ਅਜਿਹੇ ਮਨੁਖ ਦੁਨੀਆਂ ‘ਚ ਵਿਰਲੇ ਹੀ ਹੁੰਦੇ ਹਨ ਜੋ ਛੋਟੀ ਉਮਰ ਦੇ ਜੀਵਨ ਰਾਹ ਰਾਂਹੀ ਹੀ ਆਪਣੇ ਪਿਛੇ ਅਜਿਹਾ ਇਤਿਹਾਸਿਕ ਵਿਰਸਾ, ਜੋ ਸੋਚ, ਸਮਝ ਅਤੇ ਗਿਆਨ ਦਾ ਪ੍ਰਤੀਕ ਹੈ ਆਉਣ ਵਾਲੇ ਸਮੇਂ ਲਈ ਛੱਡ ਜਾਂਦੇ ਹਨ ਅਤੇ ਉਸ ਪ੍ਰਤੀਕ ਅਤੇ ਵਡਮੁੱਲੀ ਕੁਰਬਾਨੀ ਰਾਹੀਂ ਅਮਰ ਸ਼ਹੀਦ ਦਾ ਰੁਤਬਾ ਅਖਤਿਆਰ ਕਰ ਲੈਂਦੇ ਹਨ ਜੋ ਦੁਨੀਆਂ ‘ਚ ਇਕ ਆਪਣਾ ਨਾਂਹ ਮਿੱਟ ਸਕਣ ਵਾਲੀ ਜਗ੍ਹਾ ਬਣਾ ਲੈਂਦੇ ਹਨ। ਅਜਿਹੀ ਹਸਤੀ ਆਪਣੇ ਨਿਸ਼ਾਨ ਹਰ ਜੀਵਨ ਦੇ ਸੰਘਰਸ਼ ‘ਚ ਸ਼ਹੀਦ ਹੋ ਕੇ ਵੀ ਬਰਕਰਾਰ ਰੱਖਦੇ ਹਨ।
ਸ਼ਹੀਦ ਭਗਤ ਸਿੰਘ ਦਾ ਜੀਵਨ ਕਾਲ ਸਿਰਫ ੨੩ ਸਾਲ ਹੀ ਸੀ। ਪਰ ਉਹਨਾਂ ਇਸ ੨੩ ਸਾਲਾਂ ਵਿਚ ਬਚਪਨ ਤੋਂ ਲੈ ਕੇ ਸ਼ਹੀਦੀ ਤੱਕ ਅਜਿਹਾ ਰਾਹ ਉਜ਼ਾਗਰ ਕੀਤਾ ਜੋ ਅੱਜ ਵੀ ਚਰਚਾ ਅਤੇ ਮਾਣ ਰਖਦਾ ਹੈ। ਇਸ ਦਾ ਮੁਖ ਤੌਰ ਤੇ ਕਾਰਨ ਭਗਤ ਸਿੰਘ ਦੀ ਇਕ ਅਜਿਹੀ ਤਾਂਘ ਜੋ ਉਹਨਾਂ ਨੂੰ ਪਰਿਵਾਰਿਕ ਵਿਰਸੇ ਚੋਂ ਹਾਸਿਲ ਹੋਈ। ਭਾਵੇਂ ਕਿ ਭਗਤ ਸਿੰਘ ਇਕ ਆਮ ਸੰਘਰਸ਼ ਮਈ ਸਿੱਖ ਪਰਿਵਾਰ ਚ ੧੯੦੭ ਚ ਜਨਮਿਆ ਜਿਸ ਦੀ ਲਗਨ ਅਤੇ ਸੋਚ ਉਸ ਸਮੇਂ ਆਰੀਆ ਸਮਾਜ਼ਿਕ ਲਹਿਰ ਤੋਂ ਪ੍ਰਭਾਵਿਤ ਸੀ ਅਤੇ ਇਸ ਲਗਨ ਅਤੇ ਪ੍ਰਭਾਵ ਦਾ ਨਿਸ਼ਾਨ ਭਗਤ ਸਿੰਘ ਨੇ ਬਚਪਨ ਤੋਂ ਹੀ ਆਪਣੀ ਸੋਚ, ਸਮਝ ਅਤੇ ਗਿਆਨ ਦਾ ਆਸਰਾ ਬਣਾਇਆ ਅਤੇ ਬਚਪਨ ਤੋਂ ਹੀ ਮੁਢਲੀ ਵਿਦਿਆ ਨੂੰ ਉਸ ਪੱਖ ਤੋਂ ਪੜਨ ਦਾ ਰਾਹ ਬਣਾਇਆ। ੧੯੦੭ ਤੋਂ ਸ਼ੁਰੂ ਹੋਏ ਇਸ ਬਚਪਨ ਨੇ ਆਪਣੀ ੨੩ ਸਾਲ ਤੱਕ ਚਲੀ ਜੀਵਨ ਯਾਤਰਾ ਨੂੰ ਸਮਝ ਅਤੇ ਗਿਆਨ ਦੇ ਪੁਲ ਰਾਹੀਂ ਇਕ ਅਜਿਹੀ ਤਰਤੀਬ ਚ ਬੁਣ ਲਿਆ ਜਿਸ ਦੀ ਪੈੜ ਅੱਜ ਵੀ ਆਪਣਾ ਪਰਛਾਵਾਂ ਸਮਾਜ਼ ਤੇ ਬਰਕਰਾਰ ਰੱਖ ਰਹੀ ਹੈ। ਬਚਪਨ ਦੀ ਮੁਢਲੀ ਸਕੂਲੀ ਪੜ੍ਹਾਈ ਨੂੰ ਵੀ ਭਗਤ ਸਿੰਘ ਨੇ ਤਰਕਸ਼ੀਲ ਪ੍ਰੀਭਾਸ਼ਾ ਚ ਰੰਗ ਕੇ ਰੱਖਿਆ ਅਤੇ ਉਸਦੇ ਮੁਢਲੇ ਸਾਲਾਂ ਚ ਆਲੇ ਦੁਆਲੇ ਜੋ ਵਿਦੇਸ਼ੀ ਰਾਜ਼ ਦੇ ਡੂੰਘੇ ਹਨੇਰੇ ਸਨ ਨੂੰ ਤਰਕਸ਼ੀਲ ਸੋਚ ਦਾ ਆਧਾਰ ਬਣਾਕੇ ਸਮਝਣਾ ਚਾਹਿਆ ਤਾਂ ਕਿ ਇਸ ਹਨੇਰੇ ਨੂੰ ਆਜ਼ਾਦੀ ਦੇ ਨਿੱਘ ਚ ਤਬਦੀਲ ਕੀਤਾ ਜਾ ਸਕੇ। ਇਸ ਵਿੱਚ ਭਗਤ ਸਿੰਘ ਸਾਹਮਣੇ ਕਈ ਸੁਆਲ ਸਨ, ਮੱਖੁ ਰੂਪ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਲਾ ਮਿਸਾਲ ਕੁਰਬਾਨੀ, ਨਨਕਾਣਾ ਸਾਹਿਬ ਦਾ ਸਾਕਾ, ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ ਜਿਸਨੂੰ ਦੇਖਣ ਲਈ ਭਗਤ ਸਿੰਘ ੧੨ ਸਾਲ ਦੀ ਅਲੜ ਉਮਰ ਕੋਹਾਂ ਮੀਲ ਤੁਰ ਕੇ ਅੱਖੀ ਦੇਖਣ ਗਿਆ, ਅਤੇ ਜੈਤੋ ਦਾ ਮੋਰਚਾ ਜਿਸ ਦੀ ਕਾਮਯਾਬੀ ਨੂੰ ਮਹਾਤਮਾਂ ਗਾਂਧੀ ਨੇ ਆਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ ਕਿਹਾ ਸੀ, ਅਤੇ ਅੰਤ ਲਾਲਾ ਲਾਜਪਤ ਰਾਏ ਤੇ ਹੁੰਦਾ ਅੰਨ੍ਹਾਂ ਅਤਿਆਚਾਰ ਜੋ ਉਹਨਾਂ ਦੀ ਸ਼ਹਾਦਤ ਦਾ ਕਾਰਣ ਬਣਿਆ। ਇਹ ਇਕ ਜੁਆਨ ਹੋ ਰਹੀ ਉਮਰ ਅਤੇ ਸੋਚ ਤੇ ਅਜਿਹੇ ਪ੍ਰਭਾਵ ਸਨ ਜਿਹਨਾਂ ਭਗਤ ਸਿੰਘ ਨੂੰ ਅਜਿਹਾ ਤਰਕਸ਼ੀਲ ਅਤੇ ਗਿਆਨ ਵਾਲ ਇਨਸਾਨ ਬਣਾਇਆ ਜੋ ਆਪਣੇ ਰਾਹਾਂ ਅਤੇ ਸੋਚ ਜੋ ਗਿਆਨ ਦਾ ਪੁਲ ਕਾਫੀ ਹੱਦ ਤੱਕ ਤਹਿ ਕਰ ਚੁਕੀ ਸੀ, ਦੇ ਅਜਿਹੇ ਨਿਸ਼ਾਨ ਛਡ ਗਿਆ ਜਿਸਦੀ ਮੂਰਤ ਤਾਂ ਭਾਵੇਂ ਅੱਜ ਆਜਾਦ ਭਾਰਤ ਦੀ ਜਮਹੂਰੀਅਤ ਦੀ ਹੌਂਦ ਪਾਰਲੀਮੈਂਟ ਵਿੱਚ ਲਗੀ ਹੈ ਪਰ ਸੋਚ ਅਤੇ ਗਿਆਨ ਤੋਂ ਕੋਹਾਂ ਵਿੱਥ ਤੇ ਹੈ।