ਭਾਰਤ ਦੀ ਰਾਜਧਾਨੀ ਦਿੱਲੀ ਇੱਕ ਵਾਰ ਫਿਰ ਖਬਰਾਂ ਵਿੱਚ ਹੈੈੈ। ਆਮ ਤੌਰ ਤੇ ਦਿੱਲੀ ਘਿਨਾਉਣੀਆਂ ਖਬਰਾਂ ਕਾਰਨ ਵੱਧ ਚਰਚਾ ਵਿੱਚ ਰਹਿੰਦੀ ਹੈੈ। ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਦਿੱਲੀ ਤੋਂ ਤਾਜ਼ੀ ਹਵਾ ਦੇ ਠੰਡੇ ਬੁੱਲੇ ਆਏ ਹੋਣ। ਆਮ ਤੌਰ ਤੇ ਦਿੱਲੀ ਤੋਂ ਜੋ ਖਬਰਾਂ ਆਉਂਦੀਆਂ ਹਨ ਉਹ ਰੂਹ ਨੂੰ ਝੰਜੋੜ ਦੇਣ ਵਾਲੀਆਂ ਹੀ ਹੁੰਦੀਆਂ ਹਨ। ਸੰਤ ਰਾਮ ਉਦਾਸੀ ਨੇ ਬਹੁਤ ਦੇਰ ਪਹਿਲਾਂ ਦਿੱਲੀ ਦੀ ਇਸ ਫਿਤਰਤ ਨੂੰ ਪਹਿਚਾਣ ਲਿਆ ਸੀ।

ਦਿੱਲੀਏ ਦਿਆਲਾ ਦੇਖ ਦੇਗ ‘ਚ ਉਬਲਦਾ ਨੀ
ਅਜੇ ਤੇਰਾ ਦਿਲ ਨਾ ਠਰੇ
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ ਅਜੇ ਮਨਮੱਤੀਆਂ ਕਰੇ।

ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕਰਕੇ ਵੀ ਦਿੱਲੀ ਦੀ ਪਿਆਸ ਨਹੀ ਸੀ ਬੁਝੀ। ਜਦੋਂ ਕਦੇ ਦਿੱਲੀ ਤੋਂ ਘਿਨਾਉਣੀਆਂ ਖਬਰਾਂ ਆਉਂਦੀਆਂ ਹਨ ਤਾਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਦਿੱਲੀ ਦੀ ਪਿਆਸ ਹਾਲੇ ਤੱਕ ਵੀ ਨਹੀ ਬੁਝੀ।

ਦਿੱਲੀ ਵਿੱਚ ਇੱਕ ਵਾਰ ਫਿਰ ਇੱਕ ਨਿਤਾਣੀ ਅਤੇ ਨਿਆਸਰਾ ਬੱਚੀ ਦੀ ਬੇਪਤੀ ਹੋਈ ਹੈੈ। ਉਹ ਦਰਿੰਦਗੀ ਜੋ ਦਿੱਲੀ ਵਿੱਚ ਵਾਰ ਵਾਰ ਦੇਖੀ ਗਈ ਹੈ ਉ੍ਹਹ ਇੱਕ ਵਾਰ ਫਿਰ ਦੇਖਣ ਨੂੰ ਮਿਲੀ। ਬਹੁਤ ਬੁਰੀ ਤਰ੍ਹਾਂ ਉਸਨੂੰ ਕੁੱਟਿਆ ਗਿਆ ਅਤੇ ਬੇਪਤ ਕੀਤਾ ਗਿਆ। ਇਨਸਾਨੀਅਤ ਇੱਕ ਵਾਰ ਫਿਰ ਤਾਰੋ ਤਾਰ ਹੋ ਗਈ ਹੈੈੈ। ਚੋਣਾਂ ਦੇ ਇਸ ਰੰਗ ਤਮਾਸ਼ੇ ਵਿੱਚ ਚੰਦ ਕੁ ਹੀ ਰੂਹਾਂ ਸਨ ਜੋ ਉਸ ਅਬਲਾ ਦੀ ਪੁੱਛ ਪੜਤਾਲ ਕਰਨ ਲਈ ਪਹੁੰਚੀਆਂ। ਬਹੁਤਿਆਂ ਨੂੰ ਤਾਂ ਆਪਣੀਆਂ ਅਤੇ ਆਪਣੇ ਟੱਬਰ ਦੀਆਂ ਸੀਟਾਂ ਦਾ ਹੀ ਫਿਕਰ ਖਾਈ ਜਾ ਰਿਹਾ ਹੈੈੈ। ਇਨਸਾਫ ਕਰਨ ਵਾਲੇ ਵੀ ਬਹੁਤ ਕੁ੍ਹਝ ਸੋਚ ਸਮਝਕੇ ਹੀ ਅੱਗੇ ਕਦਮ ਵਧਾ ਰਹੇ ਹਨ। ਜਿਵੇਂ ਕਿਸੇ ਦੇ ਹੁਕਮ ਦੇ ਬੱਧੇ ਹੋਣ। ਇਨਸਾਫ ਵੀ ਹੁਣ ਮਿਣ ਤੋਲ ਕੇ ਕੀਤਾ ਜਾਣ ਲੱਗ ਪਿਆ ਹੈੈੈ। ਦਿੱਲੀ ਦਾ ਇਹ ਦਸਤੂਰ ਤਾਂ ਬਹੁਤ ਦੇਰ ਤੋਂ ਬਣਿਆ ਹੋਇਆ ਹੈ ਕਿ ਇਨਸਾਫ ਬਹੁਤ ਤੋਲ ਕੇ ਅਤੇ ਮੁੱਲ ਦੇਖ ਕੇ ਕੀਤਾ ਜਾਂਦਾ ਹੈੈੈ।

ਜਮਹੂਰੀਅਤ ਦੇ ਸਾਰੇ ਥੰਮ ਖਾਮੋਸ਼ ਹੋਣ ਵਰਗਾ ਵਿਹਾਰ ਕਰ ਰਹੇ ਹਨ। ਮੀਡੀਆ ਵੀ ਗਿਣ-ਚੁਣ ਕੇ ਖਬਰਾਂ ਪਰਸਾਰਤ ਕਰਦਾ ਹੈੈ। ਕੁਝ ਕੌਮਾਂ ਦੀ ਅਤੇ ਕੁਝ ਭਾਈਚਾਰਿਆਂ ਦੀ ਖਬਰ ਮਸਾਲਾ ਨਹੀ ਬਣਦੀ। ਉਹ ਮੀਡੀਆ ਹੀ ਕੀ ਜੋ ਮਸਾਲਾ ਨਾ ਬਣਾ ਸਕੇ। ਉਹ ਮੀਡੀਆ ਹੀ ਕੀ ਜਿਸਦਾ ਹਰ ਬੋਲ ਕਿਸੇ ਦੀ ਤੱਕੜੀ ਵਿੱਚ ਤੁੱਲ ਕੇ ਵਿਕਾਊ ਨਾ ਬਣ ਸਕਦਾ ਹੋਵੇ। ਕਾਰਜਪਾਲਕਾ ਤੁਰਨ ਦਾ ਨਾਟਕ ਕਰ ਰਹੀ ਹੈੈੈ। ਬੱਚੀ ਨੂੰ ਉਨ੍ਹਾਂ ਆਪਣੀ ਕਥਿਤ ਸੁਰੱਖਿਅਤ ਪਨਾਹ ਵਿੱਚ ਰੱਖਿਆ ਹੋਇਆ ਹੈੈ। ਕਿਸੇ ਨੂੰ ਮਿਲਣ ਨਹੀ ਦਿੱਤਾ ਜਾ ਰਿਹਾ ਤਾਂ ਕਿ ਦੋਸ਼ੀਆਂ ਖਿਲਾਫ ਕੇਸ ਬਣਾਉਦੇ ਵਕਤ ਬਹੁਤ ਕੁਝ ਲੁਕੋਇਆ ਜਾ ਸਕੇ।

ਕਾਰਜਪਾਲਕਾ ਕਦੇ ਕਦੇ ਤੇਜ਼ੀ ਵੀ ਦਿਖਾਉਂਦੀ ਹੈ। ਉਦੋਂ ਜਦੋਂ ਕਿਸੇ ਪੀੜਤ ਅਬਲਾ ਦੀ ਸਾਰ ਲੈਣ ਆਏ ਲੋਕਾਂ ਨੂੰ ਡਰਾਉਣਾਂ ਧਮਕਾਉਣਾਂ ਹੋਵੇ। ਜੋ ਉਸ ਦੇਸ਼ ਦੀ ਧੀ ਦੀ ਸਾਰ ਲੈਣ ਲਈ ਪੁੱਜੇ ਉਹ, ਹਾਲਾਤ ਖਰਾਬ ਕਰਨ ਵਾਲੇ ਬਣਾ ਦਿੱਤੇ ਗਏ। ਜੋ ਧੀ ਬਚਾਉਣ ਦੇ ਨਾਅਰੇ ਦੇ ਰਹੇ ਹਨ ਉ੍ਹਹ ਲੋੜ ਪੈਣ ਤੇ ਚੋਣ ਰੈਲੀਆਂ ਵਿੱਚ ਮਸ਼ਰੂਫ ਹੋ ਜਾਂਦੇ ਹਨ। ਸਭ ਕੁਝ ਗਿਣ ਮਿਥ ਕੇ ਕੀਤਾ ਜਾ ਰਿਹਾ ਹੈੈੈ। ਇਨਸਾਫ ਹੋਣ ਦਾ ਭਰਮ ਸਿਰਜਿਆ ਜਾ ਰਿਹਾ ਹੈੈੈ।

ਇਨਸਾਫ ਦੇ ਇਸ ਭਰਮ ਨੂੰ ਲੋਕ ਜੀਅ ਵੀ ਰਹੇ ਹਨ ਅਤੇ ਹੰਢਾ ਵੀ ਰਹੇ ਹਨ। ਜਿਹੜੇ ਇਹ ਤਾਕਤ ਨਹੀ ਰੱਖਦੇ ਕਿ ਉਹ ਕੋਈ ਖਬਰ ਬਣ ਸਕਦੇ ਹਨ ਜਾਂ ਕੋਈ ਖਬਰ ਬਣਾ ਸਕਦੇ ਹਨ ਉਨ੍ਹਾਂ ਲਈ ਕਨੂੰਨ ਅਤੇ ਇਨਸਾਫ ਦੇ ਖੇਮੇ ਵਿੱਚ ਬਹੁਤ ਥੋੜੀ ਜਿਹੀ ਥਾਂ ਹੈੈੈ। ਤੁਹਾਡਾ ਇਨਸਾਨ ਹੋਣਾਂ ਜਰੂਰੀ ਨਹੀ ਹੈ ਬਲਕਿ ਉਹ ਇਨਸਾਨ ਹੋਣਾਂ ਜਰੂਰੀ ਹੈ ਜੋ ਕੋਈ ਖਬਰ ਬਣਾ ਸਕਦਾ ਹੋਵੇ, ਵਿਕਣਯੋਗ ਖਬਰ। ਇਨਸਾਫ ਦੇ ਤਕਾਜ਼ੇ ਵਿਕਣਯੋਗ ਖਬਰਾਂ ਬਣਾਉਣ ਵਾਲਿਆਂ ਵੱਲ ਉੱਲਰ ਗਏ ਹਨ।

ਇਹੋ ਹੀ ਦਿੱਲੀ ਦੀ ਫਿਤਰਤ ਰਹੀ ਹੈੈ। ਇਹ ਦਸਤੂਰ ਸਦੀਆਂ ਤੋਂ ਚੱਲ ਰਿਹਾ ਹੈੈ।

ਸੰਤ ਰਾਮ ਉਦਾਸੀ ਨੇ ਇੱਕ ਆਸ ਦੀ ਕਿਰਨ ਜਗਾਈ ਸੀ-

ਸੱਚ ਮੂਹਰੇ ਸਾਹ ਤੇਰੇ ਜਾਣਗੇ ਉਤਾਂਹ ਨੂੰ
ਗੱਲ ਨਹੀ ਆਉਣੀ ਤੇਰੇ ਝੂਠਿਆਂ ਗਵਾਹਾਂ ਨੂੰ
ਸੰਗਤਾਂ ਦੀ ਸੱਥ ਵਿੱਚ ਜਦੋਂ ਤੈਨੂੰ ਖੂਨਣੇ ਨੀ
ਲੈਕੇ ਫੌਜੀ ਖਾਲਸੇ ਖੜ੍ਹੇ।

ਉਸ ਘੜੀ ਦੀ ਉਡੀਕ ਵਿੱਚ ਜੀਅ ਰਹੇ ਹਨ ਉਹ ਲੋਕ ਜੋ ਵਿਕਾਊ ਖਬਰਾਂ ਨਹੀ ਬਣ ਸਕਦੇ।