ਪ੍ਰਾਚੀਨ ਸਮੇਂ ਤੋਂ ਹੀ ਸਮਾਜਿਕ ਸਮੂਹ ਤੋਂ ਵਿਅਕਤੀ ਨੂੰ ਅਲੱਗ ਅਤੇ ਬਾਹਰ ਕਰਨ ਜਾਂ ਕੈਦਬੰਦੀ ਸਜ਼ਾ ਦੇ ਰੂਪ ਰਹੇ ਹਨ।ਇਹ ਰੂਪ ਅੱਜ ਵੀ ਸੰਸਾਰ ਵਿਚ ਵੱਖ-ਵੱਖ ਢੰਗਾਂ ਨਾਲ ਪ੍ਰਚਲਿਤ ਹਨ।ਕੈਦਬੰਦੀਸ਼ਬਦ ਪਹਿਲੀ ਵਾਰੀ ੧੫੯੨ ਵਿਚ ਪ੍ਰਯੋਗ ਕੀਤਾ ਗਿਆ ਸੀ ਜਿਸ ਦੀ ਉਤਪਤੀ ਫ੍ਰੈਂਚ ਸ਼ਬਦ ‘ਕਨਫਾਈਨਰ’ ਤੋਂ ਹੋਈ ਜਿਸ ਦਾ ਅਰਥ ਸੀ ਕਿਸੇ ਨੂੰ ਕੈਦ ਕਰਕੇ ਰੱਖਣਾ ਜਾਂ ਇਕ ਹੀ ਥਾਂ ਉੱਪਰ ਸੀਮਿਤ ਰੱਖਣਾ।ਇਸ ਦਾ ਉਦੇਸ਼ ਕਿਸੇ ਵਿਅਕਤੀ ਨੂੰ ਹਮੇਸ਼ਾ ਲਈ ਮਾਨਸਿਕ ਤੌਰ ਤੇ ਨੁਕਸਾਨ ਪਹੁੰਚਾਉਣਾ ਸੀ ਜਿਸ ਦਾ ਨਤੀਜਾ ਉਸ ਮਾਨਸਿਕ ਵਿਗਾੜ ਦੇ ਰੂਪ ਵਿਚ ਨਿਕਲਦਾ ਹੈ ਜਿਸ ਵਿਚ ਵਿਅਕਤੀ ਦੂਜਿਆਂ ਪ੍ਰਤੀ ਬੇਭਰੋਸਗੀ ਦਾ ਸ਼ਿਕਾਰ ਹੋ ਜਾਂਦਾ ਹੈ ਜਾਂ ਉਸ ਵਿਚ ਸਪੱਸ਼ਟ ਵਿਚਾਰ ਰੱਖਣ ਦੀ ਸਮਰੱਥਾ ਨਹੀਂ ਰਹਿੰਦੀ।ਉਹ ਵਿਅਕਤੀ ਮਾਨਸਿਕ ਅਜ਼ਾਬ ਕਰਕੇ ਆਪਣੇ ਆਲੇ-ਦੁਆਲੇ ਦੀ ਅਸਲੀਅਤ ਜਾਂ ਕਲਪਨਾ ਵਿਚ ਭੇਦ ਨਹੀਂ ਕਰ ਸਕਦਾ।
ਕੈਦ ਕਦੀ ਵੀ ਨਾ ਬਦਲਣ ਵਾਲੇ ਮਾਹੌਲ ਵਿਚ ਹੰਢਾਈ ਜਾਣ ਵਾਲੀ ਇਕੱਲਤਾ ਹੈ ਜਿਸ ਵਿਚ ਕੋਈ ਵਿਅਕਤੀ ਕਦੇ ਨਾ ਅਨੁਮਾਨ ਲਗਾਏ ਜਾਣ ਵਾਲੇ ਢੰਗਾਂ ਰਾਹੀ ਮਹਿਜ਼ ਸੰਵੇਦੀ ਸੂਚਨਾ ਪ੍ਰਾਪਤ ਕਰਦਾ ਹੈ।ਜਿਸ ਵਿਚ ਉਸ ਦਾ ਜਿਆਦਾਤਰ ਵਕਤ ਆਪਣੇ ਆਲੇ ਦੁਆਲੇ ਦੀ ਦੁਨੀਆਂ ਤੋਂ ਉਤੇਜਨਾ ਅਤੇ ਸ਼ਕਤੀ ਪ੍ਰਾਪਤ ਕਰਨ ਦੀ ਪ੍ਰੀਕਿਰਿਆ ਵਿਚ ਗੁਜਰਦਾ ਹੈ।ਆਪਣੇ ਆਲੇ ਦੁਆਲੇ ਤੋਂ ਪ੍ਰਾਪਤ ਹੋਈ ਨੀਰਸ ਉਤੇਜਨਾ ਹੀ ਉਸ ਨੂੰ ਆਪਣੇ ਅੰਦਰ ਵੱਲ ਮੋੜਦੀ ਹੈ। ਇਹੀ ਘੜੀ ਉਸ ਦੇ ਆਪਣੇ ਅੰਦਰੂਨੀ ਅਨੁਭਵ ਦੀ ਪਰਖ ਦੀ ਵੀ ਘੜੀ ਹੁੰਦੀ ਹੈ।ਇਹ ਸਥਿਤੀ ਉਸ ਵਿਚ ਬਦਲਵੀਂ ਚੇਤਨਾ ਪੈਦਾ ਕਰਦੀ ਹੈ, ਜੜ੍ਹ ਦੁਚਿੱਤੀ ਪੈਦਾ ਕਰਦੀ ਹੈ ਅਤੇ ਉਸ ਅੰਦਰ ਬੇਚੈਨੀ ਨੂੰ ਨਿਰੰਤਰ ਵਧਾਉਂਦੀ ਹੈ।ਇਸ ਦਾ ਨਤੀਜਾ ਅਸਪੱਸ਼ਟ ਪ੍ਰਤੀਕਿਰਿਆ,ਵਿਚਿੱਤਰ ਸਥਿਤੀਆਂ ਅਤੇ ਦੁਚਿੱਤੀ ਦੇ ਰੂਪ ਵਿਚ ਨਿਕਲਦਾ ਹੈ।ਨਿਰੰਤਰ ਇਕੋ ਜਿਹੇ ਮਾਹੌਲ ਵਿਚ ਰਹਿਣ ਦੀ ਨੀਰਸਤਾ ਵਿਅਕਤੀ ਨੂੰ ਚਿੜਚਿੜਾਹਟ ਅਤੇ ਸਰੀਰਕ ਅਤੇ ਮਾਨਸਿਕ ਯਾਤਨਾ ਦਾ ਸ਼ਿਕਾਰ ਬਣਾ ਦਿੰਦੀ ਹੈ।ਸਮਾਜਿਕ ਦਾਇਰੇ ਤੋਂ ਦੂਰ ਲੰਮੇ ਸਮੇਂ ਲਈ ਇਕੱਲਤਾ ਜਾਂ ਕੈਦਬੰਦੀ ਸਖ਼ਤ ਤੋਂ ਸਖ਼ਤ ਵਿਅਕਤੀਆਂ ਨੂੰ ਵੀ ਤੋੜ ਦਿੰਦੀ ਹੈ।ਅਸਲੀਅਤ ਤੋਂ ਕੋਰੀ ਸਥਿਤੀ ਵਿਚ ਆਪਣਾ ਮਾਨਸਿਕ ਸੰਤੁਲਨ ਬਰਕਰਾਰ ਰੱਖਣ ਦੀ ਨਿਰੰਤਰ ਲੜਾਈ ਚੱਲਦੀ ਰਹਿੰਦੀ ਹੈ।
ਰੋਜ਼ਮੱਰਾ ਦੇ ਤਕਾਜ਼ਿਆਂ ਤੋਂ ਬਚਣ ਲਈ ਪ੍ਰਾਪਤ ਕੀਤੀ ਇਕੱਲਤਾ ਕੈਦਬੰਦੀ ਦੀ ਇਕੱਲਤਾ ਤੋਂ ਵੱਖਰੀ ਹੁੰਦੀ ਹੈ।ਇਕ ਵਿਅਕਤੀ ਉੱਪਰ ਥੋਪੀ ਇਕੱਲਤਾ ਜਾਂ ਕੈਦਬੰਦੀ ਉਸ ਨੂੰ ਮਾਨਸਿਕ ਰੂਪ ਨਾਲ ਪ੍ਰਭਾਵਿਤ ਕਰਦੀ ਹੈ, ਹਾਲਾਂਕਿ ਇਸ ਦੇ ਪਿੱਛੇ ਕੰਮ ਕਰਦੇ ਕਾਰਕ ਅਸਪੱਸ਼ਟ ਹੁੰਦੇ ਹਨ।ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਮਾਜਿਕ ਇਕੱਲਤਾ ਜਾਂ ਕੈਦਬੰਦੀ ਅਤਿਅੰਤ ਤਣਾਅ ਅਤੇ ਦਿਮਾਗੀ ਉਤੇਜਨਾ ਨੂੰ ਜਨਮ ਦਿੰਦੀ ਹੈ, ਪਰ ਇਸ ਵਿਚ ਅਪਵਾਦ ਵੀ ਦੇਖੇ ਜਾ ਸਕਦੇ ਹਨ।ਇਰਾਕ ਦਾ ਐਟੋਮਿਕ ਵਿਗਿਆਨੀ ਹੁਸੈਨ-ਅਲ ਸ਼ਹਿਰਸਤਾਨੀ, ਜਿਸ ਨੂੰ ਇਰਾਕ ਵਿਚ ਤਾਨਾਸ਼ਾਹੀ ਸ਼ਾਸ਼ਨ ਦੀ ਉਲੰਘਣਾ ਕਰਕੇ ਜੇਲ ਵਿਚ ਡੱਕਿਆ ਗਿਆ ਸੀ, ਦਸ ਸਾਲਾਂ ਦੀ ਸਖ਼ਤ ਕੈਦ ਦੌਰਾਨ ਵੀ ਆਪਣੇ ਇਰਾਦਿਆਂ ਤੋਂ ਨਹੀਂ ਭਟਕਿਆ।ਉਸ ਨੇ ਆਪਣੇ ਅੰਦਰੂਨੀ ਮਨ ਉੱਪਰ ਧਿਆਨ ਕੇਂਦਰਿਤ ਕਰਕੇ ਆਪਣਾ ਮਾਨਸਿਕ ਸੰਤੁਲਨ ਬਚਾਈ ਰੱਖਿਆ।ਇਸੇ ਤਰਾਂ ਹੀ ਹੰਗਰੀ ਵਿਚ ਮੈਡੀਕਲ ਅਕਾਦਮਿਕ ਖੇਤਰ ਦੀ ਮਸ਼ਹੂਰ ਹਸਤੀ ਐਡਿਥ ਬੋਨ ਨੇ ਵੀ ਹੰਗਰੀ ਵਿਚ ਕਮਿਊਨਿਸਟ ਸ਼ਾਸਨ ਦੌਰਾਨ ਆਪਣਾ ਮਾਨਸਿਕ ਤਵਾਜ਼ਨ ਨਹੀਂ ਗੁਆਇਆ।ਇਸੇ ਤਰਾਂ ਹੀ ਨੈਲਸਨ ਮੰਡੇਲਾ ਅਤੇ ਵਾਕਲਵ ਹੈਵਲ ਜਿਹੇ ਲੋਕਾਂ ਨਾਲ ਹੋਇਆ।ਕੈਦਬੰਦੀ ਅਤੇ ਇਕੱਲਤਾ ਵੀ ਉਹ ਉਦੇਸ਼ ਨਹੀਂ ਪੂਰਾ ਕਰ ਪਾਈ ਜਿਸ ਲਈ ਇਹਨਾਂ ਨੂੰ ਅਪਣਾਇਆ ਜਾਂਦਾ ਹੈ।ਅਸਲ ਵਿਚ ਇਸ ਨੇ ਸਥਿਤੀ ਨੂੰ ਹੋਰ ਖਰਾਬ ਕਰਕੇ ਮੁਸੀਬਤਾਂ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ।ਇਸ ‘ਰੌਸ਼ਨ’ ਸੰਸਾਰ ਵਿਚ ਅਜੇ ਵੀ ਇਸ ਦਾ ਕੋਈ ਬਦਲਵਾਂ ਰੂਪ ਨਹੀਂ ਮਿਲਿਆ ਹੈ।ਕੈਦਬੰਦੀ ਜਾਂ ਇਕੱਲਤਾ ਦਾ ਉਦੇਸ਼ ਇਕ ਵਿਅਕਤੀ ਨੂੰ ਨੀਰਸਤਾ ਰਾਹੀ ਤੋੜਨਾ ਹੁੰਦਾ ਹੈ।ਇੱਕੋ ਪ੍ਰਕਾਰ ਦੀਆਂ ਅਵਾਜ਼ਾਂ, ਉਹੀ ਮਹਿਕ, ਉਹੀ ਰੌਸ਼ਨੀ, ਅਤੇ ਉਹੀ ਚਾਰ ਦੀਵਾਰੀ ਅਸਲ ਵਿਚ ਅਣਮਨੁੱਖੀ, ਅਪਮਾਨਜਨਕ ਅਤੇ ਕਠੋਰ ਮਾਹੌਲ ਪੈਦਾ ਕਰਦੀ ਹੈ।
ਲੰਮੇ ਸਮੇਂ ਦੀ ਇਕੱਲਤਾ ਜਾਂ ਕੈਦਬੰਦੀ ਵਿਅਕਤੀ ਲਈ ਇਕ ਕਦੇ ਨਾ ਖਤਮ ਹੋਣ ਵਾਲੀ ਸੁਰੰਗ ਵਿਚ ਹੋਣ ਜਿਹਾ ਅਨੁਭਵ ਹੁੰਦਾ ਹੈ।ਕੈਦ ਦੌਰਾਨ ਉਹ ਇਕ ਢਾਂਚੇ ਦੇ ਅੰਦਰ ਆਪਣਾ ਇਕ ਢਾਂਚਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਜਿਸ ਵਿਚ ਬਾਹਰੀ ਸੰਸਾਰ ਮਹਿਜ਼ ਕਾਲਪਨਿਕ ਭਰਮ ਹੀ ਪ੍ਰਤੀਤ ਹੁੰਦਾ ਹੈ।ਕੈਦਬੰਦੀ ਇਕ ਵਿਅਕਤੀ ਦੇ ਸਮਾਜਿਕ ਯੋਗਤਾ ਜਾਂ ਕੁਸ਼ਲਤਾ ਨੂੰ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ ਜਿਸ ਕਰਕੇ ਉਸ ਵਿਚ ਆਪਣੇ ਆਲੇ ਦੁਆਲੇ ਪ੍ਰਤੀ ਇਕ ਡਰ ਦੀ ਭਾਵਨਾ ਵੀ ਪੈਦਾ ਹੋ ਜਾਂਦੀ ਹੈ।ਕੈਦਬੰਦੀ ਅਤੇ ਇਕੱਲਤਾ ਜਿਹੀ ਸਥਿਤੀ ਵਿਅਕਤੀ ਵਿਚ ਭਰਮ, ਦੂਜਿਆਂ ਪ੍ਰਤੀ ਬੇਭਰੋਸਗੀ, ਡਿਪ੍ਰੈਸ਼ਨ ਅਤੇ ਖੁਦਕੁਸ਼ੀ ਵੱਲ ਰੁਝਾਨ {ਅਮਰੀਕਾ ਦੀਆਂ ਜੇਲਾਂ ਵਿਚ ਹਰ ਸਾਲ ਲਗਭਗ ਚਾਰ ਹਜ਼ਾਰ ਖੁਦਕੁਸ਼ੀ ਦੀਆਂ ਘਟਨਾਵਾਂ ਹੁੰਦੀਆਂ ਹਨ}, ਨਸਿਆਂ ਦਾ ਪ੍ਰਯੋਗ ਅਤੇ ਵਿਰੋਧ ਦੀ ਭਾਵਨਾ ਪੈਦਾ ਕਰਦੀ ਹੈ।ਭਾਰਤ ਦੀਆਂ ਜੇਲਾਂ ਵਿਚ ਮਾਨਸਿਕ ਪ੍ਰੋਤਸਾਹਨ ਅਤੇ ਮਦਦ ਦੀ ਭਾਰੀ ਕਮੀ ਹੈ।ਲੰਮੇ ਸਮੇਂ ਦੀ ਕੈਦ ਇਕ ਕੈਦੀ ਦੇ ਤਨ, ਮਨ ਅਤੇ ਆਤਮਾ ਨੂੰ ਬੁਰੀ ਤਰਾਂ ਪ੍ਰਭਾਵਿਤ ਕਰਦੀ ਹੈ।ਲੰਮੇ ਸਮੇਂ ਲਈ ਅਜ਼ਾਦੀ ਤੋਂ ਵਿਰਵੇ ਰਹਿਣਾ ਅਤੇ ਬਾਹਰੀ ਸੰਸਾਰ ਨਾ ਕੋਈ ਵੀ ਸੰਬੰਧ ਨਾ ਹੋਣ ਦੀ ਸਥਿਤੀ ਕੈਦੀ ਦੀ ਮਾਨਸਿਕ ਸਥਿਤੀ ਉੱਪਰ ਸਿੱਧਾ ਪ੍ਰਭਾਵ ਪਾਉਂਦੀ ਹੈ।ਕੈਦ ਪੂਰੀ ਹੋਣ ਤੋਂ ਬਾਅਦ ਕੈਦੀ ਬਹੁਤ ਵਾਰ ਇਹ ਨਹੀਂ ਸਮਝ ਪਾਉਂਦੇ ਕਿ ਹੁਣ ਉਨ੍ਹਾਂ ਨੇ ਆਪਣੀ ਜ਼ਿੰਦਗੀ ਕਿਸ ਤਰਾਂ ‘ਸ਼ੁਰੂ’ ਕਰਨੀ ਹੈ ਅਤੇ ਉਹ ਆਪਣੀ ਜ਼ਿੰਦਗੀ ਦਾ ਉਦੇਸ਼ ਵੀ ਖੋ ਦਿੰਦੇ ਹਨ।ਰੋਸ਼ਨੀ ਤੋਂ ਨਿਰੰਤਰ ਵਾਂਝੀ ਕੰਕਰੀਟ ਚਾਰਦੀਵਾਰੀ ਅਤੇ ਕਿਸੇ ਵੀ ਪ੍ਰੋਤਸਾਹਨ ਦੀ ਕਮੀ ਕੈਦੀ ਨੂੰ ਮਾਨਸਿਕ ਰੂਪ ਵਿਚ ਪ੍ਰਭਾਵਿਤ ਕਰਦੀ ਹੈ ਕਿਉਂਕਿ ਉਸ ਕੋਲ ਤਣਾਅ ਤੋਂ ਮੁਕਤ ਹੋਣ ਦੇ ਕੋਈ ਬਹੁਤੇ ‘ਰਸਤੇ’ ਨਹੀਂ ਹੁੰਦੇ।ਲੰਮੇ ਸਮੇਂ ਦੀ ਇਕੱਲਤਾ ਇਕ ਵਿਅਕਤੀ ਨੂੰ ਖੁਦ ਤੱਕ ਸੀਮਿਤ ਅਤੇ ਸਮਾਜਿਕ ਤੌਰ ਤੇ ਦੂਜਿਆਂ ਤੋਂ ਅਲੱਗ ਕਰ ਦਿੰਦੀ ਹੈ ਜਿਸ ਕਰਕੇ ਉਹ ਕੈਦ ਤੋਂ ਬਾਅਦ ਆਪਣੇ ਆਪ ਨੂੰ ਬਾਹਰੀ ਜ਼ਿੰਦਗੀ ਅਨੁਸਾਰ ਅਸਾਨੀ ਨਾਲ ਢਾਲ ਨਹੀਂ ਸਕਦਾ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੈਦਬੰਦੀ ਅਤੇ ਇਕੱਲਤਾ ਕੁਝ ਵਿਅਕਤੀਆਂ ਵਿਚ ਮੁਕਾਬਲਤਨ ਸਥਿਰਤਾ, ਸੋਚਣ ਦੀ ਸ਼ਕਤੀ ਅਤੇ ਜ਼ਿੰਦਗੀ ਨੂੰ ਖੱੁਲ ਕੇ ਅਪਣਾਉਣ ਲਈ ਸਾਕਾਰਤਮਕ ਰਵੱਈਆ ਅਤੇ ਵਿਹਾਰ ਪੈਦਾ ਕਰਦੀ ਹੈ।ਪਰ ਢਾਂਚਾਗਤ ਕੈਦ ਅਤੇ ਸਮਾਜਿਕ ਅਲਹਿਦਗੀ ਵਿਚ ਬਿਤਾਇਆ ਸਮਾਂ ਸਖ਼ਸ਼ੀਅਤ ਵਿਚ ਮਹੱਤਵਪੂਰਨ ਬਦਲਾਅ ਲੈ ਕੇ ਆਉਂਦਾ ਹੈ।ਅਜ਼ਾਦ ਚੋਣ ਦੀ ਨਿਰੰਤਰ ਕਮੀ, ਨਿੱਜਤਾ ਦੀ ਅਣਹੌਂਦ, ਰੋਜ਼ਮੱਰਾ ਦੀ ਅਨਿਸ਼ਚਤਤਾ, ਕਠੋਰ ਅਤੇ ਮਜਬੂਤ ਹੋਣ ਦਾ ਲਗਾਤਾਰ ਨਕਾਬ ਪਹਿਨਣਾ, ਭਾਵਨਾਤਮਕ ਤੌਰ ਤੇ ਕੋਰਾਪਣ ਅਤੇ ਬਾਹਰੀ ਤੌਰ ਤੇ ਥੋਪੇ ਗਈ ਵਿਵਸਥਾ ਅਤੇ ਦਸਤੂਰ ਲਗਾਤਾਰ ਉਸ ਦੇ ਨਾਲ-ਨਾਲ ਰਹਿੰਦੇ ਹਨ।ਨਿੱਜੀ ਸਪੇਸ ਰੋਜ਼ਮੱਰਾ ਦੇ ਨਿਯਮਾਂ ਅਤੇ ਕਾਇਦਿਆਂ ਵਿਚ ਹੀ ਗੁਆਚ ਜਾਂਦੀ ਹੈ। ਇਸ ਤਰਾਂ ਦੀ ਸਥਿਤੀ ਵਿਚ ਪੂਰਾ ਸਮਾਜ ਕਠੋਰ ਅਤੇ ਭਾਵਨਾਤਮਕ ਰੂਪ ਵਿਚ ਕੋਰੇ ਵਿਅਕਤੀ ਪੈਦਾ ਕਰਨ ਦਾ ਰਿਸਕ ਉਠਾਉਂਦਾ ਹੈ, ਪਰ ਨਾਲ ਹੀ ਇਹ ਉਮੀਦ ਵੀ ਰੱਖਦਾ ਹੈ ਕਿ ਇਸ ਤਰਾਂ ਦੀ ਸਥਿਤੀ ਕੈਦੀਆਂ ਨੂੰ ਚੰਗੇ ਮਨੱੁਖ ਬਣਨ ਵਿਚ ਸਹਾਈ ਹੁੰਦੀ ਹੈ।
ਕੈਦਬੰਦੀ ਇਕ ਵਿਅਕਤੀ ਦੁਆਰਾ ਰੋਜ਼ਮੱਰਾ ਦੇ ਪੱਧਰ ਤੇ ਮਾਨਸਿਕ ਅਤੇ ਸਰੀਰਕ ਦਬਾਅ ਸਹਿਣ ਕਰਨ ਦੀ ਸ਼ਕਤੀ ਜਾਂ ਇਸ ਸਾਹਮਣੇ ਗੋਡੇ ਟੇਕ ਦੇਣ ਦੀ ਪਰਖ ਹੁੰਦੀ ਹੈ।ਪਰ ਪੂਰੇ ਸੰਸਾਰ ਵਿਚ ਅਜੇ ਵੀ ਅਜਿਹਾ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਕੈਦਬੰਦੀ ਜਨਤਕ ਸੁਰੱਖਿਆ ਵਿਚ ਸਾਕਾਰਤਮਕ ਰੂਪ ਵਿਚ ਸਹਾਈ ਹੋਈ ਹੈ। ਕੈਦਬੰਦੀ ਜਾਂ ਇਕੱਲਤਾ ਦਾ ਅਸਲ ਮਕਸਦ ਵਿਅਕਤੀ ਵਿਚ ਡਰ ਪੈਦਾ ਕਰਨਾ ਅਤੇ ਲੋਕਾਂ ਉੱਪਰ ਨਿਯੰਤਰਣ ਕਰਨਾ ਹੁੰਦਾ ਹੈ।ਬਰਬਰਤਾ ਅਤੇ ਕਰੂਰ ਜਨਤਕ ਰਸਮਾਂ ਦੇ ਕਾਲ ਵਿਚ ਕੈਦਬੰਦੀ ਅਪਰਾਧੀਆਂ ਨੂੰ ਸਜ਼ਾ ਦੇਣ ਦਾ ਸਭ ਤੋਂ ਮਨੁੱਖੀ ਅਤੇ ਸੱਭਿਅਕ ਰੂਪ ਬਣ ਕੇ ਉੱਭਰੀ।ਅੱਜ ਹਾਲੈਂਡ ਵਰਗੇ ਕਈ ਦੇਸ਼ ਜੇਲਾਂ ਨੂੂੰ ਬੰਦ ਕਰ ਰਹੇ ਹਨ। ਸਵਿਟਜ਼ਰਲੈਂਡ ਵਿਚ ਅਪਰਾਧ ਸੰਖਿਆ ਨਹੀਂ ਹੈ ਅਤੇ ਨਾ ਹੀ ਆਈਸਲੈਂਡ ਵਿਚ। ਇਹ ਹਿੰਸਾ ਨਾਲ ਗ੍ਰਸਤ ਸੰਸਾਰ ਲਈ ਇਕ ਨਵੀਂ ਉਦਾਹਰਣ ਬਣ ਰਹੇ ਹਨ।ਇਸ ਸੰਬੰਧੀ ਵੀ ਬਹਿਸ ਚੱਲ ਰਹੀ ਹੈ ਕਿ ਕੈਦਬੰਦੀ ਦਾ ਮੌਜੂਦਾ ਰੂਪ ਅਪਰਾਧ ਰੋਕਣ ਵਿਚ ਸਹਾਈ ਨਹੀਂ ਹੈ।ਇਸ ਵਿਚ ਕੋਈ ਸ਼ੱਕ ਨਹੀਂ ਕਿ ਅਪਰਾਧੀਆਂ ਨੂੰ ਕੈਦ ਕਰਕੇ ਰੱਖਣ ਅਤੇ ਮਾਹੌਲ ਸੁਰੱਖਿਅਤ ਰੱਖਣ ਲਈ ਕੈਦ ਪ੍ਰਭਾਵੀ ਤਰੀਕਾ ਹੋ ਸਕਦਾ ਹੈ, ਪਰ ਲੰਮੇ ਸਮੇਂ ਦੀ ਇਕੱਲਤਾ ਅਤੇ ਸਖ਼ਤ ਕੈਦਬੰਦੀ ਭਵਿੱਖ ਵਿਚ ਅਪਰਾਧ ਰੁਕਣ ਦੀ ਗਾਰੰਟੀ ਨਹੀਂ ਹੋ ਸਕਦੀ।ਇਹ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਜਿਨ੍ਹਾਂ ਸਮਾਜਾਂ ਵਿਚ ਨਸਲੀ ਭੇਦਭਾਵ, ਗੁੱਟਬੰਦੀ, ਰਾਜਨੀਤਿਕ ਅਤੇ ਆਰਥਿਕ ਅਸਮਾਨਤਾ ਹੁੰਦੀ ਹੈ, ਉੱਥੇ ਅਪਰਾਧ ਦੀ ਸੰਭਾਵਨਾ ਵੀ ਓਨੀ ਹੀ ਵਧ ਜਾਂਦੀ ਹੈ।ਉਹਨਾਂ ਸਮਾਜਾਂ ਵਿਚ ਰਾਜਨੀਤਿਕ ਅਤੇ ਆਰਥਿਖ ਸਮਾਨਤਾ ਵਾਲੇ ਸਮਾਜਾਂ ਦੇ ਨਿਸਬਤਨ ਕੈਦੀਆਂ ਦੀ ਸੰਖਿਆ ਵੀ ਵੱਧ ਹੁੰਦੀ ਹੈ।
ਸੀਮਿਤ ਅਜ਼ਾਦੀ ਦੇ ਬਾਵਜੂਦ ਕੈਦਬੰਦੀ ਕੁਝ ਵਿਅਕਤੀਆਂ ਵਿਚ ਸਾਕਾਰਤਮਕ ਬਦਲਾਅ ਲੈ ਕੇ ਆਉਂਦੀ ਹੈ।ਅਤਿਅੰਤ ਘੁਟਣ ਦੇ ਬਾਵਜੂਦ ਕੈਦ ਦੇ ਅਨੁਭਵ ਵਿਚ ਇਕ ਵਿਅਕਤੀ ਨੂੰ ਵੱਖ-ਵੱਖ ਢੰਗਾਂ ਨਾਲ ਬਦਲਣ ਦੀ ਸਮਰੱਥਾ ਹੁੰਦੀ ਹੈ।ਪਰ ਕਿਸੇ ਵਿਅਕਤੀ ਨੂੰ ਕੈਦਬੰਦੀ ਕਿਸ ਤਰਾਂ ਪ੍ਰਭਾਵਿਤ ਕਰਦੀ ਹੈ, ਇਹ ਉਸ ਵਿਅਕਤੀ ਦੀ ਵਿਲੱਖਣਤਾ ਅਤੇ ਉਸ ਦੇ ਉਦੇਸ਼ ਉੱਪਰ ਨਿਰਭਰ ਕਰਦਾ ਹੈ।ਕਿਸੇ ਵਿਅਕਤੀ ਲਈ ਕੈਦਬੰਦੀ ਆਪਣੇ ਵਿਅਕਤੀਤਵ ਅਤੇ ਜੀਵਨ ਉਦੇਸ਼ਾਂ, ਵਿਚਾਰਾਂ ਅਤੇ ਨਿਰਣਿਆਂ ਨੂੰ ਨਿਖਾਰਨ ਅਤੇ ਮੁੜ ਪ੍ਰਭਾਸ਼ਿਤ ਕਰਨ ਦਾ ਮੌਕਾ ਹੋ ਸਕਦੀ ਹੈ।ਰਾਜਨੀਤਿਕ ਕੈਦੀਆਂ ਦੇ ਸੰਬੰਧ ਵਿਚ ਨਹਿਰੂ ਨੇ ਲਿਖਿਆ ਸੀ, “ਕੈਦਬੰਦੀ ਲੋਕਾਂ ਦੀਆਂ ਬੇਤਰਤੀਬ ਖਾਹਿਸ਼ਾਂ ਦਾ ਪ੍ਰਤੀਕਾਤਮਕ ਇਜ਼ਹਾਰ ਹੁੰਦੀ ਹੈ।” ਇਸ ਵਿਚ ਕੋਈ ਸ਼ੱਕ ਨਹੀਂ ਕਿ ਕੰਕਰੀਟ ਦੀ ਚਾਰਦੀਵਾਰੀ ਵਿਚ ਇਕ ਵਿਅਕਤੀ ਨੂੰ ਉਸ ਦੇ ਸਨਮਾਨ, ਗਰਿਮਾ ਅਤੇ ਆਮ ਜ਼ਿੰਦਗੀ ਤੋਂ ਵਾਂਝੇ ਕਰ ਦਿੱਤਾ ਜਾਂਦਾ ਹੈ, ਪਰ ਫਿਰ ਵੀ ਉਮੀਦ ਦੀ ਚਿੰਗਾਰੀ ਬਚੀ ਰਹਿੰਦੀ ਹੈ।ਇਕ ਕੈਦੀ ਦੇ ਦੁੱਖ ਅਤੇ ਛੋਟੀਆਂ-ਛੋਟੀਆਂ ਖੁਸ਼ੀਆਂ ਬਹੁਤ ਵਿਅਕਤੀਗਤ ਹੋ ਜਾਂਦੀਆਂ ਹਨ ਅਤੇ ਮਹਿਜ਼ ਉਹ ਹੀ ਉਸ ਦੀ ਸੰਪੱਤੀ ਹੁੰਦੀਆਂ ਹਨ।ਕੈਦ ਇਕ ਵਿਅਕਤੀ ਦੇ ਧੀਰਜ ਦੀ ਪਰਖ ਹੁੰਦੀ ਹੈ ਜੋ ਬਹੁਤ ਸਾਰੇ ਕੈਦੀਆਂ ਨੂੰ ਮਾਨਸਿਕ ਅਤੇ ਸਰੀਰਕ ਰੂਪ ਵਿਚ ਤੋੜ ਦਿੰਦੀ ਹੈ।ਰੋਜ਼ਮੱਰਾ ਦੇ ਦਬਾਅ ਅਤੇ ਕੈਦ ਦੇ ਅਪਮਾਨਜਨਕ ਅਨੁਭਵ ਕਰਕੇ ਬਹੁਤ ਸਾਰੇ ਕੈਦੀ ਆਪਣਾ ਆਤਮ-ਵਿਸ਼ਵਾਸ ਅਤੇ ਸਨਮਾਨ ਖੋ ਦਿੰਦੇ ਹਨ।ਬਹੁਤ ਸਾਰੇ ਕੈਦੀਆਂ ਦਾ ਤਰਕ ਅਤੇ ਸਵੈ-ਅਨੁਸ਼ਾਸਨ ਜੁਆਬ ਦੇ ਜਾਂਦਾ ਹੈ, ਪਰ ਇਸ ਦਾ ਇਜ਼ਹਾਰ ਬਹੁਤ ਸਾਰੇ ਕੈਦੀਆਂ ਲਈ ਇਕ ਪਰਦੇ ਦਾ ਕੰਮ ਕਰਦਾ ਹੈ।ਰਿਆਸਤ ਵਿਰੋਧੀ ਰਾਜਨੀਤਿਕ ਕੈਦੀਆਂ ਦੇ ਸੰਬੰਧ ਵਿਚ ਇਹ ਸਖ਼ਤੀ ਵੀ ਉਨ੍ਹਾਂ ਨੂੰ ਆਪਣੇ ਇਰਾਦਿਆਂ ਤੋਂ ਹਿਲਾ ਨਹੀਂ ਪਾਈ ਹੈ।ਪਰ ਬਹੁਤ ਸਾਰੇ ਕੈਦੀਆਂ ਦੇ ਸੰਬੰਧ ਵਿਚ ਇਹ ਵਾਪਰਦਾ ਹੈ ਕਿ ਸਖ਼ਤ ਕੈਦਬੰਦੀ ਤੋਂ ਬਾਅਦ ਉਹ ਸਰੀਰਕ ਅਤੇ ਮਾਨਸਿਕ ਰੂਪ ਵਿਚ ਆਪਣੇ ਆਪ ਨੂੰ ਸਮਾਜਿਕ ਜੀਵਨ ਵਿਚ ਨਹੀਂ ਢਾਲ ਸਕਦੇ।ਪਰ ਉਦੇਸ਼ ਅਤੇ ਸਾਕਾਰਤਮਕ ਨਜ਼ਰੀਏ ਵਾਲੇ ਵਿਅਕਤੀਆਂ ਨੂੰ ਇਹ ਪਰਿਸਥਿਤੀਆਂ ਅਤਿਅੰਤ ਦਬਾਅ ਦੇ ਬਾਵਜੂਦ ਹੋਰ ਨਿਖਾਰ ਦਿੰਦੀਆਂ ਹਨ।ਜ਼ਿੰਦਗੀ ਦੀ ਚਾਲ ਵਿਚ ਕੈਦਬੰਦੀ ਸਵੈ-ਸਿੱਖਿਆ ਅਤੇ ਚੇਤੰਨਤਾ ਦਾ ਰੂਪ ਹੋ ਸਕਦੀ ਹੈ, ਪਰ ਇਹ ਇਸ ਗੱਲ ਉੱਪਰ ਨਿਰਭਰ ਕਰਦਾ ਹੈ ਕਿ ਕੈਦ ਕਿੰਨੀ ਲੰਮੀ ਜਾਂ ਛੋਟੀ ਹੈ ਅਤੇ ਇਸ ਦੌਰਾਨ ਇਕ ਵਿਅਕਤੀ ਦਾ ਮਾਨਸਿਕ ਅਤੇ ਸਰੀਰਕ ਤਵਾਜ਼ਨ ਕਿਸ ਤਰਾਂ ਬਣਿਆ ਰਹਿੰਦਾ ਹੈ ਅਤੇ ਉਹ ਵਿਅਕਤੀਗਤ ਰੂਪ ਵਿਚ ਇਸ ਨੂੰ ਕਿਸ ਤਰਾਂ ਦਾ ਹੁੰਗਾਰਾ ਦਿੰਦਾ ਹੈ।ਆੱਸਕਰ ਵਾਈਲਡ ਦਾ ਕਹਿਣਾ ਹੈ, “ਜ਼ਹਿਰੀਲੇ ਘਾਹ-ਫੂਸ ਦੀ ਤਰਾਂ, ਘਿਨੌਣੇ ਕੰਮ ਵੀ ਜੇਲ ਦੀ ਹਵਾ ਵਿਚ ਜਿਆਦਾ ਖਿਲਦੇ ਹਨ।ਇਕ ਵਿਅਕਤੀ ਵਿਚ ਜੋ ਕੁਝ ਵੀ ਚੰਗਾ ਹੁੰਦਾ ਹੈ, ਉਹ ਉੱਥੇ ਮੁਰਝਾ ਕੇ ਵੀਰਾਨ ਹੋ ਜਾਂਦਾ ਹੈ।”