ਜੁਝਾਰੂ ਧਾਰਾ ਨਾਲ ਜੁੜੇ ਹੋਏ ਅਕਾਲੀ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਕੁਝ ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ। ਬੇਸ਼ੱਕ ਸਰਦਾਰ ਮਾਨ ਦੀ ਜਿੱਤ ਬਹੁਤ ਵੱਡੇ ਫਰਕ ਨਾਲ ਤਾਂ ਨਹੀ ਹੋਈ ਪਰ ਫਿਰ ਵੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਕਿਲਾ ਢਾਹ ਲਿਆ ਹੈ। ਜਿੱਥੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ ਹਰਾਇਆ ਉੱਥੇ ਬਾਕੀ ਤਿੰਨ ਵੱਡੀਆਂ ਪਾਰਟੀਆਂ ਦੀਆਂ ਜਮਾਨਤਾਂ ਵੀ ਇਸ ਚੋਣ ਦੰਗਲ ਵਿੱਚ ਜਬਤ ਹੋ ਗਈਆਂ ਹਨ। ਸਭ ਤੋਂ ਬੁਰਾ ਹਾਲ ਉਸ ਅਕਾਲੀ ਦਲ ਦਾ ਹੋਇਆ ਹੈ ਜਿਸਦੇ ਨੇਤਾ ਕਦੇ ਚੰਦ ਉੱਤੇ ਰੈਲੀਆਂ ਕਰਨ ਦੀਆਂ ਫੜ੍ਹਾਂ ਮਾਰਦੇ ਹੁੰਦੇ ਸਨ। ਭਾਈ ਬਲਵੰਤ ਸਿੰਘ ਰਾਜੋਆਣਾਂ ਦੀ ਭੈਣ ਨੂੰ ਚੋਣ ਦੰਗਲ ਵਿੱਚ ਉਤਾਰ ਕੇ ਵੀ ਅਕਾਲੀ ਦਲ ਆਪਣੀ ਇੱਜ਼ਤ ਬਚਾਉਣ ਵਿੱਚ ਕਾਮਯਾਬ ਨਹੀ ਹੋ ਸਕਿਆ।
ਨਿਰਸੰਦੇਹ ਸੰਗਰੂਰ ਲੋਕ ਸਭਾ ਦੇ ਇਸ ਨਤੀਜੇ ਨੇ ਕਈ ਨਵੇਂ ਸਬਕ ਪੰਜਾਬ ਦੇ ਰਾਜਨੀਤੀਵਾਨਾਂ ਨੂੰ ਦਿੱਤੇ ਹਨ। ਇੱਕ ਤਾਂ ਇਹ ਕਿ ਪੰਜਾਬ ਹੁਣ ਮੁੜ ਤੋਂ ਸੰਘਰਸ਼ ਦੀ ਰਾਜਨੀਤੀ ਵੱਲ ਮੁੜ ਰਿਹਾ ਹੈ। ਭਾਰਤ ਸਰਕਾਰ ਨਾਲ ਮਿਲਕੇ ਅਕਾਲੀ ਦਲ ਦੀ ਲੀਡਰਸ਼ਿੱਪ ਨੇ ਪੰਥ ਨੂੰ ਜੋ ਸੰਘਰਸ਼ ਦੀ ਰਾਜਨੀਤੀ ਤੋਂ ਦੂਰ ਕਰਕੇ ਮਹਿਜ਼ ਸੱਤਾ ਦੇ ਬੁੱਲੇ ਲੁੱਟਣ ਦੇ ਆਦੀ ਬਣਾ ਦਿੱਤਾ ਸੀ ਉਹ ਰਾਜਨੀਤੀ ਹੁਣ ਆਪਣੀ ਅਉਧ ਪੁਗਾ ਗਈ ਹੈ। ਮਾਰਚ ਮਹੀਨੇ ਵਿੱਚ ਜਦੋਂ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਬੇਇੱਜ਼ਤ ਕਰਕੇ ਨਕਾਰ ਦਿੱਤਾ ਸੀ ਉਸ ਵੇਲੇ ਇਹ ਗੂੰਜਵਾਂ ਸੰਦੇਸ਼ ਪੰਜਾਬ ਦੇ ਸਿਆਸਤਦਾਨਾਂ ਲਈ ਗਿਆ ਸੀ ਕਿ ਉਹ ਰਵਾਇਤੀ ਰਾਜਨੀਤੀ ਤੋਂ ਉੱਪਰ ਉੱਠਣ। ਪਰ ਆਮ ਆਦਮੀ ਪਾਰਟੀ ਨੇ ਇਸਨੂੰ ਆਪਣੇ ਦਿੱਲੀ ਮਾਡਲ ਲਈ ਫਤਵਾ ਮੰਨਣ ਦੀ ਗਲਤੀ ਕਰ ਲਈ।
ਪੰਜਾਬ ਦੀ ਜਾਗੀ ਹੋਈ ਨੌਜਵਾਨੀ ਨੇ ਜਿਸ ਤਰ੍ਹਾਂ ਨਾਲ ਭਰਿਸ਼ਟ ਰਾਜਨੀਤੀ ਨੂੰ ਹੂੰਝ ਕੇ ਪਰ੍ਹਾਂ ਸੁਟਿਆ ਹੈ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਲਈ ਵੀ ਇੱਕ ਵੱਡਾ ਸੰਦੇਸ਼ ਹੈ। ਆਮ ਆਦਮੀ ਪਾਰਟੀ ਦੇ ਗੜ੍ਹ ਵਿੱਚੋਂ ਸਰਦਾਰ ਮਾਨ ਦੀ ਜਿੱਤ ਬਹੁਤ ਵੱਡੇ ਸੰਕੇਤ ਦੇਂਦੀ ਹੈ। ਸਭ ਤੋਂ ਵੱਡਾ ਸੰਦੇਸ਼ ਇਸ ਚੋਣ ਦਾ ਇਹ ਹੈ ਕਿ ਪੰਜਾਬ ਸਿੱਖਾਂ ਦੀ ਕੌਮੀ ਰਾਜਨੀਤੀ ਦੀ ਭਾਲ ਕਰ ਰਿਹਾ ਹੈ। ਪੰਜਾਬ ਨੂੰ ਆਪਣੀ ਹੋਂਦ ਦੀ ਲੜਾਈ ਦਾ ਫਿਕਰ ਹੋ ਗਿਆ ਹੈ। ਜਿਸ ਸਿਆਸੀ ਫਿਕਰੇ ਨੂੰ ਪਿਛਲੇ 25 ਸਾਲਾਂ ਦੌਰਾਨ ਸਭ ਤੋਂ ਵੱਧ ਅਤੇ ਸਭ ਤੋਂ ਵੱਡੀ ਕਰੂਰਤਾ ਨਾਲ ਕੁਚਲਿਆ ਗਿਆ ਸੀ, ਉਹ ਹੀ ਸਿਆਸੀ ਵਿਚਾਰਧਾਰਾ ਪੰਜਾਬ ਨੂੰ ਸਤਾਉਣ ਲੱਗੀ ਹੈ। ਸਰਦਾਰ ਮਾਨ ਦੀ ਜਿੱਤ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਦੀਪ ਸਿੱਧੂ ਵੱਲੋਂ ਜਗਾਈ ਗਈ ਹੋਂਦ ਦੀ ਲੜਾਈ ਦੀ ਚਿਣਗ ਹੁਣ ਕੁਝ ਮਘਣ ਲੱਗੀ ਹੈ ਅਤੇ ਆਪਣੇ ਅਸਰ ਛੱਡਣ ਲੱਗ ਪਈ ਹੈ। ਪੰਜਾਬ ਦੀ ਹੋਂਦ ਦੀ ਲੜਾਈ ਦਾ ਸੰਕਲਪ ਇਸ ਧਰਤੀ ਤੇ ਆਪਣੇ ਪੈਰ ਟਿਕਾਉਣ ਲੱਗ ਪਿਆ ਹੈ। ਹੁਣ ਪੰਜਾਬ ਨੂੰ ਇਸ ਦਿਸ਼ਾ ਵਿੱਚ ਹੀ ਅੱਗੇ ਵਧਾਉਣ ਦੀ ਲੋੜ ਹੈ।
ਸਰਦਾਰ ਮਾਨ ਤੇ ਇਸ ਚੋਣ ਨੇ ਜੋ ਜਿੰਮੇਵਾਰੀ ਆਇਦ ਕੀਤੀ ਹੈ ਉ੍ਹਹ ਹੈ ਸਿੱਖਾਂ ਦੀ ਕੌਮੀ ਹੋਂਦ ਦੀ ਲੜਾਈ ਨੂੰ ਮਜਬੂਤ ਕਰਨ ਦੇ ਯਤਨਾਂ ਦੀ। ਪੰਜਾਬ ਨੇ 25 ਸਾਲਾਂ ਦੌਰਾਨ ਲੁੱਟ ਖਸੁੱਟ ਦੀ ਰਾਜਨੀਤੀ ਦਾ ਸਿਰਾ ਹੰਢਾ ਲਿਆ ਹੈ। ਹੁਣ ਪੰਜਾਬ ਆਪਣੀ ਹੋਂਦ ਵੱਲ ਨੂੰ ਮੁੜ ਰਿਹਾ ਹੈ। ਦੀਪ ਸਿੱਧੂ ਨੇ ਜੋ ਚਿਣਗ ਜਗਾਈ ਸੀ ਉਸਨੂੰ ਸਿੱਧੂ ਮੂਸੇਵਾਲੇ ਦੀ ਤਾਜ਼ਾ ਗੀਤ ਨੇ ਹੋਰ ਬਲ ਬਖਸ਼ਿਆ ਹੈ। ਜੇ ਪੰਜਾਬ ਧੱਕੇ ਨਾਲ ਕਿਸੇ ਨੂੰ ਤੁਪਕਾ ਨਾ ਦੇਣ ਦੀ ਵਾਰ ਗਾ ਰਿਹਾ ਹੈ ਤਾਂ ਇਸੇ ਬਹੁਤ ਡੂੰਘੇ ਅਰਥ ਹਨ। ਜੋ ਕਾਰਜ ਭਾਈ ਬਲਵਿੰਦਰ ਸਿੰਘ ਜਟਾਣਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਕੀਤਾ ਸੀ ਉਸਦੀ ਗੰਭੀਰ ਯਾਦ ਜੇ ਪੰਜਾਬ ਦੇ ਮਨਾਂ ਵਿੱਚ ਤੜਪ ਬਣਕੇ ਉਭਰ ਪਈ ਹੈ ਤਾਂ ਸਮਝ ਆਉਂਦਾ ਹੈ ਕਿ ਪੰਜਾਬ ਦੀ ਰਾਜਨੀਤੀ ਦਾ ਲੁੱਟ ਖਸੁੱਟ ਵਾਲਾ ਦੌਰ ਖਤਮ ਹੋ ਗਿਆ ਹੈ।
ਸਰਦਾਰ ਮਾਨ ਦਾ ਹੁਣ ਤੱਕ ਦਾ ਨਿੱਜੀ ਸੁਭਾਅ ਕੁਝ ਠੀਕ ਨਹੀ ਰਿਹਾ ਪਰ ਹੁਣ ਜਦੋਂ ਬਹੁਤ ਲੰਬੇ ਅਰਸੇ ਬਾਅਦ ਉਨ੍ਹਾਂ ਦੇ ਸਿਰ ਤੇ ਕੌਮ ਨੇ ਨੇ ਬਹੁਤ ਵੱਡੀ ਉਮੀਦ ਨਾਲ ਜਿੰਮੇਵਾਰੀ ਸੌਂਪੀ ਹੈ ਤਾਂ ਉਨ੍ਹਾਂ ਨੂੰ ਆਪਣੇ ਨਿੱਜੀ ਸੁਭਾਅ ਵਿੱਚ ਤਬਦੀਲੀ ਲਿਆਕੇ ਕੌਮੀ ਹੋਂਦ ਦੀ ਲੜਾਈ ਦਾ ਸਿਆਸੀ ਮਾਡਲ ਅੱਗੇ ਵਧਾਉਣਾਂ ਚਾਹੀਦਾ ਹੈ। ਇਹ ਨਾ ਹੋਵੇ ਕਿ ਅਕਾਲੀ ਦਲ ਅੰਮ੍ਰਿਤਸਰ ਵੀ ਅਕਾਲੀ ਦਲ ਬਾਦਲ ਵਾਲੇ ਰਾਹ ਪੈ ਜਾਵੇ। ਜੇ ਉਹ ਭਾਣਾਂ ਵਾਪਰਿਆ ਤਾਂ ਪੰਜਾਬ ਦੇ ਉਨ੍ਹਾਂ ਲੱਖਾਂ ਲੋਕਾਂ ਦਾ ਕੀ ਬਣੇਗਾ ਜੋ ਪੰਜਾਬ ਨੂੰ ਦਿੱਲੀ ਦੀ ਅੰਦਰੂਨੀ ਬਸਤੀਵਾਦੀ ਰਾਜਨੀਤੀ ਤੋਂ ਮੁਕਤ ਕਰਵਾਉਣਾਂ ਚਾਹੁੰਦੇ ਹਨ। ਸੰਗਰੂਰ ਚੋਣ ਦੀ ਜਿੱਤ ਨੇ ਸਰਦਾਰ ਮਾਨ ਸਿਰ ਬਹੁਤ ਵੱਡੀ ਜਿੰਮੇਵਾਰੀ ਆਇਦ ਕੀਤੀ ਹੈ। ਜੇ ਉਹ ਵਾਕਿਆ ਹੀ ਸਟੇਟਸਮੈਨ ਹੋਏ ਤਾਂ ਆਪਣੀ ਰਾਜਨੀਤਕ ਪਰਪੱਕਤਾ ਦਾ ਲੋਹਾ ਮਨਵਾ ਲੈਣਗੇ ਵਰਨਾ ਸਿੱਖ ਪੰਥ ਨੂੰ ਨੌਜਵਾਨੀ ਵਿੱਚੋਂ ਕੋਈ ਨਵਾਂ ਆਗੂ ਲੱਭਣਾਂ ਪਵੇਗਾ।