ਸਿੱਖ ਨੌਜਵਾਨਾਂ ਦੀ ਕਿਸੇ ਸਮੇਂ ਅਸਰਦਾਰ ਸੰਸਥਾ ਵਜੋਂ ਜਾਣੀ ਜਾਂਦੀ ਸਿੱਖ ਸਟੂਡੈਟਸ ਫੈਡਰੇਸ਼ਨ ਅੱਜ ਤਕਰੀਬਨ ੬੭ ਸਾਲਾਂ ਦੀ ਹੋਂਦ ਤੋਂ ਬਾਅਦ ਵੱਖ ਵੱਖ ਧੜਿਆਂ’ਚ ਵੰਡੀ ਹੋਣ ਕਰਕੇ ਇਕ ਕਾਗਜ਼ਾ ਚ ਹੀ ਸੰਸਥਾ ਰਹਿ ਗਈ ਹੈ। ਖਾਲਸਾ ਕਲੱਬਾਂ ਚੋਂ ਬਣੀ ਸਿੱਖ ਸਟੂਡੈਂਟਸ ਫੈਡਰੇਸ਼ਨ ੧੯੪੪ ਵਿੱਚ ਹੋਂਦ ‘ਚ ਆਈ ਅਤੇ ਖਾਲਸਾ ਕਲੱਬ ਦੇ ਬਾਨੀ ਭਾਈ ਹਰਨਾਮ ਸਿੰਘ ਦੀ ਸੋਚ ਨੂੰ ਆਪਣਾ ਨਿਸ਼ਾਨਾ ਰੱਖ ਇੱਕ ਸਿੱਖ ਹਰਿਆਵਲਾ ਦਸਤਾ ਬਣ ਸਿੱਖ ਨੌਜਵਾਨਾਂ ਲਈ ਸੱਜ਼ਰੀ ਸਵੇਰ ਦਾ ਅਰਥ ਆਪਣਾ ਸਿਧਾਂਤ ਰੱਖਕੇ ਹੌਂਦ ਵਿਚ ਆਈ ਸੀ। ਇਸ ਦਾ ਪਹਿਲਾ ਇਜਲਾਸ ਇੱਕ ਅਣਵੰਡੇ ਪੰਜਾਬ ਵੇਲੇ ਪੱਛਮੀ ਪੰਜਾਬ ਵਿਚ ੧੯੪੫ ਨੂੰ ਸ.ਸਰੂਪ ਸਿੰਘ ਦੀ ਅਗਵਾਈ ਵਿੱਚ ਹੋਇਆ ਸੀ ਅਤੇ ਮਕਸਦ ਸੀ ਕਿ ਸਿੱਖ ਨੌਜਵਾਨ ਨੂੰ ਇਕੱਠੇ ਲਾਮਬੰਦ ਕਰਕੇ ਸਿੱਖ ਕੌਮ ਦੇ ਹੱਕਾਂ ਅਤੇ ਹਿੱਤਾਂ ਦੀ ਹਮਾਇਤ ਕਰਨਾ ਸੀ ਅਤੇ ਪੂਰੀ ਤਰਾਂ ਅੰਦਰੂਨੀ ਜਮਹੂਰੀਅਤ ਅਧੀਨ ਸੰਸਥਾ ਨੂੰ ਚਲਾਉਣਾ ਸੀ ਤਾਂ ਜੋ ਸਿੱਖ ਨੌਜਵਾਨਾਂ ਵਿਚ ਆਪਣੇ ਕੌਮੀਅਤ ਬਾਰੇ ਪੂਰਨ ਸਮਝ, ਹੋਸ਼ ਅਤੇ ਜਜ਼ਬੇ ਨੂੰ ਸੰਭਾਲ, ਸੇਵਾ ਭਾਵਨਾਵਾਂ ਹੇਠ ਆਉਣ ਵਾਲੇ ਕਿਸੇ ਵੀ ਸਿੱਖ ਸੰਘਰਸ਼ ਅਤੇ ਵਿਸ਼ੇ ਬਾਰੇ ਚੇਤਨਤਤਾ ਰਖ ਸਜਰੀ ਸਵੇਰ ਨੂੰ ਉਸ ਸਮੇਂ ਸਜ਼ਰਾ ਰਖਣਾ, ਜਦੋਂ ਸਿੱਖ ਸੰਘਰਸ ਦੋ ਵੱਡੀਆਂ ਜਮਾਤਾਂ ਦੇ ਅੱਡ ਅੱਡ ਘੋਲ ਵਿਚ ਜਕੜੀ ਹੋਈ ਸੀ। ਇਸ ਅਧੀਨ ਹੀ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਇਸ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਮਾਣਮੱਤਾ ਹਿੱਸਾ ਪਾਇਆ ਅਤੇ ਧਰਮ ਤੋਂ ਉੱਪਰ ਉੱਠ ਆਪਣੀ ਨੈਤਿਕ ਅਤੇ ਸਮਾਜਿਕ ਜਿੰਮੇਵਾਰੀ ਨਿਭਾਈ ਅਤੇ ਕੈਪਾਂ ਵਿਚ ਬੈਠੇ ਸਰਨਾਰਥੀਆਂ ਦੀ ਜਿੰਮੇਵਾਰੀ ਸਾਂਭੀ। ਆਪਣੇ ਕੌਮ ਦੇ ਹੱਕਾਂ ਲਈ ਇਸ ਨੌਜਵਾਨ ਸੰਸਥਾ ਨੇ ਹਮੇਸ਼ਾ ਹਰ ਸਿੱਖ ਅਤੇ ਪੰਜਾਬ ਦੇ ਸੰਘਰਸ਼ ਵਿਚ ਵੱਡਮੁੱਲਾ ਯੋਗਦਾਨ ਪਾਇਆ ਅਤੇ ਆਪਣੀ ਇਕ ਆਜ਼ਾਦ ਹਸਤੀ ਨੂੰ ਬਰਕਰਾਰ ਰਖਿਆ ਜਿਹੜੀ ਹੁਣ ਹਰ ਤਰ੍ਹਾਂ ਨਾਲ ੬੭ ਸਾਲ ਬਾਅਦ ਤਕਰੀਬਿਨ ਖਤਮ ਹੋ ਚੁਕੀ ਹੈ। ਹਾਂ ਕਾਗਜ਼ੀ ਤੌਰ ਤੇ ਹੁਣ ਇਕ ਸਿਖ ਸਟੂਡੈਂਟਸ਼ ਫੈਡਰੇਸ਼ਨ ਦੀ ਥਾਂ ਅਨੇਕਾ ਫੈਡਰੈਸ਼ਨ ਵੱਖ ਵੱਖ ਆਗੂਆਂ ਦੀ ਰਹਿਨੁਮਾਈ ਹੇਠ ਹੈ ਤਾਂ ਜਰੂਰ ਪਰ ਨਾਂ ਤਾਂ ਹੁਣ ਉਹ ਆਜ਼ਾਦ ਹਸਤੀ ਰੱਖ ਸਕੀ ਅਤੇ ਨਾਂ ਹੀ ਇਸ ਨੂੰ ਮਾਣ ਨਾਲ ਇਕ ਸੱਜਰੀ ਸਵੇਰ ਦਾ ਕਾਫਲਾ ਆਖਿਆ ਜਾ ਸਕਦਾ ਹੈ। ਇੱਥੋਂ ਤੱਕ ਕਿ ਇਕ ਗੁਰਪ ਜਾਂ ਧੜਾ ਜਿਸਦੀ ਅਗਵਾਈ ਹੁਣ ਤੱਕ ਸਿੱਖ ਨੌਜਵਾਨ ਪਰਮਜੀਤ ਸਿੰਘ ਗਾਜ਼ੀ ਕਰ ਰਿਹਾ ਸੀ ਨੂੰ ਛੱਡ ਕੇ ਹੋਰ ਧੜੀਆਂ ਦੇ ਆਗੂ ਨੌਜਵਾਨੀ ਦੀ ਹੱਦ ਟੱਪ ਚੁਕੇ ਹਨ ਅਤੇ ਨਿੱਜੀ ਸਿਆਸੀ ਦੌੜ ਵਿੱਚ ਪੁਰਾਣੀਆਂ ਸਿੱਖ ਨੌਜਵਾਨਾਂ ਦੀ ਸਿਖ ਸੰਘਰਸ਼ ਵਿਚ ਕੀਤੀਆਂ ਕੁਰਬਾਨੀਆਂ ਦਾ ਮੁਲ ਪਾਉਣ ਵਿਚ ਲਗੇ ਹੋਏ ਹਨ ਭਾਵੇਂ ਆਦਰਸ਼ ਅੱਜ ਵੀ ਸਿਖ ਕੌਮ ਦੇ ਹੱਕਾਂ ਅਤੇ ਹਿਤਾਂ ਨੂੰ ਕਾਗਜ਼ੀ ਤੌਰ ਤੇ ਮੰਨਦੇ ਹਨ ਪਰ ਅਸਲ ਵਿੱਚ ਕੌਹਾਂ ਮੀਲ ਦੂਰ ਹਨ।
ਸਿਖ ਸਟੂਡੈਂਟਸ ਫੈਡਰੇਸ਼ਨ ਨੇ ਆਪਣੀ ਹੌਂਦ ਤੋਂ ਬਾਅਦ ਦਸ-ਪੰਦਰਾਂ ਸਾਲ ਕਾਫੀ ਚੰਗੇ ਉਪਰਾਲੇ ਕੀਤੇ। ਇਥੋਂ ਤੱਕ ਕਿ ਪ੍ਰਧਾਨ ਦੀ ਚੋਣ ਵੀ ਬਕਾਇਦਾ ਵੋਟ ਰਾਹੀਂ ਕੀਤੀ ਜਾਂਦੀ ਸੀ ਅਤੇ ਇਕ ਸਮੇਂ ਤਾਂ ੧੯੫੪ ਵਿੱਚ ਇਕ ਹਿੰਦੂ ਜੋ ਕਿ ਸਿਖ ਧਰਮ ਪ੍ਰਤੀ ਪੂਰਨ ਸ਼ਰਧਾ ਅਤੇ ਸਤਿਕਾਰ ਰੱਖਦਾ ਸੀ ਹਰਬੰਸ ਲਾਲ ਨੂੰ ਪ੍ਰਧਾਨ ਦੀ ਜਿੰਮੇਵਾਰੀ ਦਿੱਤੀ ਸੀ ਅਤੇ ਹਰ ਸਾਲ ਕੌਮੀ ਮਸਲੇ ਅਤੇ ਨੌਜਵਾਨਾਂ ਨੂੰ ਆਦਰਸ਼ ਜੀਵਨ ਪ੍ਰਤੀ ਸੋਚ ਅਤੇ ਸਮਾਜਿਕ ਜਿੰਮਵਾਰੀ ਪ੍ਰਤੀ ਸਮਝ ਨੂੰ ਉਜਾਗਰ ਕਰਨ ਲਈ ਸਮੇਂ ਸਮੇਂ ਸਿਰ ਉਪਰਾਲਾ ਕੀਤਾ ਜਾਂਦਾ ਰਿਹਾ ਅਤੇ ਇਸੇ ਰਾਹੀਂ ਕਿੰਨੇ ਹੀ ਸਿਖ ਕੌਮ ਦੀ ਅਗਵਾਈ ਲਈ ਚੰਗੇ ਸੂਝਵਾਨ ਆਗੂ ਅੱਗੇ ਲਿਆਉਣ ਵਿਚ ਯੋਗਦਾਨ ਪਾਇਆ। ਪਰ ਸਮੇਂ ਨਾਲ ੧੯੫੯ ਤੋਂ ਬਾਅਦ ਆਪਸੀ ਸੋਚ ਅਤੇ ਹਸਤੀ ਦੇ ਵਖਰੇਵੇਂ ਸਦਕਾ ਸਿੱਖ ਸਟੂਡੈਂਟਸ ਫੈਡਰੇਸ਼ਨ ਆਪਣੀ ਹੌਂਦ ਅਤੇ ਹਸਤੀ ਤੋਂ ਖਿਸਕਦੀ ਗਈ। ਇਸਦਾ ਸਿੱਖ ਨੌਜਵਾਨਾਂ ਵਿੱਚ ਮਾਣ ਸਤਿਕਾਰ ਤਾਂ ਜਰੂਰ ਰਿਹਾ, ਇਸੇ ਕਰਕੇ ਜਦੋਂ ਮੌਜੂਦਾ ਸਮੇਂ ਵਿਚ ੧੯੭੮ ਵਿੱਚ ਕੌਮੀ ਦੁਖਾਂਤ ਦੀ ਸ਼ੂਰਆਤ ਹੋਈ ਤਾਂ ਸਿਖ ਨੌਜਵਾਨਾਂ ਨੇ ਦੁਬਾਰਾ ਵਿਚਾਰ ਵਟਾਂਦਰੇ ਮਗਰੋਂ ਚੰਡੀਗੜ ਵਿੱਚ ਇੱਕਠ ਕਰਕੇ ਅਗਵਾਈ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੂੰ ਦਿੱਤੀ ਅਤੇ ਭਾਈ ਸਾਹਿਬ ਜੋ ਕਿ ਉਸ ਸਮੇਂ ਵਿਦਿਆਰਥੀ ਸਨ ਨੇ ਇਹ ਜਿੰਮੇਵਾਰੀ ਆਪਣੀ ਸ਼ਹੀਦੀ ਨਾਲ ਮਾਣ ਨਾਲ ਨਿਭਾਈ। ਭਾਈ ਅਮਰੀਕ ਸਿੰਘ ਦੀ ਅਗਵਾਈ ਵਿਚ ਸਿੱਖ ਸਟੂਡੈਂਟਸ ਫੈਡਰੇਂਸਨ ਨੇ ਸਿੱਖ ਨੌਜਵਾਨਾਂ ਵਿਚ ਦੁਬਾਰਾ ਕੌਮ ਅਤੇ ਧਰਮ ਪ੍ਰਤੀ ਨਵੀਂ ਜਾਗਰਤਾ ਲਿਆਂਦੀ ਅਤੇ ਵੱਖ ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਆਪਣੇ ਯੂਨਿਟ ਬਣਾਏ ਅਤੇ ਇਕ ਪ੍ਰਭਾਵਸ਼ਾਲੀ ਸੰਸਥਾ ਵਜੋਂ ਆਪਣੀ ਆਜ਼ਾਦ ਹੋਂਦ ਕਾਇਮ ਕੀਤੀ। ਭਾਈ ਅਮਰੀਕ ਸਿੰਘ ਅਤੇ ਉਹਨਾਂ ਨੂੰ ਸਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਦੇ ਸਹਿਯੋਗ ਸਦਕਾ ਉਸ ਸਮੇਂ ਦੇ ਚਲ ਰਹੇ ਸਿੱਖ ਸੰਘਰਸ਼ ਵਿਚ ਵੱਡਮੁਲਾ ਯੋਗਦਾਨ ਪਾਇਆ। ਇਸੇ ਅਧੀਨ ਹੀ ਭਾਰਤ ਸਰਕਾਰ ਵਲੋਂ ਸਿੱਖ ਸਟੂਡੈਂਟਸ ਫੈਡਰੈਂਸਨ ਨੂੰ ਕਾਫੀ ਸਮੇਂ ਤੱਕ ਬੈਨ ਕਰ ਦਿਤਾ ਸੀ। ਜੂਨ ੧੯੮੪ ਦੇ ਆਰਮੀ ਹਮਲੇ ਦੌਰਾਨ ਭਾਈ ਅਮਰੀਕ ਸਿੰਘ, ਸੰਤਾਂ ਦੇ ਨਾਲ ਸ਼ਹੀਦ ਹੋਏ ਪਰ ਉਹਨਾਂ ਦੀ ਕੁਰਬਾਨੀ ਦੇ ਸਦਕਾ ਸਿੱਖ ਨੌਜਵਾਨਾਂ ਨੇ ਸਿੱਖ ਸਟੂਡੈਂਟਸ ਫੈਡਰੈਸ਼ਨ ਦੀ ਰਹਿਨੁਮਾਈ ਅਧੀਨ ਕੌਮੀ ਸੰਘਰਸ਼ ਵਿੱਚ ਵੱਡਮੁਲਾ ਯੋਗਦਾਨ ਪਾਇਆ।
ਸਿੱਖ ਕੌਮ ਦੇ ੧੯੮੦ ਤੋਂ ਚੱਲੇ ਸੰਘਰਸ਼ ਦੌਰਾਨ ਹਜ਼ਾਰਾ ਸਿੱਖ ਨੌਜਵਾਨਾਂ ਨੇ ਕੁਰਬਾਨੀਆਂ ਕੀਤੀਆਂ ਅਤੇ ਅੱਜ ਵੀ ਸਿੱਖ ਸਟੂਡੈਂਟਸ ਫੈਡਰੈਸ਼ਨ ਦੇ ਸੰਘਰਸ ਦੌਰਾਨ ਪ੍ਰਧਾਨ ਰਹੇ ਭਾਈ ਦਲਜੀਤ ਸਿੰਘ ਪੰਜਾਬ ਸਰਕਾਰ ਵਲੋਂ ਜਿਹਲ ਵਿਚ ਬੰਦ ਹਨ। ੧੯੮੪ ਦੇ ਸਾਕੇ ਤੋਂ ਬਾਅਦ ਸਿੱਖ ਨੌਜਵਾਨਾਂ ਨੇ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਨੂੰ ਅੱਗੇ ਤੋਰਦਿਆਂ ਭਾਈ ਗੁਰਜੀਤ ਸਿੰਘ (ਸ਼ਹੀਦ) ਨੂੰ ਸੇਵਾ ਸੰਭਾਲੀ ਅਤੇ ਇਹਨਾਂ ਤੋਂ ਬਾਅਦ ਲੰਮਾ ਸਮਾਂ ਸੇਵਾ ਭਾਈ ਦਲਜੀਤ ਸਿੰਘ ਨੇ ਕੀਤੀ ਅਤੇ ਉਹਨਾਂ ਲੰਮੀ ਕੈਦ ਵੀ ਕੱਟੀ ਅਤੇ ਅੱਜ ਵੀ ਕੌਮੀ ਵਚਣਬੰਧਤਤਾ ਕਰਕੇ ਕੈਦ ਹਨ। ਪਰ ਵਕਤ ਨਾਲ ੧੯੯੨ ਤੋਂ ਬਾਅਦ ਸੰਘਰਸ਼ ਦੇ ਬਿਖਰ ਜਾਣ ਕਰਕੇ ਸਿੱਖ ਸਟੂਡੈਟਸ ਫੈਡਰੈਂਸਨ ਨੂੰ ਵੀ ਪੂਰੀ ਤਰਾਂ ਸ੍ਰੋਮਣੀ ਅਕਾਲੀ ਦਲ ਨੇ ਆਪਣੇ ਅਧੀਨ ਕਰ ਲਿਆ ਅਤੇ ਇਸਦੀ ਆਜ਼ਾਦ ਹਸ਼ਤੀ ਅਤੇ ਪਛਾਣ ਨੂੰ ਲੱਗ-ਭੱਗ ਖਤਮ ਕਰ ਦਿੱਤਾ ਹਾਂ ਇਸ ਦੀਆਂ ਕੁਰਬਾਨੀਆਂ ਨੂੰ ਜਰੂਰ ਆਪਣੇ ਲੇਖੇ ਲਾ ਰਾਜ ਸਤਾ ਸਾਂਭ ਲਈ। ਇਸੇ ਕਰਕੇ ਜਦੋਂ ੧੩ ਸੰਤਬਰ ਨੂੰ ਸਿੱਖ ਸਟੂਡੈਂਟਸ਼ ਫੈਡਰੈਸ਼ਨ ਦਾ ਸਥਾਪਨਾ ਦਿਵਸ ਆਉਂਦਾ ਹੈ ਤਾਂ ਇਸਦੇ ਮਾਣਮੱਤੇ ਇਤਿਹਾਸ ਦਾ ਜ਼ਿਕਰ ਕਰਨਾ ਜਰੂਰ ਬਣਦਾ ਹੈ ਤਾਂ ਜੋ ਅੱਜ ਜੋ ਸਿੱਖ ਨੌਜਵਾਨ ਜੋ ਸਿੱਖੀ ਵਿਰਸੇ ਅਤੇ ਗਿਆਨ ਤੋਂ ਲੱਗ-ਭੱਗ ਕੋਹਾਂ ਦੂਰ ਹੋ ਚੁੱਕਿਆ ਹੈ ਉਸਨੂੰ ਸਿੱਖ ਸਟੂਡੈਂਟਸ ਫੈਡਰੈਂਸਨ ਨਾਲ ਕਿਵੇਂ ਦੁਬਾਰਾ ਜੋੜਿਆ ਜਾਵੇ। ਵੱਖ ਵੱਖ ਧੜਿਆਂ ਵਿੱਚ ਵੰਡੀ ਇਸ ਜਥੇਬੰਦੀ ਨੂੰ ਦੁਬਾਰਾ ਇਕ ਲੜੀ ਵਿੱਚ ਲਿਆਉਣ ਲਈ ਸੂਝਵਾਨ ਸਿੱਖਾਂ ਨੂੰ ਜਰੂਰ ੧੯੭੮ ਵਾਂਗ ਉਪਰਾਲਾ ਕਰਨਾ ਚਾਹੀਦਾ ਹੈ ਅਤੇ ਆਲਮੀ ਪੱਧਰ ਤੇ ਸਿਖ ਨੌਜਵਾਨਾਂ ਨੂੰ ਸਿੱਖ ਸਟੂਡੈਂਟਸ ਫੈਡਰੈਸਨ ਦੀ ਅਗਵਾਈ ਹੇਠਾਂ ਲਿਆਉਣ ਦੀ ਜਰੂਰਤ ਹੈ ਤਾਂ ਜੋ ਸਿਖ ਪੰਥ ਜੋ ਪਰਿਵਾਰਾਂ ਦੀ ਜਾਗੀਰ ਬਣ ਗਿਆ ਨੂੰ ਆਜ਼ਾਦ ਹਸ਼ਤੀ ਦਾ ਅਹਿਸਾਸ ਕਰਵਾਇਆ ਜਾ ਸਕੇ।