ਅੱਜ ਸਿੱਖ ਕੌਮ ਦੇ ਸਾਹਮਣੇ ਅਨੇਕਾਂ ਸਮੱਸਿਆਵਾਂ ਤੇ ਗੰਭੀਰ ਮਸਲਿਆਂ ਕਾਰਨ ਸਿੱਖ ਕੌਮ ਨੂੰ ਚਿੰਤਾ ਨੇ ਘੇਰਿਆ ਹੋਇਆ ਹੈ। ਜਦਕਿ ਸਮੇਂ ਦੀ ਮੰਗ ਹੈ ਕਿ ਆਪਣੇ ਅੱਜ ਨੂੰ ਸੰਵਾਰਨਾ ਚਾਹੀਦਾ ਹੈ ਨਾ ਕਿ ਆਉਣ ਵਾਲੇ ਕੱਲ ਲਈ ਚਿੰਤਾ ਕਰਕੇ ਅੱਜ ਨੂੰ ਵੀ ਗਵਾ ਦਿੱਤਾ ਜਾਵੇ। ਅੱਜ ਤੇ ਕੱਲ ਦੇ ਘੇਰੇ ਵਿੱਚ ਸਿੱਖ ਕੌਮ ਅੰਦਰ ਕਈ ਲਕੀਰਾਂ ਹਨ। ਅੱਜ ਦੇ ਸਮੇਂ ਬਰਗਾੜੀ ਮੋਰਚਾ ਇੱਕ ਅਹਿਮ ਵਿਸ਼ਾ ਹੈ ਪਰ ਬਰਗਾੜੀ ਮੋਰਚਾ ਸਿੱਖ ਕੌਮ ਦੇ ਦਰਵੇਸ਼ ਮਸਲਿਆ ਨੂੰ ਹੱਲ ਕਰ ਸਕੇਗਾ? ਚਿੰਤਾ ਦਾ ਵਿਸ਼ਾ ਹੈ। ਚਿੰਤਾ ਤੇ ਚਿੰਤਨ ਮਨੁੱਖ ਤੇ ਸਮਾਜ ਦੇ ਅਹਿਮ ਵਰਤਾਰੇ ਹਨ। ਜਿਨਾਂ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ਲਿਖਿਆ ਹੈ ਕਿ ਚਿੰਤਾ ਇੱਕ ਫਿਕਰ ਜਾਂ ਸੋਚ ਹੈ ਤੇ ਚਿੰਤਨ ਕਿਸੇ ਫਿਕਰ ਦੇ ਹੱਲ ਲਈ ਕੀਤਾ ਜਾਂਦਾ ਕਰਮ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਦਸਵੇਂ ਗੁਰੂ ਸਾਹਿਬ ਦੇ ਸਮੇਂ ਤੱਕ ਦਸ ਗੁਰੂ ਸਾਹਿਬ ਧਾਰਮਿਕ ਆਗੂ ਹੋਣ ਦੇ ਨਾਲ ਨਾਲ ਚੰਗੇ ਸਾਹਿਤਕਾਰ ਤੇ ਉੱਚ ਕੋਟੀ ਦੇ ਚਿੰਤਕ ਵੀ ਸਨ। ਉਹਨਾਂ ਨੇ ਆਪਣੇ ਸਮੇਂ ਵਿੱਚ ਸਦੀਆਂ ਤੋਂ ਸਮਾਜ ਅੰਦਰ ਪਏ ਬਿਖਰੇਵਿਆਂ ਨੂੰ ਉਜਾਗਰ ਕਰਕੇ ਇਹਨਾਂ ਦਾ ਲੋਕ ਪੱਖੀ ਹੱਲ ਇੱਕ ਨਵੀਂ ਸੋਚ ਰਾਹੀਂ ਸਮਾਜ ਦੇ ਅੱਗੇ ਲਿਆਂਦਾ ਸੀ। ਜਿਸਦੀ ਪ੍ਰਤੱਖ ਸਚਾਈ ਉਹਨਾਂ ਵੱਲੋਂ ਉਚਾਰੀ ਗੁਰਬਾਣੀ ਜੋ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਵਿੱਚ ਮੌਜੂਦ ਹੈ, ਅੰਦਰ ਦਰਜ ਹੈ। ਅੱਜ ਸਿੱਖ ਕੌਮ ਅੱਗੇ ਮਸਲਿਆਂ ਨੂੰ ਹੱਲ ਕਰਨ ਲਈ ਚਿੰਤਾ ਰੂਪੀ ਰੋਸ ਹੈ।

ਇਸ ਰੋਸ ਨੂੰ ਪੰਥਕ ਧਿਰਾਂ ਨੇ ੧੯੮੪ ਤੋਂ ਬਾਅਦ ਆਪਣੇ ਆਸ਼ੇ ਅਨੁਸਾਰ ਢਾਲ ਕੇ ਸਰਬੱਤ ਖਾਲਸਾ ਦੇ ਰੂਪ ਵਿੱਚ ਸਮੂਹ ਸਿੱਖ ਪੰਥ ਨੂੰ ਇੱਕ ਸੋਚ ਵਿੱਚ ਪ੍ਰੋਣ ਦਾ ਯਤਨ ਕੀਤਾ ਸੀ। ਜਿਸ ਵਿੱਚ ਚਿੰਤਨ ਪੂਰੀ ਤਰਾਂ ਅਲੋਪ ਸੀ। ਇਸਦੀ ਮਿਸਾਲ ੨੦੧੫ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਉਠੇ ਰੋਸ ਨੂੰ ਇੱਕ ਚਿੰਤਾ ਦਾ ਰੂਪ ਦੇ ਕੇ ਸੱਦੇ ਇੱਕਠ ਆਪਣੇ ਰਾਜਨੀਤਿਕ ਮਨੋਰਥਾਂ ਵਿੱਚ ਬਦਲ ਕੇ ਆਪਣੇ ਮਨੋਰਥਾਂ ਨੂੰ ਸਿੱਧਾ ਕਰਨ ਦੀ ਕੋਸ਼ਿਸ ਕੀਤੀ ਗਈ। ਜਿਸ ਕਾਰਨ ਸਿੱਖਾਂ ਦੀ ਚਿੰਤਾ ਹੋਰ ਵਧੀ ਕਿਉਂਕਿ ਚਿੰਤਨ ਅਧੂਰਾ ਸੀ। ਇਸ ਵਿਚੋਂ ਸਿੱਖ ਕੌਮ ਨੂੰ ਕੋਈ ਸੇਧ ਜਾਂ ਹੱਲ ਮਿਲਣ ਦੀ ਬਜਾਇ ਦੁਬਿਧਾ ਵਿੱਚ ਵਾਧਾ ਹੋ ਗਿਆ। ਇਕੋ ਅਕਾਲ ਤਖਤ ਦੇ ਦੋ-ਦੋ ਜਥੇਦਾਰ ਨਿਯੁਕਤ ਕਰ ਦਿਤੇ ਗਏ। ਹੁਣ ਬਰਗਾੜੀ ਮੋਰਚਾ ਵੀ ਕਿਸੇ ਸਮੱਸਿਆਂ ਦੇ ਹੱਲ ਵੱਲ ਚਿੰਤਨ ਨਹੀਂ ਕਰ ਰਿਹਾ। ਇਸੇ ਕਰਕੇ ਸਿੱਖ ਕੌਮ ਦੀਆਂ ਵੱਖ-ਵੱਖ ਧਿਰਾਂ ਨੇ ਆਪਣੀ ਸੋਚ ਮੁਤਾਬਕ ਸਿੱਖ ਕੌਮ ਦੀਆਂ ਚਿੰਤਾਵਾਂ ਦੇ ਹੱਲ ਲਈ ਪੱਛਮੀ ਮੁਲਕਾਂ ਵਿੱਚ ਵਰਲਡ ਸਿੱਖ ਪਾਰਲੀਮੈਂਟ ਬਣਾਈ ਗਈ ਤੇ ਉਸਦਾ ਇਜਲਾਸ ਚਿੰਤਾਵਾਂ ਦੇ ਨਿਵਾਰਣ ਲਈ ਸੱਦਿਆ ਗਿਆ। ਬਿਲਕੁਲ ਇਸੇ ਤਰਾਂ ਹੀ ੧੯੮੪ ਦੇ ਸਿੱਖ ਕੌਮ ਦੇ ਰੋਸ ਤੋਂ ਬਾਅਦ ਸਿੱਖ ਕੌਮ ਦੀ ਨਾਮੀਂ ਚਰਚਿਤ ਹਸਤੀ ਜਗਜੀਤ ਸਿੰਘ ਚੌਹਾਨ ਵੱਲੋਂ ਖਾਲਿਸਤਾਨ ਸਰਕਾਰ ਦੇ ਗਠਨ ਦਾ ਲੰਡਨ ਵਿੱਚ ਐਲਾਨ ਕੀਤਾ ਗਿਆ ਸੀ। ਇਸੇ ਤਰਾਂ ਹੁਣ ਪੰਜਾਬ ਅੰਦਰ ਕੁਝ ਪੰਥਕ ਧਿਰਾਂ ਨੇ ਸਿੱਖ ਕੌਮ ਦੇ ਮੁੱਦਿਆ ਤੇ ਚਿੰਤਾਂ ਜਿਤਾਉਂਦੇ ਹੋਏ ਉਹਨਾਂ ਵੱਲੋਂ ਗਿਣੇ ਚੁਣੇ ਤੇ ਉਨ੍ਹਾਂ ਦੀ ਸੋਚ ਨਾਲ ਮੇਲ ਖਾਂਦੇ ਸਿੱਖਾਂ ਨੇ ਇੱਕਠੇ ਹੋ ਕੇ ਸਿੱਖ ਕੌਮ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਦਰਾਂ ਕੀਤਾ। ਹੁਣ ਇਹ ਸੋਚਣ ਵਾਲੀ ਗੱਲ ਹੈ ਕਿ ਇਸ ਪੰਥਕ ਅਸੈਂਬਲੀ ਵਿਚੋਂ ਨਿਕਲ ਕੇ ਕੋਈ ਜੱਥੇਬੰਦੀ ਬਣ ਜਾਵੇਗੀ ਜਾਂ ਰੋਸ ਵਿਆਪੀ ਚਿੰਤਾ ਦਾ ਵਿਸ਼ਾ ਬਣਕੇ ਰਹਿ ਜਾਵੇਗੀ। ਅੱਜ ਸਮੇਂ ਦੀ ਮੰਗ ਹੈ ਕਿ ਸਿੱਖ ਕੌਮ ਚਿੰਤਾ ਵਿਚੋਂ ਨਿਕਲ ਕੇ ਚਿੰਤਨ ਦੀ ਪਾਂਧੀ ਬਣੇ ਤਾਂ ਜੋ ਸਿੱਖ ਕੌਮ ਨੂੰ ਇੱਕ ਲੜੀ ਵਿੱਚ ਪਰੋਇਆ ਜਾ ਸਕੇ। ਜਿਸ ਵਿਚੋਂ ਹਾਉਮੈਵਾਦ, ਪਰਿਵਾਰਵਾਦ ਤੇ ਨਿੱਜਵਾਦ ਤੋਂ ਉਪਰ ਉੱਠ ਕੇ ਸਰਬੱਤ ਦੇ ਭਲੇ ਲਈ ਕਾਰਜ ਕੀਤੇ ਜਾਣ।