ਪਿਛਲੇ ਹਫਤੇ ਪੰਜਾਬ ਐਸੰਬਲੀ ਦੇ ਬਜਟ ਸਦਨ ਦੌਰਾਨ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਪ੍ਰਸਤੀ ਵਾਲੀ ਸਰਕਾਰ ਜਿਸਦੀ ਅਗਵਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਵਜੋਂ ਕਰ ਰਹੇ ਹਨ, ਨੇ ਪੰਜਾਬ ਦੀ ਮਾਨਸਿਕਤਾ, ਆਰਥਿਕਤਾ, ਕਿਸਾਨੀ ਤੇ ਸਨਅਤੀ ਵਿਕਾਸ ਦੇ ਨਾਲ ਜੁੜੀਆਂ ਭਾਵਨਾਵਾਂ ਨੂੰ ਉਛਾਲਣ ਲਈ ਇੱਕ ਅਹਿਮ ਫੈਸਲੇ ਰਾਹੀਂ ੧੯੬੬ ਤੋਂ ਪੰਜਾਬ ਹਰਿਆਣਾ ਦੀ ਵੰਡ ਸਮੇਂ ਦਾ ਨਹਿਰੀ ਪਾਣੀਆਂ ਦੇ ਵਿਵਾਦ ਨੂੰ ਸਦੀਵੀ ਤੌਰ ਤੇ ਖਤਮ ਕਰਨ ਲਈ ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਬੰਦ ਸਦਾ ਲਈ ਬੰਦ ਕਰਨ ਲਈ ਪੰਜਾਬ ਦੇ ਸਦਨ ਅੰਦਰ ਸਰਬ-ਸੰਮਤੀ ਨਾਲ ਸਾਰੀਆਂ ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਇੱਕ ਬਿੱਲ ਪਾਸ ਕਰਕੇ ਨਹਿਰ ਬਣਨ ਤੇ ਰੋਕ ਲਾ ਦਿੱਤੀ ਹੈ। ਇਸ ਬਿੱਲ ਤੇ ਭਾਵੇਂ ਕਾਨੂੰਨ ਬਣਨ ਦੇ ਆਸਾਰ ਬਹੁਤ ਮੱਧਮ ਹਨ ਬਲਕਿ ਨਾ-ਮਾਤਰ ਹੀ ਹਨ ਕਿਉਂਕਿ ਇਸ ਬਿੱਲ ਉਤੇ ਪੰਜਾਬ ਦੇ ਗੁਵਰਨਰ ਨੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਹੈ ਤੇ ਭਾਰਤ ਦੀ ਮੁੱਖ ਨਿਆਲਿਆ ਨੇ ਵੀ ਸਖਤੀ ਵਰਤਦਿਆ ਭਾਰਤ ਦੇ ਸੰਘੀ ਢਾਂਚੇ ਨੂੰ ਬਰਕਰਾਰ ਰੱਖਣ ਲਈ ਇਸ ਬਿੱਲ ਦੀ ਕਿਸੇ ਵੀ ਕਾਰਵਾਈ ਤੇ ਪੂਰਨ ਰੋਕ ਲਾ ਦਿੱਤੀ ਹੈ। ਭਾਵੇਂ ਕਿ ਇਹ ਫੈਸਲਾ ਅੱਜ ਸ੍ਰ. ਬਾਦਲ ਜੋ ਕਿ ਪੰਜ ਵਾਰ ਮੁੱਖ ਮੰਤਰੀ ਵਜੋਂ ਪੰਜਾਬ ਦੀ ਡੋਰ ਸੰਭਾਲ ਚੁੱਕੇ ਹਨ, ਨੇ ਉਸ ਵਕਤ ਇਹ ਕਦਮ ਚੁੱਕਿਆ ਹੈ ਜਦੋਂ ਉਹਨਾਂ ਨੂੰ ਇਹ ਜਾਪ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਵਜੂਦ ਇੱਕ ਤਰਾਂ ਨਾਲ ਹਾਸ਼ੀਏ ਤੇ ਆ ਚੁੱਕਿਆ ਹੈ ਤੇ ਆਉਣ ਵਾਲੀਆਂ ੨੦੧੭ ਦੀਆਂ ਪੰਜਾਬ ਸਦਨ ਦੀਆਂ ਚੋਣਾਂ ਸਿਰ ਤੇ ਖੜੀਆਂ ਹਨ ਨੂੰ ਦੇਖਦਿਆਂ ਹੋਇਆਂ ਸਿਆਸੀ ਮਾਹਿਰਾਂ ਮੁਤਾਬਕ ਇਹ ਪੰਜਾਬ ਤੇ ਪੰਜਾਬੀਆਂ ਦੀਆਂ ਤੇ ਖਾਸ ਕਰ ਕੇ ਪੰਜਾਬੀ ਕਿਸਾਨੀ ਦੀਆਂ ਭਾਵਨਾਵਾਂ ਨੂੰ ਇੱਕ ਵਾਰ ਫੇਰ ਉਛਾਲਣ ਵਾਲਾ ਕਦਮ ਹੈ। ਜਿਸ ਦਾ ਵਜੂਦ ਕਦੀ ਮੁਕਾਮ ਤੇ ਪਹੁੰਚੇਗਾ ਜਾਂ ਨਹੀਂ ਇਸ ਉਤੇ ਵੱਡਾ ਸਵਾਲੀਆਂ ਚਿੰਨ ਲੱਗਿਆਂ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਸ੍ਰ. ਬਾਦਲ ਦੀ ਰਹਿਨੁਮਾਈ ਅੰਦਰ ਸਦਾ ਹੀ ਚੋਣਾਂ ਮੌਕੇ ਪੰਜਾਬ ਤੇ ਸਿੱਖੀ ਨਾਲ ਜੁੜੇ ਦੁਖਾਂਤਮਈ ਦੋ ਵੱਡੇ ਮੁੱਦੇ ੧੯੮੪ ਦਾ ਸਿੱਖਾਂ ਦਾ ਕਤਲੇਆਮ ਤੇ ਦਰਬਾਰ ਸਾਹਿਬ ਤੇ ਹੋਇਆ ਜੂਨ ਚੁਰਾਈ ਦਾ ਹਮਲਾ ਤੇ ਚੋਣਾਂ ਅੰਦਰ ਹੋਰ ਸਿਆਸੀ ਲਾਹਾ ਲੈਣ ਲਈ ਪਾਣੀਆਂ ਤੇ ਨਹਿਰ ਦਾ ਮੁੱਦਾ ਲੋਕਾਂ ਦੀਆਂ ਭਾਵਨਾਵਾਂ ਨੂੰ ਇਸ ਨਾਲ ਜੋੜ ਕੇ ਸਿਆਸੀ ਜਿੱਤਾਂ ਲਈ ਸਦਾ ਹੀ ਵਰਤਦੇ ਆਏ ਹਨ। ਭਾਵੇਂ ਕਿ ਅੱਜ ਪੰਜਾਬ ਪਿਛਲੇ ਕਈ ਦਹਾਇਆਂ ਤੋਂ ਲਗਾਤਾਰ ਨਮੋਸ਼ੀ ਦੀਆਂ ਲੀਹਾਂ ਛੂੰਹਦਾ ਆਇਆ ਹੈ ਤੇ ਆਪਣਾਂ ਮੁਹਾਂਦਰਾ ਤੇ ਬਾਹਰਲੀ ਦਿੱਖ ਤਾਂ ਸਦਾ ਖੁਸਹਾਲੀ ਵਾਲੀ ਦਿਖਾਉਂਦਾ ਹੈ ਪਰ ਅੰਦਰੋਂ ਹਰ ਖੇਤਰ ਵਿੱਚ ਅੱਜ ਇਹ ਪੰਜਾਬ ਆਪਣੀ ਲੀਹ ਤੋਂ ਇੰਨਾ ਗੁਆਚ ਚੁੱਕਾ ਹੈ ਕਿ ਹਰ ਹੁਨਰਮੰਦ ਨੌਜਵਾਨ ਪੰਜਾਬ ਨੂੰ ਛੱਡ ਕੇ ਹਰ ਮਹੀਨੇ ਤੇ ਹਰ ਦਿਨ ਆਪਣੀਆਂ ਜਮੀਨਾਂ–ਕਾਰੋਬਾਰ ਤੇ ਇਥੋਂ ਤੱਕ ਕੇ ਆਪਣੇ ਘਰ-ਬਾਰ ਵੀ ਵੇਚ ਕੇ ਜਾਂ ਗਿਰਵੀ ਰੱਖ ਕੇ ਪੰਛਮੀ ਮੁਲਕਾ ਵੱਲ ਵਹੀਰਾਂ ਰਿਹਾ ਹੈ। ਖੇਤੀ ਜੋ ਕਿ ਅੱਜ ਹਰ ਰੋਜ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ ਦੀ ਭੇਂਟ ਚੜ ਰਹੀਂ ਹੈ ਤੇ ਪ੍ਰਮੁੱਖ ਸਨਅਤੀ ਵਿਕਾਸ ਨਾਲ ਜੁੜੇ ਕਾਰੋਬਾਰ, ਪੰਜਾਬ ਦੀ ਧਰਤੀ ਨੂੰ ਛੱਡ ਕੇ ਭਾਰਤ ਦੇ ਦੂਜੇ ਪ੍ਰਾਂਤਾਂ ਵੱਲ ਜਾ ਰਹੇ ਹਨ। ਅਮਰੀਕਾ ਦੇ ੧੯ ਸੋ ਦੇ ਸ਼ੁਰੂ ਵਿੱਚ ਆਰਥਿਕ ਤੰਗੀ ਵੇਲੇ ਇੱਕ ਲਿਖਾਰੀ ਜੌਹਨ ਸਟੈਨਬੈਕ ਜਿਸਨੂੰ ਕਿ ਨੋਬਲ ਪੁਰਸਕਾਰ ਵੀ ਉਸੇ ਨਾਵਲਾਂ ਕਰਕੇ ਮਿਲਿਆ ਹੋਇਆ ਹੈ ਨੇ ਆਪਣੀ ਇੱਕ ਕਿਤਾਬ ਅੰਦਰ ਟਿੱਪਣੀ ਸਿਆਸਤਦਾਨਾਂ ਬਾਰੇ ਕੀਤੀ ਸੀ ਤੇ ਕਿਹਾ ਸੀ ਕਿ ਸਿਆਸਤਦਾਨਾਂ ਦੀ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਉਹਨਾਂ ਅੰਦਰ ਕਿਸੇ ਵੀ ਤਬਦੀਲੀ ਪ੍ਰਤੀ ਵਿਰੋਧ ਵੀ ਵੱਧਦਾ ਜਾਂਦਾ ਹੈ, ਖਾਸ ਤੌਰ ਤੇ ਉਦੋਂ ਜਦੋਂ ਤਬਦੀਲੀ ਚੰਗਿਆਈ ਲਈ ਹੋਵੇ। ਇਹ ਤੁਕਾਂ ਅੱਜ ਪੰਜਾਬ ਦੇ ਦੋ ਪ੍ਰਮੁੱਖ ਸਿਆਸੀ ਰਹਿਨੁਮਾਵਾਂ ਤੇ ਵੀ ਪੂਰੀ ਤਰਾਂ ਢੁਕਦੀਆਂ ਹਨ। ਕਿਉਂ ਕਿ ਦੋਨਾਂ ਸਿਆਸੀ ਪਾਰਟੀਆਂ ਦੇ ਰਹਿਨੁਮਾਵਾਂ ਨੇ ਆਪਣੀਆਂ ਸਰਕਾਰਾਂ ਸਮੇਂ ਇਸ ਨਹਿਰੀ ਪਾਣੀ ਦੇ ਭਾਵਨਾਤਮਕ ਮੁੱਦੇ ਨੂੰ ਚੋਣ ਜਿੱਤਣ ਲਈ ਵਰਤਣ ਦੀ ਪੂਰੀ ਵਾਹ ਲਾਈ ਹੈ। ਇੱਕ ਨੇ ਇਹ ਵਾਹ ੨੦੦੪ ਵਿੱਚ ਲਾਈ ਸੀ ਪਰ ਉਹ ਆਈ ਪਾਰਟੀ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਜਿੱਤ ਨਹੀਂ ਸੀ ਦਿਵਾ ਸਕਿਆ ਤੇ ਇੱਕ ਸਿਆਸੀ ਰਹਿਨੁਮਾ ਨੇ ਹੁਣ ੨੦੧੬ ਵਿੱਚ ਪੂਰੀ ਵਾਹ ਲਾਈ ਹੈ। ਇਹ ਸਮਾਂ ਹੀ ਦੱਸੇਗਾ ਕਿ ਇਹ ਇਸਤੋਂ ਆਉਣ ਵਾਲੀਆਂ ਚੋਣਾਂ ਵਿੱਚ ਸਿਆਸੀ ਲਾਹਾ ਲੈ ਸਕੇਗਾ ਕਿ ਨਹੀਂ।
ਪੰਜਾਬ ਨੂੰ ਅਤੇ ਖਾਸ ਕਰਕੇ ਸਿੱਖ ਕੌਮ ਨੂੰ ਅੱਜ ਹੋਰ ਵਾਦ-ਵਿਵਾਦਾਂ ਤੇ ਝਗੜਿਆਂ ਦੀ ਬਜਾਇ ਸੁੱਚਜੀ ਕੌਮੀ ਅਗਵਾਈ ਦੀ ਮੁੱਖ ਲੋੜ ਹੈ। ਕਿਉਂ ਕਿ ਇਸ ਨਹਿਰ ਤੋਂ ਚੱਲਿਆ ਧਰਮ-ਯੁੱਧ ਮੋਰਚਾ ਜੋ ਬਾਅਦ ਵਿੱਚ ਸਿੱਖ ਸੰਘਰਸ਼ ਵਿੱਚ ਤਬਦੀਲ ਹੋ ਗਿਆ, ਨੇ ਪਿਛਲੇ ਤਿੰਨ ਦਹਾਕਿਆਂ ਅੰਦਰ ਪੰਜਾਬ ਦੀ ਸਿੱਖ ਨੌਜਵਾਨੀ ਤਾਂ ਹਜ਼ਾਰਾਂ ਦੀ ਤਾਦਾਦ ਵਿੱਚ ਆਪਣੀ ਲਪੇਟ ਵਿੱਚ ਲੈ ਕੇ ਅਜਿਹੀ ਰਾਖ ਕੀਤੀ ਜਿਸਦੀ ਸੁਆਹ ਅੱਜ ਵੀ ਪੰਜਾਬ ਦੀਆਂ ਨਦੀਆਂ ਨਹਿਰਾਂ ਤੇ ਜ਼ਮੀਨਾਂ ਵਿੱਚ ਥਾਂ-ਥਾ ਖਿੱਲਰੀ ਪਈ ਹੈ ਤੇ ਉਸਦਾ ਅੱਜ ਤੱਕ ਕੋਈ ਅਰਥ ਨਹੀਂ ਲੱਭਿਆ। ਇਸ ਤੋਂ ਵੀ ਉੱਪਰ ਇਸੇ ਨਹਿਰ ਤੋਂ ਚੱਲੇ ਮੋਰਚੇ ਨੇ ਸਿੱਖਾਂ ਨੂੰ ਮੁੱਖ ਧਾਰਮਿਕ ਅਸਥਾਨ ਦਰਬਾਰ ਸਾਹਿਬ ਤੇ ਅਕਾਲ ਤਖਤ ਤਾਂ ਢੁਹਾ ਹੀ ਲਿਆ ਸਗੋਂ ਸਿੱਖਾਂ ਦੇ ਕੌਮੀ ਨਾਇਕ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਵੀ ਕੌਮ ਤੋਂ ਖੋਹ ਲਿਆ ਤੇ ਪ੍ਰਮੁੱਖ ਸਿੱਖਾਂ ਦੀ ਪ੍ਰਤੀਨਿਧ ਜਮਾਤ ਨੇ ਇਸ ਨਹਿਰ ਤੋਂ ਤੁਰੀ ਰਾਖ ਨੂੰ ਸਮੇਂ ਸਮੇਂ ਸਿਰ ਆਪਣੇ ਜਾਤੀ ਮੁਫਾਂਦਾਂ ਲਈ ਲਾਹੇਵੰਦ ਕਰਕੇ ਲੰਮਾ ਸਮਾਂ ਇਸੇ ਰਾਖ ਵਿਚੋਂ ਰਾਜ-ਭਾਗ ਤੇ ਆਪਣੇ ਆਪ ਨੂੰ ਕੌਮ ਤੇ ਪੰਜਾਬ ਦੇ ਰਾਖੇ ਹੋਣ ਦਾ ਮਾਣ ਜਰੂਰ ਪ੍ਰਾਪਤ ਕਰ ਲਿਆ। ਭਾਵੇਂ ਇਸਦੇ ਹੇਠਾਂ ਖਿੱਲਰੀ ਰਾਖ ਅੱਜ ਵੀ ਆਪਣਾ ਮਲਾਹ ਤੇ ਰਾਹ ਲੱਭ ਰਹੀ ਹੈ।