੫ ਜਨਵਰੀ ਨੂੰ ੯੫ ਸਾਲ ਪਹਿਲਾਂ ਅੰਗਰੇਜ਼ ਸਰਕਾਰ ਵੱਲੋਂ ਸਿੱਖ ਪੰਥ ਨੂੰ ਅਗਵਾਈ ਦੇਣ ਲਈ ਇੱਕ ਜੱਥੇਬੰਦਕ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀ। ਇਹ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਮੁੱਖ ਧਾਰਮਿਕ ਪ੍ਰਤੀਨਿਧ ਜਮਾਤ ਵਜੋਂ ਸਿੱਖ ਕੌਮ ਦੇ ਉਜਲੇ ਭਵਿੱਖ ਲਈ ਹੋਂਦ ਵਿੱਚ ਆਈ ਸੀ। ਇਸ ਦੀ ਜਿੰਮੇਵਾਰੀ ਸਿੱਖਾਂ ਦੀਆਂ ਪ੍ਰੰਪਰਾਵਾਂ ਤੇ ਸੰਸਥਾਵਾਂ ਦੀ ਸੇਵਾ ਸੰਭਾਲ ਅਤੇ ਸੁਚਾਰੂ ਕੰਮਾਂ ਲਈ ਸੌਂਪੀ ਗਈ ਸੀ। ੯੫ ਸਾਲ ਪਹਿਲਾਂ ਇਸ ਸੰਸਥਾ ਨੂੰ ਲੰਮੇ ਸਮੇਂ ਤੱਕ ਸਿੱਖ ਪੰਥ ਨੇ ਆਪਣੀ ਸੰਸਥਾ ਵਜੋਂ ਆਪਣਾ ਲਿਆ ਸੀ। ਇਸ ਦੀ ਸਫਲਤਾ ਲਈ ਸਿੱਖ ਕੌਮ ਹਰ ਕੁਰਬਾਨੀ ਕਰਨ ਲਈ ਹਾਜ਼ਰ ਸੀ। ਸਮੇਂ ਨਾਲ ਭਾਰਤ ਦੀ ਅਜਾਦੀ ਤੋਂ ਬਾਅਦ ਇਸ ਸੰਸਥਾ ਤੇ ਹੌਲੀ-ਹੌਲੀ ਰਾਜਨੀਤਿਕ ਪ੍ਰਭਾਵਾਂ ਦਾ ਅਸਰ ਘਰ ਕਰਨ ਲੱਗ ਪਿਆ ਸੀ। ਇਹ ਪ੍ਰਭਾਵ ਖਾਸ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਕੌਮ ਨੂੰ ਰਾਜਨੀਤਿਕ ਅਗਵਾਈ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆਂਦਾ ਸੀ। ਉਹ ਆਪਣੇ ਰਾਜਨੀਤਿਕ ਪ੍ਰਭਾਵ ਦਾ ਦਬਦਬਾ ਸ਼੍ਰੋਮਣੀ ਕਮੇਟੀ ਤੇ ਸਮੇਂ ਨਾਲ ਭਾਰੂ ਕਰ ਬੈਠੀ ਹੈ। ਇਸੇ ਪ੍ਰਭਾਵ ਕਾਰਨ ਅੱਜ ਇਹ ਸੰਸਥਾ ਆਪਣਾ ਅਧਿਕਾਰ ਖੇਤਰ ਕਾਫੀ ਹੱਦ ਤੱਕ ਸੀਮਿਤ ਕਰ ਬੈਠੀ ਹੈ। ਅੱਜ ਹਰਿਆਣਾ, ਦਿੱਲੀ, ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਦੇ ਸ਼੍ਰੀ ਅਕਾਲ ਤਖਤ ਸਾਹਿਬ ਇਸਦੇ ਪ੍ਰਭਾਵ ਖੇਤਰ ਤੋਂ ਬਾਹਰ ਹੋ ਚੁੱਕੇ ਹਨ। ਭਾਵੇਂ ਅੱਜ ਵੀ ਸ਼੍ਰੋਮਣੀ ਕਮੇਟੀ ਨੂੰ ਕਾਗਜ਼ੀ ਰੂਪ ਵਿੱਚ ਸਿੱਖਾਂ ਦੀ ਸਿਰਮੌਰ ਸੰਸਥਾ ਵਜੋਂ ਜਾਣਿਆ ਜਾਂਦਾ ਹੈ ਪਰ ਸਚਾਈ ਵਿੱਚ ਇਹ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਦੇ ਮਨਾਂ ਵਿੱਚੋਂ ਪਿਛਲੇ ਸਮੇਂ ਤੋਂ ਵਕਤ ਨੂੰ ਤੇ ਸਿੱਖ ਭਾਵਨਾਵਾਂ ਨੂੰ ਸਮਝਣ ਤੋਂ ਤੇ ਪ੍ਰਵਾਨ ਕਰਨ ਤੋਂ ਅਜਿਹਾ ਪਾਸਾ ਵੱਟਿਆ ਕਿ ਅੱਜ ਦੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਿੱਖ ਸੰਗਤਾਂ ਵਿੱਚ ਵਿਚਰਨ ਤੋਂ ਵੀ ਘਬਰਾਉਂਦਾ ਹੈ ਅਤੇ ਹੁਣੇ ਪਿਛੇ ਜਿਹੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮੌਕੇ ਇਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਆਪਣੀ ਤਕਰੀਰ ਵਿੱਚੇ ਛੱਡ ਕੇ ਸੁਰੱਖਿਆ ਪਹਿਰੇ ਹੇਠ ਭੱਜਣਾ ਪਿਆ।

ਇਸ ਸ਼੍ਰੋਮਣੀ ਕਮੇਟੀ ਨੂੰ ਸਮੇਂ ਨਾਲ ਪਿਛਲੇ ਸਮੇਂ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਸਿੱਖ ਕੌਮ ਨੇ ਬਿਲਕੁਲ ਹੀ ਬਿਸਾਰ ਦਿੱਤਾ ਹੈ। ਇਸ ਸ਼੍ਰੋਮਣੀ ਕਮੇਟੀ ਨੂੰ ਹੋਂਦ ਵੇਲੇ ਇਹ ਜਿੰਮੇਵਾਰੀ ਸੌਂਪੀ ਗਈ ਸੀ ਕਿ ਤੁਸੀਂ ਸਿੱਖ ਕੌਮ ਨੂੰ ਪ੍ਰਫੁੱਲਤ ਕਰਨ ਲਈ ਧਾਰਮਿਕ ਤੌਰ ਤੇ ਰਾਜਨੀਤਿਕ ਪੱਖ ਤੋਂ ਇੱਕਠੇ ਰੱਖਣਾ ਹੈ ਅਤੇ ਸਿੱਖ ਕੌਮ ਦੀ ਸਰਬਉੱਚ ਹਸਤੀ ਜੋ ਕਿ ਅਕਾਲ ਤਖਤ ਸਾਹਿਬ ਦੀ ਜੱਥੇਦਾਰੀ ਹੈ, ਦੀ ਮਾਣਮਰਿਯਾਦਾ ਤੇ ਸਤਿਕਾਰ ਨੂੰ ਸਿੱਖ ਕੌਮ ਵਿੱਚ ਪੂਰੀ ਤਰਾਂ ਬਰਕਰਾਰ ਰੱਖਣਾ ਹੈ। ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸਰਬਉੱਚ ਸੰਸਥਾ ਵੀ ਅੱਜ ਸ਼੍ਰੋਮਣੀ ਕਮੇਟੀ ਪੱਖੀ ਹੋਣ ਕਾਰਨ ਸਿੱਖ ਕੌਮ ਵਿੱਚ ਵੀ ਇਹ ਅਕਾਲ ਤਖਤ ਦਾ ਜਥੇਦਾਰ ਆਪਣਾ ਮਾਣ-ਸਤਿਕਾਰ ਪੂਰੀ ਤਰਾਂ ਗਵਾ ਬੈਠਾ ਹੈ। ਸ਼੍ਰੋਮਣੀ ਕਮੇਟੀ ਅੱਜ ਆਪਣੇ ਹੀ ਸਿਆਸਤ ਅਧੀਨ ਬੁਣੇ ਹੋਏ ਮੱਕੜੀ ਜਾਲ ਵਿੱਚ ਸਿਮਟ ਕੇ ਰਹਿ ਗਈ ਹੈ, ਇਥੋਂ ਤੱਕ ਸਥਿਤੀ ਬਣ ਗਈ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਸੁਣਾਏ ਜਾਂਦੇ ਹੁਕਮਨਾਮੇ ਕਦੇ ਜਾਰੀ ਹੋ ਜਾਂਦੇ ਹਨ ਅਤੇ ਕਦੀ ਆਪ ਹੀ ਵਾਪਸ ਲੈਣੇ ਪੈ ਜਾਂਦੇ ਹਨ। ਇਸੇ ਕਰਕੇ ਅੱਜ ਸਿੱਖਾਂ ਦੀ ਇੱਕ ਹੋਰ ਅਹਿਮ ਸੰਸਥਾ ਪੰਜ ਪਿਆਰੇ ਵੀ ਸ਼੍ਰੋਮਣੀ ਕਮੇਟੀ ਨੇ ਵਿਵਾਦ ਦੇ ਘੇਰੇ ਵਿੱਚ ਲਿਆ ਖੜੇ ਕੀਤੇ ਹਨ। ਇਸੇ ਤਰਾਂ ਇਸੇ ਰੋਹ ਕਾਰਨ ਸਿੱਖਾਂ ਨੇ ਆਪ ਮੁਹਾਰੇ ਇੱਕਠੇ ਹੋ ਕੇ ਤੀਹ ਸਾਲਾਂ ਬਾਅਦ ਇੱਕ ਵਿਸ਼ਾਲ ਇੱਕਤਰਤਾ ਪਿੰਡ ਚੱਬੇ ਵਿਖੇ ਕੀਤੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਾਂਦੇ ਜੱਥੇਦਾਰਾਂ ਪ੍ਰਤੀ ਪੂਰਨ ਨਾ ਵਿਸਵਾਸ਼ੀ ਦਾ ਮੁਜ਼ਾਹਰਾ ਕੀਤਾ।

ਇਹ ਸ਼੍ਰੋਮਣੀ ਕਮੇਟੀ ਅਤੇ ਇਸਦੀ ਗੋਲਕ ਭ੍ਰਿਸ਼ਟਾਚਾਰ ਜਿਹੇ ਸ਼ਬਦਾਂ ਵਿੱਚ ਅਜਿਹੀ ਲਿਪਟੀ ਹੈ ਕਿ ਅੱਜ ਇਹ ਸਿੱਖ ਕੌਮ ਲਈ ਅਗਵਾਈ ਦਾ ਖੇਤਰ ਨਾ ਬਣਕੇ ਇੱਕ ਸਿਆਸਤ ਦਾ ਤੇ ਸਿੱਖ ਕੌਮ ਦੀ ਅੰਦਰੂਨੀ ਜੰਗ ਦਾ ਮੁੱਖ ਅਖਾੜਾ ਬਣ ਚੁੱਕੀ ਹੈ। ਜਿਸ ਨੂੰ ਇੱਕ ਤਰਾਂ ਨਾਲ ਸਿੱਖ ਪੰਥ ਤੇ ਭਾਰੂ ਸ਼੍ਰੋਮਣੀ ਅਕਾਲੀ ਦਲ ਜਿਹੀ ਰਾਜਨੀਤਿਕ ਪਾਰਟੀ ਮੁਕੰਮਲ ਤੌਰ ਤੇ ਆਪਣੇ ਅਧੀਨ ਕਰ ਚੁੱਕੀ ਹੈ ਤਾਂ ਜੋ ਇਸ ਸੰਸਥਾ ਨਾਲ ਜੁੜੇ ਹਰ ਫੈਸਲੇ ਨੂੰ ਆਪਣੇ ਰਾਜਨੀਤਿਕ ਮੁਫਾਦਾਂ ਲਈ ਵਰਤਿਆ ਜਾ ਸਕੇ ਤੇ ਇਸ ਸੰਸਥਾ ਰਾਹੀ ਆਪਣੇ ਰਾਜ-ਭਾਗ ਨੂੰ ਮੁਕੰਮਲ ਰੂਪ ਵਿੱਚ ਚਲਦਾ ਰੱਖਿਆ ਜਾ ਸਕੇ। ਜਿਸ ਸ਼੍ਰੋਮਣੀ ਕਮੇਟੀ ਸੰਸਥਾ ਨੇ ਸਿੱਖ ਸਿਧਾਂਤਾ ਦੀ ਰਾਖੀ ਤੇ ਸੇਵਾ ਸੰਭਾਲ ਕਰਨੀ ਸੀ ਉਹ ਅੱਜ ਇੰਨੀ ਨਿੱਘਰ ਚੁੱਕੀ ਹੈ ਕਿ ਛੇਵੀਂ ਪਾਤਸ਼ਾਹੀ ਵੱਲੋਂ ਆਪਣੇ ਹੱਥੀ ਸਾਜੇ ਅਕਾਲ ਤਖਤ ਸਾਹਿਬ ਵਰਗੀ ਸੰਸਥਾ ਵੀ ਸ਼੍ਰੋਮਣੀ ਕਮੇਟੀ ਵਿੱਚ ਆਏ ਬਦਲਾਅ ਕਾਰਨ ਗ੍ਰਹਿਣੀ ਗਈ ਹੈ। ਅੱਜ ਇਸ ਨਵੇਂ ਸਾਲ ਦੀ ਆਮਦ ਤੇ ਸਿੱਖ ਕੌਮ ਨੂੰ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਸਿੱਖ ਕੌਮ ਦੀ ਵੱਖਰੀ ਪਛਾਣ ਤੇ ਸਤਿਕਾਰ ਬਹਾਲੀ ਲਈ ਸ਼੍ਰੋਮਣੀ ਕਮੇਟੀ ਨੂੰ ਸੁਮੱਤ ਬਖਸ਼ੇ ਤੇ ਇਸ ਵਿੱਚ ਬਦਲਾਅ ਆਇਦ ਹੋਣਾ ਚਾਹੀਦਾ ਹੈ ਤਾਂ ਜੋ ਸਿੱਖ ਕੌਮ ਦੀ ਦਸਤਾਰ ਸਿੱਖਾਂ ਦੇ ਹੱਥੋਂ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਨਾ ਉੱਛਲੇ।