੭ ਅਕਤੂਬਰ ੨੦੧੮ ਨੂੰ ਪੰਜਾਬ ਵਿੱਚ ਤਿੰਨ ਸਥਾਨਾਂ ਤੇ ਪ੍ਰਮੁੱਖ ਰਾਜਸੀ ਇੱਕਠ ਕੀਤਾ ਗਿਆ। ਜਿਸ ਰਾਹੀਂ ਇਹ ਪ੍ਰਭਾਵ ਦਿਖਾਈ ਦਿੱਤਾ ਕਿ ਹੁਣ ਪੰਜਾਬ ਦਾ ਰਾਜ ਪ੍ਰਬੰਧ ਸਿਆਸੀ ਰੈਲੀਆਂ ਦੇ ਘੇਰੇ ਵਿੱਚ ਹੀ ਸਿਮਟ ਕਿ ਰਹਿ ਗਿਆ ਹੈ। ਇਸਤੋਂ ਕੁਝ ਸਮਾਂ ਪਹਿਲਾਂ ਵੀ ਦੋ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਸਨ। ੭ ਅਕਤੂਬਰ ਦੀਆਂ ਤਿੰਨ ਰੈਲੀਆਂ ਵਿੱਚ ਇੱਕ ਰੈਲੀ ਸੱਤਾਧਾਰੀ ਪਾਰਟੀ ਕਾਂਗਰਸ ਵੱਲੋਂ ਬਾਦਲਾਂ ਦੇ ਗੜ੍ਹ ਜਾਣੇ ਜਾਂਦੇ ਲੰਬੀ ਹਲਕੇ ਵਿੱਚ ਆਯੋਜਤ ਕੀਤੀ ਗਈ। ਇਸੇ ਤਰਾਂ ਲੋਕਾਂ ਵਿੱਚ ਆਪਣੀ ਸ਼ਾਖ ਨੂੰ ਬਹਾਲ ਰੱਖਣ ਲਈ ਪਟਿਆਲਾ ਵਿੱਚ ਦੂਜੀ ਰੈਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਯੋਜਤ ਕੀਤੀ ਗਈ। ਤੀਜੀ ਰੈਲੀ ਕੋਟਕਪੂਰਾ ਤੋਂ ਬਰਗਾੜੀ ਦੇ ਮੋਰਚੇ ਤੱਕ ਸ਼ੁਰੂ ਹੋਈ ਤੇ ਬਰਗਾੜੀ ਦੇ ਮੋਰਚੇ ਦੇ ਰੂਪ ਵਿੱਚ ਵੱਡੀ ਰੈਲੀ ਵਜੋਂ ਸਾਹਮਣੇ ਆਈ। ਇਹ ਸਾਰਾ ਰੈਲੀਆਂ ਦਾ ਘਟਨਾਕ੍ਰਮ ਬਰਗਾੜੀ ਵਿਖੇ ਇੱਕ ਜੂਨ ਤੋਂ ਚੱਲ ਰਹੇ ਰੋਸ ਮੋਰਚੇ ਦੇ ਰੂਪ ਵਿੱਚ ਸਾਹਮਣੇ ਆਇਆ। ਬਰਗਾੜੀ ਮੋਰਚਾ ਜੋ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਚੱਲ ਰਿਹਾ ਹੈ ਤੇ ਜਿਨਾਂ ਨੂੰ ਸਿੱਖਾਂ ਦੀ ਇੱਕ ਧਿਰ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ – ਕਾਰਜਕਾਰੀ ਰਹਿਨੁਮਾਈ ਸੌਂਪੀ ਹੋਈ ਹੈ। ਇਹ ਮੋਰਚਾ ਤਿੰਨ ਸਾਲ ਪਹਿਲਾਂ ਪੰਜਾਬ ਵਿੱਚ ਬਰਗਾੜੀ ਵਿਖੇ ਗੁਰੂ ਸਾਹਿਬ ਦੀਆਂ ਬੇਦਅਦਬੀ ਦੀਆਂ ਘਟਨਾਵਾਂ ਨਾਲ ਜੁੜਿਆ ਹੋਇਆ ਹੈ। ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਹੋਈਆਂ ਬੇਦਅਦਬੀ ਦੀਆਂ ਘਟਨਾਵਾਂ ਨਾਲ ਵੀ ਇਸ ਰੋਸ ਮੋਰਚੇ ਦਾ ਸਬੰਧ ਹੈ। ਤਿੰਨ ਸਾਲਾਂ ਬਾਅਦ ਵੀ ਸਿੱਖ ਕੌਮ ਨੂੰ ਕੋਈ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ ਹੈ। ਪਹਿਲਾਂ ਰਹਿ ਚੁੱਕੀ ਅਕਾਲੀ ਸਰਕਾਰ ਸਮੇਂ ਸਿੱਖ ਕੌਮ ਅੰਦਰ ਇੰਨਾ ਰੋਸ ਸੀ ਕਿ ਸਿੱਖ ਅਵਾਮ ਨੇ ੨੦੧੭ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਅਰਸ ਤੋਂ ਫਸਸ਼ ਤੇ ਲੈ ਆਂਦਾ ਤੇ ਇਸ ਅਕਾਲੀ ਸਰਕਾਰ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇੰਨਾ ਘਟਾਨਾਵਾਂ ਪ੍ਰਤੀ ਬੇਰੁੱਖੀ ਅਪਣਾਈ ਜਿਸ ਕਾਰਨ ਸਿੱਖ ਕੌਮ ਦਾ ਡੂੰਘਾ ਰੋਸ ਚੋਣ ਨਤੀਜਿਆਂ ਰਾਹੀਂ ਸਾਹਮਣੇ ਆਇਆ। ਭਾਵੇਂ ਆਪਣੇ ਵਾਅਦੇ ਮੁਤਾਬਕ ਮੌਜੂਦਾ ਸੱਤਾਧਾਰੀ ਕਾਂਗਰਸ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਿੱਖ ਕੌਮ ਨੂੰ ਇਨਸਾਫ ਦੇਣ ਲਈ ਜਸਟਿਸ ਰਣਜੀਤ ਸਿੰਘ ਨੂੰ ਜਾਂਚ ਸੌਂਪੀ। ਜਿਸਦੀ ਰਿਪੋਰਟ ਵੀ ਬਰਗਾੜੀ ਮੋਰਚੇ ਦੌਰਾਨ ਹੀ ਪੰਜਾਬ ਸਰਕਾਰ ਵੱਲੋਂ ਜਨਤਕ ਕੀਤੀ ਗਈ ਜਿਸ ਰਾਹੀਂ ਇਹ ਪ੍ਰਭਾਵ ਦਿੱਤੇ ਗਏ ਕਿ ਇਹਨਾਂ ਸਾਰੇ ਘਟਨਾਕ੍ਰਮਾਂ ਲਈ ਬਾਦਲ ਪਰਿਵਾਰ ਹੀ ਮੁੱਖ ਰੂਪ ਵਿੱਚ ਦੋਸ਼ੀ ਹੈ। ਪਰ ਉਸ ਸੰਦਰਭ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਸ਼ਾਖ ਜੋ ਇਸ ਕਮਿਸ਼ਨ ਦੀ ਰਿਪੋਰਟ ਨਾਲ ਕਾਫੀ ਖਰਾਬ ਹੋ ਗਈ, ਉਸਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਰੈਲੀਆਂ ਵੱਲ ਰੁੱਖ ਅਪਣਾਇਆ। ਇਸ ਸੰਦਰਭ ਵਿੱਚ ਹੀ ਸੱਤਾਧਾਰੀ ਕਾਂਗਰਸ ਪਾਰਟੀ ਨੇ ਵੀ ਆਪਣੀ ਵਡਿਆਈ ਲਈ ਲੰਬੀ ਵਿਖੇ ਰੈਲੀ ਦਾ ਰਾਹ ਚੁਣਿਆ। ਇਸੇ ਤਰਾਂ ਆਮ ਆਦਮੀ ਪਾਰਟੀ ਦੇ ਬਾਗੀ ਖਹਿਰਾ ਧੜੇ ਨੇ ਸਿੱਖ ਕੌਮ ਦੀ ਨਬਜ਼ ਪਛਾਣਦਿਆਂ ਹੋਇਆਂ ਬਰਗਾੜੀ ਮੋਰਚੇ ਦੇ ਮੁੱਦੇ ਨੂੰ ਵਿਸ਼ਾ ਬਣਾ ਕੇ ੭ ਤਾਰੀਕ ਨੂੰ ਬਰਗਾੜੀ ਵਿਖੇ ਰੈਲੀ ਕਰਨ ਦਾ ਰੁੱਖ ਅਖਤਿਆਰ ਕੀਤਾ ਜਿਸ ਵਿੱਚ ਆਪ ਪਾਰਟੀ ਦਾ ਦੂਜਾ ਧੜਾ ਵੀ ਸ਼ਾਮਿਲ ਹੋਇਆ। ਇਸ ੭ ਅਕਤੂਬਰ ਦੀ ਰੈਲੀ ਰਾਹੀਂ ਜੋ ਤਸਵੀਰ ਮੁੱਖ ਰੂਪ ਵਿੱਚ ਸਾਹਮਣੇ ਆਈ ਹੈ ਉਹ ਇਹ ਸੀ ਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸ਼ਾਖ ਨੂੰ ਬਚਾਉਣ ਲਈ ਲੋਕ ਤਾਂ ਇੱਕਤਰ ਕਰ ਲਏ ਤੇ ਸੱਤਾਧਾਰੀ ਪਾਰਟੀ ਕਾਂਗਰਸ ਨੇ ਵੀ ਵੱਡਾ ਜਨਤਕ ਇੱਕਠ ਕਰ ਲਿਆ ਪਰ ਸਿੱਖ ਕੌਮ ਦਾ ਆਪ ਮੁਹਾਰਾ ਕਾਫਲਾ ਜੋ ਜਨਤਕ ਹੜ ਬਣਿਆ ਰੋਸ ਦੇ ਰੂਪ ਵਿੱਚ ਧਾਰਮਿਕ ਆਸਥਾ ਦੇ ਰੂਪ ਵਜੋਂ ਬਰਗਾੜੀ ਵਿਖੇ ਪਹੁੰਚਿਆ। ਇਸ ਜਨ ਸਧਾਰਨ ਦੇ ਇੰਨੇ ਵੱਡੇ ਇੱਕਠ ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਆਪਣੇ ਗੁਰੂ ਨਾਲ ਜੁੜੇ ਹੋਏ ਹਨ ਤੇ ਇਨਸਾਫ ਲਈ ਅੱਜ ਵੀ ਉਮੀਦ ਰੱਖਦੇ ਹਨ। ਉਹਨਾਂ ਦੀਆਂ ਭਾਵਨਾਵਾਂ ਨਿਰੋਲ ਧਾਰਮਿਕ ਅਤੇ ਕਿਸੇ ਤਰਾਂ ਦੇ ਵੀ ਲਾਲਚ ਤੋਂ ਨਿਰਲੇਪ ਸਨ। ਆਪ ਮੁਹਾਰੇ ਲੋਕਾਂ ਦੇ ਇੱਕਠ ਦੀ ਅਗਵਾਈ ਕਰ ਰਹੇ ਆਗੂ ਇਸ ਇੱਕਠ ਦੀਆਂ ਭਾਵਨਾਵਾਂ ਦੀ ਸ਼ਬਦੀ ਪੈਰਵਾਈ ਨੂੰ ਕਿਸੇ ਵੀ ਰੂਪ ਵਿੱਚ ਪੇਸ਼ ਕਰ ਸਕਦੇ ਹਨ ਪਰ ਅੱਜ ਦਾ ਹਰ ਸਧਾਰਨ ਸਿੱਖ ਬਿਨਾਂ ਕਿਸੇ ਲਾਲਚ ਤੋਂ ਸਿਰਫ ਆਪਣੇ ਗੁਰੂ ਦੀ ਹੋਈ ਬੇਅਦਬੀ ਦਾ ਇਨਸਾਫ ਲੈਣ ਲਈ ਰੋਸ ਵਜੋਂ ਉਸ ਰੈਲੀ ਵਿੱਚ ਸ਼ਾਮਿਲ ਹੋਇਆ ਸੀ ਜੋ ਕਿਸੇ ਤਰਾਂ ਦੇ ਵੀ ਨਿਜੀ ਸਵਾਰਥ ਤੋਂ ਨਿਰਲੇਪ ਸੀ। ੭ ਅਕਤੂਬਰ ਦੀਆਂ ਹੋਈਆਂ ਰੈਲੀਆਂ ਤੋਂ ਬਾਅਦ ਬਰਗਾੜੀ ਰੋਸ ਮੋਰਚੇ ਦੀ ਰੈਲੀ ਅੱਜ ਦੀ ਸੋਚ ਨੂੰ ਸਾਹਮਣੇ ਲਿਆਉਂਦੀ ਹੈ ਤੇ ਉਸਦੀ ਪ੍ਰੋੜਤਾਂ ਸੰਤ ਰਾਮ ਉਦਾਸੀ ਦੀਆਂ ਪੰਕਤੀਆਂ ਇੰਜ ਪੇਸ਼ ਕਰਦੀਆਂ ਹਨ ਕਿ “ਹਨੂਮਾਨ ਲਲਕਾਰੇ ਕਿਹੜੇ ਰਾਵਣ ਨੂੰ ਰਾਵਣ ਦੇ ਤਾਂ ਸਾਹਵੇਂ ਰਾਮ ਖਲੋਇਆ ਹੈ”।
ਦੂਜੇ ਪਾਸੇ ਇਹ ਵੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਸ਼ਾਖ ਨੂੰ ਬਹਾਲ ਕਰਨ ਵਿੱਚ ਪੂਰੀ ਤਰਾਂ ਨਾਕਾਮ ਜਾਪ ਰਿਹਾ ਹੈ ਤੇ ਸੱਤਾਧਾਰੀ ਪਾਰਟੀ ਕਾਂਗਰਸ ਵੀ ਇਹ ਖਿਆਲ ਨਾ ਕਰੇ ਕਿ ਇਸ ਸੰਵੇਦਨਸ਼ੀਲ ਮੁੱਦੇ ਨੂੰ ਬਲਦਾ ਰੱਖ ਕਿ ਆਪਣੇ ਰਾਜਨੀਤਿਕ ਮਨਸੂਬੇ ਨੂੰ ਸਰ ਕਰ ਸਕਦੀ ਹੈ। ਪਰ ਬਰਗਾੜੀ ਮੋਰਚੇ ਦੇ ਆਗੂਆਂ ਨੂੰ ਵੀ ਸੋਚਣਾ ਪਵੇਗਾ ਕਿ ਸਿੱਖ ਕੌਮ ਦੀ ਆਸਥਾ ਨੂੰ ਕਿਵੇਂ ਨਰੋਈ ਸੋਚ ਰਾਹੀਂ ਅਗਵਾਈ ਦੇਣੀ ਹੈ।