ਵਤਨਪ੍ਰਸਤੀ ਅਤੇ ਰਾਸ਼ਟਰਵਾਦ ਦੇ ਸੰਦਰਭ ਵਿਚ ਦੁਨੀਆ ਅੱਗੇ ਅੱਜ ਵੀ ਵੱਡਾ ਸੁਆਲ ਹੈ। ਕੀ ਵਤਨਪ੍ਰਸਤੀ ਅਤੇ ਰਾਸ਼ਟਰਵਾਦ ਨੂੰ ਸਮਾਨ ਅਰਥਾਂ ਵਿਚ ਸਮਝਿਆ ਜਾ ਸਕਦਾ ਹੈ? ਕੀ ਇਹਨਾਂ ਦੇ ਵੱਖ-ਵੱਖ ਲੋਕਾਂ ਲਈ ਵੱਖ-ਵੱਖ ਅਰਥ ਹੋ ਸਕਦੇ ਹਨ? ਹਾਲਾਂਕਿ ਇਹਨਾਂ ਨੂੰ ਇਕ ਮੰਨ ਕੇ ਹੀ ਸਮਝਿਆ ਜਾਂਦਾ ਹੈ, ਪਰ ਉਨ੍ਹਾਂ ਵਿਚ ਗਹਿਰਾ ਅੰਤਰ ਹੈ।ਵਤਨਪ੍ਰਸਤੀ ਨੂੰ ਸਿਰਫ ‘ਚੰਗਾ’ ਅਤੇ ਰਾਸ਼ਟਰਵਾਦ ਨੂੰ ‘ਬੁਰਾ’ ਦੇ ਸਰਲ ਅਰਥਾਂ ਤੋਂ ਪਾਰ ਜਾ ਕੇ ਸਮਝਣ ਦੀ ਜਰੂਰਤ ਹੈ।ਵਤਨਪ੍ਰਸਤੀ ਦਾ ਸੰਕਲਪ ਰਾਸ਼ਟਰਵਾਦ ਤੋਂ ਬਹੁਤ ਪੁਰਾਣਾ ਹੈ।ਇਸ ਨੂੰ ਪਹਿਲੀ ਵਾਰ ੧੬੫੩ ਵਿਚ ਦਰਜ ਕੀਤਾ ਗਿਆ ਜਦੋਂਕਿ ਰਾਸ਼ਟਰਵਾਦ ੧੫੦ ਸਾਲਾਂ ਬਾਅਦ ਹੌਂਦ ਵਿਚ ਆਇਆ।ਇਸ ਦਾ ਸੰਕਲਪ ਅਠਾਰਵੀਂ ਸਦੀ ਦੇ ਅੰਤ ਵਿਚ ਪ੍ਰਚਲਿਤ ਹੋਇਆ।ਇਹਨਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਸਾਂਝੀਆਂ ਹੋ ਸਕਦੀਆਂ ਹਨ, ਪਰ ਉਨੀਵੀਂ ਸਦੀ ਤੋਂ ਇਹ ਅਲੱਗ-ਅਲੱਗ ਰੂਪ ਵਿਚ ਪ੍ਰਚਲਿਤ ਹੋਏ ਹਨ।ਇਹ ਕਹਿਣਾ ਜਿਆਦਾ ਸਹੀ ਰਹੇਗਾ ਕਿ ਰਾਸ਼ਟਰਵਾਦ ਨੇ ਸਮੇਂ ਦੇ ਨਾਲ ਨਾਲ ਆਪਣਾ ਰੂਪ ਬਦਲ ਲਿਆ ਹੈ, ਪਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਵਤਨਪ੍ਰਸਤੀ ਦੇ ਮਾਇਨੇ ਨਹੀਂ ਬਦਲੇ ਹਨ।ਇਹ ਦੇਖਣ ਵਿਚ ਆਇਆ ਹੈ ਕਿ ਵਤਨਪ੍ਰਸਤੀ ਨੂੰ ਜਿਆਦਾਤਰ ਬਹਾਦਰੀ, ਕਰਤੱਵ ਅਤੇ ਨਿਸ਼ਠਾ ਨਾਲ ਜੋੜਿਆ ਜਾਂਦਾ ਹੈ ਜਦੋਂਕਿ ਰਾਸ਼ਟਰਵਾਦ ਦੇ ਸੰਕਲਪ ਵਿਚ ਵੱਖ-ਵੱਖ ਅੰਦੋਲਨਾਂ, ਜਿਨਾਂ ਦੀ ਖ਼ਸਲਤ ਜਿਆਦਾਤਰ ਰਾਜਨੀਤਿਕ ਸੀ, ਕਰਕੇ ਬਦਲਾਅ ਆਇਆ ਹੈ।ਆਪਣੇ ਮਹੱਤਵਪੂਰਨ ਨਿਬੰਧ “ਰਾਸ਼ਟਰਵਾਦ ਬਾਰੇ ਵਿਚਾਰ” ਵਿਚ ਜਾਰਜ ਆਰਵੈੱਲ ਵਤਨਪ੍ਰਸਤੀ ਅਤੇ ਰਾਸ਼ਟਰਵਾਦ ਦੇ ਅੰਤਰ ਨੂੰ ਸਮਝਾਉਂਦਿਆਂ ਲਿਖਦਾ ਹੈ:
ਵਤਨਪ੍ਰਸਤੀ ਤੋਂ ਮੇਰਾ ਭਾਵ ਕਿਸੇ ਖਾਸ ਜਗ੍ਹਾ ਅਤੇ ਖਾਸ ਜੀਵਨ ਸ਼ੈਲੀ ਪ੍ਰਤੀ ਨਿਸ਼ਠਾ ਦੀ ਭਾਵਨਾ ਤੋਂ ਹੈ ਜਿਸ ਨੂੰ ਕੋਈ ਇਸ ਦੁਨੀਆ ਵਿਚ ਬਿਹਤਰੀਨ ਮੰਨਦਾ ਹੈ ਪਰ ਉਸ ਵਿਚ ਇਸ ਨੂੰ ਦੂਜਿਆਂ ’ਤੇ ਥੋਪਣ ਦੀ ਕੋਈ ਇੱਛਾ ਨਹੀਂ ਹੈ।ਦੂਜੇ ਪਾਸੇ, ਰਾਸ਼ਟਰਵਾਦ ਨੂੰ ਸੱਤਾ ਦੇ ਮਨੋਰਥ ਤੋਂ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ।ਹਰ ਰਾਸ਼ਟਰਵਾਦੀ ਦਾ ਇਕੋ ਇਕ ਉਦੇਸ਼ ਆਪਣੇ ਦੇਸ਼ ਜਾਂ ਅਜਿਹੀ ਹੀ ਕਿਸੇ ਯੂਨਿਟ ਲਈ ਜਿਆਦਾ ਸੱਤਾ ਅਤੇ ਜਿਆਦਾ ਸ਼ਾਨੋ-ਸ਼ੌਕਤ ਗ੍ਰਹਿਣ ਕਰਨਾ ਹੁੰਦਾ ਹੈ ਜਿਸ ਵਿਚ ਉਸ ਨੇ ਆਪਣਾ ਵਿਅਕਤੀਤਵ ਗੁਆ ਲਿਆ ਹੈ।
ਵਤਨਪ੍ਰਸਤੀ ਤੋਂ ਭਾਵ ਆਪਣੇ ਮੁਲਕ ਲਈ ਮੁਹੱਬਤ, ਨਿਸ਼ਠਾ ਅਤੇ ਲਗਾਓ ਅਤੇ ਇਹੋ ਜਿਹੀ ਹੀ ਭਾਵਨਾ ਰੱਖਣ ਵਾਲੇ ਨਾਗਰਿਕਾਂ ਨਾਲ ਇਕਰੂਪਤਾ ਦੀ ਭਾਵਨਾ ਹੈ।ਇਹ ਇਕਰੂਪਤਾ ਆਪਣੇ ਵਤਨ ਨਾਲ ਜੁੜੀਆਂ ਵੱਖ-ਵੱਖ ਭਾਵਨਾਵਾਂ ਦਾ ਸੁਮੇਲ ਹੋ ਸਕਦਾ ਹੈ ਜਿਸ ਵਿਚ ਨਸਲੀ, ਸੱਭਿਆਚਾਰਕ, ਰਾਜਨੀਤਿਕ ਅਤੇ ਇਤਿਹਾਸਿਕ ਪਹਿਲੂ ਸ਼ਾਮਿਲ ਹੁੰਦੇ ਹਨ।ਇਹ ਵੀ ਧਿਆਨ ਵਿਚ ਰੱਖਣਾ ਜਰੂਰੀ ਹੈ ਕਿ ਇਸ ਵਿਚ ਉਹੀ ਸਾਰੇ ਸੰਕਲਪ ਸ਼ਾਮਿਲ ਹਨ ਜੋ ਰਾਸ਼ਟਰਵਾਦ ਨਾਲ ਨੇੜਤਾ ਨਾਲ ਜੁੜੇ ਹੋਏ ਹੁੰਦੇ ਹਨ।ਇਸੇ ਲਈ ਵਾੱਲਟੇਅਰ ਨੇ ਕਿਹਾ ਸੀ, “ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਇਕ ਚੰਗਾ ਵਤਨਪ੍ਰਸਤ ਬਣਨ ਲਈ ਇਕ ਵਿਅਕਤੀ ਨੂੰ ਬਾਕੀ ਮਨੁੱਖਤਾ ਦਾ ਦੁਸ਼ਮਣ ਬਣਨਾ ਪੈਂਦਾ ਹੈ।” ਹਾਲਾਂਕਿ ਵਤਨਪ੍ਰਸਤੀ ਦਾ ਆਮ ਤੌਰ ਤੇ ਸਾਕਾਰਤਮਕ ਅਰਥ ਹੁੰਦਾ ਹੈ ਅਤੇ ਇਹ ਉਨ੍ਹਾਂ ਭਾਵਨਾਵਾਂ ਅਤੇ ਨਜ਼ਰੀਆਂ ਲਈ ਵਰਤਿਆ ਜਾਂਦਾ ਹੈ ਜਿਸ ਵਿਚ ਵਿਆਪਕ ਰੂਪ ਵਿਚ ਦੂਜਿਆਂ ਦਾ ਭਲਾ ਸ਼ਾਮਿਲ ਹੋਵੇ।
ਰਾਸ਼ਟਰਵਾਦ ਉਨ੍ਹਾਂ ਰਾਜਨੀਤਿਕ ਵਿਚਾਰਧਾਰਾਵਾਂ ਅਤੇ ਅੰਦੋਲਨਾਂ ਲਈ ਵਰਤਿਆ ਜਾਂਦਾ ਹੈ ਜਿਸ ਵਿਚ ਵਿਦੇਸ਼ੀਆਂ, ਪਰਵਾਸੀਆਂ, ਅਤੇ ਜਿਨਾਂ ਲੋਕਾਂ ਨੂੰ ਨਸਲੀ ਜਾਂ ਧਾਰਮਿਕ ਆਧਾਰ ਤੇ ਦੇਸ਼ ਦਾ ਹਿੱਸਾ ਨਹੀਂ ਮੰਨਿਆ ਜਾਂਦਾ, ਦੀ ਕੀਮਤ ਤੇ ਆਪਣੇ ਰਾਸ਼ਟਰ ਲਈ ਕੱਟੜ ਭਾਵਨਾ ਰੱਖੀ ਜਾਂਦੀ ਹੈ।ਰਾਸ਼ਟਰਵਾਦ ਦੀ ਚਰਮ ਕਿਸਮ ਉਹ ਹੈ ਜਿਸ ਵਿਚ ਆਪਣੇ ਰਾਸ਼ਟਰ ਨੂੰ ਦੂਜਿਆਂ ਤੋਂ ਸ਼੍ਰੇਸ਼ਟ ਸਿੱਧ ਕਰਨ ਲਈ ਹੱਦ ਤੋਂ ਜਿਆਦਾ ਪੱਖਪਾਤ ਸ਼ਾਮਿਲ ਹੁੰਦਾ ਹੈ।ਜਦੋਂ ਕੋਈ ਵੀ ਦੇਸ਼ ਆਪਣੇ ਰਾਸ਼ਟਰੀ ਹਿੱਤਾਂ ਦੀ ਪੂਰਤੀ ਲਈ ਸ਼ਾਂਤੀਪੂਰਣ ਸੰਬੰਧਾਂ ਦੀ ਥਾਂ ਤੇ ਧਮਕੀਆਂ ਅਤੇ ਤਾਕਤ ਦਾ ਪ੍ਰਯੋਗ ਕਰਨ ਦੀ ਵਕਾਲਤ ਕਰਦਾ ਹੈ ਤਾਂ ਉਹ ਕੱਟੜ ਰਾਸ਼ਟਰਵਾਦ ਨੂੰ ਬੜਾਵਾ ਦੇ ਰਿਹਾ ਹੁੰਦਾ ਹੈ।ਇਸ ਤਰਾਂ ਰਾਸ਼ਟਰਵਾਦ ਦਾ ਆਮ ਤੌਰ ਤੇ ਨਾਕਾਰਤਮਕ ਅਰਥ ਹੁੰਦਾ ਹੈ।ਆਰਥਰ ਸ਼ੌਪਨਹਾਰ ਦੇ ਸ਼ਬਦਾਂ ਵਿਚ, “ਸਭ ਤੋਂ ਘਟੀਆ ਕਿਸਮ ਦਾ ਗੌਰਵ ਰਾਸ਼ਟਰੀ ਗੌਰਵ ਹੈ; ਕਿਉਂ ਜੋ ਇਕ ਵਿਅਕਤੀ ਆਪਣੇ ਦੇਸ਼ ਤੇ ਮਾਣ ਕਰਦਾ ਹੈ, ਇਸ ਦਾ ਮਤਲਬ ਇਹ ਹੈ ਕਿ ਉਸ ਵਿਚ ਆਪਣਾ ਕੋਈ ਗੁਣ ਨਹੀਂ ਜਿਸ ਉੱਪਰ ਉਹ ਮਾਣ ਮਹਿਸੂਸ ਕਰ ਸਕੇ।”
ਕੱਟੜ ਰਾਸ਼ਟਰਵਾਦ ਦੂਜੇ ਦੇਸ਼ ਦੇ ਨਿਵਾਸੀਆਂ ਨੂੰ ਅਮਾਨਵੀ ਅਤੇ ਵਸਤੂ-ਨਿਸ਼ਠ ਹੀ ਬਣਾ ਕੇ ਪੇਸ਼ ਕਰਦਾ ਹੈ।ਰਾਸ਼ਟਰਵਾਦ ਹੀ ਰਾਸ਼ਟਰਾਂ ਨੂੰ ਪੈਦਾ ਕਰਦਾ ਹੈ ਨਾ ਕਿ ਰਾਸ਼ਟਰ ਇਸ ਨੂੰ ਪੈਦਾ ਕਰਦੇ ਹਨ।ਵਤਨਪ੍ਰਸਤੀ ਦਾ ਭਾਵ ਹੈ ਜਦੋਂ ਤੁਸੀ ਆਪਣੇ ਲੋਕਾਂ ਨੂੰ ਪਹਿਲਾਂ ਪਿਆਰ ਕਰਦੇ ਹੋ; ਜਦੋਂਕਿ ਰਾਸ਼ਟਰਵਾਦ ਵਿਚ ਦੂਜੇ ਲੋਕਾਂ ਪ੍ਰਤੀ ਨਫਰਤ ਹੀ ਪਹਿਲ ਦਾ ਆਧਾਰ ਬਣ ਜਾਂਦੀ ਹੈ।
ਵਤਨਪ੍ਰਸਤੀ ਅਤੇ ਰਾਸ਼ਟਰਵਾਦ ਵਿਚ ਮੁੱਖ ਅੰਤਰ ਇਹ ਹੈ ਕਿ ਇਕ ਵਤਨਪ੍ਰਸਤ ਨੂੰ ਆਪਣੇ ਦੇਸ਼ ਉੱਪਰ ਕੁਝ ਯੋਗਤਾਵਾਂ ਕਰਕੇ ਮਾਣ ਹੁੰਦਾ ਹੈ, ਜਦੋਂ ਕਿ ਰਾਸ਼ਟਰਵਾਦੀ, ਭਾਵੇਂ ਉਸ ਦੇ ਦੇਸ਼ ਨੇ ਕੁਝ ਵੀ ਕੀਤਾ ਹੋਵੇ, ਹਮੇਸ਼ਾ ਮਾਣ ਮਹਿਸੂਸ ਕਰਦਾ ਹੈ। ਵਤਨਪ੍ਰਸਤੀ ਵਾਲਾ ਨਜ਼ਰੀਆ ਜ਼ਿੰਮੇਵਾਰੀ ਦੀ ਭਾਵਨਾ ਲੈ ਕੇ ਆਉਂਦਾ ਹੈ, ਜਦੋਂਕਿ ਰਾਸ਼ਟਰਵਾਦ ਦੀ ਭਾਵਨਾ ਝੂਠਾ ਅਭਿਮਾਨ ਪੈਦਾ ਕਰਦੀ ਹੈ ਅਤੇ ਇਸ ਦਾ ਨਤੀਜਾ ਯੁੱਧ ਦੇ ਰੂਪ ਵਿਚ ਵੀ ਨਿਕਲ ਸਕਦਾ ਹੈ।ਵਤਨਪ੍ਰਸਤੀ ਦਾ ਅਰਥ ਸਰਜ਼ਮੀਨ ’ਤੇ ਹੁੰਦੇ ਹਰ ਅਨਿਆਂ ਨੂੰ ਨਫਰਤ ਕਰਨਾ ਹੈ, ਜਦੋਂ ਕਿ ਰਾਸ਼ਟਰਵਾਦ ਇਕ ਤਰਾਂ ਦੀ ਅੰਨੀ ਪੂਜਾ ਅਤੇ ਪਾਗਲਪਣ ਦਾ ਹੀ ਰੂਪ ਹੈ।ਬੁੱਧੀਜੀਵੀ ਸਾਹਿਤ ਅਤੇ ਆਮ ਬੋਲਚਾਲ ਦੀ ਭਾਸ਼ਾ ਵਿਚ ਵੀ ਵਤਨਪ੍ਰਸਤੀ ਨੂੰ ਹਮੇਸ਼ਾ ਰਾਸ਼ਟਰਵਾਦ ਨਾਲ ਰਲਗੱਡ ਕਰ ਦਿੱਤਾ ਜਾਂਦਾ ਹੈ, ਜਿਸ ਦਾ ਅਰਥ ਹੈ ਆਪਣੇ ਰਾਸ਼ਟਰ ਪ੍ਰਤੀ ਵਿਸ਼ੇਸ਼, ਅਸਹਿਣਸ਼ੀਲ ਅਤੇ ਵਿਵੇਕਹੀਣ ਲਗਾਅ।ਉਦਾਹਰਣ ਵਜੋਂ ਫਾਸੀਵਾਦ ਅਤੇ ਨਾਜ਼ੀਵਾਦ ਦਾ ਇਤਿਹਾਸ ਦਿਖਾਉਂਦਾ ਹੈ ਕਿ ਜਦੋਂ ਵੀ ਵਤਨਪ੍ਰਸਤੀ ਨੂੰ ਰਾਸ਼ਟਰਵਾਦ ਨਾਲ ਰਲਗੱਡ ਕੀਤਾ ਗਿਆ, ਇਸ ਦੇ ਬਹੁਤ ਭਿਆਨਕ ਸਿੱਟੇ ਨਿਕਲੇ। ਰਾਸ਼ਟਰਵਾਦ ਲੋਕਾਂ ਦੀ ਸੱਭਿਆਚਾਰਕ, ਧਾਰਮਿਕ ਅਤੇ ਨਸਲੀ ਏਕਤਾ ਉੱਪਰ ਜੋਰ ਦਿੰਦਾ ਹੈ, ਜਦੋਂਕਿ ਵਤਨਪ੍ਰਸਤੀ ਲੋਕਾਂ ਦੀ ਸਾਂਝੀ ਅਜ਼ਾਦੀ ਦਾ ਭਾਵ ਹੈ ਜੋ ਕਿ ਕੁਝ ਕੁ ਖੁਦਗਰਜ਼ ਵਿਅਕਤੀਆਂ ਦੁਆਰਾ ਆਪਣੀਆਂ ਲਾਲਸਾਵਾਂ ਪੂਰੀਆਂ ਕਰਨ ਲਈ ਕੀਤੇ ਦਮਨ ਦਾ ਵਿਰੋਧ ਕਰਨ ਦਾ ਬਲ ਦਿੰਦਾ ਹੈ।ਕੋਈ ਵੀ ਰਾਸ਼ਟਰਵਾਦੀ ਆਪਣੇ ਦੇਸ਼ ਦੀ ਆਲੋਚਨਾ ਨਹੀਂ ਸਹਿਣ ਕਰ ਸਕਦਾ ਅਤੇ ਇਸ ਨੂੰ ਅਪਮਾਨ ਵਜੋਂ ਲੈਂਦਾ ਹੈ, ਪਰ ਇਕ ਵਤਨਪ੍ਰਸਤ ਆਲੋਚਨਾ ਨੂੰ ਸਹਿਣ ਕਰ ਸਕਦਾ ਹੈ ਅਤੇ ਇਸ ਵਿਚ ਸੁਧਾਰ ਲਿਆਉਣ ਲਈ ਚਿੰਤਨਸ਼ੀਲ ਚਰਚਾ ਕਰ ਸਕਦਾ ਹੈ।ਇਸ ਲਈ ਵਤਨਪ੍ਰਸਤੀ ਨੂੰ ਰਾਸ਼ਟਰਵਾਦ ਨਾਲ ਰਲਗੱਡ ਕਰਕੇ ਨਹੀਂ ਦੇਖਣਾ ਚਾਹੀਦਾ।
ਆਧੁਨਿਕ ਰਾਸ਼ਟਰਵਾਦ ਦੀਆਂ ਜੜ੍ਹਾਂ ਫਰਾਂਸੀਸੀ ਅਤੇ ਅਮਰੀਕੀ ਕ੍ਰਾਂਤੀਆਂ ਵਿਚ ਪਈਆਂ ਹਨ ਜਿੱਥੇ ਉਨ੍ਹਾਂ ਨੇ ਰਾਜਸ਼ਾਹੀ ਖਿਲਾਫ ਆਪਣੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕੀਤਾ।ਇਸ ਇਤਿਹਾਸਿਕ ਰਾਸ਼ਟਰਵਾਦ ਨੂੰਂ ਸਾਕਾਰਤਮਕ ਰੂਪ ਵਿਚ ਲਿਆ ਜਾਂਦਾ ਹੈ ਕਿਉਂਕਿ ਇਹ ਪੱਛਮੀ ਉਦਾਰਵਾਦ ਅਤੇ ਲੋਕਤੰਤਰ ਦਾ ਧੁਰਾ ਰਿਹਾ ਹੈ।ਹਾਲਾਂਕਿ, ਫਾਸੀਵਾਦੀ ਸਰਕਾਰਾਂ ਨੇ ਰਾਸ਼ਟਰਵਾਦ ਦੇ ਜਨੂੰਨ ਨੂੰ ਧਰਮ ਜਾਂ ਨਸਲੀ ਪਛਾਣ ਅਤੇ ਸ਼੍ਰੇਸ਼ਟਤਾ ਵਰਗੇ ਸੰਕਲਪਾਂ ਨਾਲ ਰਲਗੱਡ ਕਰ ਦਿੱਤਾ ਹੈ।ਅਜਿਹੀ ਸਥਿਤੀ ਵਿਚ ਉਨ੍ਹਾਂ ਲੋਕਾਂ ਨੂੰ “ਵਤਨਪ੍ਰਸਤ” ਮੰਨਿਆ ਜਾਂਦਾ ਹੈ ਜੋ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਣ ਅਤੇ ਤੁਹਾਡੇ ਜਿਹੇ ਹੀ ਦਿਖਦੇ ਹੋਣ, ਜਦੋਂਕਿ ਬਾਕੀਆਂ ਨੂੰ “ਗੱਦਾਰ” ਜਾਂ “ਦੇਸ਼-ਵਿਰੋਧੀ” ਗਰਦਾਨ ਦਿੱਤਾ ਜਾਂਦਾ ਹੈ।ਇਸ ਤਰਾਂ ਰਾਸ਼ਟਰਵਾਦ ਦਾ ਭਾਵ ਹੈ ਵਤਨਪ੍ਰਸਤੀ ਦਾ ਹੱਥੋਂ ਨਿਕਲ ਜਾਣਾ ਅਤੇ ਇਸ ਦਾ ਵਿਸ਼ਿਸ਼ਟ, ਵੱਖਵਾਦ ਅਤੇ ਅੰਧ-ਰਾਸ਼ਟਰਵਾਦ ਦਾ ਰੂਪ ਲੈ ਲੈਣਾ।
ਕੁਝ ਕੁ ਸੰਦਰਭਾਂ ਵਿਚ, ਕਥਿਤ ਰੂਪ ਵਿਚ ਧਰਮ-ਨਿਰਪੱਖ ਭਾਰਤ ਵਿਚ ਵਧਦੇ ਹਿੰਦੂ ਰਾਸ਼ਟਰਵਾਦ ਕਰਕੇ ੧੯੪੭ ਦਾ ਜਨੂੰਨ ਦੁਹਰਾਇਆ ਜਾ ਰਿਹਾ ਹੈ।ਬੀਜੇਪੀ ਜੋ ਆਪਣੇ ਆਪ ਨੂੰ ਭਾਰਤ ਦੀ ਇਕੋ ਇਕ ਰਾਸ਼ਟਰਵਾਦੀ ਪਾਰਟੀ ਘੋਸ਼ਿਤ ਕਰਦੀ ਹੈ, ਉਸ ਇਸ ਵਿਚ ਅਤੇ ਹਿੰਦੂਵਾਦ ਵਿਚ ਕੋਈ ਅੰਤਰ ਨਹੀ ਕਰਦੀ।ਬੀਜੇਪੀ ਦਾ ਉਦੇਸ਼ ਉਸ ਇਤਿਹਾਸ ਤੇ ਬੰਦਿਸ਼ ਲਗਾਉਣਾ ਹੈ ਜੋ ਸੱਤਾਧਾਰੀ ਵਿਵਸਥਾ ਦੇ ਬਿਰਤਾਂਤ ਨਾਲ ਮੇਲ ਨਹੀਂ ਖਾਂਦਾ।ਬੀਜੇਪੀ ਵਤਨਪ੍ਰਤੀ ਦੇ ਅਰਥਾਂ ਵਿਚ ਵੱਡਾ ਫੇਰ ਬਦਲ ਕਰਕੇ ਇਸ ਨੂੰ ਦੁਬਾਰਾ ਤੋਂ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਬਹੁਗਿਣਤੀਵਾਦ ਅਤੇ ਧਾਰਮਿਕ ਵਿਚਾਰਾਂ ਨੂੰ ਰਾਸ਼ਟਰੀ ਪਛਾਣ ਦੇ ਨਾਂ ਤੇ ਲੋਕਾਂ ਉੱਪਰ ਥੋਪਿਆ ਜਾ ਰਿਹਾ ਹੈ।ਇਸ ਰਾਹੀ ਹੀ ਉਹ ਚੁਣਾਵੀ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਹਿੰਦੂ ਰਾਸ਼ਟਰਵਾਦੀ ਲੋਕਤੰਤਰ ਅਤੇ ਬਹੁਸੰਖਿਅਕਵਾਦ ਨੂੰ ਇਕ ਹੀ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਸ਼ਕਤੀਸ਼ਾਲੀ ਗਰੁੱਪਾਂ ਨੂੰ ਕੇਂਦਰ ਵਿਚ ਲਿਆ ਕੇ ਖੜ੍ਹਾ ਕਰ ਦੇਵੇਗਾ। ਇਸ ਦੇ ਵਿਚਾਰ, ਦਰਸ਼ਨ ਅਤੇ ਸਿਧਾਂਤਕ ਵਿਚਾਰ ਸਾਵਰਕਰ, ਪੰਡਿਤ ਦੀਨ ਦਿਆਲ ਉਪਾਧਿਆਇ ਸੰਸਥਾਪਕਾਂ ਦੁਆਰਾ ਵਿਕਸਿਤ ਕੀਤੇ ਗਏ ਹਨ।ਹਿੰਦੂ ਰਾਸ਼ਟਰਵਾਦ ਨੂੰ ਇਸ ਤਰਾਂ ਸਮਝਿਆ ਗਿਆ ਹੈ, “ਇਹ ਦਰਸ਼ਨ ਉਸ ਸਮਝੋਤੇ ਉੱਪਰ ਅਧਾਰਿਤ ਹੈ ਕਿ ਬਹਗਿਣਤੀ ਨੂੰ ਭਾਰਤੀ ਰਾਜ ਦੇ ਉਦੇਸ਼ਾਂ ਨੂੰ ਮਿੱਥਣਾ ਚਾਹੀਦਾ ਹੈ।” ਇਸ ਤਰਾਂ ਲੋਕਾਂ ਵਿਚ ਨਫਰਤ ਫੈਲਾਉਣ ਕਰਕੇ ਰਾਸ਼ਟਰਵਾਦ ਦਾ ਵਿਚਾਰ ਨਾਕਾਰਤਮਕ ਰੂਪ ਧਾਰਣ ਕਰ ਜਾਂਦਾ ਹੈ।੨੦੧੮ ਵਿਚ ਫਰਾਂਸ ਦੇ ਰਾਸ਼ਟਰਪਤੀ ਮੈਕਰੌਨ ਨੇ ਕਿਹਾ, “ਵਤਨਪ੍ਰਸਤੀ ਰਾਸ਼ਟਰਵਾਦ ਤੋਂ ਬਿਲਕੁਲ ਭਿੰਨ ਹੈ।ਰਾਸ਼ਟਰਵਾਦ ਅਸਲ ਵਿਚ ਵਤਨਪ੍ਰਸਤੀ ਨਾਲ ਧੋਖਾ ਹੈ।” ਉਸ ਨੇ ਅੱਗੇ ਕਿਹਾ, “ਇਹ ਕਹਿਣਾ ਕਿ ਸਾਡੇ ਹੀ ਹਿੱਤ ਮਹੱਤਵਪੂਰਨ ਹਨ, ਦੂਜਿਆਂ ਨੂੰ ਭਾਵੇਂ ਕੁਝ ਵੀ ਹੋ ਜਾਵੇ, ਇਹ ਕਿਸੇ ਵੀ ਰਾਸ਼ਟਰ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਖੋਹ ਲੈਂਦਾ ਹੈ ਜੋ ਕਿ ਇਸ ਨੂੰ ਜਿਉਂਦਾ ਰੱਖਦੀਆਂ ਹਨ, ਇਸ ਨੂੰ ਮਹਾਨ ਬਣਾਉਂਦੀਆਂ ਹਨ, ਅਤੇ ਜੋ ਇਸ ਲਈ ਸਭ ਤੋਂ ਮਹੱਤਵਪੂਰਨ ਹਨ।”
ਕੱਟੜ ਅਤੇ ਜਹਿਰੀਲੇ ਰਾਸ਼ਟਰਵਾਦ ਦਾ ਸੰਕਲਪ ਇਕ ਵਾਰ ਫਿਰ ਤੋਂ ਕੇਂਦਰ ਵਿਚ ਆ ਗਿਆ ਜਦੋਂ ਸੱਤਾਧਾਰੀ ਭਾਜਪਾ ਸਰਕਾਰ ਨੇ ਨਾਗਰਿਕ ਸੰਸ਼ੋਧਨ ਕਾਨੂੰਨ ਖਿਲਾਫ ਹੋਏ ਸੰਘਰਸ਼ਾਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰਾ ਦੱਸਿਆ।ਦਿੱਲੀ ਅਸੈਂਬਲੀ ਚੋਣਾਂ ਵਿਚ ਵੀ ਉਨ੍ਹਾਂ ਨੇ ਇਸ ਨੂੰ ਮੁੱਖ ਮੁੱਦਾ ਬਣਾਇਆ, ਜਿੱਥੇ ਉਹ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਅੱਤਵਾਦੀ ਕਹਿਣ ਦੀ ਹੱਦ ਤੱਕ ਵੀ ਗਏ।ਸੱਤਾਧਾਰੀ ਬੀਜੇਪੀ ਦੀ ਇਹ ਸੋਚ ਹੈ ਕਿ ਕੋਈ ਵੀ ਵਿਪਰੀਤ ਪਰਿਭਾਸ਼ਾ ਦੇਸ਼ ਦੇ ਗੱਦਾਰਾਂ ਦੀ ਹੈ ਅਤੇ ਉਨ੍ਹਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਬੀਜੇਪੀ ਦੀ ਇਹੀ ਸੋਚ ਮੌਜੂਦਾ ਕਿਸਾਨ ਸੰਘਰਸ਼ ਪ੍ਰਤੀ ਘੜੀ ਜਾ ਰਹੀ ਹੈ।
ਬੀਜੇਪੀ ਲਗਾਤਾਰ ਰਾਸ਼ਟਰਵਾਦ ਦਾ ਰਾਗ ਅਲਾਪ ਰਹੀ ਹੈ। ਉਨ੍ਹਾਂ ਨੇ ਆਪਣਾ ਮੰਚ “ਹਿੰਦੂ ਧਰਮ ਖਤਰੇ ਵਿਚ” ਤੋਂ “ਦੇਸ਼ ਖਤਰੇ ਵਿਚ” ਵਿਚ ਬਦਲ ਲਿਆ ਹੈ।ਇਸ ਵਿਚ ਉਹ ਹਿੰਦੀ ਮੀਡੀਆ ਦੇ ਸਹਾਰੇ ਸਫਲ ਵੀ ਹੋਈ ਹੈ ਜਿਨਾਂ ਨੇ ਯੂਨੀਵਰਸਿਟੀਆਂ ਨੂੰ ਅਜਿਹੇ ਸਥਾਨਾਂ ਦੇ ਰੂਪ ਵਿਚ ਪੇਸ਼ ਕੀਤਾ ਹੈ ਜਿੱਥੇ ਖੱਬੇਪੱਖੀ ਰਾਸ਼ਟਰ ਵਿਰੋਧੀ ਵਿਚਾਰ ਫੈਲਾ ਰਹੇ ਹਨ ਅਤੇ ਭਾਰਤ ਨੂੰ ਟੁਕੜਿਆਂ ਵਿਚ ਵੰਡਣ ਦੀਆਂ ਸਾਜਿਸ਼ਾਂ ਕਰ ਰਹੇ ਹਨ।ਪਰ ਕਿਸੇ ਨੂੰ ਵੀ ਸਿਰਫ ਇਸ ਕਰਕੇ ਰਾਸ਼ਟਰ ਵਿਰੋਧੀ ਨਹੀ ਗਰਦਾਨਿਆ ਜਾ ਸਕਦਾ ਕਿ ਉਹ ਅਜਿਹੇ ਵੱਖਰੇ ਰਾਜਨੀਤਿਕ ਵਿਚਾਰ ਰੱਖਦੇ ਹਨ ਜੋ ਕਿ ਬਹੁਗਿਣਤੀ ਦਾ ਹਿੱਸਾ ਨਹੀਂ।ਅਗਰ ਕੋਈ ਵਿਅਕਤੀ ਸਰਕਾਰ ਦੀਆਂ ਨੀਤੀਆਂ ਅਤੇ ਕਾਰਜਸ਼ੈਲੀ ਉੱਪਰ ਸੁਆਲ ਉਠਾਉਂਦਾ ਹੈ ਤਾਂ ਉਹ ਰਾਸ਼ਟਰ ਵਿਰੋਧੀ ਨਹੀਂ।ਬੀਜੇਪੀ ਅਤੇ ਆਰ.ਐਸ.ਐਸ ਵੱਖ-ਵੱਖ ਖੇਤਰੀ ਅਤੇ ਸੱਭਿਆਚਾਰਕ ਖੇਤਰਾਂ ਉੱਪਰ ਅਧਿਕਾਰ ਜਮਾ ਰਹੇ ਹਨ ਅਤੇ ੳੇਨ੍ਹਾਂ ਉੱਪਰ ਹਿੰਦੁਵਾਦ ਦਾ ਪੋਚਾ ਫੇਰ ਰਹੇ ਹਨ।ਹੌਲੀ-ਹੌਲ਼ੀ ਉਹ ਆਪਣੀ ਹੀ ਵਿਚਾਰਧਾਰਾ ਵਾਲੇ ਬੰਦਿਆਂ ਨੂੰ ਫਿਟ ਕਰਕੇ ਸਾਰੀਆਂ ਧਾਰਮਿਕ ਅਤੇ ਕਲਚਰਲ ਸੰਸਥਾਵਾਂ ਉਪੱਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਇਸੇ ਰਾਸ਼ਟਰਵਾਦ ਦੇ ਜਨੂੰਨ ਨੇ ੧੯੮੪ ਵੇਲੇ ਸਿੱਖ ਕੌਮ ਦੀਆਂ ਵਤਨਪ੍ਰਸਤੀ ਦੀਆਂ ਭਾਵਨਾਵਾਂ ਨੂੰ ਕੁਚਲਣ ਲਈ ਦਰਬਾਰ ਸਾਿਹਬ ਸਮੂਹ ਨੂੰ ਫੌਜੀ ਸ਼ਕਤੀ ਰਾਹੀ ਢਹਿ ਢੇਰੀ ਕਰ ਦਿੱਤਾ ਸੀ।
੧੯੪੭ ਤੋਂ ਪਹਿਲਾਂ ਦੇ ਜ਼ਹਿਰੀਲੇ ਰਾਸ਼ਟਰਵਾਦ ਦੇ ਮਾਹੌਲ ਨੂੰ ਭਾਂਪਦਿਆਂ ਰਾਸ਼ਟਰੀ ਗੀਤ ਲਿਖਣ ਵਾਲੇ ਟੈਗੋਰ ਨੇ ਰਾਸ਼ਟਰਵਾਦ ਨੂੰ ਮਨੁੱਖਤਾ ਲਈ ਖਤਰਾ ਦੱਸਿਆ ਸੀ।ਉਸ ਦਾ ਮੰਨਣਾ ਸੀ ਕਿ ਭਾਰਤ ਇਕ ਰਾਸ਼ਟਰ ਦੇ ਤੌਰ ਤੇ ਤਾਂ ਹੀ ਬਚ ਪਾਇਆ ਕਿਉਂਕਿ ਇਸ ਵਿਚ ਕਦੇ ਵੀ ਰਾਸ਼ਟਰਵਾਦ ਦੀ ਅਸਲ ਭਾਵਨਾ ਨਹੀਂ ਰਹੀ।ਉਸ ਨੇ ੧੯੧੭ ਵਿਚ ਲਿਖਿਆ ਸੀ, “ਇਹ ਮੇਰਾ ਪੱਕਾ ਯਕੀਨ ਹੈ ਕਿ ਮੇਰੇ ਦੇਸ਼ ਦੇ ਲੋਕ ਉਦੋਂ ਹੀ ਅਸਲ ਭਾਰਤ ਪ੍ਰਾਪਤ ਕਰ ਸਕਣਗੇ ਜਦੋਂ ਉਹ ਇਸ ਸਿੱਖਿਆ ਦੇ ਵਿਰੁੱਧ ਲੜਨਗੇ ਕਿ ਕੋਈ ਵੀ ਦੇਸ਼ ਮਨੁੱਖਤਾ ਦੇ ਆਦਰਸ਼ਾਂ ਤੋਂ ਵੱਡਾ ਹੁੰਦਾ ਹੈ।”
ਅੱਜ ਦੇ ਸਮਿਆਂ ਵਿਚ ਰਾਸ਼ਟਰਵਾਦੀ ਪ੍ਰਚਾਰਕ ਲਿਖਤਾਂ ਵਿਚ ਝੂਠ ਹੀ ਲਿਖਿਆ ਜਾ ਰਿਹਾ ਹੈ ਹੈ।ਤੱਥਾਂ ਨੂੰ ਦਬਾਇਆ ਜਾ ਰਿਹਾ ਹੈ, ਤਾਰੀਕਾਂ ਬਦਲੀਆਂ ਜਾ ਰਹੀਆਂ ਹਨ, ਉਦਾਹਰਣਾਂ ਨੂੰ ਬਿਨਾਂ ਸੰਦਰਭ ਤੋਂ ਪੇਸ਼ ਕੀਤਾ ਜਾ ਰਿਹਾ ਹੈ, ਅਤੇ ਉਨ੍ਹਾਂ ਦੇ ਅਰਥ ਬਦਲਣ ਲਈ ਛੇੜਛਾੜ ਕੀਤੀ ਜਾ ਰਹੀ ਹੈ।ਜਿਨਾਂ ਘਟਨਾਵਾਂ ਨੂੰ ਇਹ ਮੰਨਿਆ ਜਾਂਦਾ ਹੈ ਕਿ ਉਹ ਨਹੀਂ ਹੋਣੀਆਂ ਚਾਹੀਦੀਆਂ ਸਨ, ਉਨ੍ਹਾਂ ਬਾਰੇ ਜ਼ਿਕਰ ਵੀ ਨਹੀਂ ਕੀਤਾ ਜਾਂਦਾ ਅਤੇ ਅੰਤ ੳਨ੍ਹਾਂ ਤੋਂ ਇਨਕਾਰ ਹੀ ਕਰ ਦਿੱਤਾ ਜਾਂਦਾ ਹੈ।ਇਸ ਤਰਾਂ ਰਾਸ਼ਟਰਵਾਦ ਅਤੇ ਵਤਨਪ੍ਰਸਤੀ ਇਕ ਹੀ ਰਾਸ਼ਟਰੀ ਪਛਾਣ ਦਾ ਹਿੱਸਾ ਹਨ।ਦੋਵੇਂ ਸਾਂਝੇ ਆਦਰਸ਼ਾਂ ਨਾਲ ਮੌਜੂਦ ਰਹਿੰਦੇ ਹਨ, ਪਰ ਨਜ਼ਰੀਆ ਅਲੱਗ ਹੁੰਦਾ ਹੈ। ਬੁੱਧੀਜੀਵੀਆਂ ਦਾ ਤਰਕ ਸੀ ਕਿ ਅਸੀਂ ਰਾਸ਼ਟਰਵਾਦ, ਨਫਰਤ ਅਤੇ ਨਸਲਵਾਦ ਜਿਸ ਨੇ ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਪੂਰੇ ਵਿਸ਼ਵ ਵਿਚ ਆਪਣੀ ਪਕੜ ਬਣਾ ਲਈ ਸੀ, ਉੱਪਰ ਕਾਬੂ ਪਾ ਲਿਆ ਹੈ, ਪਰ ਇਹ ਅਜੇ ਵੀ ਜਹਿਰੀਲੇ ਰੂਪ ਵਿਚ ਮੌਜੂਦ ਹੈ।ਭਾਵੇਂ ਇਹ ਭਾਰਤ ਹੋਵੇ ਜਾਂ ਸ੍ਰੀ ਲੰਕਾ ਜਾਂ ਬਰਮਾ ਜਾਂ ਅਮਰੀਕਾ।
ਇਸ ਵਿਚ ਕੋਈ ਸ਼ੱਕ ਨਹੀ ਹੈ ਕਿ ਹਾਲ ਹੀ ਵਿਚ ਭਾਰਤੀ ਰਾਜਨੀਤੀ ਨੇ ਹਿੰਦੂ ਰਾਸ਼ਟਰਵਾਦ ਜਾਂ ਬਹੁਸੰਖਿਅਕ ਰਾਸ਼ਟਰਵਾਦ ਦਾ ਉਦੈ ਦੇਖਿਆ ਹੈ।ਰਾਸ਼ਟਰਵਾਦ ਨੂੰ ਚੋਣਾਂ ਜਿੱਤਣ ਲਈ ਰਾਜਨੀਤਿਕ ਹਥਿਆਰ ਵਜੋਂ ਵਰਤਣਾ ਅਤੇ ਕੁਝ ਭਾਈਚਾਰਿਆਂ ਨੂੰ ਹਾਸ਼ੀਏ ਤੇ ਧੱਕਣ ਨੂੰ ਇਸ ਸੰਦਰਭ ਵਿਚ ਦੇਖਿਆ ਜਾ ਸਕਦਾ ਹੈ।ਹਰ ਚੋਣਾਂ ਤੋਂ ਬਾਅਦ ਇਹ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ।ਰਾਸ਼ਟਰਵਾਦ ਕੋਈ ਖਾਸ ਵਿਚਾਰ ਨਹੀਂ ਹੈ ਜਿਸ ਨੂੰ ਧਰਮ, ਜਾਤ ਜਾਂ ਭਾਈਚਾਰੇ ਦੇ ਰੂਪ ਵਿਚ ਪਛਾਣਿਆ ਜਾ ਸਕੇ ਬਲਕਿ ਇਹ ਇਨ੍ਹਾਂ ਨੂੰ ਆਪਣੇ ਪ੍ਰਸਾਰ ਲਈ ਵਰਤਦਾ ਹੈ।ਇਹ ਸਿੱਟਾ ਬਹੁਤ ਅਸਾਨੀ ਨਾਲ ਨਹੀ ਕੱਢਿਆ ਜਾ ਸਕਦਾ ਕਿ ਕੀ ਰਾਸ਼ਟਰਵਾਦ ਤੁਹਾਡੇ ਵਿਚ ਆਪਣੇ ਦੇਸ਼ ਲਈ ਪਿਆਰ ਪੈਦਾ ਕਰਦਾ ਹੈ ਅਤੇ ਦੂਜਿਆਂ ਲਈ ਨਫਰਤ।ਇਹ ਇਕ ਅਜਿਹੀ ਮਹਾਂਮਾਰੀ ਹੈ ਜੋ ਕਿ ਮੌਜੂਦਾ ਦੌਰ ਵਿਚ ਮਨੁੱਖੀ ਦੁਨੀਆਂ ਵਿਚ ਫੈਲ ਰਹੀ ਹੈ।
ਭਾਰਤ ਅਨੇਕਾਂ ਦੇਸ਼ਾਂ ਤੋਂ ਮਿਲ ਕੇ ਬਣਿਆ ਇਕ ਭੂਗੋਲਿਕ ਸਮੂਹ ਹੈ।ਇਹ ਯੂਰੋਪ ਦੀ ਸਥਿਤੀ ਤੋਂ ਬਿਲਕੁਲ ਵਿਪਰੀਤ ਹੈ, ਜੋ ਕਿ ਕਈ ਦੇਸ਼ਾਂ ਵਿਚ ਵੰਡਿਆ ਇਕ ਹੀ ਸਮੂਹ ਹੈ।ਯੂਰੋਪ ਦੇ ਸੱਭਿਆਚਾਰ ਅਤੇ ਉੱਨਤੀ ਵਿਚ ਅਨੇਕ ਅਤੇ ਇਕ ਦੀ ਸ਼ਕਤੀ ਹੈ ਜਦੋਂਕਿ ਭਾਰਤ ਨੂੰ ਆਪਣੀ ਵਿਭਿੰਨਤਾ ਕਰਕੇ ਕਈ ਸਮੱਸਿਆਵਾਂ ਦਾ ਸਹਾਮਣਾ ਕਰਨਾ ਪਿਆ ਹੈ।ਅੱਜ ਵੀ ਭਾਰਤ ਇਕ ਅਜਿਹਾ ਭੇਤ ਹੈ ਜੋ ਪਿਛਾਂਹਖਿਚੂ ਲੋਕਾਂ ਦਾ ਸਮੂਹ ਹੈ ਜਿਸ ਉੱਪਰ ਬਿਮਾਰ ਮਾਨਸਿਕਤਾ ਵਾਲੀ ਸਰਕਾਰਾਂ ਦਾ ਦਬਾਅ ਵਰਤਮਾਨ ਵਿਚ ਬਣਿਆ ਹੋਇਆ ਹੈ। ਭਾਰਤ ਦੀ ਮੌਜੂਦਾ ਹਕੂਮਤ ਨੇ ਰਾਸ਼ਟਰਵਾਦ ਨੂੰ ਆਪਣੀ ਵਿਸ਼ੇਸ਼ਤਾ ਵਜੋਂ ਅਪਣਾ ਲਿਆ ਹੈ ਜਦੋਂਕਿ ਮਹਾਨਤਾ ਦੇ ਦਾਅਵੇ ਕਰਨ ਵਿਚ ਇਹ ਆਪਣੀਆਂ ਕਮੀਆਂ ਤੋਂ ਮੁਨਕਰ ਹੋ ਜਾਂਦੀ ਹੈ। ਸੁਆਲ ਇਹ ਉੱਠਦਾ ਹੈ ਕਿ ਕੀ ਮਹਾਨਤਾ ਦਾ ਇਹ ਦਾਅਵਾ ਕਿਸੇ ਤਾਰਕਿਕ ਸੋਚ ਨੂੰ ਜਗ੍ਹਾ ਦਿੰਦਾ ਹੈ? ਕੀ ਇਹ ਅੰਧ-ਰਾਸ਼ਟਰਵਾਦ ਦੀ ਧੁਨ ਵਿਚ ਵਿਭਿੰਨ ਅਵਾਜ਼ਾਂ ਨੂੰ ਨਹੀਂ ਦਬਾ ਰਿਹਾ?