾਂਵੀਏ ਤੋਂ ਖਾਲਸਾ ਪੰਥ ਕਿਵੇਂ ਆਪਣਾਂ ਭਵਿੱਖ ਉਸਾਰਨ ਵੱਲ ਵਧੇ ਇਸ ਰਾਜਨੀਤਿਕ ਗੁੰਝਲ ਦੇ ਅੰਸ਼ਕ ਝਲਕਾਰੇ ਦੀਪ ਸਿੱਧੂ ਨੇ ਸਾਡੇ ਸਾਹਮਣੇ ਰੱਖ ਦਿੱਤੇ ਹਨ।
ਵਾਕਿਆ ਹੀ ਉਹ ਦੀਪ ਸੀ ਜਿਸਨੇ ਹਾਲੇ ਦਹਾਕਿਆਂ ਤੱਕ ਚਮਕਣਾਂ ਸੀ ਪਰ ਵਾਹਿਗੁਰੂ ਦੀ ਰਜ਼ਾ ਨੇ ਉਹ ਸਾਡੇ ਤੋਂ ਦੂਰ ਕਰ ਦਿੱਤਾ ਹੈ। ਕਿਸੇ ਮਸਲੇ ਦੀ ਗੁੰਝਲ ਨੂੰ ਬੁੱਝਣਾਂ ਹੋਰ ਗੱਲ ਹੁੰਦੀ ਹੈ ਪਰ ਉਸ ਬੁੱਝੀ ਹੋਈ ਗੁੰਝਲ ਨੂੰ ਨਪੇ ਤੁਲੇ ਹੋਏ ਸ਼ਬਦਾਂ ਵਿੱਚ ਪੇਸ਼ ਕਰਕੇ ਸਾਹਮਣੇ ਬੈਠੇ ਸਰੋਤਿਆਂ ਨੂੰ ਕੀਲ ਲੈਣਾਂ ਇੱਕ ਬਿਲਕੁਲ ਹੀ ਵੱਖਰੀ ਪ੍ਰਾਪਤੀ ਹੁੰਦੀ ਹੈ। ਦੀਪ ਸਿੱਧੂ ਵਿੱਚ ਇਹ ਖੂਬੀ ਬਹੁਤ ਨਿਵੇਕਲੀ ਸੀ। ਬਿਨਾ ਸ਼ੱਕ ਸਿੱਖ ਕੌਮ ਵਿੱਚ ਉਸ ਨਾਲੋਂ ਵੀ ਜਿਆਦਾ ਗਿਆਨਵਾਨ ਅਤੇ ਪੜ੍ਹੇ ਲਿਖੇ ਨੌਜਵਾਨ ਹੋਰ ਵੀ ਹੋਣਗੇ ਜੋ ਮਸਲੇ ਨੂੰ ਸਮਝਦੇ ਹਨ ਪਰ ਉਸਦੀ ਉ੍ਹਹ ਵਿਆਖਿਆ ਕਰਨ ਦੀ ਕਾਬਲੀਅਤ ਨਹੀ ਹੈ ਜੋ ਦੀਪ ਸਿੱਧੂ ਕਰ ਜਾਂਦਾ ਸੀ।
ਉਹ ਵਾਰ ਵਾਰ ਆਪਣੀ ਹੋਂਦ ਦੀ ਲੜਾਈ ਦੀ ਗੱਲ ਕਰਦਾ ਸੀ। ਸਿੱਖ ਸੰਘਰਸ਼ ਦਾ ਕੇਂਦਰ ਬੰਦੂ ਹੀ ਹੋਂਦ ਦੀ ਲੜਾਈ ਹੈ। ਹ੍ਹਰ ਕੌਮੀ ਮੁਕਤੀ ਲਹਿਰ ਦਾ ਕੇਂਦਰੀ ਬਿੰਦੂ ਹੋਂਦ ਦੀ ਲੜਾਈ ਹੀ ਹੁੰਦਾ ਹੈ। ਇਸ ਤੋਂ ਉਰੇ ਦੀ ਸਰਗਰਮੀ ਮਹਿਜ਼ ਸੂਬੇਦਾਰੀਆਂ ਲੈਣ ਦੀ ਲੜਾਈ ਹੁੰਦੀ ਹੈ ਜੋ ਸੁਖਬੀਰ ਬਾਦਲ,ਭਗਵੰਤ ਮਾਨ ਅਤੇ ਨਵਜੋਤ ਸਿੰਘ ਸਿੱਧੂ ਕਰੀ ਜਾ ਰਹੇ ਹਨ। ਜਦੋਂ ਕੋਈ ਹਰ ਛੋਟੇ ਮੋਟੇ ਸੰਘਰਸ਼ ਅਤੇ ਸਰਗਰਮੀ ਨੂੰ ਹੋਂਦ ਦੀ ਲੜਾਈ ਬਣਾਂ ਕੇ ਪੇਸ਼ ਕਰਦਾ ਹੈ ਤਾਂ ਉਹ ਕੌਮ ਦੇ ਮਨ ਮਸਤਕ ਵਿੱਚ ਵਸ ਜਾਂਦੀ ਹੈ। ਕੌਮੀ ਮੁਕਤੀ ਦੇ ਵਿਦਵਾਨ ਆਖਦੇ ਹਨ ਕਿ ਹੋਂਦ ਦੀ ਲੜਾਈ ਨੂੰ ਹਰ ਰੋਜ ਯਾਦ ਰੱਖਣਾਂ ਪੈਂਦਾ ਹੈ, ਅਰਦਾਸ ਅਤੇ ਨਿੱਤਨੇਮ ਵਾਂਗ। ਜਦੋਂ ਸਵੇਰੇ ਸ਼ਾਮ ਅਸੀਂ ਅਰਦਾਸ ਕਰਦੇ ਹਾਂ ਤਾਂ ਆਪਣੀ ਹੋਂਦ ਬਾਰੇ ਹੀ ਚੇਤੰਨ ਹੋ ਰਹੇ ਹੁੰਦੇ ਹਾਂ।
ਮੈਂ ਨਿੱਜੀ ਤੌਰ ਤੇ ਦੀਪ ਸਿੱਧੂ ਵੱਲ ਉਦੋਂ ਧਿਆਨ ਦੇਣਾਂ ਸ਼ੁਰੂ ਕੀਤਾ ਜਦੋਂ ਅਪਰੈਲ 2020 ਵਿੱਚ ਉਸਨੇ ਕੌਮੀ ਨਿਆਰੇਪਣ ਅਤੇ ਸਿੱਖਾਂ ਦੇ ਆਪਣੇ ਗਿਆਨ ਪਰਬੰਧ (Sikh Narrative) ਦੀ ਗੱਲ ਕੀਤੀ। ਮੈਨੂੰ ਉਸ ਵੇਲੇ ਮਹਿਸੂਸ ਹੋਇਆ ਕਿ ਇਹ ਨੌਜਵਾਨ ਕੁਝ ਵੱਖਰਾ ਅਤੇ ਸੱਜਰਾ ਸੋਚ ਰਿਹਾ ਹੈ। ਉਸ ਤੋਂ ਬਾਅਦ ਦੀਪ ਸਿੱਧੂ ਦੀ ਹਰ ਸਰਗਰਮੀ ਅਤੇ ਹਰ ਭਾਸ਼ਣ ਇਸ ਕੌਮੀ ਨਿਆਰੇਪਣ ਅਤੇ ਹੋਂਦ ਦੀ ਲੜਾਈ ਦੁਆਲੇ ਹੀ ਕੇਂਦਰਿਤ ਹੋਣ ਲੱਗਾ।
1984 ਤੋਂ ਬਾਅਦ ਚੱਲੀ ਸਿੱਖ ਲਹਿਰ ਦੌਰਾਨ ਜੰਗ ਦੇ ਮੈਦਾਨ ਵਿੱਚ ਜੂਝ ਰਹੇ ਸਾਡੇ ਨਾਇਕ, ਜੰਗ ਦੀਆਂ ਮਜਬੂਰੀਆਂ ਕਾਰਨ ਜਿਹੜੀ ਗੱਲ ਸਿੱਖ ਨੌਜਵਾਨਾਂ ਦੇ ਮਨਾ ਵਿੱਚ ਨਹੀ ਸੀ ਵਸਾ ਸਕੇ, ਉਸਦੇ ਕੁਝ ਕੁ ਅੰਸ਼ ਦੀਪ ਸਿੱਧੂ ਨੇ ਵਰਤਮਾਨ ਸਿੱਖ ਪੀੜ੍ਹੀ ਦੇ ਮਨਾ ਵਿੱਚ ਵਸਾ ਦਿੱਤੇ ਸਨ। ਇਹ ਨਹੀ ਕਿ ਉਸ ਵੇਲੇ ਦੀ ਲੀਡਰਸ਼ਿੱਪ ਨੂੰ ਕੌਮੀ ਨਿਆਰੇਪਣ ਦੀ ਸੂਝ ਨਹੀ ਸੀ। ਜੰਗ ਦੀਆਂ ਮਜਬੂਰੀਆਂ ਨੇ ਉਨ੍ਹਾਂ ਨੂੰ ਕਿਸੇ ਵੱਖਰੇ ਪਿੜ ਵਿੱਚ ਰਹਿਣ ਲਈ ਹੀ ਮਜਬੂਰ ਕਰ ਦਿੱਤਾ ਸੀ। ਉਸ ਨਿਆਰੇਪਣ ਦੀ ਸਿਆਸੀ ਅਤੇ ਬੌਧਿਕ ਝਲਕ ਪਹਿਲੀ ਵਾਰ ਸਰਦਾਰ ਅਜਮੇਰ ਸਿੰਘ ਨੇ 2003 ਵਿੱਚ ਆਪਣੀ ਪਹਿਲੀ ਪੁਸਤਕ ਰਾਹੀਂ ਸਾਨੂੰ ਦੱਸੀ।
ਦੀਪ ਸਿੱਧੂ ਨੇ ਸਿੱਖ ਮਸਲੇ ਨੂੰ 21ਵੀਂ ਸਦੀ ਦੀਆਂ ਲੋੜਾਂ ਦੇ ਸੰਦਰਭ ਵਿੱਚ ਦੇਖਿਆ ਅਤੇ ਸਮਝਿਆ। ਆਪਣੀ ਇਸ ਸੂਝ ਨੂੰ ਉਸਨੇ ਬਹੁਤ ਹੀ ਨਿਪੁੰਨ ਭਾਸ਼ਾ ਵਿੱਚ ਸੰਗਤਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਉਸਨੇ ਆਪਣੀ ਮਿਕਨਾਤੀਸੀ ਖਿੱਚ ਨਾਲ ਕਿੰਨੇ ਪੜ੍ਹੇ ਲਿਖੇ ਨੌਜਵਾਨ ਆਪਣੇ ਨਾਲ ਜੋੜ ਲਏ ਸਨ ਇਸਦਾ ਅਸਲ ਪਤਾ ਸਾਨੂੰ ਉਸਦੀ ਗਰਿਫਤਾਰੀ ਤੋਂ ਬਾਅਦ ਲੱਗਾ, ਜਦੋਂ ਸਾਡੇ ਸੰਪਰਕ ਵਿੱਚ ਅਣਗਿਣਤ ਕਨੂੰਨ ਦੇ ਵਿਦਿਆਰਥੀ ਆਏ ਜਿਹੜੇ ਉਸ ਦੇ ਇੱਕ ਇੱਕ ਬੋਲ ਲਈ ਵਾਰੇ ਵਾਰੇ ਜਾਂਦੇ ਸਨ। ਉਹ ਨੌਜਵਾਨ ਆਪ ਵੀ ਬਹੁਤ ਚੇਤੰਨ ਸਨ ਪਰ ਦੀਪ ਨੇ ਉਨ੍ਹਾਂ ਦੀ ਚੇਤੰਨਤਾ ਨੂੰ ਹੋਰ ਤਿੱਖਾ ਕਰ ਦਿੱਤਾ ਸੀ।
ਵਾਕਿਆ ਹੀ ਦੀਪ ਸਿੱਧੂ ਜਜਬਿਆਂ ਦਾ ਅਮੋੜ ਵਗਦਾ ਦਰਿਆ ਸੀ। ਉਹ ਕਿਸੇ ਨਫੇ ਨੁਕਸਾਨ ਵਾਲੀ ਰਾਜਨੀਤੀ ਦਾ ਪਾਂਧੀ ਨਹੀ ਸੀ। ਕੌਮਾਂ ਦੀ ਤਕਦੀਰ ਅਜਿਹੇ ਲੋਕ ਹੀ ਬਦਲ ਸਕਦੇ ਹਨ ਜੋ ਅਮੋੜ, ਬੇਪਰਵਾਹ ਅਤੇ ਚੇਤੰਨ ਹੋਣ।
ਬਿਨਾਸ਼ੱਕ, ਹੋਣੀ ਨੇ ਸਿੱਖਾਂ ਦੇ ਭਵਿੱਖ ਦੇ ਆਗੂ ਤੇ ਕਹਿਰ ਭਰਿਆ ਵਾਰ ਕਰ ਦਿੱਤਾ ਹੈ। ਸਿੱਖ ਨੌਜਵਾਨਾਂ ਕੋਲੋਂ ਇੱਕ ਰੋਲ ਮਾਡਲ ਖੁਸ ਗਿਆ ਹੈ।
ਇੱਕ ਮੋਇਆ ਪੁੱਤ ਪੰਜਾਬ ਦਾ ਕੁਲ ਦੁਨੀਆਂ ਰੋਈ,
ਇੱਕ ਕਰਮਾਂ ਮਾਰੀ ਕੌਮ ਨਾਲ ਅਨਹੋਣੀ ਹੋਈ।
ਇੱਕ ਖੁੱਲ੍ਹਿਆ ਬੂਹਾ ਆਸ ਦਾ ਫਿਰ ਜੰਦਰਾ ਵੱਜਾ
ਅੱਜ ਕੰਵਰ ਨੌਨਿਹਾਲ ਤੇ ਫਿਰ ਡਿਗਿਆ ਛੱਜਾ।
ਵਾਹਿਗੂਰੂ ਵਿਛੜੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ।