ਅਵਤਾਰ ਸਿੰਘ, ਜਸਵੀਰ ਸਿੰਘ

ਮੌਜੂਦਾ ਭਾਰਤੀ ਵਿਚਾਰਧਾਰਾ ਅਤੇ ਤਾਕਤ ਜਾਂ ਉਸਦੇ ਅਸਰ ਹੇਠ ਕੰਮ ਕਰਨ ਵਾਲੇ ਵਿਦਵਾਨ ਅਕਸਰ, ਸਿੱਖ ਪਛਾਣ ਨੂੰ ਸਿੱਖ ਆਗੂਆਂ ਦੀ ਅੰਦਰੂਨੀ ਅਤੇ ਬਾਹਰੀ ਰਾਜਨੀਤੀ ਦੀ ਉਪਜ ਸਾਬਤ ਕਰਦੇ ਹਨ, ਜੋ ਕਿ ਭਾਈਚਾਰੇ ਦੇ ਸਮਾਜਕ ਯਥਾਰਥ ਅਤੇ ਧਰਮ ਦੀਆਂ ਪੁਰਾਤਨ ਰਵਾਇਤਾਂ ਵਿਚਕਾਰ ਫਰਕ ਕਰਨ ਦਾ ਨਾਕਾਮਯਾਬ ਅਮਲ ਹੈ। ਇਨ੍ਹਾਂ ਤਾਕਤਾਂ ਅਤੇ ਵਿਦਵਾਨਾਂ ਦਾ ਦਾਅਵਾ ਹੈ ਕਿ ਸਿੱਖ ਪਛਾਣ ਦੀ ਸਿਰਜਣਾਂ ਦੇ ਅਮਲ ਦੌਰਾਨ ਇਸਨੂੰ ਕੇਂਦਰੀਕ੍ਰਿਤ ਸਿੱਖ ਪਰੰਪਰਾ ਵੱਜੋਂ, ਧਾਰਮਕ, ਸਮਾਜਕ ਅਤੇ ਕਨੂੰਨੀ ਮਾਨਤਾ ਦਿਵਾੳਣ ਦੀ ਨੀਤੀ ਨੇ ਸਿੱਖਾਂ ਦੇ ਵੱਡੇ ਹਿੱਸਿਆਂ ਨੂੰ ਇਸਤੋਂ ਦੂਰ ਕਰ ਦਿੱਤਾ ਹੈ। ਪੰਜਾਬ ਦਾ ਇੱਕ ਸਹਿਜਧਾਰੀ ਆਗੂ ਇਹ ਦਾਅਵਾ ਕਰਦਾ ਹੈ ਕਿ ਪੰਜਾਬ ਵਿੱਚ 85 ਫੀਸਦੀ ਸਿੱਖ ਸਹਿਜਧਾਰੀ ਹਨ,ਜਿਨ੍ਹਾਂ ਨੂੰ ਸਿੱਖਾਂ ਦੇ ਰਾਜਸੀ ਅਮਲ ਤੋਂ ਦੂਰ ਰੱਖਿਆ ਗਿਆ ਹੈ। ਇਸੇ ਤਰ੍ਹਾਂ ਸਿੱਖ ਧਰਮ ਨੂੰ ਕਮਜ਼ੋਰ ਕਰਨ ਲਈ ਪੰਜਾਬ ਵਿੱਚ ਜਾਤੀ ਵਿਰੋਧਾਂ ਅਤੇ ਜਾਤੀ ਪਛਾਣਾਂ ਨੂੰ ਉਭਾਰਿਆ ਜਾਂਦਾ ਹੈ। ਇਸ ਸੰਦਰਭ ਵਿੱਚ ਜੱਟ-ਦਲਿਤ ਵਿਰੋਧਾਂ ਨੂੰ ਵਰਤ ਕੇ ਸਿੱਖ ਪਛਾਣ ਨੂੰ ਕਮਜ਼ੋਰ ਕਰਨ ਦੀ ਨੀਤੀ ਅਪਣਾਈ ਜਾਂਦੀ ਹੈ। ਜਦੋਂ ਸਿੱਖ ਪਛਾਣ ਦੀ ਸਿਰਜਣਾਂ ਦੇ ਅਮਲ ਦੌਰਾਨ ਸਨਾਤਨ ਹਿੰਦੂ ਪਰਬੰਧ ਅਤੇ ਸਿੱਖ ਵਿਚਾਰਧਾਰਾ ਵਿੱਚ ਵਿਰੋਧ ਦਾ ਨੁਕਤਾ ਸਾਹਮਣੇ ਆਉਂਦਾ ਹੈ ਤਾਂ ਇਸਨੂੰ ਨਵ-ਬਸਤੀਵਾਦੀ ਅਤੇ ਆਧੁਨਿਕਤਾ ਤੇ ਅਧਾਰਿਤ ਪੱਛਮੀ ਈਸਾਈ ਧਰਮ ਦੀਆਂ ਇੱਕਵਾਦੀ ਧਾਰਮਕ ਅਤੇ ਇੱਕਵਾਦੀ ਭਾਸ਼ਾਈ ਨੀਤੀਆਂ ਦੇ ਸਿੱਟੇ ਵੱਜੋਂ ਪੈਦਾ ਹੋਇਆ ਸਮਾਜਕ ਅਤੇ ਧਾਰਮਕ ਵਿਗਾੜ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਪਰ ਇਨ੍ਹਾਂ ਸਾਰੇ ਵਿਚਾਰਾਂ ਦੇ ਉਲਟ ਸਿੱਖ ਪਛਾਣ ਦੀ ਸਿਰਜਣਾਂ ਵਿੱਚ ਦਰਬਾਰ ਸਾਹਿਬ ਦੀ ਸਪੇਸ ਉੱਤੇ ਵੱਖ ਵੱਖ ਤਾਕਤਾਂ ਵੱਲੋਂ ਕਬਜਾ ਕਰਨ ਦਾ ਵੱਡਾ ਯੋਗਦਾਨ ਹੈ। ਦਰਬਾਰ ਸਾਹਿਬ ਸਿੱਖਾਂ ਦੀ ਧਾਰਮਕ, ਰਾਜਨੀਤਿਕ ਅਤੇ ਮਾਨਸਿਕ ਭਾਵਨਾ ਦਾ ਅਟੁੱਟ ਹਿੱਸਾ ਹੈ। ਸਿੱਖਾਂ ਦੀ ਹਰੇਕ ਵਿਰੋਧੀ ਤਾਕਤ, ਜਿਵੇਂ ਮੁਗਲ, ਦੁਰਾਨੀ, ਅੰਗਰੇਜ਼ ਅਤੇ ਵਰਤਮਾਨ ਸਨਾਤਨੀਆਂ ਨੇ ਦਰਬਾਰ ਸਾਹਿਬ ਦੀ ਇਸ ਸਪੇਸ ਤੇ ਕਬਜਾ ਕਰਨ ਦੀ ਯੋਜਨਾ ਬਣਾਈ। ਹਰੇਕ ਤਾਕਤ ਵੱਲੋਂ ਦਰਬਾਰ ਸਾਹਿਬ ਦੀ ਸਪੇਸ ਉੱਤੇ ਕਬਜਾ ਕਰਨ ਦੀ ਨੀਤੀ ਦਾ ਮਨੋਰਥ ਅਤੇ ਟੀਚਾ ਵੱਖਰਾ-ਵੱਖਰਾ ਸੀ। ਮੁਗਲ ਅਤੇ ਦੁਰਾਨੀ ਦਰਬਾਰ ਸਾਹਿਬ ਦੀ ਸਪੇਸ ਨੂੰ ਸਿੱਖਾਂ ਦੀ ਧਾਰਮਕ ਤਾਕਤ ਦਾ ਸਰੋਤ ਮੰਨਦੇ ਸਨ। ਉਹ ਦਰਬਾਰ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਤਬਾਹ ਕਰਕੇ ਸਿੱਖ ਵਿਰੋਧ ਦਾ ਖਾਤਮਾ ਕਰਨ ਦੀ ਨੀਤੀ ਅਪਨਾ ਰਹੇ ਸਨ। ਇਸਦੇ ਉਲਟ ਅੰਗਰੇਜ਼ਾਂ ਨੇ ਦਰਬਾਰ ਸਾਹਿਬ ਦੀ ਸਪੇਸ ਨੂੰ, ਸਿੱਖ ਰਾਜਨੀਤਿਕ ਤਾਕਤ ਨੂੰ ਕਾਬੂ ਹੇਠ ਕਰਨ ਲਈ, ਇਸਨੂੰ ਕਨੂੰਨੀ ਤੌਰ ਤੇ ਕਬਜੇ ਹੇਠ ਕਰਨ ਦੀ ਨੀਤੀ ਅਪਣਾਈ। ਖਾਲਸਾ ਰਾਜ ਦੇ ਖਾਤਮੇ ਦੇ ਸ਼ੁਰੂਆਤੀ ਸਾਲਾਂ ਦੌਰਾਨ ਅੰਗਰੇਜ਼ ਸਰਕਾਰ ਵੱਲੋਂ,ਅੰਮ੍ਰਿਤਸਰ ਦੇ ਇੱਕ ਵਧੀਕ ਕਮਿਸ਼ਨਰ ਨੂੰ ਦਰਬਾਰ ਸਾਹਿਬ ਦੇ ਪ੍ਰਬੰਧਕ ਦੇ ਤੌਰ ਤੇ ਨਿਯੁਕਤ ਕੀਤਾ ਗਿਆ।1859 ਵਿੱਚ, ਦਸਤਾਰ-ਉਲ-ਅਮਲ ਦੇ ਨਾਅ ਹੇਠ ਦਰਬਾਰ ਸਾਹਿਬ ਦੇ ਪ੍ਰਬੰਧ ਦੀ ਦੇਖ ਰੇਖ ਲਈ ਕਮੇਟੀ ਬਣਾਈ ਗਈ। 1862 ਵਿੱਚ ਮੰਗਲ ਸਿੰਘ ਨੂੰ ਦਰਬਾਰ ਸਾਹਿਬ ਦਾ ਮੈਨੇਜਰ ਲਾਇਆ ਗਿਆ। ਇਸਦਾ ਮੁੱਖ ਕੰਮ ਦਰਬਾਰ ਸਾਹਿਬ ਨਾਲ ਸਬੰਧਿਤ ਜਮੀਨਾਂ ਦਾ ਪਰਬੰਧ ਕਰਨਾ ਸੀ। ਮੈਨੇਜਰ ਨੂੰ ਕਿਸੇ ਵੀ ਤਰ੍ਹਾਂ ਦੇ ਧਾਰਮਕ ਪੂਜਾ-ਪਾਠ, ਰੀਤੀ-ਰਿਵਾਜ਼ਾਂ ਅਤੇ ਪਰੰਪਰਾਵਾਂ ਨਾਲ ਸਬੰਧਿਤ ਮਾਮਲਿਆਂ ਵਿੱਚ ਦਖਲ ਦੇ ਅਧਿਕਾਰ ਨਹੀ ਸਨ।

ਇਹ ਅੰਗਰੇਜ਼ਾਂ ਵੱਲੋਂ ਸਿੱਖਾਂ ਅਤੇ ਦਰਬਾਰ ਸਾਹਿਬ ਨਾਲ ਸਬੰਧਿਤ ਮਾਮਲਿਆਂ ਵਿੱਚ ਦਖਲ ਦੇਣ ਦੀ ਸਪਸ਼ਟ ਨੀਤੀ ਸੀ ਅਤੇ ਅੰਗਰੇਜ਼ ਇਸਨੂੰ ਲਗਾਤਾਰ ਜਾਰੀ ਰੱਖਣ ਲਈ ਵਚਨਬੱਧ ਸਨ। 1880 ਵਿੱਚ ਪੰਜਾਬ ਸਰਕਾਰ ਦੇ ਸਕੱਤਰ ਵੱਲੋਂ, ਭਾਰਤ ਦੇ ਧਾਰਮਕ ਮਾਮਲਿਆਂ ਦੇ ਸਕੱਤਰ ਨੂੰ ਲਿਖੇ ਪੱਤਰ ਅਤੇ 1881 ਵਿੱਚ ਪੰਜਾਬ ਦੇ ਲੈਫਟੀਨੈਂਟ ਗਵਰਨਰ ਵੱਲੋਂ ਲਾਰਡ ਰਿਪਨ ਨੂੰ ਲਿਖੇ ਇੱਕ ਪੱਤਰ ਵਿੱਚ, ਦਰਬਾਰ ਸਾਹਿਬ ਨੂੰ ਸਰਕਾਰੀ ਕਬਜੇ ਤੋਂ ਵਿਰਵਾ ਛੱਡਣ ਨੂੰ ਬਹੁਤ ਖਤਰਨਾਕ ਦਰਸਾਇਆ ਗਿਆ ਸੀ। ਇਸਦੇ ਬਾਵਜੂਦ ਅੰਗਰੇਜ਼, ਸਿੱਖਾਂ ਦੀਆਂ ਧਾਰਮਕ ਪਰੰਪਰਾਵਾਂ ਜਾਂ ਰੀਤੀ-ਰਿਵਾਜ਼ਾਂ ਜਾਂ ਨਿੱਤ ਦਿਨ ਦੀ ਧਾਰਮਕ ਮਰਯਾਦਾ ਵਿੱਚ ਦਖਲ ਨਹੀ ਸੀ ਦਿੰਦੇ। ਉਹ ਸਿੱਖਾਂ ਦੀਆਂ ਮਾਨਤਾਵਾਂ, ਰਿਵਾਜ਼ਾਂ ਅਤੇ ਪਰੰਪਰਾਵਾਂ ਸਬੰਧੀ ਵਿਹਾਰ ਪ੍ਰਣਾਲੀ ਬਾਰੇ ਬਹੁਤੇ ਫਿਕਰਮੰਦ ਨਹੀ ਸਨ। ਇਸੇ ਲਈ ਜਦੋਂ ਜਦੋਂ ਸਿੰਘ ਸਭਾਈ ਸਿੱਖਾਂ ਨੇ ਦਰਬਾਰ ਸਾਹਿਬ ਦੀ ਹਦੂਦ ਅੰਦਰ ਮੌਜੂਦ ਹਿੰਦੂ ਮੂਰਤੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਆਰੀਆ ਸਮਾਜੀਆਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ। ਪਰ ਅੰਗਰੇਜ਼ ਸਰਕਾਰ ਨੇ ਇਸ ਮਾਮਲੇ ਵਿੱਚ ਕੋਈ ਦਖਲਅੰਦਾਜ਼ੀ ਨਹੀ ਕੀਤੀ। 1905 ਈਸਵੀ ਵਿੱਚ ਦਰਬਾਰ ਸਾਹਿਬ ਦੇ ਮੈਨੇਜਰ, ਅਰੂੜ ਸਿੰਘ ਵੱਲੋਂ, ਪਰਕਰਮਾਂ ਵਿੱਚੋਂ ਹਿੰਦੂ ਮੂਰਤੀਆਂ ਚੁੱਕ ਦੇਣ ਅਤੇ ਇਨ੍ਹਾਂ ਦੀ ਪੂਜਾ ਬੰਦ ਕਰਨ ਦਾ ਹੁਕਮ ਪਾਸ ਕੀਤਾ ਗਿਆ। ਇਸ ਹੁਕਮ ਤੋਂ ਪੈਦਾ ਹੋਈ ਬਹਿਸ ਵਿੱਚੋਂ,ਸਨਾਤਨੀ ਹਿੰਦੂ ਪਰਬੰਧ ਵੱਲੋਂ ਦਰਬਾਰ ਸਾਹਿਬ ਦੀ ਸਪੇਸ ਤੇ ਵਿਚਾਰਧਾਰਕ ਤੌਰ ਤੇ ਕਬਜਾ ਕਰਕੇ ਸਿੱਖ ਮਾਨਸਿਕਤਾ ਨੂੰ ਕਾਬੂ ਕਰਨ ਦੀ ਨੀਤੀ ਪੱਕੇ ਤੌਰ ਤੇ ਸਾਹਮਣੇ ਆਈ। ਸਨਾਤਨ ਤਾਕਤਾਂ ਇਹ ਤੱਥ ਸਮਝ ਚੁੱਕੀਆਂ ਸਨ ਕਿ ਸਿੱਖ ਪਛਾਣ ਮੁੱਖ ਤੌਰ ਤੇ ਸਿੱਖਾਂ ਦੇ ਧਾਰਮਕ ਵਿਸ਼ਵਾਸ਼ਾਂ ਨਾਲ ਜੁੜੀ ਹੋਈ ਹੈ। ਇਸ ਪਛਾਣ ਦੇ ਉਭਾਰ ਅਤੇ ਪਸਾਰ ਨੂੰ, ਦਰਬਾਰ ਸਾਹਿਬ ਅੰਦਰ ਚੱਲਦੀਆਂ, ਪੂਜਾ ਪਾਠ ਦੀਆਂ ਪਰੰਪਰਾਵਾਂ ਅਤੇ ਧਾਰਮਕ ਰੀਤੀ-ਰਿਵਾਜ਼ਾਂ ਨੂੰ ਕਬਜੇ ਹੇਠ ਕਰਕੇ ਹੀ, ਕਾਬੂ ਕੀਤਾ ਜਾ ਸਕਦਾ ਹੈ। ਇਸੇ ਕਾਰਨ ਸਨਾਤਨੀ ਤਾਕਤਾਂ ਵੱਲੋਂ ਇਹ ਦਾਅਵੇ ਕੀਤੇ ਗਏ ਕਿ ਸ੍ਰੀ ਦਰਬਾਰ ਸਾਹਿਬ ਕੇਵਲ ਸਿੱਖਾਂ ਦੀ ਧਾਰਮਕ ਆਸਥਾ ਦਾ ਹੀ ਕੇਂਦਰ ਨਹੀ ਹੈ ਬਲਕਿ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਹਿੰਦੂਆਂ ਦਾ ਧਾਰਮਕ ਕੇਂਦਰ ਵੀ ਹੈ। ਇਸੇ ਕਰਕੇ ਦਰਬਾਰ ਸਾਹਿਬ ਵਿੱਚ, ਸ੍ਰੀ ਗੁਰੂ ਗਰੰਥ ਸਾਹਿਬ ਦੇ ਪਰਕਾਸ਼ ਦੇ ਨਾਲ ਨਾਲ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਵੀ ਲਗਾਤਾਰ ਹੋ ਰਹੀ ਹੈ। ਪਰ ਨਾਹਰ ਸਿੰਘ ਗਰੇਵਾਲ ਵੱਲੋਂ 1970 ਵਿੱਚ ਲਿਖੀ ਗਈ ਕਿਤਾਬ ਅਨੁਸਾਰ, ਦਰਬਾਰ ਸਾਹਿਬ ਵਿੱਚ ਹਿੰਦੂ ਮੂਰਤੀਆਂ ਨੂੰ ਹਿੰਦੂ ਪੁਜਾਰੀ 1881 ਵਿੱਚ ਅੰਦਰ ਲੈਕੇ ਆਏ। ਨਾਹਰ ਸਿੰਘ ਅਨੁਸਾਰ ਇਸਦਾ ਵੱਡਾ ਕਾਰਨ ਦਰਬਾਰ ਸਾਹਿਬ ਦੇ ਪਰਬੰਧ ਵਿੱਚ ਆਇਆ ਢਿੱਲਾਪਣ ਸੀ।

ਇਸ ਵਰਤਾਰੇ ਨੇ ਜਿੱਥੇ ਇੱਕ ਪਾਸੇ ਸਿੱਖਾਂ ਦੇ ਇੱਕ ਹਿੱਸੇ ਵਿੱਚ ਸਨਾਤਨੀ ਪ੍ਰਬੰਧ ਦੀ ਘੁਸਪੈਠ ਦੀ ਨਿਸ਼ਾਨਦੇਹੀ ਕਰਵਾਈ ਤਾਂ ਦੂਜੇ ਪਾਸੇ ਸਿੱਖ ਪਛਾਣ ਦੇ ਸਿੱਖ ਧਾਰਮਕ ਵਿਸ਼ਵਾਸ਼ਾਂ ਨਾਲ ਸਬੰਧਾਂ ਨੂੰ ਹੋਰ ਡੂੰਘਾ ਕੀਤਾ। ਸਨਾਤਨੀ ਤਾਕਤਾਂ ਵੱਲੋਂ ਸਿੱਖ ਪਛਾਣ ਨੂੰ ਸਿਰਜਣ ਵਾਲੇ ਧਾਰਮਕ ਵਿਸ਼ਵਾਸ਼ਾਂ ਦੀਆਂ ਹੱਦਾਂ ਨੂੰ ਤੋੜਨ ਦੇ ਚੇਤੰਨ ਯਤਨ ਇਸੇ ਵਿਵਾਦ ਦੌਰਾਨ ਸਾਹਮਣੇ ਆਏ। ਅੰਮ੍ਰਿਤਸਰ ਵਿੱਚ, ਸੇਠ ਰਾਧਾ ਕ੍ਰਿਸ਼ਨ, ਪੰਡਿਤ ਨੰਦ ਕਿਸ਼ੋਰ, ਕੇ ਪੀ ਚੈਟਰਜੀ, ਗੋਪਾਲ ਸਿੰਘ ਅਤੇ ਆਤਮਾਂ ਸਿੰਘ ਦੀ ਅਗਵਾਈ ਹੇਠ 1300 ਹਿੰਦੂਆਂ ਅਤੇ ਸਿੱਖਾਂ ਦਾ ਇਕੱਠ ਕੀਤਾ ਗਿਆ। ਇਸ ਇਕੱਠ ਵਿੱਚ ਅਵਾਜ਼ ਉਠਾਈ ਗਈ ਕਿ ਬ੍ਰਾਹਮਣ ਅਤੇ ਹਿੰਦੂ ਮੂਰਤੀਆਂ, ਦਰਬਾਰ ਸਾਹਿਬ ਦੀ ਸਥਾਪਨਾ ਦੇ ਸਮੇਂ ਤੋਂ ਹੀ ਇਸਦਾ ਹਿੱਸਾ ਹਨ। ਇਹ ਮੂਰਤੀਆਂ ਹਿੰਦੂ ਪੂਜਾ ਲਈ ਜਰੂਰੀ ਹਨ। ਇਨ੍ਹਾਂ ਉੱਤੇ ਰੋਕ ਸਿੱਖਾਂ ਦੇ ਇੱਕ ਵੱਡੇ ਹਿੱਸੇ ਦੀਆਂ ਇਛਾਵਾਂ ਦੇ ਖਿਲਾਫ ਹੈ। ਸਨਾਤਨ ਤਾਕਤਾਂ ਵੱਲੋਂ ਸਿੱਖ ਧਾਰਮਕ ਵਿਸ਼ਵਾਸ਼ਾਂ ਬਾਰੇ ਵੀ ਸੁਆਲ ਖੜ੍ਹੇ ਕੀਤੇ ਗਏ। ਉਨ੍ਹਾਂ ਵੱਲੋਂ ਆਖਿਆ ਗਿਆ ਕਿ, ਜਿਆਦਾਤਰ ਸਿੱਖ ਮੂਰਤੀਪੂਜਕ ਹਨ ਅਤੇ ਸਿੱਖ ਗੁਰੂ ਵੀ ਮੂਰਤੀ ਪੂਜਕ ਸਨ। ਸਨਾਤਨੀ ਤਾਕਤਾਂ ਵੱਲੋਂ ਸਿੱਖ ਧਾਰਮਕ ਵਿਸ਼ਵਾਸ਼ਾਂ ਉੱਤੇ ਅਧਾਰਿਤ ਸਿੱਖ ਪਛਾਣ ਦੀ ਹੋਂਦ ਨੂੰ ਹਿੰਦੂ ਧਰਮ ਨਾਲ ਸਬੰਧਾਂ ਦੇ ਸੰਦਰਭ ਵਿੱਚ ਪਰਿਭਾਸ਼ਿਤ ਕਰਨ ਦੇ ਵੱਡੇ ਯਤਨ ਕੀਤੇ ਗਏ। ਇਸ ਅਮਲ ਦੌਰਾਨ, ਸਿੱਖ ਇਤਿਹਾਸ, ਗੁਰ ਇਤਿਹਾਸ ਅਤੇ ਸਿੱਖ ਧਾਰਮਕ ਵਿਸ਼ਵਾਸ਼ਾਂ ਦੀ ਹਿੰਦੂ ਧਰਮ ਦੇ ਹਿੱਸੇ ਅਤੇ ਮੂਰਤੀ ਪੂਜਾ ਦੇ ਸਮਰਥਕਾਂ ਵੱਜੋਂ ਵਿਆਖਿਆ ਕੀਤੀ ਗਈ। ਇਹ ਦਾਅਵਾ ਕੀਤਾ ਗਿਆ ਕਿ, ਆਦਿ ਗਰੰਥ ਨਾਲ ਜੁੜੀਆਂ ਹੋਈਆਂ ਪੂਜਾ ਪਾਠ ਦੀਆਂ ਵਿਧੀਆਂ ਅਤੇ ਪਰੰਪਰਾਵਾਂ, ਮੂਰਤੀ ਪੂਜਾ ਦੇ ਬਰਾਬਰ ਹਨ। ਇਹ ਦਾਅਵਾ ਵੀ ਕੀਤਾ ਗਿਆ ਕਿ ਪਹਿਲੇ ਨੌਂ ਗੁਰੂ ਸਾਹਿਬਾਨ, ਹਿੰਦੂ ਸਨ। ਹਿੰਦੂ ਹਿਤਕਾਰੀ ਸਭਾ ਦੇ ਇੱਕ ਇਕੱਠ ਵਿੱਚ ਪੰਡਤ ਨੰਦ ਕਿਸ਼ੋਰ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂਆਂ ਦੀ ਰਾਖੀ ਲਈ ਬਲੀਦਾਨ ਦੇਣ ਵਾਲੀ ਹਸਤੀ ਦੱਸਿਆ। ਅੰਮ੍ਰਿਤਸਰ ਸਨਾਤਨ ਸਭਾ ਦੇ ਲਾਲਾ ਹੰਸ ਰਾਜ ਵੱਲੋਂ ਇਹ ਦਾਅਵਾ ਕੀਤਾ ਗਿਆ, ਬਾਦਸ਼ਾਹ ਅਕਬਰ ਵੱਲੋਂ ਗੁਰੂ ਅਰਜਨ ਦੇਵ ਜੀ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਉਨ੍ਹਾਂ ਨੂੰ ਹਿੰਦੂ ਦੱਸਿਆ ਗਿਆ ਸੀ।

ਇਸ ਵਿਵਾਦ ਨੇ ਸਿੱਖਾਂ ਦੇ ਕੁਲੀਨ ਵਰਗ ਦੇ ਇੱਕ ਹਿੱਸੇ ਵਿੱਚ, ਸਿੱਖ ਪਛਾਣ ਸਬੰਧੀ ਆਏ ਮਾਨਸਿਕ ਵਿਗਾੜਾਂ ਅਤੇ ਇਨ੍ਹਾਂ ਉੱਤੇ ਸਨਾਤਨ ਤਾਕਤਾਂ ਦੇ ਅਸਰਾਂ ਨੂੰ ਵੀ ਸਪਸ਼ਟ ਕੀਤਾ। ਇੱਕ ਕੁਲੀਨ ਸਿੱਖ, ਤਾਰਨ ਸਿੰਘ ਵੱਲੋਂ ਇਹ ਵਿਚਾਰ ਦਿੱਤਾ ਗਿਆ ਕਿ, ਸਿੱਖ ਗੁਰੂਆਂ ਨੇ ਹਿੰਦੂਆਂ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਉਨ੍ਹਾਂ ਇਹ ਵੀ ਆਖਿਆ ਕਿ ਜਿਆਦਾਤਰ ਸਿੱਖ ਸਹਿਜਧਾਰੀ ਹਿੰਦੂ ਹਨ ਅਤੇ ਹਿੰਦੂ ਸਮਾਜ ਦਾ ਹਿੱਸਾ ਹਨ। ਇੱਕ ਹੋਰ ਕੁਲੀਨ ਸਿੱਖ, ਤਾਰਾ ਸਿੰਘ ਪਿੰਗਲ ਨੇ, ਤਾਰਨ ਸਿੰਘ ਦੇ ਵਿਚਾਰਾਂ ਦੀ ਹਮਾਇਤ ਕੀਤੀ।

ਸਨਾਤਨੀ ਤਾਕਤਾਂ ਨੇ ਸਿੰਘ ਸਭਾ ਲਹੌਰ ਦੇ ਵਿਦਵਾਨਾਂ ਨੂੰ ਸਿੱਖਾਂ ਵਿੱਚ ਪੈਦਾ ਹੋ ਰਹੀ ਚੇਤਨਾ ਦੇ ਕਾਰਨ ਮੰਨਿਆ ਗਿਆ ਅਤੇ ਇਨ੍ਹਾਂ ਲਈ ਨਵੀਂ ਤਰ੍ਹਾਂ ਦੀ ਸ਼ਬਦਾਵਲੀ ਘੜੀ ਗਈ ਤਾਂ ਕਿ ਸਿੱਖ ਚੇਤਨਾ ਦਾ ਪਸਾਰ ਕਰ ਰਹੇ ਸਿੱਖ ਵਿਦਵਾਨਾਂ ਨੂੰ ਸਮਾਜਕ ਤੌਰ ਵੇ ਬਦਨਾਮ ਕਰਕੇ ਪਛਾੜਿਆ ਜਾ ਸਕੇ। ਇਸ ਸੰਦਰਭ ਵਿੱਚ ਸਨਾਤਨੀ ਹਿੰਦੂ ਤਾਕਤਾਂ ਵੱਲੋਂ, ਸਿੰਘ ਸਭਾ ਦੇ ਵਿਦਵਾਨਾਂ ਲਈ, Handful Neophyte, The Iconoclasts, Neo Khalsa, Separate Clique, Few Cast Class Radicals, Microscopic Minority of Khalsa, ਆਦਿ ਸ਼ਬਦਾਂ ਦੀ ਵਰਤੋਂ ਕਰਕੇ ਇਨ੍ਹਾਂ ਸਿੱਖ ਵਿਦਵਾਨਾਂ ਨੂੰ ਹਿੰਦੂਆਂ ਅਤੇ ਸਿੱਖਾਂ ਵਿੱਚ ਪਾੜਾ ਪਾਉਣ ਦੇ ਦੋਸ਼ੀ ਗਰਦਾਨਿਆ ਗਿਆ। ਇਨ੍ਹਾਂ ਉੱਤੇ ਸਿੱਖਾਂ ਦੇ ਵੱਡੇ ਹਿੱਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਵੀ ਲਗਾਇਆ ਗਿਆ। ਸਨਾਤਨ ਤਾਕਤਾਂ ਵੱਲੋਂ ਸਿੱਖ ਚੇਤਨਾ ਵਿੱਚ ਵਿਗਾੜ ਪੈਦਾ ਕਰਨ ਲਈ, ਆਰੀਆ ਸਮਾਜੀ ਅਖਬਾਰ , ਦਾ ਟ੍ਰਿਬਿਉੂਨ ਦੀ ਭਰਵੀਂ ਵਰਤੋਂ ਕੀਤੀ ਗਈ। ਟ੍ਰਿਬਿਊਨ ਅਖਬਾਰ ਦੇ ਆਰੀਆ ਸਮਾਜੀ ਲਿਖਾਰੀਆਂ ਵੱਲੋਂ, ਸਨਾਤਨੀ ਆਗੂਆਂ ਦੀ ਮਹਾਰਾਜਾ ਨਾਭਾ ਨਾਲ ਹੋਈ ਇੱਕ ਬੈਠਕ ਬਾਰੇ ਵੱਡੇ ਭਰਮ ਫੈਲਾਏ ਗਏ। ਇਨ੍ਹਾਂ ਲਿਖਾਰੀਆਂ ਵੱਲੋਂ ਇਹ ਪਰਚਾਰ ਕੀਤਾ ਗਿਆ ਕਿ ਮਹਾਰਾਜਾ ਨਾਭਾ ਨੇ ਪਹਿਲੇ  ਨੌ ਗੁਰੂ ਸਾਹਿਬਾਨ ਨੂੰ ਹਿੰਦੂ ਮੰਨ ਲਿਆ ਹੈ ਅਤੇ ਦਰਬਾਰ ਸਾਹਿਬ ਦੀ ਪਰਕਰਮਾਂ ਵਿੱਚੋਂ ਹਿੰਦੂ ਮੂਰਤੀਆਂ ਚੁੱਕੇ ਜਾਣ ਦਾ ਵੀ ਉਨ੍ਹਾਂ ਵਿਰੋਧ ਕੀਤਾ ਹੈੈ। ਮਹਾਰਾਜਾ ਨਾਭਾ ਨਾਲ ਹੋਈ ਬੈਠਕ ਵਿੱਚ ਸ਼ਾਮਲ ਸਿੰਘ ਸਭਾ ਦੇ ਵਿਦਵਾਨ,ਜਵਾਹਰ ਸਿੰਘ ਨੂੰ ਵੀ ਸਨਾਤਨ ਪੱਖੀ ਦਰਸਾਉਣ ਦਾ ਯਤਨ ਕੀਤਾ ਗਿਆ। ਇਸ ਫੁੱਟਪਾਊ ਪਰਚਾਰ ਦਾ ਸਿੱਖ ਪੱਖੀ ਅਖਬਾਰ, ਖਾਲਸਾ ਸਮਾਚਾਰ ਨੇ ਤਿੱਖਾ ਵਿਰੋਧ ਕੀਤਾ ਅਤੇ ਇਸ ਘਟਨਾ ਦਾ ਸੱਚ ਸਾਹਮਣੇ ਲਿਆਂਦਾ। ਖਾਲਸਾ ਅਖਬਾਰ ਨੇ, ਮੂਰਤੀ ਪੂਜਾ ਸਬੰਧੀ ਆਰੀਆ ਸਮਾਜੀ ਵਿਸ਼ਵਾਸ਼ਾਂ ਦਾ ਹਵਾਲਾ ਦੇ ਕੇ ਟ੍ਰਿਬਿਊਨ ਅਖਬਾਰ ਦੀ ਸਿੱਖ ਵਿਰੋਧੀ ਨੀਤੀ ਦਾ ਪਰਦਾਫਾਸ਼ ਕੀਤਾ। ਖਾਲਸਾ ਸਮਾਚਾਰ ਨੇ ਮਹਾਰਾਜਾ ਨਾਭਾ ਨੂੰ ਦੱਸਿਆ ਕਿ ਉਸ ਮੀਟਿੰਗ ਵਿੱਚ ਉਹ ਆਰੀਆ ਸਮਾਜੀ ਸ਼ਾਮਲ ਸਨ ਜਿਨ੍ਹਾਂ ਨੇ ਲਹੌਰ ਵਿੱਚ ਹਿੰਦੂ ਮੂਰਤੀਆਂ ਦਾ ਅਪਮਾਨ ਕੀਤਾ ਸੀ। ਦਿਲਚਸਪ ਗੱਲ ਇਹ ਹੈ ਕਿ ਆਰੀਆ ਸਮਾਜੀ ਖੁਦ ਮੂਰਤੀ ਪੂਜਾ ਦੇ ਵਿਰੋਧੀ ਹਨ। ਪਰ ਸਿੱਖਾਂ ਖਿਲਾਫ ਸਨਾਤਨਵਾਦੀਆਂ ਦੀ ਮੁਹਿੰਮ ਨੂੰ ਅੱਗੇ ਵਧਾਉਣ ਲਈ ਅਤੇ ਸਿੱਖ ਦੁਸ਼ਮਣੀ ਨੂੰ ਪ੍ਰਗਟਾਉਣ ਲਈ, ਆਰੀਆ ਸਮਾਜੀ ਇਸ ਮੌਕੇ ਮੂਰਤੀ ਪੂਜਾ ਦੇ ਹੱਕ ਵਿੱਚ ਖੜ੍ਹੇ ਹੋ ਗਏ। ਸਨਾਤਨ ਤਾਕਤਾਂ ਵੱਲੋਂ ਦਰਬਾਰ ਸਾਹਿਬ ਅੰਦਰਲੀਆਂ ਧਾਰਮਕ ਪਰੰਪਰਾਵਾਂ ਤੇ ਕਬਜਾ ਕਰਕੇ, ਸਿੱਖ ਮਾਨਸਿਕਤਾ ਨੂੰ ਕਾਬੂ ਕਰਨ ਲਈ ਜਿੱਥੇ ਮਹਾਰਾਜਾ ਨਾਭਾ ਨੂੰ ਧਾਰਮਕ ਮਾਨਤਾ ਲੈਣ ਲਈ ਵਰਤਣ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਤੱਕ, ਦਰਬਾਰ ਸਾਹਿਬ ਅੰਦਰ ਬ੍ਰਾਹਮਣਾਂ ਦੇ ਕਨੂੰਨੀ ਅਧਿਕਾਰ ਸਬੰਧੀ ਵੀ ਪਹੁੰਚ ਕੀਤੀ ਗਈ। ਇਸ ਸੰਦਰਭ ਵਿੱਚ ਦੋਹਾਂ ਤਾਕਤਾਂ ਦੀ ਨੀਤੀ, ਅੱਤ ਮਹੱਤਵਪੂਰਨ ਚਿੰਨ੍ਹਾਤਮਕ ਸੁਨੇਹਾ ਦੇ ਰਹੀ ਸੀ। ਮਹਾਰਾਜਾ ਨਾਭਾ ਵੱਲੋਂ ਅੰਦਰੂਨੀ ਤੌਰ ਤੇ ਸਿੱਖ ਵਿਦਵਾਨਾਂ ਦੀ ਹਮਾਇਤ ਕੀਤੀ ਗਈ। ਅੰਗਰੇਜ਼ ਸਰਕਾਰ ਵੱਲੋਂ ਇਸ ਵਿਵਾਦ ਸਬੰਧੀ ਕੋਈ ਬਿਆਨ ਨਹੀ ਦਿੱਤਾ ਗਿਆ। ਅੰਗਰੇਜ਼ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਕੋਈ ਵੀ ਦਖਲਅੰਦਾਜ਼ੀ ਨਾ ਕਰਨ ਅਤੇ ਧਰਮ ਨਾਲ ਸਬੰਧਿਤ ਸਾਰੇ ਮਸਲੇ ਸਿੱਖਾਂ ਵੱਲੋਂ ਆਪ ਹੱਲ ਕਰਨ ਦੀ ਨੀਤੀ ਅਪਨਾਈ ਗਈ।

ਦਰਬਾਰ ਸਾਹਿਬ ਦੀ ਸਪੇਸ ਤੇ ਕਬਜਾ ਕਰਕੇ, ਸਿੱਖ ਪਛਾਣ ਅਤੇ ਸਿੱਖ ਧਾਰਮਕ ਵਿਸ਼ਵਾਸ਼ਾਂ ਵਿਚਕਾਰ ਸਬੰਧ ਨੂੰ ਤੋੜ ਦੇਣ ਦੀ ਸਨਾਤਨੀ ਤਾਕਤਾਂ ਦੀ ਨੀਤੀ ਦੀ ਅਸਫਲਤਾ ਨੇ, ਭਾਰਤੀ ਰਾਸ਼ਟਰਵਾਦੀ ਆਗੂਆਂ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਲਈ ਤਿਆਰ ਕੀਤਾ। 1920 ਤੋਂ ਬਾਅਦ ਭਾਰਤੀ ਰਾਸ਼ਟਰਵਾਦੀ ਆਗੂ, ਸਿੰਘ ਸਭਾ ਅਤੇ ਚੀਫ ਖਾਲਸਾ ਦੀਵਾਨ ਦੀ ਅੰਗਰੇਜ਼ ਸਰਕਾਰ ਨਾਲ ਮਿਲਕੇ, ਸਿੱਖ ਹਿੱਤਾਂ ਦੀ ਪੂਰਤੀ ਲਈ ਕੀਤੀ ਜਾਂਦੀ ਰਾਜਨੀਤੀ ਨੂੰ ਖਤਮ ਕਰਨ ਵਿੱਚ ਕਾਮਯਾਬ ਹੋ ਗਏ। ਸੈਂਟਰਲ ਸਿੱਖ ਲੀਗ ਰਾਹੀਂ, ਸਿੱਖ ਮਾਨਸਿਕਤਾ ਨੂੰ ਕਾਬੂ ਕਰਨ ਦੀ ਭਾਰਤੀ ਰਾਸ਼ਟਰਵਾਦੀ ਆਗੂਆਂ ਦੀ ਸਫਲਤਾ ਇੱਕ ਜਬਰਦਸਤ ਵਰਤਾਰਾ ਹੈੈ। ਇਹ ਵਰਤਾਰਾ ਅਤੇ ਸਨਾਤਨੀ ਤਾਕਤਾਂ ਵੱਲੋਂ ਦਰਬਾਰ ਸਾਹਿਬ ਦੀ ਸਪੇਸ ਉੱਤੇ ਵਿਚਾਰਧਾਰਕ ਕਬਜਾ ਕਰਨ ਦੀ ਨੀਤੀ ਇੱਕ ਮਹੱਤਵਪੂਰਨ ਸਵਾਲ ਉਠਾਉਂਦੀ ਹੈੈ।

ਕੀ ਬਸਤੀਵਾਦ ਸਿੱਖਾਂ ਦੀ ਮਾਨਸਿਕ ਅਤੇ ਰਾਜਨੀਤਿਕ ਗੁਲਾਮੀ ਦਾ ਅਸਲ ਕਾਰਨ ਹੈ?