ਪੰਜਾਬ ਵਿੱਚ ਅੱਜਕੱਲ੍ਹ ਗਰੀਬਾਂ ਦੀ ਸੇਵਾ ਕਰਨ ਦਾ ਦਾਅਵਾ ਕਰਨ ਵਾਲੀਆਂ ਬਹੁਤ ਸਾਰੀਆਂ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਦੀ ਇਮਾਨਦਾਰੀ ਅਤੇ ਪ੍ਰਤੀਬੱਧਤਾ ਬਾਰੇ ਰੌਲਾ ਪਿਆ ਹੋਇਆ ਹੈੈ। ਪੰਜਾਬ ਵਿੱਚ ਕਾਰਜ ਕਰ ਰਹੀਆਂ ਸੇਵਾ ਸੰਸਥਾਵਾਂ ਵਿੱਚੋਂ ਕੁਝ ਜੋ ਲਗਾਤਾਰ ਸ਼ੋਸ਼ਲ ਮੀਡੀਆ ਉੱਤੇ ਸਰਗਰਮੀ ਕਰਦੇ ਹਨ ਉਨ੍ਹਾਂ ਦੇ ਸੇਵਾ ਕਾਰਜਾਂ ਬਾਰੇ ਬਹੁਤ ਸਾਰੇ ਲੋਕਾਂ ਨੇ ਸੁਆਲ ਚੁੱਕੇ ਹਨ। ਇਨ੍ਹਾਂ ਉੱਤੇ ਦੋਸ਼ ਲਾਉਣ ਵਾਲਿਆਂ ਨੇ ਆਖਿਆ ਹੈ ਕਿ ਇੱਕ ਤਾਂ ਇਹ ਵੀਰ ਅਤੇ ਸੰਸਥਾਵਾਂ ਇਨ੍ਹਾਂ ਨੂੰ ਮਿਲਣ ਵਾਲੇ ਪੈਸੇ ਅਤੇ ਉਸ ਪੈਸੇ ਨੂੰ ਖਰਚੇ ਜਾਣ ਬਾਰੇ ਕੋਈ ਸਪਸ਼ਟ ਬਿਓਰਾ ਨਹੀ ਦੇ ਰਹੀਆਂ। ਬਹੁਤ ਸਾਰੇ ਲੋਕਾਂ ਦਾ ਕਹਿਣਾਂ ਹੈ ਕਿ ਕਿਸੇ ਵੀ ਲੋੜਵੰਦ ਦੇ ਘਰ ਜਾਕੇ ਜਦੋਂ ਇਹ ਵੀਰ ਸ਼ੋਸ਼ਲ ਮੀਡੀਆ ਉੱਤੇ ਵੀਡੀਓ ਪਾਉਂਦੇ ਹਨ ਤਾਂ ਗਰੀਬ ਲੋਕਾਂ ਦੀ ਮਾੜੀ ਹਾਲਤ ਤੇ ਤਰਸ ਖਾਕੇ ਦੇਸ਼-ਵਿਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਸੰਸਥਾਵਾਂ-ਸ਼ਖਸ਼ੀਅਤਾਂ ਨੂੰ ਪੈਸੇ ਭੇਜਦੇ ਹਨ, ਪਰ ਜਿੰਨੇ ਪੈਸੇ ਇਨ੍ਹਾਂ ਨੂੰ ਮਿਲਦੇ ਹਨ ਓਨੇ ਉਸ ਗਰੀਬ ਪਰਿਵਾਰ ਦੀ ਲੋੜ ਨਹੀ ਹੁੰਦੇ ਜਾਂ ਉਸ ਗਰੀਬ ਪਰਿਵਾਰ ਨੂੰ ਦਿੱਤੇ ਨਹੀ ਜਾਂਦੇ। ਭਾਵ ਗਰੀਬ ਪਰਿਵਾਰ ਨੂੰ ਕੁਲ੍ਹ ਹਾਸਲ ਹੋਏ ਪੈਸਿਆਂ ਦਾ ਇੱਕ ਛੋਟਾ ਹਿੱਸਾ ਦੇਕੇ ਬਾਕੀ ਦੀ ਰਕਮ ਆਪਣੇ ਨਿੱਜੀ ਕਾਰਜਾਂ ਲਈ ਵਰਤ ਲਈ ਜਾਂਦੀ ਹੈੈ।
ਹੁਣ ਦੋ ਸੇਵਾ ਕਰਨ ਵਾਲੇ ਵੀਰਾਂ ਨੇ ਜੋ ਮਹਿੰਗੀਆਂ ਗੱਡੀਆਂ ਖਰੀਦੀਆਂ ਹਨ ਉਸ ਬਾਰੇ ਵਿਵਾਦ ਭਖ ਗਿਆ ਹੈੈ। ਬੇਸ਼ੱਕ ਇਨ੍ਹਾਂ ਦੋਵਾਂ ਵੀਰਾਂ ਨੇ ਆਪਣੇ ਕੁਝ ਸਪਸ਼ਟੀਕਰਨ ਦਿੱਤੇ ਹਨ ਪਰ ਇਸਦੇ ਨਾਲ ਹੀ ਇੱਕ ਵੀਰ ਦੇ ਭਰਾ ਨੇ ਕਿਸੇ ਸੁਆਲ ਕਰਨ ਵਾਲੇ ਨੂੰ ਧਮਕੀਆਂ ਵੀ ਦਿੱਤੀਆਂ ਹਨ ਅਤੇ ਉਸਨੂੰ ਬੁਰਾ ਭਲਾ ਵੀ ਆਖਿਆ ਹੈੈ।
ਇਸ ਗੱਲ ਤੋਂ ਸ਼ੱਕ ਹੋਰ ਵਧ ਜਾਂਦਾ ਹੈ ਕਿ ਜੇ ਕੋਈ ਵਾਕਿਆ ਹੀ ਸੱਚੇ ਦਿਲੋਂ ਸੇਵਾ ਕਰ ਰਿਹਾ ਹੈ ਤਾਂ ਉਸਨੂੰ ਆਪਣੇ ਬਾਰੇ ਉਠਣ ਵਾਲੇ ਸੁਆਲਾਂ ਦਾ ਸਹਿਜ ਨਾਲ ਜੁਆਬ ਦੇਣਾਂ ਚਾਹੀਦਾ ਹੈ ਨਾ ਕਿ ਗਾਲੀ ਗਲੋਚ ਕਰਨਾ ਚਾਹੀਦਾ ਹੈੈ।
ਪੰਜਾਬ ਗੁਰੂਆਂ ਦੇ ਨਾਅ ਤੇ ਜੀਂਦਾ ਹੈੈ। ਇਹ ਗੁਰੂ ਸਾਹਿਬ ਵੱਲੋਂ ਵਰੋਸਾਈ ਹੋਈ ਧਰਤੀ ਹੈੈੈ। ਗੁਰੂ ਸਾਹਿਬ ਨੇ ਸਾਨੂੰ ਗਰੀਬਾਂ ਅਤੇ ਦੁਖੀਆਂ ਦੀ ਨਿਰਸੁਆਰਥ ਸੇਵਾ ਕਰਨ ਦਾ ਆਦੇਸ਼ ਦਿੱਤਾ ਹੋਇਆ ਹੈੈ। ਇਸ ਵੇਲੇ ਜਦੋਂ ਲੋਕਾਂ ਦੀ ਬਾਂਹ ਫੜਨ ਵਾਲਾ ਸਾਰਾ ਸਿਆਸੀ, ਸਰਕਾਰੀ ਅਤੇ ਸਮਾਜੀ ਢਾਂਚਾ ਭਰਿਸ਼ਟ ਹੋ ਗਿਆ ਹੈੈ। ਜਦੋਂ ਉਸ ਢਾਂਚੇ ਤੋਂ ਕੋਈ ਉਮੀਦ ਨਹੀ ਕੀਤੀ ਜਾ ਸਕਦੀ ਉਸ ਸਥਿਤੀ ਵਿੱਚ ਇਹ ਸੇਵਾ ਸੰਸਥਾਵਾਂ ਹੀ ਪੰਜਾਬ ਦੇ ਲੋੜਵੰਦਾਂ ਦੀ ਬਾਂਹ ਫੜ ਰਹੀਆਂ ਹਨ।
ਪਿਛਲੇ ਸਮੇਂ ਦੌਰਾਨ ਇਨ੍ਹਾਂ ਸੰਸਥਾਵਾਂ ਨੇ ਬਹੁਤ ਚੰਗੇ ਕਾਰਜ ਕੀਤੇ ਹਨ।ਜਿਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈੈ। ਪਰ ਇਸਦੇ ਨਾਲ ਹੀ ਅਸੀਂ ਇਨ੍ਹਾਂ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਸੇਵਾ ਦੇ ਇਨ੍ਹਾਂ ਕਾਰਜਾਂ ਵਿੱਚ ਵੱਡੀ ਪਾਰਦਰਸ਼ਤਾ ਲਿਆਂਦੀ ਜਾਣੀ ਚਾਹੀਦੀ ਹੈੈੈ। ਇਨ੍ਹਾਂ ਸੰਸਥਾਵਾਂ ਨੂੰ ਕੁਝ ਅਜਿਹਾ ਢਾਂਚਾ ਬਣਾਉਣਾਂ ਚਾਹੀਦਾ ਹੈ ਜਿਸ ਨਾਲ ਲੋਕ ਇਨ੍ਹਾਂ ਦੀ ਸੰਸਥਾ ਦੇ ਕਾਰਜਾਂ ਅਤੇ ਖਰਚਿਆਂ ਨੂੰ ਆਨ-ਲਾਈਨ ਹੀ ਦੇਖ ਸਕਣ।
ਅਜਿਹਾ ਹੋਣ ਨਾਲ ਜਿੱਥੇ ਸੰਸਥਾ ਦਾ ਅਕਸ ਬਰਕਰਾਰ ਰਹੇਗਾ ਉੱਥੇ ਹੋਰ ਸੇਵਾਦਾਰਾਂ ਨੂੰ ਵੀ ਉਤਸ਼ਾਹਤ ਕਰੇਗਾ ਕਿ ਉਹ ਸਹੀ ਰੂਪ ਵਿੱਚ ਸੇਵਾ ਕਰਨ ਵਾਲਿਆਂ ਨੂੰ ਹੀ ਆਪਣਾਂ ਦਾਨ ਭੇਜਣ।ਗੁਰੂ ਸਾਹਿਬ ਨੇ ਸਾਨੂੰ ਜਿੱਥੇ ਸੇਵਾ ਕਰਨ ਦਾ ਆਦੇਸ਼ ਦਿੱਤਾ ਹੈ ਉੱਥੇ ਦਾਨ ਵੀ ਅਕਲ ਨਾਲ ਕਰਨ ਦਾ ਆਦੇਸ਼ ਦਿੱਤਾ ਹੈੈੈ।
ਸੋ ਇੱਕ ਸਿੱਖ ਲਈ ਅਕਲ ਨਾਲ ਦਾਨ ਕਰਨ ਦਾ ਮਤਲਬ ਹੀ ਇਹ ਹੈ ਕਿ ਉਸੇ ਥਾਂ ਦਾਨ ਦਿੱਤਾ ਜਾਵੇ ਜਿੱਥੇ ਦਾਨ ਦੀ ਸਹੀ ਵਰਤੋਂ ਹੋਣ ਦੀ ਸੰਭਾਵਨਾ ਮੌਜੂਦ ਹੋਵੇ।
ਹੁਣ ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਇਨ੍ਹਾਂ ਸੇਵਾ ਸੰਸਥਾਵਾਂ ਬਾਰੇ ਸੁਆਲ ਚੁੱਕੇ ਜਾ ਰਹੇ ਹਨ ਤਾਂ ਬਿਹਤਰ ਇਹੋ ਹੀ ਹੋਵੇਗਾ ਕਿ ਉਹ ਆਪਣੇ ਸਾਰੇ ਕਾਰਜ ਲੋਕਾਂ ਦੀ ਕਚਹਿਰੀ ਵਿੱਚ ਸਪਸ਼ਟ ਕਰ ਦੇਣ । ਅਜਿਹਾ ਕਰਨ ਨਾਲ ਹੀ ਉਨ੍ਹਾਂ ਦਾ ਸਮਾਜ ਸੇਵੀ ਵੱਜੋਂ ਇੱਕ ਇਮਾਨਦਾਰ ਅਕਸ ਬਰਕਰਾਰ ਰਹਿ ਸਕਦਾ ਹੈੈ। ਇਸ ਨਾਲ ਸਾਰਿਆਂ ਦਾ ਹੀ ਭਲਾ ਹੋਵੇਗਾ। ਦਾਨੀ ਸੱਜਣਾਂ ਦਾ ਵੀ, ਲੋੜਵੰਦਾਂ ਦਾ ਵੀ ਅਤੇ ਸੇਵਾ ਕਰਨ ਵਾਲੇ ਵੀਰਾਂ ਦਾ ਵੀ।