ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਪੈਗੰਬਰਾਂ ਤੇ ਯੋਧਿਆਂ ਦੀ ਧਰਤੀ ਵਜੋਂ ਜਾਣੀ ਜਾਂਦੀ ਸੀ। ਇਥੋਂ ਦੇ ਜਾਇਆਂ ਦੀਆਂ ਰਗਾਂ ਵਿੱਚ ਅਣਖ ਤੇ ਕੁਰਬਾਨੀ ਦਾ ਖੂਨ ਦੌੜਦਾ ਸੀ। ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਇਸਨੂੰ ‘ਸੋਨੇ ਦੀ ਚਿੜੀ’ ਵਜੋਂ ਮਸ਼ਹੂਰ ਕੀਤਾ ਸੀ। ਇਥੋਂ ਦੇ ਲੋਕਾਂ ਦੇ ਮਿਹਨਤ ਤੇ ਬਹਾਦਰੀ ਦੇ ਕਿੱਸੇ ਦੁਨੀਆਂ ਭਰ ਵਿੱਚ ਮਸ਼ਹੂਰ ਸਨ। ਇਥੋਂ ਦੇ ਲੋਕ ਸਿਰਫ ਆਪਣੇ ਲਈ ਹੀ ਨਹੀਂ ਸਗੋਂ ਦੂਜਿਆਂ ਦੀਆਂ ਇੱਜਤਾਂ ਲਈ ਵੀ ਕੁਰਬਾਨ ਹੁੰਦੇ ਸਨ। ਪਰ ਆਹ ਕੀ? ਕਿਹੋ ਜਿਹੀ ਮਾਰ ਪੈ ਗਈ ਇਸ ਧਰਤੀ ਦੇ ਜਾਇਆਂ ਨੂੰ? ਮਿਹਨਤ ਤੇ ਬਹਾਦਰੀ ਦੇ ਮੁਸਜ਼ਮੇ ਗੱਭਰੂਆਂ ਦੀ ਜ਼ਮੀਰ ਹੀ ਮਰ ਗਈ ਜਾਂ ਮਾਰ ਦਿੱਤੀ ਗਈ ਕਿਸ ਰਾਹ ਤੇ ਪੈ ਗਈ ਇਹ ਸਵਾ ਲੱਖ ਨਾਲ ਇੱਕ ਲੜਨ ਵਾਲੇ ਯੋਧਿਆਂ ਦੀ ਕੌਮ ਕਿ ਅੱਜ ਆਪਣੀ ਹੀ ਨਸਲਕੁਸ਼ੀ ਕਰਨ ਲੱਗ ਪਏ।
ਪਿਛਲੇ ਦਸ ਦਿਨਾਂ ਤੋਂ ਲਗਾਤਾਰ ਮੀਡੀਆਂ ਦੀਆਂ ਮੁੱਖ ਖਬਰਾਂ ਦਾ ਮੁੱਦਾ ਪੰਜਾਬ ਅੰਦਰ ਚਿਟੇ ਦਾ ਪਸਾਰ ਬਣਿਆ ਹੋਇਆ ਹੈ। ਇਹ ਮੁੱਦਾ ਅਕਾਲੀ ਸਰਕਾਰ ਦੇ ਦਸ ਸਾਲਾ ਕਾਰਜਕਾਲ ਦੌਰਾਨ ਵੀ ਚਰਚਿਤ ਰਿਹਾ ਹੈ। ਪਰ ਹੁਣ ਨਵੀਂ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਮੁੱਦਾ ਅਖਬਾਰ ਤੇ ਟੀ.ਵੀ ਦੇ ਮਾਧਿਅਮ ਵਿਚੋਂ ਗੁੰਮ ਹੋ ਚੁੱਕਾ ਸੀ। ਹੁਣ ਇਹ ਪਿਛਲੇ ਦਸ ਦਿਨਾਂ ਤੋਂ ਇੱਕ ਦਮ ਹੀ ਅਖਬਾਰੀ ਮਾਧਿਅਮ, ਫੇਸ ਬੁੱਕ ਤੇ ਹੋਰ ਮਾਧਿਅਮਾਂ ਰਾਹੀਂ ਪੰਜਾਬ ਦੇ ਲੋਕਾਂ ਸਾਹਮਣੇ ਘਿਨਾਉਣੇ ਸੱਚ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਪਿਛਲੇ ਤਿੰਨ ਚਾਰ ਦਿਨਾਂ ਤੋਂ ਪੰਜਾਬ ਦੇ ਟੀ.ਵੀ. ਚੈਨਲਾਂ ਵਿੱਚ ਵੀ ਮੁੱਖ ਚਰਚਾ ਦਾ ਵਿਸਾ ਬਣਿਆ ਹੋਇਆ ਹੈ। ਇਸ ਵਿਸ਼ੇ ਨੇ ਪੰਜਾਬ ਅੰਦਰ ਲਗਾਤਾਰ ਹਰ ਰੋਜ਼ ਕਿਸਾਨੀ ਖੁਦਕਸ਼ੀਆਂ ਦੀ ਚਰਚਾ, ਪੰਜਾਬ ਦੇ ਪਾਣੀਆਂ ਦਾ ਜ਼ਹਿਰੀ ਹੋਣਾ, ਪੰਜਾਬ ਦੀ ਧਰਤੀ ਦਾ ਰੇਗਿਸਤਾਨ ਵਿੱਚ ਤਬਦੀਲ ਹੋਣ ਵਰਗੇ ਮੁੱਦੇ ਅਲੋਪ ਕਰ ਦਿੱਤੇ ਹਨ। ਇਥੋਂ ਤੱਕ ਕਿ ਇਸ ਮੁੱਦੇ ਦੇ ਪਰਛਾਵੇਂ ਹੇਠ ਬਰਗਾੜੀ ਵਿੱਚ ਪਿਛਲੇ ਕਈ ਹਫਤਿਆਂ ਤੋਂ ਚੱਲ ਰਹੇ ਪੰਥਕ ਮੋਰਚੇ ਉਪਰ ਵੀ ਆਪਣੀ ਪਰਛਾਈ ਛੱਡੀ ਹੈ। ਇਹ ਮੁਦਾ ਪੰਜਾਬ ਅੰਦਰ ਸਿੱਖ ਸੰਘਰਸ਼ ਦੇ ਖਤਮ ਹੋਣ ਤੋਂ ਬਾਅਦ ਨੌਜਵਾਨੀ ਦੇ ਨਸ਼ਿਆਂ ਅੰਦਰ ਗਲਤਾਨ ਹੋਣ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਇਸਦਾ ਪਹਿਲੇ ਪਰਛਾਵਾਂ ਨੌਜਵਾਨੀ ਉਪਰ ਇੰਨਾ ਗੰਭੀਰ ਨਹੀਂ ਸੀ ਪਰ ਪਿਛਲੇ ਸਮੇਂ ਦੀ ਲੰਮੀ ਚੱਲੀ ਸਰਕਾਰ ਦੇ ਕਾਰਜ਼ਕਾਲ ਦੌਰਾਨ ਇਹ ਵਿਸ਼ਾ ਇੰਨਾ ਡਾਹਢਾ ਰੁੱਖ ਅਖਤਿਆਰ ਕਰ ਗਿਆ ਸੀ ਕਿ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਦੀ ੭੦ ਪ੍ਰਤੀਸ਼ਤ ਜਵਾਨੀ ਨਸ਼ਿਆਂ ਦੀ ਮਾਰ ਹੇਠਾਂ ਹੈ। ਇਹੀ ਮੁੱਦੇ ਨੂੰ ਲੈ ਕੇ ਅਕਾਲੀ ਸਰਕਾਰ ਨੂੰ ੨੦੧੭ ਦੀਆਂ ਪੰਜਾਬ ਚੋਣਾਂ ਦੌਰਾਨ ਸਿਆਸੀ ਤੌਰ ਤੇ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਇਸੇ ਮੁੱਦੇ ਨੂੰ ਮੁੱਖ ਬਣਾ ਕੇ ਮੌਜੂਦਾ ਕਾਂਗਰਸ ਸਰਕਾਰ ਨੇ ਵੱਡੇ ਵਾਅਦੇ ਤੇ ਦਾਅਵੇ ਪੰਜਾਬ ਦੇ ਲੋਕਾਂ ਨਾਲ ਕਰਕੇ ਚੋਣਾਂ ਜਿੱਤੀਆਂ ਸਨ। ਇਸਦੇ ਖਾਤਮੇ ਲਈ ਪੁਲੀਸ ਅੰਦਰ ਇੱਕ ਨਵੀਂ ਵਿਉਂਤਬੰਦੀ ਵੀ ਦਰਸਾਈ ਗਈ ਸੀ। ਇਹ ਤਾਂ ਪਤਾ ਨਹੀਂ ਕਿ ਇਸ ਨਵੀਂ ਸਰਕਾਰ ਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਸਦਕਾ ਜਾ ਪੰਜਾਬ ਦੀ ਨਵੀਂ ਉਲੀਕੀ ਨੀਤੀ ਕਾਰਨ ਅਖਬਾਰੀ ਸੁਰਖੀਆਂ ਤੋਂ ਪੂਰੀ ਤਰਾਂ ਲੁਕਿਆ ਰਿਹਾ ਹੈ ਅਤੇ ਹੁਣ ਪਿਛਲੇ ਦਸ ਦਿਨਾਂ ਤੋਂ ਗੰਭੀਰ ਤੇ ਦੁਖਦਾਈ ਰੂਪ ਵਿੱਚ ਸਾਹਮਣੇ ਆਇਆ ਹੈ। ਜਿਸ ਕਰਕੇ ਪਿਛਲੇ ਦਸ ਤੋਂ ਪੰਦਰਾਂ ਦਿਨਾਂ ਵਿੱਚ ਸਰਹੱਦੀ ਤੇ ਬਾਕੀ ਜਿਲਿਆਂ ਅੰਦਰ ੨੪ ਤੋਂ ਉਪਰ ਨੌਜਵਾਨਾਂ ਦੀ ਮੌਤ ਨਸ਼ੇ ਦੇ ਕਾਰਨ ਹੋਈ ਦੱਸੀ ਗਈ ਹੈ। ਇਹ ਸਰਕਾਰੀ ਅੰਕੜੇ ਹਨ। ਗੈਰ ਸਰਕਾਰੀ ਅੰਕੜੇ ਇਸਤੋਂ ਵਧੇਰੇ ਮੰਨੇ ਜਾ ਰਹੇ ਹਨ। ਪੰਜਾਬ ਅੰਦਰ ਸਦੀਆਂ ਤੋਂ ਜੈਵਿਕ ਜਾਂ ਕੁਦਰਤੀ ਨਸ਼ੇ ਪ੍ਰਚਲਿਤ ਰਹੇ ਹਨ। ਪਰ ਹੁਣ ਜੋ ਕਹਿਰ ਪਿਛਲੇ ਸਮੇਂ ਤੋਂ ਪੰਜਾਬ ਅੰਦਰ ਵਾਪਰਿਆ ਹੈ ਤੇ ਜਿਸਦੇ ਪੈਰ ਸਿੱਖ ਸੰਘਰਸ਼ ਦੇ ਮੱਧਮ ਪੈਣ ਤੋਂ ਬਾਅਦ ਜੰਮੇ ਹਨ। ਬਹੁਤ ਹੀ ਦੁਖਦਾਈ ਹੈ। ਇਹ ਨਸ਼ਾ ਮੁੱਖ ਰੂਪ ਵਿੱਚ ਹੈਰੋਇਨ, ਸਮੈਕ ਜਾਂ ਚਿੱਟੇ ਦਾ ਦੱਸਿਆ ਜਾ ਰਿਹਾ ਹੈ। ਇਸੇ ਤਰਾਂ ਹੀ ਦਵਾਈਆਂ ਦਾ ਨਸ਼ਾ ਵੀ ਪੰਜਾਬ ਅੰਦਰ ਪੂਰੀ ਤਰਾਂ ਆਪਣੇ ਪੈਰ ਜਮਾਂ ਚੁੱਕਿਆ ਹੈ। ਜਿੰਨੀਆਂ ਵੀ ਮੌਤਾਂ ਹੁਣ ਸਾਹਮਣੇ ਆਈਆਂ ਹਨ ਜਾਂ ਇਸਤੋਂ ਪਹਿਲੇ ਸਮੇਂ ਵਿੱਚ ਵੀ ਹੋਈਆਂ ਹਨ ਉਹਨਾਂ ਬਾਰੇ ਮੁੱਖ ਰੂਪ ਵਿੱਚ ਇਹੀ ਸਾਹਮਣੇ ਆਇਆ ਹੈ ਕਿ ਇਸ ਚਿੱਟਾ ਨਸਾਂ ਤੇ ਦਵਾਈਆਂ ਹੀ ਮੌਤਾਂ ਦਾ ਕਾਰਨ ਬਣ ਰਹੀਆਂ ਹਨ। ਚਿੱਟੇ ਦਾ ਨਸ਼ਾ ਲੰਮੇ ਸਮੇਂ ਤੋਂ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ ਤੇ ਵਿਕਸਿਤ ਦੇਸ਼ਾਂ ਵਿੱਚ ਵੀ ਵੱਡੇ ਵਪਾਰ ਦਾ ਸਾਧਨ ਹੈ। ਇਸਦੇ ਹੱਲ ਲਈ ਭਾਵੇਂ ਦੁਨੀਆਂ ਭਰ ਦੀਆਂ ਸਰਕਾਰਾਂ ਵੱਲੋਂ ਬਹੁਤ ਹੀਲੇ-ਵਸੀਲੇ ਕੀਤੇ ਗਏ ਹਨ ਤੇ ਸਖਤ ਕਨੂੰਨ ਵੀ ਇਸਨੂੰ ਰੋਕਣ ਲਈ ਬਣਾਏ ਗਏ ਹਨ ਪਰ ਫਿਰ ਵੀ ਇਸਦੀ ਰਫਤਾਰ ਥੰਮੀ ਨਹੀਂ ਹੈ। ਕਈ ਮੁਲਕਾਂ ਵਿੱਚ ਇਸ ਚਿੱਟੇ ਦੇ ਰੁਝਾਨ ਨੂੰ ਠੱਲ ਪਾਉਣ ਲਈ ਜੈਵਿਕ ਨਸ਼ਿਆਂ ਨੂੰ ਕਨੂੰਨੀ ਮਾਨਤਾਂ ਦਿੱਤੀ ਗਈ ਹੈ। ਪਰ ਇਸਦਾ ਹੱਲ ਅੱਜ ਵੀ ਵੱਡੀ ਸਿਰਦਰਦੀ ਹੈ। ਇਸ ਸੰਦਰਭ ਵਿੱਚ ਪੰਜਾਬ ਦੀ ਸਿਆਸਤ ਨੂੰ ਨਸੇ ਨਾਲ ਜੋੜਿਆ ਜਾਵੇ ਤੇ ਇਸਦੀ ਰੋਕਥਾਮ ਬਾਰੇ ਸਰਕਾਰੀ ਦਾਅਵਿਆਂ ਦਾ ਜ਼ਿਕਰ ਕਰੀਏ ਤਾਂ ਇਹ ਇੱਕ ਮਹਿਜ਼ ਸਿਆਸੀ ਬਿਆਨ ਹਨ ਜੋ ਅਸਲੀਅਤ ਤੋਂ ਦੂਰ ਰਹਿ ਕਿ ਇਸ ਕਾਰੋਬਾਰ ਨਾਲ ਜੁੜੇ ਪ੍ਰਸ਼ਾਸਨਿਕ ਤੇ ਸਿਆਸੀ ਸਬੰਧਾਂ ਬਾਰੇ ਚੁੱਪ ਹੀ ਜਾਪਦੇ ਹਨ। ਇਸਨੂੰ ਮੁੱਖ ਰੂਪ ਵਿੱਚ ਪੰਜਾਬ ਦਾ ਸਰਹੱਦੀ ਖੇਤਰ ਹੋਣਾ ਹੀ ਮੁੱਖ ਕਾਰਨ ਗਰਦਾਨਿਆ ਜਾ ਰਿਹਾ ਹੈ। ਜਦਕਿ ਭਾਰਤ ਦੇ ਹੋਰ ਸਰਹੱਦੀ ਸੂਬਿਆਂ ਵਿੱਚ ਚਿੱਟੇ ਦਾ ਪ੍ਰਛਾਵਾਂ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਅੱਜ ਭਾਵੇਂ ਇਸ ਵਿਸ਼ੇ ਨੂੰ ਲੈ ਕੇ ਪੰਜਾਬ ਦਾ ਬੁਧਜੀਵੀ ਵਰਗ ਤੇ ਜਨ ਸਧਾਰਨ ਵਿੱਚ ਚਿੰਤਾ ਉੱਭਰ ਰਹੀ ਹੈ। ਇਹ ਅੱਜ ਦਾ ਸੱਚ ਹੈ ਕਿ ਪੰਜਾਬ ਜਿਸ ਵਿੱਚ ਸਕੂਲੀ ਤੇ ਕਾਲਜੀ ਸਿਖਿਆ ਗਿਆਨ ਅਤੇ ਮਾਨਸਿਕ ਤਰੱਕੀ ਤੋਂ ਕੋਰੀ ਹੈ ਤੇ ਸਿਰਫ ਡਿਗਰੀਆਂ ਦੇਣ ਦਾ ਸ਼ਾਧਨ ਬਣ ਚੁੱਕੀ ਹੈ। ਜਿਸ ਕਾਰਨ ਪੰਜਾਬ ਦਾ ਨੌਜਵਾਨ ਆਪਣੇ ਦਿਸ਼ਾ ਨਿਰਦੇਸ਼ ਤੋਂ ਹੱਟ ਕੇ ਇਸ ਪੂੰਜੀਵਾਦੀ ਸਮਾਜ ਦੀ ਚਮਕੀਲੀ ਧੁੰਦ ਵਿੱਚ ਗੁਆਚ ਰਿਹਾ ਹੈ। ਜਿਸਦੀ ਮਾਰ ਤੋਂ ਅੱਜ ਪੰਜਾਬ ਦਾ ਇਸਤਰੀ ਵਰਗ ਵੀ ਬਚ ਨਹੀਂ ਸਕਿਆ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਅੰਦਰ ਦਿਖਾਵੇ ਦੇ ਖੁੱਲੇ ਨਸ਼ਾ ਛਡਾਊ ਕੇਂਦਰਾਂ ਵਿੱਚ ਇਸਤਰੀਆਂ ਇਲਾਜ ਅਧੀਨ ਹਨ। ਇਹ ਦੁਨੀਆਂ ਵਿਆਪੀ ਸਮੱਸਿਆ ਜਿਸਦਾ ਪੰਜਾਬ ਉਪਰ ਗੂੜਾ ਪ੍ਰਛਾਵਾਂ ਪੈ ਚੁੱਕਿਆ ਹੈ, ਇਸ ਵਿਚੋਂ ਅੱਜ ਦਾ ਨੌਜਵਾਨ ਕਿਵੇਂ ਆਪਣੀ ਨਿਜੀ ਸਖਸ਼ੀਅਤ ਨੂੰ ਉਭਾਰ ਸਕੇਗਾ ਇਹ ਸਾਰੇ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਹੈ। ਇਹੀ ਕਾਰਨ ਹੈ ਕਿ ਭਾਰੀ ਕਰਜ਼ੇ ਚੁੱਕ ਕੇ ਪੰਜਾਬ ਦੇ ਨੌਜਵਾਨ ਪੱਛਮੀ ਮੁਲਕਾਂ ਵੱਲ ਵਹੀਰਾਂ ਘੱਤ ਰਹੇ ਹਨ ਤਾਂ ਜੋ ਪੰਜਾਬ ਅੰਦਰ ਪਸਰ ਚੁੱਕੇ ਇਸ ਮਾਹੌਲ ਤੋਂ ਉਹ ਆਪਣੇ ਆਪ ਨੂੰ ਬਚਾ ਸਕਣ। ਇਹ ਤਾਂ ਸਮਾਂ ਹੀ ਦੱਸੇਗਾ ਕਿ ਇਹ ਕਹਿਰ ਕਦੋਂ ਤੇ ਕਿਸ ਹੱਦ ਤੱਕ ਠੱਲਿਆ ਜਾਵੇਗਾ ਜਾਂ ਪਹਿਲਾਂ ਵਾਂਗ ਇਸ ਨੂੰ ਅਖਬਾਰੀ ਤੇ ਹੋਰ ਮਾਧਿਅਮਾਂ ਤੋਂ ਅਲੋਪ ਕਰਕੇ ਇਸਨੂੰ ਕਾਬੂ ਹੇਠ ਦਰਸਾਇਆ ਜਾਵੇਗਾ।
ਹੁਣ ਇਹ ਸੋਚਣ ਵਾਲੀ ਗੱਲ ਹੈ ਕਿ ਇਹ ਚਿੱਟੇ ਦੀ ਮਾਰ ਪੰਜਾਬ ਦਾ ਸਰਹੱਦੀ ਖਿੱਤਾ ਹੋਣ ਕਾਰਨ ਪੈ ਰਹੀ ਹੈ ਜਾਂ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਪਿੱਛੇ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸਦਾ ਪ੍ਰਭਾਵ ਸਿਰਫ ਪੰਜਾਬ ਦੇ ਪੇਂਡੂ ਤੇ ਕਿਸਾਨੀ ਖੇਤਰ ਤੇ ਹੀ ਪੈ ਰਿਹਾ। ਪੰਜਾਬ ਦਾ ਸ਼ਹਿਰੀ ਤੇ ਵਪਾਰੀ ਵਰਗ ਇਸ ਦੀ ਮਾਰ ਹੇਠ ਨਹੀਂ ਹੈ। ਕਿਰਸਾਨਾਂ ਦਾ ਖੁਦਕਸ਼ੀਆਂ ਦੇ ਰਾਹ ਤੇ ਤੁਰਨਾਂ ਤੇ ਜਵਾਨੀ ਦਾ ਨਸ਼ਿਆ ਦੇ ਰਾਹ ਤੁਰਨਾ, ਕਿਹੜੇ ਕਾਰਨ ਹਨ ਜਿੰਨਾਂ ਨੇ ਇਸਨੂੰ ਹੱਲਾਸ਼ੇਰੀ ਦਿੱਤੀ? ਰਾਜਸੀ ਤਾਕਤਾਂ, ਏਜੰਸੀਆਂ ਜੋ ਪੰਜਾਬ ਨੂੰ ਖਤਮ ਕਰਨ ਤੇ ਤੁਲੀਆਂ ਹਨ? ਕਾਨੂੰਨ ਦੇ ਰਖਵਾਲੇ ਹੀ ਇਸਨੂੰ ਬੜਾਵਾ ਦੇ ਰਹੇ ਹਨ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਉਮੀਦ ਕਿਸਤੋਂ ਕਰ ਸਕਦੇ ਹਾਂ?